ਤੀਰਥੁ

0
701

ਤੀਰਥੁ

ਪ੍ਰੀਤਮ ਸਿੰਘ, ਕਰਨਾਲ 94164-05173

ਭਾਈ ਕਾਹਨ ਸਿੰਘ ਜੀ ਨਾਭਾ ਅਨੁਸਾਰ ਤੀਰਥ ਉਹ ਅਸਥਾਨ ਹੈ, ਜਿਸ ਦੁਆਰਾ ਪਾਪ ਤੋਂ ਬਚ ਜਾਈਏ, ਜਿੱਥੇ ਧਰਮ-ਭਾਵ ਨਾਲ ਲੋਕ ਪਾਪ ਦੂਰ ਕਰਨ ਲਈ ਜਾਣ। ਸੰਸਾਰ ਦੇ ਸਾਰੇ ਮਤਾਂ ਨੇ ਆਪਣੇ ਆਪਣੇ ਨਿਸ਼ਚੇ ਅਨੁਸਾਰ ਅਨੇਕ ਪਵਿਤ੍ਰ ਥਾਂ ਤੀਰਥ ਮੰਨ ਰੱਖੇ ਹਨ। ਕਿਤਨਿਆਂ ਨੇ ਦਰਸ਼ਨ ਅਤੇ ਸਪਰਸ਼ ਮਾਤ੍ਰ ਤੋਂ ਹੀ ਤੀਰਥਾਂ ਨੂੰ ਮੁਕਤਿ ਦਾ ਸਾਧਨ ਨਿਸ਼ਚੇ ਕੀਤਾ ਹੈ। ਗੁਰਮਤਿ ਅਨੁਸਾਰ ਧਰਮ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ’ਤੇ ਜਾਣਾ ਉੱਤਮ ਹੈ, ਪਰ ਤੀਰਥਾਂ ਦਾ ਮੁਕਤਿ ਨਾਲ ਸਿਧਾ ਕੋਈ ਸੰਬੰਧ ਨਹੀਂ ਹੈ। ਗੁਰੂ ਸਾਹਿਬ ਨੇ ਸੱਚਾ ਤੀਰਥ ਰੱਬੀ ਨਾਮ ਨੂੰ ਦੱਸਿਆ ਹੈ: ‘‘ਤੀਰਥਿ ਨਾਵਣ ਜਾਉ, ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰ ਅੰਤਰਿ ਗਿਆਨੁ ਹੈ॥’’ (ਮ:੧/ਅੰਕ ੬੮੭) ਭਾਵ ਗੁਰੂ ਦੇ ਸ਼ਬਦ ਨੂੰ ਵਿਚਾਰ ਮੰਡਲ ਵਿਚ ਟਿਕਾਣਾ ਹੀ ਮੇਰੇ ਵਾਸਤੇ ਤੀਰਥ ਹੈ, ਕਿਉਂਕਿ ਇਸ ਦੀ ਬਰਕਤ ਨਾਲ ਮੇਰੇ ਅੰਦਰ ਪਰਮਾਤਮਾ ਨਾਲ ਡੂੰਘੀ ਸਾਂਝ ਬਣਦੀ ਹੈ। ਜਦੋਂ ਉਸ ਪ੍ਰਭੂ ਨਾਲ ਹੀ ਸਾਂਝ ਬਣ ਗਈ ਤਾਂ ਫਿਰ ਪਾਪਾਂ ਦਾ ਡੇਰਾ ਉੱਠ ਹੀ ਗਿਆ। ਪਾਪ ਕਿੱਥੇ ਰਹਿ ਗਏ?

ਅਸਲ ਵਿਚ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕੁਝ ਕੁ ਕਰਮ ਮਿਥ ਲਏ ਗਏ ਸਨ ਜਿਨ੍ਹਾਂ ਦੇ ਕਰਨ ਨਾਲ ਕਿਹਾ ਜਾਂਦਾ ਸੀ ਕਿ ਪਾਪ ਨਾਸ ਹੋ ਜਾਂਦੇ ਹਨ ਤੇ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਨ੍ਹਾਂ ਕਰਮਾਂ ਦਾ ਜ਼ਿਕਰ ਗੁਰੂ ਸਾਹਿਬ ਨੇ ਜਪੁ ਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਕੀਤਾ ਹੈ। ‘‘ਸੋਚੈ, ਸੋਚਿ ਨ ਹੋਵਈ, ਜੇ ਸੋਚੀ ਲਖਵਾਰ॥ ’’ ਸਭ ਤੋਂ ਪਹਿਲਾ ਕਰਮ ਗੁਰੂ ਸਾਹਿਬ ਨੇ ਤੀਰਥਾਂ ਤੇ ਨ੍ਹਾੳਣ ਦਾ ਹੀ ਲਿਆ ਹੈ। ਇਹ ਸਮਝ ਲਿਆ ਜਾਂਦਾ ਸੀ ਕਿ ਤੀਰਥ ਉੱਤੇ ਜਾ ਕੇ ਇਸ਼ਨਾਨ ਕਰ ਲੈਣ ਨਾਲ ਮਨੁੱਖ ਦੇ ਪਾਪ ਧੁੱਲ ਜਾਂਦੇ ਹਨ ਤੇ ਉਹ ਪਵਿੱਤਰ ਹੋ ਜਾਂਦਾ ਹੈ। ਮਨ ਕਰ ਕੇ ਵੀ ਅਤੇ ਤਨ ਕਰ ਕੇ ਵੀ। ਗੁਰੂ ਸਾਹਿਬ ਨੇ ਇਸ ਵਿਚਾਰ ਦਾ ਪੁਰਜ਼ੋਰ ਖੰਡਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਤੀਰਥਾਂ ਦਾ ਇਸ਼ਨਾਨ ਨਾ ਤਾਂ ਪਾਪ ਨਾਸ ਕਰਦਾ ਹੈ ਤੇ ਨਾ ਹੀ ਪ੍ਰਭੂ ਪ੍ਰਾਪਤੀ ਦਾ ਸਾਧਨ ਮਾਤ੍ਰ ਹੈ। ਇਹ ਵੀ ਆਖਿਆ ਇਹ ਕਰਮ ਪ੍ਰਮਾਤਮਾ ਨੂੰ ਭੀ ਨਹੀਂ ਭਾਉਂਦਾ। ਜੇ ਤੀਰਥ ਉੱਤੇ ਨ੍ਹਾਉਣਾ ਪ੍ਰਮਾਤਮਾ ਨੂੰ ਨਹੀਂ ਚੰਗਾ ਲਗਦਾ ਤਾਂ ਮੈਂ ਉੱਥੇ ਜਾ ਕੇ ਨਹਾ ਕੇ ਕੀ ਕਰਨਾ ਹੈ। ਜਪੁ ਜੀ ਸਾਹਿਬ ਦੀ ਛੇਵੀਂ ਪਉੜੀ ਵਿਚ ਗੁਰੂ ਜੀ ਆਖਦੇ ਹਨ, ‘‘ਤੀਰਥਿ ਨਾਵਾ, ਜੇ ਤਿਸੁ ਭਾਵਾ, ਵਿਣੁ ਭਾਣੇ, ਕਿ ਨਾਇ ਕਰੀ ?॥’’ ਇਸ ਤੋਂ ਇਹ ਤਾਂ ਸਪੱਸ਼ਟ ਹੈ ਕਿ ਗੁਰਮਤਿ ਵਿਚ ਤੀਰਥਾਂ ’ਤੇ ਇਸ਼ਨਾਨ ਕਰਨਾ ਸਿਰਫ਼ ਮਨਮਤ ਹੈ।

ਇਸ਼ਨਾਨ ਨਾਲ ਮਨੁੱਖ ਦਾ ਸਿਰਫ ਤਨ ਹੀ ਸਾਫ਼ ਹੁੰਦਾ ਹੈ। ਮਨ ਜੋ ਸਰੀਰ ਦੇ ਅੰਦਰ ਹੈ ਅਤੇ ਸੂਖਸ਼ਮ (ਸਥੂਲ ਨਹੀਂ) ਹੈ, ਉਹ ਤਨ ਨੂੰ ਸਾਫ ਕਰਨ ਨਾਲ ਸਾਫ ਨਹੀਂ ਹੁੰਦਾ ਭਾਵ ਪਵਿੱਤਰ ਨਹੀਂ ਹੁੰਦਾ। ਮਨ ਤਾਂ ਅਨੇਕਾਂ ਜਨਮਾਂ ਤੋਂ ਪਾਪਾਂ ਨਾਲ, ਵਿਕਾਰਾਂ ਨਾਲ ਮੈਲਾ ਹੋਇਆ ਪਿਆ ਹੈ। ਗੁਰਬਾਣੀ ਫੁਰਮਾਨ ਹੈ: ‘‘ਜਨਮ ਜਨਮ ਕੀ ਇਸ ਮਨ ਕੋ ਮਲੁ ਲਾਗੀ, ਕਾਲਾ ਹੋਆ ਸਿਆਹ॥ ਖੰਨਲੀ ਧੋਤੀ ਉਜਲੀ ਨ ਹੋਵਈ, ਜੇ ਸਉ ਧੋਵਣਿ ਪਾਹੁ॥’’ (ਮ:੩/ਅੰਕ ੬੫੧) ਭਾਵ ਜਿਵੇਂ ਕੋਹਲੂ ਦੀ ਲੀਰ ਵਿਚ ਇਤਨੀ ਮੈਲ ਤੇ ਥਿੰਦਾਈ ਲਗੀ ਹੁੰਦੀ ਹੈ ਕਿ ਉਸ ਨੂੰ ਅਗਰ ਸੌ ਵਾਰੀ ਪਾਹ ਲਾ ਕੇ ਵੀ ਧੋਤਾ ਜਾਏ ਤਾਂ ਸਾਫ ਨਹੀਂ ਹੁੰਦੀ। ਇਸੇ ਤਰ੍ਹਾਂ ਮਨ ਪਾਣੀ ਨਾਲ ਸਾਫ ਨਹੀਂ ਹੁੰਦਾ। ਮਨ ਦੀ ਮੈਲ ਦੁਨਿਆਵੀ ਅੱਖਾਂ ਨਾਲ ਨਹੀਂ ਦਿੱਸਦੀ। ਕਰਮਾਂ ਕਰਕੇ ਪਤਾ ਲਗਦਾ ਹੈ। ਮਨ ਦੀ ਮੈਲ ਦੇ ਰੂਪ ਹਨ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਆਸ਼ਾ, ਤਿ੍ਰਸ਼ਨਾ, ਨਿੰਦਿਆ, ਚੁਗਲੀ, ਈਰਖਾ ਆਦਿ। ਗੁਰੂ ਅਰਜੁਨ ਦੇਵ ਜੀ ਫੁਰਮਾਂਦੇ ਹਨ, ‘‘ਤੀਰਥਿ ਨਾਇ ਨ ਉਤਰਸਿ ਮੈਲੁ॥ ਕਰਮ ਧਰਮ ਸਭਿ ਹਉਮੈ ਫੈਲ॥’’ (ਮ:੫/ਅੰਕ ੮੯੦) ਗੁਰੂ ਨਾਨਕ ਦੇਵ ਜੀ ਆਖਦੇ ਹਨ, ‘‘ਤੀਰਥ ਨਾਤਾ ਕਿਆ ਕਰੇ, ਮਨ ਮਹਿ ਮੈਲੁ ਗੁਮਾਨੁ॥’’ (ਮ:੧/ਅੰਕ ੬੧) ਇਸੇ ਪ੍ਰਕਾਰ ਗੁਰੂ ਅਮਰਦਾਸ ਜੀ ਵੀ ਆਖਦੇ ਹਨ, ‘‘ਅਨੇਕ ਤੀਰਥ ਜੇ ਜਤਨ ਕਰੈ, ਤਾ ਅੰਤਰ ਕੀ ਹਉਮੈ ਕਦੇ ਨ ਜਾਇ॥’’ (ਮ:੩/ਅੰਕ ੪੯੧) ਇਕ ਜਗ੍ਹਾ ਗੁਰੂ ਨਾਨਕ ਸਾਹਿਬ ਜੀ ਆਖਦੇ ਹਨ, ‘‘ਨਾਵਣ ਚਲੇ ਤੀਰਥੀ, ਮਨਿ ਖੋਟੇ ਤਨਿ ਚੋਰ॥ ਇਕੁ ਭਾਉ ਲਥੀ ਨਾਤਿਆ, ਦੁਇ ਭਾ ਚੜੀਅਸੁ ਹੋਰ॥’’ (ਮ:੧/ਅੰਕ ੭੮੯) ਭਾਵ ਕਿ ਜੇ ਖੋਟੇ ਮਨ ਨਾਲ ਤੀਰਥਾਂ ’ਤੇ ਨ੍ਹਾਉਣ ਤੁਰ ਪਏ ਤੇ ਸਰੀਰ ਵਿਚ ਕਾਮਾਦਿਕ ਚੋਰ ਭੀ ਟਿਕੇ ਰਹੇ, ਤਾ ਨ੍ਹਾਉਣ ਨਾਲ ਇਕ ਹਿੱਸਾ (ਸਰੀਰ ਦੀ ਬਾਹਰਲੀ) ਮੈਲ ਤਾਂ ਲਹਿ ਗਈ ਪਰ ਮਨ ਵਿਚ ਅਹੰਕਾਰ ਆਦਿਕ ਦੀ ਦੂਣੀ ਮੈਲ ਹੋਰ ਚੜ੍ਹ ਗਈ। ਤੁੰਮੀ ਵਾਲਾ ਹਾਲ ਹੀ ਹੁੰਦਾ ਹੈ ਜੋ ਕਿ ਬਾਹਰੋਂ ਤਾਂ ਧੋਤੀ ਜਾਂਦੀ ਹੈ ਪਰ ਉਸ ਦੇ ਅੰਦਰ ਨਿਰੋਲ ਵਿਸ (ਕਉੜਤਣ) ਟਿਕੀ ਰਹਿੰਦੀ ਹੈ। ‘‘ਬਾਹਰਿ ਧੋਤੀ ਤੂਮੜੀ, ਅੰਦਰਿ ਵਿਸੁ ਨਿਕੋਰ॥’’ (ਮ:੧/ਅੰਕ ੭੮੯) ਭਗਤ ਕਬੀਰ ਜੀ ਵੀ ਆਖਦੇ ਹਨ ਕਿ , ‘‘ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ! ਪੂਜਨ ਕਉ ਬਹੁ ਦੇਵ॥ ਕਹੁ ਕਬੀਰ ! ਛੂਟਨੁ ਨਹੀ, ਮਨ ਬਉਰਾ ਰੇ ! ਛੂਟਨੁ ਹਰਿ ਕੀ ਸੇਵ॥’’ (ਅੰਕ ੩੩੬) ਭਗਤ ਜੀ ਇਹ ਵੀ ਸਮਝ ਦੇਂਦੇ ਹਨ ਕਿ ‘‘ਜਲ ਕੈ ਮਜਨਿ ਜੇ ਗਤਿ ਹੋਵੈ, ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ ਤੈਸੇ ਓਇ ਨਰ, ਫਿਰਿ ਫਿਰਿ ਜੋਨੀ ਆਵਹਿ॥ (ਅੰਕ ੪੮੪) ਭਾਵ ਪਾਣੀ ਵਿਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਹਨ। ਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ। ਨਾਮ ਤੋਂ ਬਿਨਾ ਉਹ ਸਦਾ ਜੂਨਾਂ ਵਿਚ ਪਏ ਰਹਿੰਦੇ ਹਨ।

ਕਈ ਭਲੇ ਪੁਰਖਾਂ ਨੇ ਆਪਣੇ ਨਾਮ ਨਾਲ ‘ਤੀਰਥ’ ਲਾਇਆ ਹੁੰਦਾ ਹੈ। ਜਿਵੇਂ ਸੁਆਮੀ ਰਾਮ ਤੀਰਥ। ਇਹ ਪੁਰਖ ਪ੍ਰਭੂ ਦੇ ਨਾਮ ਨਾਲ ਪਵਿੱਤਰ ਹੋਏ ਹੁੰਦੇ ਹਨ। ਇਹਨਾਂ ਦੇ ਸੰਗ ਵਿਚ ਜੋ ਮਨੁੱਖ ਆਉਂਦੇ ਹਨ ਉਹ ਵੀ ਉਹਨਾਂ ਦੇ ਸਾਥ ਕਰ ਕੇ ਪਵਿੱਤਰ ਹੋ ਜਾਂਦੇ ਹਨ। ਆਮ ਕਿਹਾ ਜਾਂਦਾ ਹੈ ‘ਜੈਸੀ ਸੰਗਤਿ ਤੈਸੀ ਰੰਗਤਿ।’ ਗੁਰਬਾਣੀ ਵੀ ਫੁਰਮਾਨ ਕਰਦੀ ਹੈ ‘‘ਜੈਸਾ ਸੇਵੈ ਤੈਸੋ ਹੋਇ॥’’ (ਮ:੧/ਅੰਕ ੨੨੩)

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਨ ਦਾ ਕੀ ਇਲਾਜ ਕੀਤਾ ਜਾਏ, ਇਸ ਦੀ ਪਵਿੱਤ੍ਰਤਾ ਕਿਵੇਂ ਕਾਇਮ ਰੱਖੀ ਜਾਏ, ਇਸ ਨੂੰ ਪਾਪਾਂ ਤੋਂ ਮੁਕਤਿ ਕਿਵੇਂ ਕੀਤਾ ਜਾਏ। ਇਸ ਵਿਸ਼ੇ ਦੇ ਅਰੰਭਕ ’ਚ ਹੀ ਮਨ ਨੂੰ ਧੋਣ ਵਾਸਤੇ ਜੋ ਤੀਰਥ ਹੈ, ਉਹ ਹੈ ‘ਨਾਮ’, ‘ਗੁਰੂ ਦੇ ਸ਼ਬਦ ਦੀ ਵੀਚਾਰ’। ਗੁਰੂ ਅਮਰਦਾਸ ਜੀ ਅਨੰਦ ਸਾਹਿਬ ਦੀ ਬਾਣੀ ਵਿਚ ਮਨ ਦੇ ਧੋਣ ਬਾਰੇ ਵੀ ਸਪੱਸ਼ਟ ਰੂਪ ਵਿਚ ਦੱਸਦੇ ਹਨ, ‘‘ਮੰਨੁ ਧੋਵਹੁ ਸਬਦਿ ਲਾਗਹੁ, ਹਰਿ ਸਿਉ ਰਹਹੁ ਚਿਤੁ ਲਾਇ॥’’ (ਮ:੩/ਅੰਕ ੯੧੯) ਗੁਰੂ ਹੀ ਸਾਡੇ ਮਨ ਦਾ ਇਲਾਜ ਕਰਦਾ ਹੈ, ਗੁਰੂ ਨਾਮ ਦੀ ਦਾਤਿ ਦੇ ਕੇ ਸਾਡਾ ਮਨ ਤੇ ਤਨ ਦੋਵੇਂ ਪਵਿੱਤਰ ਕਰ ਦੇਂਦਾ ਹੈ। ਸਾਨੂੰ ਮਨੁੱਖਾਂ ਨੂੰ ਗੁਰੂ ਦੀ ਸ਼ਰਨ ਵਿਚ ਆ ਜਾਣਾ ਚਾਹੀਦਾ ਹੈ ਤੇ ਗੁਰੂ ਦੀ ਸੇਵਾ ਵਿਚ ਲਗਣਾ ਚਾਹੀਦਾ ਹੈ, ਗੁਰੂ ਦੇ ਉਪਦੇਸ਼ ਦੀ ਕਮਾਈ ਕਰਨੀ ਚਾਹੀਦੀ ਹੈ। ਸੇਵਾ ਉਹ, ਜੋ ਗੁਰੂ ਨੂੰ ਚੰਗੀ ਲਗੇ। ਜਿਸ ’ਤੇ ਗੁਰੂ ਦਾ ਮਨ ਪ੍ਰਸੰਨ ਹੋ ਜਾਏ। ‘‘ਸਾ ਸੇਵਾ ਕੀਤੀ ਸਫਲ ਹੈ, ਜਿਤੁ ਸਤਿਗੁਰ ਕਾ ਮਨੁ ਮੰਨੇ॥ ਸਤਿਗੁਰ ਕਾ ਮਨੁ ਮੰਨਿਆ, ਤਾ ਪਾਪ ਕਸੰਮਲ ਭੰਨੇ॥’’ (ਮ:੩/ਅੰਕ ੩੧੪)

ਗੁਰੂ ਹੀ ਸਾਡਾ ਤੀਰਥ ਹੈ, ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦਾ ਸਰੋਵਰ ਹੈ। ਗੁਰੂ ਦੇ ਅਥਾਹ ਗਿਆਨ ਵਿਚ ਇਸ਼ਨਾਨ ਕਰਨਾ ਹੀ ਤੀਰਥ ’ਤੇ ਇਸ਼ਨਾਨ ਕਰਨ ਦੇ ਸਮਾਨ ਹੈ। ਗੁਰਬਾਣੀ ਫੁਰਮਾਨ ਹੈ, ‘‘ਗੁਰਦੇਵ ਤੀਰਥੁ ਅੰਮਿ੍ਰਤ ਸਰੋਵਰੁ, ਗੁਰ ਗਿਆਨ ਮਜਨੁ ਅਪਰੰਪਰਾ॥’’ (ਮ:੫/ਅੰਕ ੨੫੦)

ਜੋਗੀ ਫਿਰਕੇ ਨੇ ਇਹ ਗਲ ਆਮ ਪ੍ਰਸਿੱਧ ਕੀਤੀ ਹੋਈ ਹੈ ਕਿ ਤੀਰਥਾਂ ’ਤੇ ਨ੍ਹਾਉਣ ਦਾ ਫਲ ਮਿਲਦਾ ਹੈ ‘ਸੁਖ’ ਭਾਵ ਮਨ ਨੂੰ ਕੋਈ ਮੈਲ ਨਹੀਂ ਲਗਦੀ। ਇਸ ਲਈ ਕਈ ਸਾਧ ਡੇਰੇ ਗੁਰੂ ਗ੍ਰੰਥ ਸਾਹਿਬ ਤੋਂ ਇਹ ਤੁਕ ਪੜ੍ਹ ਕੇ ਸੁਣਾ ਦੇਂਦੇ ਹਨ, ‘‘ਤੀਰਥਿ ਨਾਈਐ ਸੁਖੁ ਫਲੁ ਪਾਈਐ, ਮੈਲ ਨ ਲਾਗੈ ਕਾਈ॥’’ (ਸਿਧ ਗੋਸਟਿ ਮ:੧/ਅੰਕ ੯੩੯) ਉਹ ਕਹਿੰਦੇ ਹਨ ਕਿ ਦੇਖੋ ਗੁਰੂ ਨਾਨਕ ਦੇਵ ਜੀ ਦੇ ਬਚਨ ਗੁਰਬਾਣੀ ਵਿਚ ਮੌਜੂਦ ਹਨ। ਆਮ ਸੱਜਣ ਟਪਲਾ ਖਾ ਜਾਂਦੇ ਹਨ। ਜਿਹੜੇ ਮਨੁੱਖ ਨਿਤ ਬਾਣੀ ਦਾ ਸਹਿਜ ਪਾਠ ਕਰਦੇ ਹਨ ਉਹਨਾਂ ਨੂੰ ਪਤਾ ਹੈ ਕਿ ਇਹ ਜੋਗੀਆਂ ਦੇ ਬਚਨ ਹਨ ਜੋ ਗੁਰੂ ਸਾਹਿਬ ਨੇ ਕਲਮ ਬੰਦ ਕੀਤੇ ਹਨ। ਜੋਗੀ ਆਖਦੇ ਹਨ ‘‘ਹਾਟੀ ਬਾਟੀ ਰਹਹਿ ਨਿਰਾਲੇ, ਰੂਖਿ ਬਿਰਖਿ ਉਦਿਆਨੇ॥ ਕੰਦ ਮੂਲੁ ਅਹਾਰੋ ਖਾਈਐ, ਅਉਧੂ ਬੋਲੈ ਗਿਆਨੇ॥ ਤੀਰਥਿ ਨਾਈਐ ਸੁਖੁ ਫਲੁ ਪਾਈਐ, ਮੈਲੁ ਨ ਲਾਗੈ ਕਾਈ॥ ਗੋਰਖ ਪੂਤੁ ਲੋਹਾਰੀਪਾ ਬੋਲੈ, ਜੋਗ ਜੁਗਤਿ ਬਿਧਿ ਸਾਈ॥’’ (ਸਿਧ ਗੋਸਟਿ ਮ:੧/ਅੰਕ ੯੩੯) ਭਾਵ ਗੋਰਖ ਦੇ ਚੇਲੇ ਲੋਹਾਰੀਪਾ ਦਾ ਕਥਨ ਹੈ ਕਿ ਅਸੀਂ ਦੁਨੀਆਂ ਦੇ ਮੇਲਿਆਂ, ਭਾਵ ਸੰਸਾਰਕ ਝੰਬੇਲਿਆਂ ਤੋਂ ਵੱਖਰੇ ਜੰਗਲ ਵਿਚ ਕਿਸੇ ਰੁੱਖ-ਬਿਰਖ ਹੇਠ ਰਹਿੰਦੇ ਹਾਂ। ਗਾਜਰ ਮੂਲੀ ਉੱਤੇ ਗੁਜ਼ਾਰਾ ਕਰਦੇ ਹਾਂ। ਤੀਰਥ ’ਤੇ ਇਸ਼ਨਾਨ ਕਰਦੇ ਹਾਂ; ਇਸ ਦਾ ਫਲ ਮਿਲਦਾ ਹੈ ‘ਸੁਖ’ ਤੇ ਮਨ ਨੂੰ ਕੋਈ ਮੈਲ ਭੀ ਨਹੀਂ ਲੱਗਦੀ। ਇਹ ਸਾਡੀ ਜੋਗ ਦੀ ਜੁਗਤੀ ਹੈ। ਗੁਰੂ ਸਾਹਿਬ ਨੇ ਜੋ ਜੁਆਬ ਦਿਤਾ ਹੈ ਉਹ ਇਹ ਹੈ, ‘‘ਹਾਟੀ ਬਾਟੀ ਨੀਦ ਨ ਆਵੈ, ਪਰ ਘਰਿ ਚਿਤੁ ਨ ਡੁੋਲਾਈ॥ ਬਿਨੁ ਨਾਵੈ ਮਨੁ ਟੇਕ ਨ ਟਿਕਈ, ਨਾਨਕ ! ਭੂਖ ਨ ਜਾਈ॥’’ (ਮ:੧/ਅੰਕ ੯੩੯) ਭਾਵ ਅਸਲ ਗਿਆਨ ਦੀ ਵਿਚਾਰ ਇਹ ਹੈ ਕਿ ਦੁਨੀਆਂ ਦੇ ਧੰਧਿਆਂ ਵਿਚ ਰਹਿੰਦਿਆਂ ਮਨੁੱਖ ਨੂੰ ਨੀਂਦ ਨਹੀਂ ਆਉਂਦੀ ਭਾਵ ਕਿ ਧੰਧਿਆਂ ਵਿਚ ਗ਼ਰਕ ਨਾ ਹੋ ਜਾਏ। ਪਰਾਏ ਘਰ ਵਿਚ ਮਨ ਨੂੰ ਡੋਲਣ ਨਾ ਦੇਵੇ। ਪਰ, ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਮਨ ਟਿਕ ਕੇ ਨਹੀਂ ਰਹਿ ਸਕਦਾ ਤੇ ਮਾਇਆ ਦੀ ਤ੍ਰਿਸ਼ਨਾ ਨਹੀਂ ਹਟਦੀ।

ਕਈ ਵਾਰੀ ਇਹ ਸੋਚ ਲਿਆ ਜਾਂਦਾ ਹੈ ਕਿ ਇਸ਼ਨਾਨ ਕਰਨਾ ਹੀ ਨਹੀਂ ਚਾਹੀਦਾ। ਗੁਰਬਾਣੀ ਵਿਚੋਂ ਇਕ ਤੁਕ ਲੈ ਕੇ ਉਸ ਦੇ ਅਰਥ ਕਰ ਕੇ ਆਮ ਲੋਕਾਂ ਨੂੰ ਭਰਮਾਇਆ ਜਾਂਦਾ ਹੈ। ਦੇਖੋ ਜੀ ਇਹ ਸੰਤ ਕਿਤਨੇ ਪਹੁੰਚੇ ਹੋਏ ਹਨ, ਇਹ ਕਦੀ ਨ੍ਹਾਉਂਦੇ ਹੀ ਨਹੀਂ ਹਨ। ਫਿਰ ਵੀ ਠੀਕ ਠਾਕ ਹਨ। ਉਦਾਹਰਣ ਵਜੋਂ ਗੁਰਬਾਣੀ ਦੀ ਤੁਕ ਬੋਲ ਦੇਂਦੇ ਹਨ, ‘‘ਸਾਧ ਭਲੇ ਅਣਨਾਤਿਆ”। ਤੁਕ ਵੀ ਅਧੀ ਬੋਲਦੇ ਹਨ। ਪੂਰਾ ਸ਼ਬਦ ਤਾਂ ਬੜੇ ਦੂਰ ਦੀ ਗੱਲ ਹੈ। ਪੂਰੀ ਤੁਕ ਇਸ ਤਰ੍ਹਾਂ ਹੈ, ‘‘ਬਾਹਰਿ ਧੋਤੀ ਤੂਮੜੀ, ਅੰਦਰਿ ਵਿਸੁ ਨਿਕੋਰ॥ ਸਾਧ ਭਲੇ ਅਣਨਾਤਿਆ, ਚੋਰ ਸਿ ਚੋਰਾ ਚੋਰ॥’’ (ਮ:੧/ਅੰਕ ੭੮੯) ਅਰਥਾਤ ਭਲੇ ਮਨੁੱਖ ਤੀਰਥਾਂ ’ਤੇ ਨ੍ਹਾਉਣ ਤੋਂ ਬਿਨਾ ਹੀ ਭਲੇ ਹਨ, ਤੇ ਚੋਰ ਤੀਰਥਾਂ ’ਤੇ ਨ੍ਹਾ ਕੇ ਵੀ ਚੋਰ ਹੀ ਹਨ। ਗੁਰਬਾਣੀ ਦਾ ਤਾਂ ਸਗੋਂ ਇਸ਼ਨਾਨ ਬਾਰੇ ਫੁਰਮਾਨ ਹੈ, ‘‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ, ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮ ਕਰੇ ਭਲਕੇ ਪਰਭਾਤੀ, ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ॥’’ (ਮ:੪/ਅੰਕ ੩੦੫) ਭਾਵ ਜੋ ਮਨੁੱਖ ਸਤਿਗੁਰੂ ਦਾ ਸੱਚਾ ਸਿੱਖ ਅਖਵਾਂਦਾ ਹੈ ਉਹ ਰੋਜ਼ ਸਵੇਰੇ ਉੱਠ ਕੇ ਹਰਿ-ਨਾਮ ਦਾ ਸਿਮਰਨ ਕਰਦਾ ਹੈ। ਹਰ ਰੋਜ਼ ਸਵੇਰੇ ਉਦਮ ਕਰਦਾ ਹੈ, ਇਸ਼ਨਾਨ ਕਰਦਾ ਹੈ ਤੇ ਫਿਰ ਨਾਮ ਰੂਪ ਅੰਮ੍ਰਿਤ ਦੇ ਸਰੋਵਰ ਵਿਚ ਟੁੱਭੀ ਲਾਉਂਦਾ ਹੈ। ਗੁਰੂ ਸਾਹਿਬ ਤਾਂ ਆਖਦੇ ਹਨ ਕਿ ‘‘ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ, ਮਨ ਤਨ ਭਏ ਅਰੋਗਾ॥’’ (ਮ:੫/ਅੰਕ ੬੧੧) ਭਾਵ ਹੇ ਭਾਈ! ਅੰਮ੍ਰਿਤ ਵੇਲੇ ਇਸ਼ਨਾਨ ਕਰ ਕੇ, ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਰੋਏ ਹੋ ਜਾਂਦੇ ਹਨ।

ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ‘‘ਅੰਤਰਗਤਿ ਤੀਰਥਿ ਮਲਿ ਨਾਉ ॥’’ (ਜਪੁ /ਮ: ੧) ਭਾਵ ਗੁਰਬਾਣੀ ਦਾ ਸਹਿਜ ਪਾਠ ਵੀਚਾਰ ਸਾਹਿਤ ਕਰਦੇ ਰਹੀਏ। ਇਸ ਤਰ੍ਹਾਂ ਕਰਨ ਨਾਲ ਕਈ ਭਰਮ ਭੁਲੇਖੇ ਦੂਰ ਹੋਣਗੇ, ਸਾਡੇ ਗਿਆਨ ਵਿਚ ਵੀ ਵਾਧਾ ਹੋਵੇਗਾ, ਜੀਵਨ ਵਿਚ ਤਬਦੀਲੀ ਵੀ ਆਵੇਗੀ ਅਤੇ ਕੋਈ ਸਾਨੂੰ ਗੁਰਬਾਣੀ ਵਿਚੋਂ ਇਕ ਜਾਂ ਅੱਧੀ ਤੁਕ ਸੁਣਾ ਕੇ ਟੱਪਲਾ ਨਹੀਂ ਲਾ ਸਕੇਗਾ।