ਜਥੇਦਾਰਾਂ ਦੇ ਪਰਿਵਾਰਾਂ ਲਈ ਗੁਰੂ ਦੀ ਗੋਲਕ ਦੇ ਮੂੰਹ ਖੁਲ੍ਹੇ

0
186

ਜਥੇਦਾਰਾਂ ਦੇ ਪਰਿਵਾਰਾਂ ਲਈ ਗੁਰੂ ਦੀ ਗੋਲਕ ਦੇ ਮੂੰਹ ਖੁਲ੍ਹੇ

ਤਖ਼ਤਾਂ ਦੇ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਕਮੇਟੀ ਵਿੱਚ ਆਪਣਿਆਂ ਦੀ ਹੀ ਫੌਜ ਖੜ੍ਹੀ ਕਰ ਲਈ ਹੈ। ਤਿੰਨ ਸਿੰਘ ਸਾਹਿਬਾਨ ਨੇ ਤਾਂ ਆਪਣੇ ਪੁੱਤਰਾਂ ਨੂੰ ਹੀ ਆਪਣੇ ਪੀਏ (ਨਿੱਜੀ ਸਹਾਇਕ) ਰੱਖਿਆ ਹੋਇਆ ਹੈ।  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇ ਕਰੀਬ ਡੇਢ ਦਰਜਨ ਸਕੇ ਸਬੰਧੀ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਕਰ ਰਹੇ ਹਨ, ਜਦੋਂ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦੇ ਕਰੀਬ ਦਰਜਨ ਰਿਸ਼ਤੇਦਾਰ ਸ਼੍ਰੋਮਣੀ ਕਮੇਟੀ ਦੇ ਖ਼ਜ਼ਾਨੇ ਵਿੱਚੋਂ ਤਨਖਾਹ ਲੈ ਰਹੇ ਹਨ।

ਗਿਆਨੀ ਗੁਰਬਚਨ ਸਿੰਘ ਨੇ ਆਪਣੇ ਲੜਕੇ ਜਸਵਿੰਦਰਪਾਲ ਸਿੰਘ ਸੋਨੂੰ ਨੂੰ ਆਪਣਾ ਪੀਏ ਲਾਇਆ ਹੋਇਆ ਹੈ। ਉਨ੍ਹਾਂ ਦਾ ਭਰਾ, ਦੋ ਭਤੀਜੇ, ਦੋ ਲੜਕੀਆਂ, ਦੋਵੇਂ ਜਵਾਈ, ਇਕ ਸਾਲਾ, ਇਕ ਸਾਢੂ ਦਾ ਲੜਕਾ ਵੀ ਸ਼੍ਰੋਮਣੀ ਕਮੇਟੀ ਵਿੱਚ ਤਾਇਨਾਤ ਹੈ। ਗਿਆਨੀ ਗੁਰਬਚਨ ਸਿੰਘ ਦੀਆਂ ਦੋਵੇਂ ਲੜਕੀਆਂ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਅੰਮ੍ਰਿਤਸਰ ਵਿੱਚ ਰੈਗੂਲਰ ਗਰੇਡ ਵਿੱਚ ਅਧਿਆਪਕ ਹਨ। ਇਕ ਜਵਾਈ ਹੁਣ ਨੌਕਰੀ ਛੱਡ ਕੇ ਵਿਦੇਸ਼ ਚਲਾ ਗਿਆ ਹੈ। ਉਨ੍ਹਾਂ ਦਾ ਜੱਦੀ ਪਿੰਡ ਚੱਕ ਬਾਜਾ ਮਰਾੜ੍ਹ ਜ਼ਿਲ੍ਹਾ ਮੁਕਤਸਰ ਹੈ, ਜਿਥੋਂ ਦੇ ਮਨਜੀਤ ਸਿੰਘ ਤੇ ਦਰਸ਼ਨ ਸਿੰਘ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ। ਉਨ੍ਹਾਂ ਦੇ ਹੋਰ ਅੱਧੀ ਦਰਜਨ ਨੇੜਲੇ ਸ਼੍ਰੋਮਣੀ ਕਮੇਟੀ ਵਿੱਚ ਵੱਖ ਵੱਖ ਥਾਵਾਂ ’ਤੇ ਤਾਇਨਾਤ ਹਨ। ਗਿਆਨੀ ਗੁਰਬਚਨ ਸਿੰਘ ਦੇ ਪਰਿਵਾਰ ਦਾ ਮੁਕਤਸਰ ਵਿੱਚ ਤਿੰਨ ਤਾਰਾ ਹੋਟਲ ਬਣ ਰਿਹਾ ਹੈ, ਜਿਸ ਵਿੱਚ ਉਨ੍ਹਾਂ ਦੇ ਲੜਕੇ ਮਨਜਿੰਦਰਪਾਲ ਸਿੰਘ ਤੇ ਜਸਵਿੰਦਰਪਾਲ ਸਿੰਘ ਦਾ 32 ਫੀਸਦੀ ਹਿੱਸਾ ਹੈ। ਸਭ ਰਿਸ਼ਤੇਦਾਰਾਂ ਦੀ ਭਰਤੀ ਗਿਆਨੀ ਗੁਰਬਚਨ ਸਿੰਘ ਦੇ ਸ਼੍ਰੋਮਣੀ ਕਮੇਟੀ ਵਿੱਚ ਬਤੌਰ ਮੁਲਾਜ਼ਮ ਤਾਇਨਾਤ ਹੋਣ ਮਗਰੋਂ ਹੀ ਹੋਈ।

ਜਥੇਦਾਰਾਂ ਦੀ ਕਮਾਈ

ਗਿਆਨੀ ਮੱਲ ਸਿੰਘ ਨੇ ਆਪਣੇ ਲੜਕੇ ਅਮਨਦੀਪ ਸਿੰਘ ਨੂੰ ਪੀਏ ਰੱਖਿਆ ਹੋਇਆ ਹੈ, ਜਿਸ ਕੋਲ ਸ਼੍ਰੋਮਣੀ ਕਮੇਟੀ ਵਿੱਚ ਮੀਤ ਮੈਨੇਜਰ ਦਾ ਅਹੁਦਾ ਹੈ। ਦੂਜਾ ਲੜਕਾ ਅਮਰਜੀਤ ਸਿੰਘ ਦਰਬਾਰ ਸਾਹਿਬ ਵਿੱਚ ਗ੍ਰੰਥੀ ਹੈ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਉਮਰ ਹੱਦ ਵਿੱਚ ਵਿਸ਼ੇਸ਼ ਤੌਰ ’ਤੇ ਪੰਜ ਸਾਲ ਦੀ ਛੋਟ ਦਿੱਤੀ ਸੀ। ਗਿਆਨੀ ਮੱਲ ਸਿੰਘ ਦਾ ਛੋਟਾ ਸਾਲਾ ਬੂਟਾ ਸਿੰਘ, ਦੂਜੇ ਸਾਲੇ ਨਾਥ ਸਿੰਘ ਦਾ ਬੇਟਾ ਬਲਜੀਤ ਸਿੰਘ, ਸਾਲੇ ਨਾਥ ਸਿੰਘ ਦਾ ਜਵਾਈ ਕੇਵਲ ਸਿੰਘ, ਤੀਜੇ ਸਾਲੇ ਡਿਪਟੀ ਕਾਕਾ ਸਿੰਘ ਦਾ ਬੇਟਾ ਅਵਤਾਰ ਸਿੰਘ (ਵਸਨੀਕ ਅਕਲੀਆਂ, ਜ਼ਿਲ੍ਹਾ ਮਾਨਸਾ), ਛੋਟੀ ਸਾਲੀ ਦਾ ਲੜਕਾ ਗੁਰਬਿੰਦਰ ਸਿੰਘ ਵਾਸੀ ਬੱਲੋਂ (ਬਠਿੰਡਾ), ਭਾਣਜਾ ਗੁਰਮੀਤ ਸਿੰਘ ਵਾਸੀ ਜੇਠੂਕੇ (ਬਠਿੰਡਾ) ਸ਼੍ਰੋਮਣੀ ਕਮੇਟੀ ਵਿੱਚ ਹਨ। ਉਨ੍ਹਾਂ ਦੇ ਹੋਰ ਰਿਸ਼ਤੇਦਾਰ ਵੀ ਸ਼੍ਰੋਮਣੀ ਕਮੇਟੀ ਵਿੱਚ ਹਨ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਥੋੜ੍ਹਾ ਸਮਾਂ ਹੀ ਪਹਿਲਾਂ ਇਸ ਅਹੁਦੇ ’ਤੇ ਪੁੱਜੇ ਹਨ, ਜਿਨ੍ਹਾਂ ਆਪਣੇ ਭਰਾ ਹਿੰਮਤ ਸਿੰਘ ਨੂੰ ਆਪਣਾ ਪੀਏ ਰੱਖਿਆ ਹੋਇਆ ਹੈ।

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਨੇ ਆਪਣੇ ਲੜਕੇ ਗੁਰਪ੍ਰਸ਼ਾਦ ਸਿੰਘ ਨੂੰ ਪੀਏ ਵਜੋਂ ਤਾਇਨਾਤ ਕੀਤਾ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਦਾ ਇਸ ਬਾਰੇ ਜਵਾਬ ਸੀ ਕਿ ਇਸ ਤਰ੍ਹਾਂ ਦਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਇਹ ਉਹੀ ਹਰਚਰਨ ਸਿੰਘ ਹੈ ਜਿਸ ‘ਤੇ ਆਰ ਐਸ ਐਸ ਨਾਲ ਸਬੰਧ ਹੋਣ ਦੇ ਆਰੋਪ ਲਗੇ ਸਨ।