ਜਿੱਤ ਦੀ ਉਮੀਦ ਦੇ ਨਾਲ਼ ਨਾਲ਼ ਇਸ ਦੀ ਅਸਫਲਤਾ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।

0
256

ਜਿੱਤ ਦੀ ਉਮੀਦ ਦੇ ਨਾਲ਼ ਨਾਲ਼ ਇਸ ਦੀ ਅਸਫਲਤਾ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।

ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ : ਬਹਾਦਰਪੁਰ ਪਿੰਨ – 151501  ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਮੋ : 94170-23911

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜੋ 4 ਫਰਵਰੀ ਨੂੰ ਹੋ ਚੁੱਕੀਆਂ ਸਨ , ਜਿਸ ਦੇ ਨਤੀਜੇ 11 ਮਾਰਚ ਨੂੰ ਆ ਗਏ, ਜਿੰਨ੍ਹਾ ਵਿੱਚ ਕਾਂਗਰਸ ਨੂੰ 77, ਆਪ ਨੂੰ 20, ਅਕਾਲੀਆਂ ਨੂੰ 18 ਅਤੇ ਲੋਕ ਇੰਨਸਾਫ ਪਾਰਟੀ ਨੂੰ 2 ਸੀਟਾਂ ਮਿਲੀਆਂ ਹਨ। ਸਾਰੀਆਂ ਪਾਰਟੀਆਂ ਦਾ ਵੱਧ ਤੋਂ ਵੱਧ ਸੀਟਾਂ ਜਿੱਤਣ ਲਈ ਜੋਰ ਲੱਗਿਆ ਹੋਇਆ ਸੀ ਜੋ ਲੱਗਣਾ ਵੀ ਚਾਹੀਦਾ ਹੈ। ਆਮ ਆਦਮੀ ਪਾਰਟੀ ਦੇ ਹਮਾਇਤੀ ਵੀਰਾਂ ਨੇ ਫੇਸਬੁੱਕ ’ਤੇ ਬਹੁਤ ਜੋਰ ਲਾਇਆ ਹੋਇਆ ਸੀ, ਜੋਰ ਲਾਉਣਾ ਉਹਨਾ ਦਾ ਹੱਕ ਵੀ ਸੀ ਤੇ ਲਾਉਣਾ ਵੀ ਚਾਹੀਦਾ ਸੀ, ਪਰ ਮੈਨੂੰ ਲੱਗਦੈ ਕਿ ਉਹ ਕੁੱਝ ਗਲਤ ਵੀ ਕਰ ਰਹੇ ਸਨ, ਜਿਵੇਂ ਕਿ ਆਮ ਆਦਮੀ ਪਾਰਟੀ ਦੇ ਵਿਰੁੱਧ ਥੋੜ੍ਹੀ ਜਿਹੀ ਵੀ ਵਿਚਾਰ ਰੱਖਣ ਜਾਂ ਵੋਟ ਨਾ ਪਾਉਣ ਵਾਲੇ ਨੂੰ ਗਦਾਰ ਤੱਕ ਕਹਿ ਦੇਣਾ ਜਾਂ ਹੋਰ ਮਾੜੇ ਲਫਜ ਵਰਤਣੇ, ਕਿਉਂਕਿ ਇਹ ਵੀਰ ਆਮ ਆਦਮੀ ਪਾਰਟੀ ਤੋਂ ਬਿਨਾਂ ਹੋਰ ਕੁੱਝ ਸੁਣਨਾ ਹੀ ਨਹੀਂ ਸੀ ਚਾਹੁੰਦੇ। ਇਹੀ ਇਹਨਾ ਦੀ ਸੱਭ ਤੋਂ ਵੱਡੀ ਕਮਜੋਰੀ ਸੀ। ਆਪਣੇ ਵਿਰੁੱਧ ਕੁੱਝ ਵੀ ਨਾ ਸੁਣਨ ਵਾਲੀ ਸੋਚ ਨੂੰ ਉਸਾਰੂ ਸੋਚ ਦੀ ਥਾਂ ਹੰਕਾਰੀ, ਔਰੰਗਜ਼ੇਬੀ ਜਾਂ ਤਾਲੇਬਾਨੀ ਸੋਚ ਕਿਹਾ ਜਾਂਦਾ ਹੈ ਇਸ ਨੂੰ ਆਮ ਲੋਕ ਪਸੰਦ ਨਹੀਂ ਕਰਦੇ। ਆਮ ਲੋਕਾਂ ਦੇ ਵਿੱਚ ਜਾਣ ਲਈ ਸਾਨੂੰ ਖਾਸ ਦੀ ਥਾਂ ਆਮ ਬਣਨਾ ਪੈਦਾ ਹੈ, ਪਰ ਆਮ ਆਦਮੀ ਪਾਰਟੀ ਦੇ ਨਾਮ ’ਤੇ ਹੋਂਦ ਵਿੱਚ ਆਈ ਪਾਰਟੀ ਦੇ ਵਰਕਰ ਆਪਣੇ ਆਪ ਨੂੰ ਆਮ ਦੀ ਥਾਂ ਖਾਸ ਸਮਝਣ ਲੱਗ ਗਏ ਸਨ ਜੋ ਪਾਰਟੀ ਲਈ ਮਾੜੇ ਸਾਬਤ ਹੋਏ। ਮੈ ਵੋਟ ਕਾਂਗਰਸ ਨੂੰ ਪਾਈ ਹੈ, ਪਰ ਮੈ ਆਮ ਆਦਮੀ ਪਾਰਟੀ ਦਾ ਕਦੇ ਵੀ ਵਿਰੋਧ ਨਹੀਂ ਕੀਤਾ, ਫੇਸਬੁੱਕ ’ਤੇ ਮੇਰੇ ਅੱਗੇ ਆਈ ਉਹ ਕੋਈ ਪੋਸਟ ਨਹੀਂ ਸੀ ਜੋ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੋਵੇ ਤੇ ਮੈਂ ਉਸ ਨੂੰ ਲਾਇਕ ਨਾ ਕੀਤਾ ਹੋਵੇ, ਕਿਉਂਕਿ ਮੇਰੇ ਬਹੁਤ ਸਾਰੇ ਦੋਸਤ ਆਮ ਆਦਮੀ ਦੀ ਸਪੋਰਟ ਕਰ ਰਹੇ ਸਨ ਤੇ ਨਾ ਹੀ ਮੈਂ ਖੁਦ ਆਮ ਆਦਮੀ ਪਾਰਟੀ ਨੂੰ ਮਾੜੀ ਸਮਝਦਾ ਸੀ। ਕਿਉਕਿ ਮੈ ਸਿਰਫ ਬਾਦਲ + ਭਾਜਪਾ ਦਾ ਵਿਰੋਧੀ ਹਾਂ ਤੇ ਰਹਾਂਗਾ ਵੀ, ਇਹਨਾਂ ਦੇ ਵਿਰੋਧ ਵਿੱਚ ਮੈਂ ਕਿਸੇ ਨੂੰ ਵੀ ਵੋਟ ਪਾ ਸਕਦਾ ਹਾਂ। ਮੇਰਾ ਭਰਾ ਵੀ ਬਾਦਲ ਵਿਰੋਧੀ; ਕਾਂਗਰਸੀ ਹੈ, ਪਰ ਉਸ ਨੇ ਮੈਨੂੰ ਕਾਂਗਰਸ ਨੂੰ ਵੋਟ ਪਾਉਣ ਲਈ ਨਹੀਂ ਸੀ ਕਿਹਾ। ਪਰ ਇੱਕ ਆਪ ਭਗਤ ਮੇਰੇ ਭਰਾ ਨੂੰ ਕਹਿੰਦਾ ਤੇਰੇ ਘਰ ਵਿੱਚੋਂ ਵੀ ਵੋਟਾਂ ਸਾਨੂੰ ਪੈਣਗੀਆਂ। ਮੇਰਾ ਭਰਾ ਕਹਿੰਦਾ ਇਹ ਨਹੀਂ ਹੋ ਸਕਦਾ। ਉਸ ਨੇ ਮੈਨੂੰ ਘਰ ਆ ਕੇ ਇਹ ਦੱਸਿਆ। ਬੇਸੱਕ ਸਾਡਾ ਦੋਹਾਂ ਭਰਾਵਾਂ ਦਾ ਆਪਿਸ ਵਿੱਚ ਕੋਈ ਫਰਕ ਨਹੀਂ ਹੈ ਪਰ ਮੇਰੀ ਖੁਦ ਦੀ ਹੀ ਸਲਾਹ ਇਸ ਵਾਰ ਆਮ ਆਦਮੀ ਨੂੰ ਵੋਟ ਪਾਉਣ ਦੀ ਸੀ, ਪਰ ਆਪ ਭਗਤਾਂ ਦੀ ਸੋਚ ਕਾਰਨ ਮੈਨੂੰ ਇਹ ਕਹਿਣਾ ਪਿਆ (ਮੈ ਫੇਸਬੁੱਕ ’ਤੇ ਕਹਿ ਦਿੱਤਾ) ਕਿ ਮੈ ਵੋਟ ਕਾਂਗਰਸ ਨੂੰ ਪਾਵਾਂਗਾ। ਫੇਰ ਮੈਨੂੰ ਕਹਿਣ ਲੱਗ ਗਏ ਕਿ ਭਰਾ ਦਾ ਕੀ ਹੈ, ਭਰਾ ਮਗਰ ਲੱਗ ਕੇ ਕਿਉਂ ਖੂਹ ਵਿੱਚ ਛਾਲ ਮਾਰਦੇ ਹੋ। ਇਹ ਕਿਹੜਾ ਤੁਹਾਡੇ ਨਾਲ ਖੜ੍ਹੇਗਾ ? ਮੈ ਸੋਚਿਆ ਵੀ ਕਮਾਲ ਹੈ ਕਿ ਦੁਨਿਆਵੀ ਰਿਸ਼ਤੇ ਵਿੱਚ ਭਰਾ ਤੋਂ ਨੇੜੇ ਹੋਰ ਕੌਣ ਹੋ ਸਕਦਾ ਹੈ, ਜੋ ਲੋਕ ਮੈਨੂੰ ਇਹ ਕਹਿ ਰਹੇ ਸੀ ਕਿ ਉਹ ਮੇਰੇ ਭਰਾ ਨਾਲੋਂ ਮੇਰੇ ਵੱਧ ਹਮਦਰਦੀ ਹੋ ਸਕਦੇ ਹਨ, ਨਹੀਂ ਕਦੇ ਵੀ ਨਹੀਂ। ਚਲੋ ਇਹ ਵੀ ਕੋਈ ਖਾਸ ਗੱਲ ਨਹੀਂ ਹੈ ਜਿੱਤਾਂ ਹਾਰਾਂ ਤਾਂ ਬਣੀਆਂ ਹੀ ਹਨ, ਬੇਸੱਕ ਹਰ ਕੋਈ ਜਿੱਤ ਦੀ ਆਸ ਲੈ ਕੇ ਚਲਦਾ ਹੈ, ਜੋ ਹੋਣੀ ਵੀ ਚਾਹੀਂਦੀ ਹੈ ਪਰ ਹਾਰ ਕਬੂਲਣ ਦਾ ਜਿਗਰਾ ਵੀ ਹੋਣਾ ਚਾਹੀਂਦਾ ਹੈ। ਇਹ ਜਿੱਤਾਂ ਹਾਰਾਂ ਕੋਈ ਚੰਗੇ ਹੋਣ ਦਾ ਸਬੂਤ ਵੀ ਨਹੀਂ ਹੁੰਦੀਆਂ। ਚੰਗੇ ਇਨਸਾਨ ਹਾਰਨ ਤੋਂ ਬਾਅਦ ਵੀ ਚੰਗੇ ਹੀ ਰਹਿੰਦੇ ਹਨ, ਮਾੜੇ ਜਿੱਤ ਕੇ ਵੀ ਮਾੜੇ ਹੀ ਰਹਿਣਗੇ, ਜਿਸ ਦੀ ਉਦਾਹਰਨ ਹੈ ਕਿ ਮੋਦੀ ਪੂਰੇ ਦੇਸ਼ ਵਿੱਚ ਜਿੱਤ ਕੇ ਵੀ ਮਾੜਾ (ਫਿਰਕੂ ਘੱਟ ਗਿਣਤੀਆਂ ਦਾ ਕਾਤਲ) ਹੀ ਰਹੇਗਾ ਜਿੱਤਣ ਨਾਲ ਮੋਦੀ ਇਨਸਾਨ ਨਹੀਂ ਬਣ ਸਕਦਾ। ਮਨੀਪੁਰ ਦੀ ਲੋਹ ਇਸਤਰੀ ਇਰੋਮ ਸ਼ਰਮੀਲਾ ਜਿਸ ਨੇ ਲੋਕ ਹੱਕਾਂ ਲਈ 16 ਸਾਲ ਸੰਘਰਸ਼ ਕੀਤਾ ਉਸ ਨੂੰ ਕੁੱਲ 92 ਵੋਟਾਂ ਮਿਲੀਆਂ ਹਨ ਕੀ ਉਹ ਮਾੜੀ ਸੀ? ਜਾਂ ਹੁਣ ਮਾੜੀ ਹੋ ਜਾਵੇਗੀ? ਨਹੀਂ। ਇਸ ਲਈ ਚੋਣਾਂ ਵਿੱਚ ਹੋਈ ਜਿੱਤ ਹਾਰ ਨੂੰ ਅਣਖਾਂ-ਇੱਜਤਾਂ, ਸੱਚਿਆਂ, ਝੂਠਿਆਂ, ਦੇਸ਼ ਭਗਤਾਂ, ਗਦਾਰਾਂ ਅਤੇ ਜ਼ਮੀਰਾਂ ਆਦਿ ਨਾਲ ਨਹੀਂ ਜੋੜਨਾ ਚਾਹੀਦਾ। ਆਮ ਆਦਮੀ ਪਾਰਟੀ ਪੰਜਾਬ ਵਿੱਚ ਚੰਗੀ ਥਾਂ ਬਣਾ ਗਈ ਹੈ ਪਹਿਲੀ ਵਾਰ ਲੜੀਆਂ ਚੋਣਾਂ ਵਿੱਚ ਕਾਂਗਰਸ ਤੋਂ ਬੇਸੱਕ ਹਾਰ ਗਈ ਪਰ ਸੱਤਾ ਧਾਰੀ ਬਾਦਲ ਬੀਜੇਪੀ ਨੂੰ ਹਰਾ ਕੇ ਵਿਰੋਧੀ ਧਿਰ ਬਣਨ ਵਿੱਚ ਸਫਲ ਹੋ ਗਈ। ਆਮ ਆਦਮੀ ਨੂੰ ਪੰਜਾਬ ਵਾਸੀਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿੰਨਾਂ ਨੇ ਵਿਸ਼ਵਾਸ ਕਰਕੇ 20 ਸੀਟਾਂ ਆਮ ਆਦਮੀ ਦੀ ਝੋਲੀ ’ਚ ਪਾਈਆਂ। ਲੋਕ ਬਾਦਲਾਂ ਤੋਂ ਦੁਖੀ ਹੋਏ ਬਦਲ ਤਾਂ ਜਰੂਰ ਚਾਹੁੰਦੇ ਸੀ, ਪਰ ਉਹਨਾਂ ਨੂੰ ਇਹ ਬਦਲ ਆਪ ਦੀ ਥਾਂ ਕਾਂਗਰਸ ਵਿੱਚ ਨਜਰ ਆਇਆ, ਉਹਨਾਂ ਨੂੰ ਪਿਛਲੇ ਤਜਰਬੇ ਤੋਂ ਡਰ ਸੀ ਕਿ ਕਿਤੇ ਮਨਪ੍ਰੀਤ ਸਿੰਘ ਬਾਦਲ ਵਾਲੀ ਨਾ ਬਣੇ ਇਸ ਲਈ ਉਹਨਾਂ ਨੇ ਆਪ ਦੀ ਥਾਂ ਕਾਂਗਰਸ ਨੂੰ ਪਹਿਲ ਦਿੱਤੀ। ਇਸ ਦਾ ਬੁਰਾ ਨਾ ਮਨਾਓ ਲੋਕਾਂ ਦੇ ਵਿਸ਼ਵਾਸ ਪਾਤਰ ਬਣੋ, ਅੱਗੇ ਨੂੰ ਹੋਰ ਸੰਭਲ ਕੇ ਚੱਲੋ, ਰਹਿ ਗਈਆਂ ਕਮੀਆਂ ਨੂੰ ਦੂਰ ਕਰਕੇ 2022 ਦੀਆਂ ਚੋਣਾਂ ਲਈ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿਓ। ਜਿੰਨਾ ਆਮ ਆਦਮੀ ਪਾਰਟੀ ਨੇ ਸੋਚਿਆ ਸੀ ਲੋਕਾਂ ਨੇ ਉਨਾ ਸਾਥ ਨਹੀਂ ਦਿੱਤਾ, ਇਸ ’ਤੇ ਗੁੱਸੇ ਥੋੜ੍ਹਾ ਹੀ ਹੋਣਾ ਹੈ ਜਿੰਨਾ ਦਿੱਤਾ ਹੈ ਉਨੇ ਦਾ ਧੰਨਵਾਦ ਕਰੋ, ਅੱਗੇ ਨੂੰ ਹੋਰ ਵਿਸ਼ਵਾਸ ਪੈਦਾ ਕਰੋ। ਕਿਉਂਕਿ ਹਾਰੇ ਵੀ ਲੋਕਾਂ ਵਿੱਚੋਂ ਹੀ ਹਾਂ ਜਿੱਤਣਾ ਵੀ ਲੋਕਾਂ ਵਿੱਚੋਂ ਹੀ ਹੈ, ਇਹ ਗੱਲ ਠੀਕ ਨਹੀਂ ਹੈ ਕਿ ਤੁਸੀਂ ਆਪਣੀ ਸੋਚ ਮੁਤਾਬਕ ਹੋਈ ਹਾਰ ਕਾਰਨ ਹੁਣ ਲੋਕਾਂ ਨੂੰ ਗਦਾਰ , ਪਿੱਠ ਵਿੱਚ ਛੁਰਾ ਮਾਰਨ ਵਾਲੇ ਕਹਿਣ ਲੱਗ ਜਾਵੋ। ਯਾਦ ਰੱਖੋ ਜਿਨ੍ਹਾਂ ਨੂੰ ਤੁਸੀਂ ਅੱਜ ਫੇਸਬੁੱਕ ’ਤੇ ਗਦਾਰ ਜਾਂ ਪਿੱਠ ਵਿੱਚ ਛੁਰਾ ਮਾਰਨ ਵਾਲੇ ਕਹਿ ਰਹੇ ਹੋ, ਕੱਲ ਨੂੰ ਉਹਨਾਂ ਕੋਲ ਹੀ ਵੋਟਾਂ ਮੰਗਣ ਜਾਣਾ ਹੈ ਤੇ ਜਿੱਤਾਉਣਾ ਵੀ ਉਹਨਾਂ ਨੇ ਹੀ ਹੈ ਕਿਤੇ ਇਹ ਨਾ ਹੋਵੇ ਕੱਲ ਨੂੰ ਤੁਹਾਨੂੰ ਇਹਨਾਂ ਕੋਲ ਜਾਣਾ ਵੀ ਔਖਾ ਹੋ ਜਾਵੇ, ਫੇਸਬੁੱਕ ਨੇ ਵੋਟਾਂ ਨਹੀਂ ਪਾਉਣੀਆਂ। ਚੋਣਾਂ ਤਾਂ ਆਉਂਦੀਆਂ ਜਾਂਦੀਆਂ ਹੀ ਰਹਿਣਗੀਆਂ ਇਹ ਤੁਹਾਡੀ ਕੋਈ ਆਖਰੀ ਚੋਣ ਨਹੀਂ ਸੀ, ਪਰ ਕਿਤੇ ਲੋਕਾਂ ਨੂੰ ਗਾਲਾਂ ਕੱਢ-ਕੱਢ ਮਾੜਾ ਬੋਲ ਬੋਲ ਕੇ ਇਸ ਜਿੱਤ ਨੂੰ ਆਖਰੀ ਨਾ ਬਣਾ ਲਿਓ। ਮੈ ਆਮ ਆਦਮੀ ਪਾਰਟੀ ਦਾ ਵਿਰੋਧੀ ਨਹੀਂ ਹਾਂ, ਪਰ ਜੋ ਆਮ ਆਦਮੀ ਦੇ ਪੱਖ ਵਿੱਚ ਨਾ ਭੁਗਤਣ ਵਾਲਿਆਂ ਨੂੰ ਫੇਸਬੁੱਕ ’ਤੇ ਮਾੜਾ ਬੋਲ ਰਹੇ ਹਨ ਉਹ ਮੈਨੂੰ ਆਪ ਦੇ ਹਮਾਇਤੀ ਵੀ ਨਹੀਂ ਲੱਗਦੇ, ਕਿਉਕਿ ਤੁਹਾਡੇ ਵਿਰੋਧੀ ਵੀ ਇਹੀ ਕੁੱਝ ਚਾਹੁੰਦੇ ਹਨ ਕਿ ਤੁਸੀਂ ਲੋਕਾਂ ਨੂੰ ਗਾਲਾਂ ਕੱਢੋ ਤਾਂ ਕਿ ਲੋਕ ਤੁਹਾਡੇ (ਆਮ ਆਦਮੀ ਪਾਰਟੀ) ਤੋਂ ਦੂਰ ਹੋਣ।

ਦੋਸਤੋ ! ਤੁਹਾਡਾ ਸਭ ਦਾ ਹੱਕ ਹੈ ਜਿਸ ਪਾਰਟੀ ਜਾਂ ਲੀਡਰ ਦੀ ਆਪਣੀ ਮਰਜ਼ੀ ਨਾਲ ਹਮਾਇਤ ਕਰੋ ਪਰ ਪਾਰਟੀਆਂ ਜਾਂ ਲੀਡਰਾਂ ਲਈ ਆਪਣੀ ਭਾਈ ਚਾਰਕ ਸਾਂਝ ਨੂੰ ਖਰਾਬ ਨਾ ਕਰੋ। ਇਹ ਤਾਂ ਆਮ ਕਹਾਵਤ ਹੈ ਕਿ ਗੰਡਾਸੇ ਦਾ ਫੱਟ ਮਿਟ ਜਾਂਦਾ ਹੈ ਪਰ ਜ਼ੁਬਾਨ ਦਾ ਫੱਟ ਨਹੀਂ ਮਿਟਦਾ ਹੁੰਦਾ। ਆਪ ਨੂੰ ਵੋਟਾਂ ਨਾ ਪਾਉਣ ਵਾਲੇ ਪੰਜਾਬੀਆਂ ਨੂੰ ਪੱਕੇ ਵਿਰੋਧੀ ਨਾ ਬਣਾਓ, ਕਿਉਂਕਿ ਤੁਹਾਨੂੰ ਪੰਜਾਬ ਦੀ ਵਾਂਗ-ਡੋਰ ਇਹਨਾਂ ਪੰਜਾਬੀਆਂ ਨੇ ਹੀ ਸੌਪਣੀ ਹੈ, ਜਿਨ੍ਹਾਂ ਨੂੰ ਤੁਸੀਂ ਅੱਜ ਫੇਸਬੁੱਕ ’ਤੇ ਬੇਵਕੂਫ, ਗਦਾਰ, ਪਿੱਠ ਵਿੱਚ ਛੁਰਾ ਮਾਰਨ ਤੇ ਮਰੀਆਂ ਜ਼ਮੀਰਾਂ ਵਾਲੇ ਆਦਿ ਕਹਿ ਰਹੇ ਹੋ।

ਧੰਨਵਾਦ