ਤਿਨਿ ਸਗਲੀ ਚਿੰਤ ਮਿਟਾਈ

0
307

ਤਿਨਿ ਸਗਲੀ ਚਿੰਤ ਮਿਟਾਈ

ਪ੍ਰੋ. ਮਨਰਾਜ ਕੌਰ (ਲੁਧਿਆਣਾ)

ਚਿਤਵਨ ਸਿੰਘ… ਦਾਦਾ ਜੀ ! ਮੇਰਾ ਦੋਸਤ ਸੁਖਰਾਜ ਸਿੰਘ ਕਹਿ ਰਿਹਾ ਸੀ ਕਿ ਚੋਣਾਂ ਨੇੜੇ ਆ ਰਹੀਆਂ ਹਨ ਤੇ ਬੜੀ ਚਿੰਤਾ ਹੋ ਰਹੀ ਹੈ ਕਿ ਨਵੀਂ ਸਰਕਾਰ ਪਤਾ ਨਹੀਂ ਕਿਸ ਤਰ੍ਹਾਂ ਦੀ ਬਣੇਗੀ।
ਦਾਦਾ ਜੀ…. ਫਿਰ ਤੁਸੀਂ ਕੀ ਜਵਾਬ ਦਿੱਤਾ?
ਚਿਤਵਨ ਸਿੰਘ…. ਮੈਂ ਕਿਹਾ ਬਈ ਜਿਸ ਤਰ੍ਹਾਂ ਦੀ ਅਸੀਂ ਚੁਣਾਂਗੇ ਉਸੇ ਤਰ੍ਹਾਂ ਦੀ ਬਣੇਗੀ। ਇਸ ਵਿਚ ਚਿੰਤਾ ਵਾਲੀ ਕੋਈ ਗੱਲ ਹੀ ਨਹੀਂ।
ਦਾਦਾ ਜੀ…. ਬਿਲਕੁਲ ਠੀਕ ਪੁੱਤਰ ਜੀ ! ਪਰ ਮੈਨੂੰ ਇਹ ਦੱਸੋ ਕਿ ਜਿਸ ਗੱਲ ਨੂੰ ਲੈ ਕੇ ਸਾਰਾ ਆਲਾ ਦੁਆਲਾ ਚਿੰਤਤ ਹੈ ਉਸ ਬਾਰੇ ਤੁਹਾਨੂੰ ਚਿੰਤਾ ਕਿਉਂ ਨਹੀਂ ਹੈ?
ਚਿਤਵਨ ਸਿੰਘ…. ਦਾਦਾ ਜੀ ! ਤੁਸੀਂ ਆਪ ਹੀ ਤਾਂ ਦੱਸਦੇ ਹੋ ਕਿ ਗੁਰਬਾਣੀ ਪੜੵਨ ਵਾਲੇ ਹਰ ਮੁਸ਼ਕਲ ਦਾ ਹੱਲ ਲੱਭ ਲੈਂਦੇ ਹਨ ਤੇ ਚਿੰਤਾ ਬਿਲਕੁਲ ਨਹੀਂ ਕਰਦੇ।
ਦਾਦਾ ਜੀ….. ਹਾਂ ਜੀ ! ਪੁੱਤਰ ਜੀ ! ਗੁਰਬਾਣੀ ਫੁਰਮਾਣ ਹੈ: ‘‘ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥’’ (ਮ: ੫/੬੨੮)

ਚਿਤਵਨ ਸਿੰਘ…. ਦਾਦਾ ਜੀ ! ਇਸ ਦਾ ਭਾਵ ਇਹੀ ਹੈ ਨਾ, ਕਿ ਗੁਰਬਾਣੀ ਸਮਝ ਆਈ ਤੇ ਚਿੰਤਾ ਗਈ।
ਦਾਦਾ ਜੀ…. ਬਿਲਕੁੱਲ ਠੀਕ ਪੁੱਤਰ ਜੀ ! ਪਰ ਇਸ ਦੇ ਅਰਥ ਜੀਵਨ ਦੇ ਸੰਬੰਧ ਵਿਚ ਹੋਰ ਵੀ ਡੂੰਘੇ ਹਨ।
ਚਿਤਵਨ ਸਿੰਘ….ਉਹ ਕਿਵੇਂ ਦਾਦਾ ਜੀ !
ਦਾਦਾ ਜੀ…. ਇਸ ਤੋਂ ਭਾਵ ਹੈ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਧੁਰ ਕੀ ਬਾਣੀ, ਰੱਬੀ ਬਾਣੀ, ਗੁਰਬਾਣੀ ਆ ਕੇ ਵੱਸ ਗਈ ਹੈ, ਉਨੵਾਂ ਨੇ ਆਪਣੇ ਹਿਰਦੇ ਤੋਂ ਚਿੰਤਾਂਵਾਂ ਮਿਟਾ ਦਿੱਤੀਆਂ ਹਨ।
ਚਿਤਵਨ ਸਿੰਘ… ਦਾਦਾ ਜੀ ! ਗੁਰਬਾਣੀ ਤਾਂ ਸਾਰੇ ਹੀ ਪੜੵਦੇ ਹਨ ਪਰ ਚਿੰਤਾ ਤਾਂ ਸਾਰੇ ਨਹੀਂ ਮਿਟਾ ਸਕਦੇ।
ਦਾਦਾ ਜੀ ….ਹਾਂ ਜੀ ! ਬੇਟਾ ਜੀ ! ਕਿਉਂਕਿ ਗੁਰਬਾਣੀ ਦੀ ਵਿਚਾਰ ਹਿਰਦੇ ਵਿਚ ਨਹੀਂ ਵਸਦੀ।
ਚਿਤਵਨ ਸਿੰਘ….ਇਹ ਤਾਂ ਹੈ ਦਾਦਾ ਜੀ ! ਮੈਨੂੰ ਇਹ ਦੱਸੋ ਬਈ ਧੁਰ ਤੋਂ ਭਾਵ ਕੇਂਦਰ ਹੁੰਦਾ ਹੈ ਨਾ!
ਦਾਦਾ ਜੀ…. ਬਿਲਕੁਲ ਕੇਂਦਰ ਹੀ ਹੁੰਦਾ ਹੈ।
ਚਿਤਵਨ ਸਿੰਘ…. ਫਿਰ ਬਾਣੀ ਕਿਹੜੇ ਕੇਂਦਰ ਤੋਂ ਆਉਂਦੀ ਹੈ ?
ਦਾਦਾ ਜੀ…..ਬੇਟਾ ਜੀ ! ਰੱਬ ਜੀ ਸਾਰੇ ਸੰਸਾਰ ਦਾ ਕੇਂਦਰ ਹਨ, ਨਾ !
ਚਿਤਵਨ ਸਿੰਘ… ਹਾਂ ਜੀ !
ਦਾਦਾ ਜੀ….ਜਿਸ ਮਨੁੱਖ ਦੇ ਹਿਰਦੇ ਵਿਚ ਰੱਬ ਜੀ ਆ ਕੇ ਵੱਸ ਜਾਣ, ਉਥੇ ਰੱਬੀ ਬਾਣੀ ਦਾ ਵੀ ਨਿਵਾਸ ਹੋ ਜਾਂਦਾ ਹੈ।
ਚਿਤਵਨ ਸਿੰਘ….ਉਹ ਕਿਵੇਂ ਦਾਦਾ ਜੀ !
ਦਾਦਾ ਜੀ….ਬੇਟਾ ਜੀ ! ਅਸੀਂ ਸਾਰੇ ਸਮਝਦੇ ਹਾਂ ਕਿ ਹਰੇਕ ਮਨੁੱਖ ਦੇ ਅੰਦਰ ਰੱਬ ਜੀ ਗੁਣਾਂ ਦੇ ਰੂਪ ਵਿਚ ਵਸਦੇ ਹਨ।
ਚਿਤਵਨ ਸਿੰਘ….ਹਾਂ ਜੀ ! 
ਦਾਦਾ ਜੀ… ਜਦੋਂ ਕੋਈ ਮਨੁੱਖ ਆਪਣੇ ਰੱਬੀ ਗੁਣਾਂ ਨੂੰ ਪਹਿਚਾਣ ਕੇ ਜਿਊਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਆਪਣੇ ਕੇਂਦਰ ਰੱਬ ਜੀ ਨਾਲ ਇਕ ਮਿਕ ਹੋ ਜਾਂਦਾ ਹੈ। 
ਚਿਤਵਨ ਸਿੰਘ….. ਹਾਂ ਜੀ !
ਦਾਦਾ ਜੀ…. ਬੱਸ ਫਿਰ ਉਸ ਨੂੰ ਧੁਰ ਕੀ ਬਾਣੀ, ਰੱਬੀ ਬਾਣੀ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ।
ਚਿਤਵਨ ਸਿੰਘ…. ਫਿਰ ?
ਦਾਦਾ ਜੀ…. ਫਿਰ ਜਿਤਨਾ ਜ਼ਿਆਦਾ ਕੋਈ ਰੱਬੀ ਬਾਣੀ ਨੂੰ ਸਮਝਦਾ ਅਤੇ ਮਹਿਸੂਸ ਕਰਦਾ ਹੈ, ਉਤਨਾ ਹੀ ਉਸ ਦੇ ਅੰਦਰ ਰੱਬੀ ਗੁਣ ਵਧਦੇ ਜਾਂਦੇ ਹਨ।
ਚਿਤਵਨ ਸਿੰਘ….ਫਿਰ ?
ਦਾਦਾ ਜੀ….. ਜਿਤਨੇ ਰੱਬੀ ਗੁਣ ਵਧਦੇ ਜਾਂਦੇ ਹਨ, ਉਤਨਾ ਹੀ ਬਾਣੀ ਨੂੰ ਮਹਿਸੂਸ ਕਰਨਾ ਵਧਦਾ ਜਾਂਦਾ ਹੈ।
ਚਿਤਵਨ ਸਿੰਘ…..ਕਮਾਲ ਹੈ।
ਦਾਦਾ ਜੀ….ਹਾਂ ਜੀ ! ਬੇਟਾ ਜੀ ! ਤੇ ਫਿਰ ਇਹ ਇਕ ਜੀਵਨ ਚੱਕਰ ਬਣ ਜਾਂਦਾ ਹੈ। 
ਚਿਤਵਨ ਸਿੰਘ…..ਉਹ ਕਿਵੇਂ?
ਦਾਦਾ ਜੀ ……..ਹੋਰ ਗੁਣ, ਹੋਰ ਬਾਣੀ ਮਹਿਸੂਸ ਕਰਨਾ, ਫਿਰ ਹੋਰ ਵੱਧ ਗੁਣ, ਫਿਰ ਹੋਰ ਵੱਧ ਬਾਣੀ ਨੂੰ ਮਹਿਸੂਸ ਕਰਨਾ।
ਚਿਤਵਨ ਸਿੰਘ…..ਵਾਹ !
ਦਾਦਾ ਜੀ …… ਫਿਰ ਇੱਕ ਦਿਨ ਐਸਾ ਵੀ ਆਉਂਦਾ ਹੈ ਕਿ ਗੁਰਬਾਣੀ ਬਣੀਐ ਵਾਲੇ ਉਦੇਸ਼ ਨੂੰ ਪੂਰਾ ਕਰਦਾ ਕਰਦਾ ਮਨੁੱਖ ‘ਗੋਬਿੰਦ ਮਿਲਣ’ ਦੇ ਆਪਣੇ ਨਿਸ਼ਾਨੇ ਨੂੰ ਵੀ ਪੂਰਾ ਕਰ ਲੈਂਦਾ ਹੈ।
ਚਿਤਵਨ ਸਿੰਘ…..ਵਾਹ ਜੀ ਵਾਹ !
ਦਾਦਾ ਜੀ…… ਤੇ ਫਿਰ ਇਸ ਤਰ੍ਹਾਂ ਰੱਬੀ ਰਾਹ ਤੇ ਰੱਬੀ ਹੁਕਮ ਵਿਚ ਜਿਊਣ ਵਾਲੇ ਮਨੁੱਖ ਨੂੰ ਫਿਰ ਕੋਈ ਵੀ ਚਿੰਤਾ ਨਹੀਂ ਰਹਿੰਦੀ ।
ਚਿਤਵਨ ਸਿੰਘ…..ਵਾਹ ! ਇਸ ਤਰ੍ਹਾਂ ਵਾਪਰਦਾ ਹੈ, ਜੀਵਨ ਵਿਚ: ‘‘ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥’’ 
ਚਿਤਵਨ ਸਿੰਘ…… ਕਮਾਲ ਹੋ ਗਈ ਦਾਦਾ ਜੀ ! ਇਸ ਤਰ੍ਹਾਂ ਤਾਂ ਕਦੀ ਸਮਝਿਆ ਹੀ ਨਹੀਂ ਸੀ। ਤੁਸੀਂ ਬਹੁਤ ਸੋਹਣਾ ਸਮਝਾ ਦਿੰਦੇ ਹੋ।
ਦਾਦਾ ਜੀ….. ਬਸ ਇਤਨਾ ਯਾਦ ਰੱਖੀਏ ਕਿ ਗੁਰਬਾਣੀ ਨੂੰ ਮਹਿਸੂਸ ਕਰਨਾ ਸਿੱਖ ਲਈਏ। ਫਿਰ ਸਾਰਾ ਕੁਝ ਆਪੇ ਹੀ ਹੋ ਜਾਂਦਾ ਹੈ।
ਚਿਤਵਨ ਸਿੰਘ…..ਦਾਦਾ ਜੀ ! ਮੈਂ ਤਾਂ ਅਗੋਂ ਤੋਂ ਇਸ ਤਰ੍ਹਾਂ ਹੀ ਕਰਾਂਗਾ, ਜੀ!
ਦਾਦਾ ਜੀ….. ਬਸ ਫਿਰ ਚਿੰਤਾ ਵਾਲੀ ਗੱਲ ਹੀ ਕੋਈ ਨਹੀਂ। ਸਦਾ ਖੁਸ਼ ਰਹੋ, ਜੀ !