‘ਗੁਰਮਤਿ’ ਪ੍ਰਚਾਰ ਲਈ ਮਿਸ਼ਨਰੀ ਪ੍ਰਚਾਰਕਾਂ ਦੀ ਭੂਮਿਕਾ

0
308

‘ਗੁਰਮਤਿ’ ਪ੍ਰਚਾਰ ਲਈ ਮਿਸ਼ਨਰੀ ਪ੍ਰਚਾਰਕਾਂ ਦੀ ਭੂਮਿਕਾ

ਗਿਆਨੀ ਅਵਤਾਰ ਸਿੰਘ

ਕਿਸੇ ਵੀ ਕੌਮ ਦਾ ਸਿਧਾਂਤ ਅਤੇ ਉਸ ਦਾ ਇਤਿਹਾਸ ਕਿੰਨਾ ਵੀ ਸੁਨਿਹਰਾ, ਸਮਾਜਿਕ ਹਿੱਤਾਂ ਦੀ ਪੂਰਤੀ ਕਰਨ ਵਾਲ਼ਾ ਅਤੇ ਆਮ ਨਾਗਰਿਕ ਦੀ ਪਹੁੰਚ ’ਚ ਆਉਣ ਵਾਲ਼ੀ ਸਰਲ ਬੋਲੀ ’ਚ ਵੀ ਦਰਜ ਕਿਉਂ ਨਾ ਹੋਵੇ, ਫਿਰ ਵੀ ਉਸ ਕੌਮ ਦੇ ਪੈਰੋਕਾਰਾਂ ਉੱਤੇ ਹੀ ਨਿਰਭਰ ਰਹਿੰਦਾ ਹੈ ਕਿ ਉਹ, ਇਸ ਦਾ ਲਾਭ ਇੱਕ ਆਮ ਮਨੁੱਖ ਨੂੰ ਕਿੰਨਾ ਕੁ ਪਹੁੰਚਾਉਣ ’ਚ ਸਫਲ ਜਾਂ ਅਸਫਲ ਹੁੰਦੇ ਹਨ। ਦੁਨੀਆਂ ਦੇ ਇਤਿਹਾਸ ’ਚ 5000 ਤੋਂ 6000 ਤੱਕ ਦੀਆਂ ਭਾਸ਼ਾਵਾਂ ਰਾਹੀਂ ਲਗਭਗ 4200 ਤੋਂ ਵੱਧ ਧਾਰਮਿਕ ਸਮੁਦਾਇ ਹੋਂਦ ’ਚ ਆਏ, ਜਿਨ੍ਹਾਂ ਵਿੱਚੋਂ ਬਹੁਤੇ ਆਪਣਾ ਅਸਤਿਤਵ ਵੀ ਕਾਇਮ ਨਾ ਰੱਖ ਸਕੇ ਕਿਉਂਕਿ ਜ਼ਮੀਨੀ ਹਾਲਾਤਾਂ ਨੇ ਉਨ੍ਹਾਂ ਦੀ ਸਾਰੀ ਘਾਲਣਾ ਨੂੰ ਮਿਟੀ ’ਚ ਦਫ਼ਨ ਕਰ ਦਿੱਤਾ। ਸੰਸਾਰ ’ਚ ਬਹੁਤ ਹੀ ਘੱਟ ਕੌਮਾਂ ਹਨ ਜਿਨ੍ਹਾਂ ਦੇ ਸ਼ਰਧਾਲੂਆਂ ਨੇ ਆਪਣੀ ਮਿਹਨਤ, ਲਗਨ ਤੇ ਏਕਤਾ ਨਾਲ ਆਪਣੇ ਸਿਧਾਂਤ, ਇਤਿਹਾਸ ਤੇ ਬੋਲੀ ਨੂੰ ਜੀਵਤ ਰੱਖਿਆ ਹੋਇਆ ਹੈ, ਇਸ ਦਾ ਮਹੱਤਵ ਉਸ ਕੌਮ ਦੇ ‘ਗੁਰੂ, ਪੀਰ, ਪੈਗ਼ੰਬਰਾਂ’ ਸਮੇਤ ਉਨ੍ਹਾਂ ਦੇ ਮੁਰੀਦਾਂ ਨੂੰ ਵੀ ਜਾਂਦਾ ਹੈ। ਜਿਸ ਦੀ ਇੱਕ ਮਿਸਾਲ ਯਹੂਦੀਆਂ ਦੁਆਰਾ ਸਿਰਜਿਆ ਗਿਆ ‘ਇਜ਼ਰਾਈਲ ਦੇਸ਼’ ਹੈ, ਜੋ ਪੰਜਾਬ ਬਰਾਬਰ ਰਕਬੇ ’ਤੇ ਕਾਬਜ਼ ਹੋਣ ਦੇ ਬਾਵਜੂਦ ਪੂਰੀ ਦੁਨੀਆਂ ’ਚ ਆਪਣੀ ਯੋਗਤਾ ਦਾ ਸਿੱਕਾ ਚਲਾ ਰਿਹਾ ਹੈ। ਅਗਰ ਪੰਜਾਬ ਤੇ ਇਜ਼ਰਾਈਲ ’ਚ ਕੇਵਲ ਮਰਦ/ਔਰਤ ਲਿੰਗ ਅਨੁਪਾਤ ਦੀ ਗੱਲ ਕਰੀਏ ਤਾਂ ਸਾਨੂੰ ਆਪਣੀ ਕਰਨੀ ਤੇ ਕਥਨੀ ’ਤੇ ਪਛਤਾਵਾ ਆਵੇਗਾ; ਜਿਵੇਂ ਕਿ ਪੰਜਾਬ ’ਚ 1000 ਪੁਰਸ਼ ਪ੍ਰਤਿ 893 ਮਹਿਲਾਂ ਹਨ ਜਦ ਕਿ ਇਜ਼ਰਾਈਲ ’ਚ 1000 ਔਰਤ ਪ੍ਰਤਿ 982 ਪੁਰਸ਼ ਹਨ। ਫਿਰ ਵੀ ‘‘ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ॥’’ (ਮ: ੧/੪੭੩) ਸਿਧਾਂਤ ਦੇ ਅਨੁਯਾਈ ਵੀ ਅਸੀਂ ਹੀ ਅਖਵਾਉਂਦੇ ਹਾਂ, ਇਜ਼ਰਾਈਲੀ ਨਹੀਂ।

ਇੱਕ ਉਦਾਹਰਨ ਹੋਰ, ਜੋ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ‘ਇਜ਼ਰਾਈਲ’ ’ਚ ਹਰ ਸਾਲ ਮਾਤ੍ਰ 10 % ਬਾਰਸ਼ ਹੁੰਦੀ ਹੈ ਤੇ ਸੋਕਾ ਵੀ ਕਦੇ ਨਹੀਂ ਪਿਆ ਪਰ ਭਾਰਤ ’ਚ ਹਰ ਸਾਲ 50 % ਬਾਰਸ਼ ਹੋਣ ਦੇ ਬਾਵਜੂਦ ਵੀ ਹਰ ਸਾਲ ਸੋਕਾ ਪੈਂਦਾ ਹੈ; ਜਿਵੇਂ ਕਿ 25 % ਸੋਕਾ ਇਸ ਸਾਲ (ਸੰਨ 2016) ’ਚ ਵੀ ਮਾਰਚ, ਅਪ੍ਰੈਲ, ਮਈ ਦੇ ਮਹੀਨੇ ਪੈ ਰਿਹਾ ਹੈ।

‘ਗੁਰਮਤਿ’ ਇੱਕ ਨਿਵੇਕਲਾ, ਸਰਬ ਪ੍ਰਮਾਣਿਤ ਤੇ ਵਿਲੱਖਣ ਸਿਧਾਂਤ ਹੈ, ਜਿਸ ਵਿੱਚ ਕਰਮਕਾਂਡ, ਜਾਤ-ਪਾਤ, ਵਹਿਮ-ਭਰਮ (ਅੰਧ-ਵਿਸ਼ਵਾਸ) ਆਦਿ ਨੂੰ ਕੋਈ ਸਥਾਨ ਨਹੀਂ, ਇਸ ਦੀ ਰਚਨਾ, ਹਰ ਵਰਗ ਦੀਆਂ ਤਮਾਮ ਲੋੜਾਂ ਨੂੰ ਮੁੱਖ ਰੱਖ ਕੇ ਕੀਤੀ ਗਈ ਹੈ ਅਤੇ ਅਣੋਖੀ ਤਕਨੀਕ ਨਾਲ ਇਸ ਨੂੰ ਲਿਖਤੀ ਰੂਪ ’ਚ ਸੰਭਾਲ਼ਿਆ ਵੀ ਗਿਆ ਹੈ। ਗੁਰੂ ਸਾਹਿਬਾਨਾਂ ਨੇ ਆਪ ਇੱਕ ਗ੍ਰਹਿਸਤੀ ਜੀਵਨ ਬਤੀਤ ਕਰਦਿਆਂ ਸਮਾਜਿਕ ਭਲਾਈ ਲਈ ਆਪਣਾ ਆਪਾ ਕੁਰਬਾਨ ਕਰਕੇ ਇਸ ਦੀ ਵਿਲੱਖਣਤਾ ਦਾ ਸਬੂਤ, ਮਾਨਵਤਾ ਨੂੰ ਦੇ ਦਿੱਤਾ। ਇਸੇ ਰੀਤ ਨੂੰ ਅਗਾਂਹ ਵਧਾਉਂਦਿਆਂ ਸਿੱਖਾਂ ਨੇ ਵੀ ਆਪਣੇ ਵਿਅਕਤੀਗਤ ਨੁਕਸਾਨ ਦੀ ਪ੍ਰਵਾਹ ਨਾ ਕਰਦਿਆਂ ਬੇਸਹਾਰਿਆਂ ਨੂੰ ਸਹਾਰਾ ਦੇਣਾ ਉਚਿਤ ਸਮਝਿਆ, ਬੇਸ਼ੱਕ ਇਸ ਬਦਲੇ ਕੁਰਬਾਨੀਆਂ ਵੀ ਦੇਣੀਆਂ ਪਈਆਂ।

ਅੱਜ ਸਾਡੇ ਪਾਸ ਵੀ ਉਹੀ ਗੁਰ ਮਰਿਆਦਾ ਤੇ ਸਿੱਖਾਂ ਦਾ ਸ਼ਹੀਦੀਆਂ ਭਰਿਆ ਇਤਿਹਾਸ ਮੌਜੂਦ ਹੈ। ਸਾਡੀ ਸੁਵਿਧਾ ਲਈ ਆਧੁਨਿਕ ਯੁੱਗ ਦੀਆਂ ਤਕਨੀਕਾਂ ਨੇ ਵੀ ਸਾਰੀ ਦੁਨੀਆਂ ਨੂੰ ਬਹੁਤ ਨਜ਼ਦੀਕ ਕਰ ਦਿੱਤਾ ਹੈ, ਜਿੱਥੇ ਇਕਲੌਤਾ ਸਰੀਰ ਵੀ ‘ਗੁਰਮਤਿ’ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਹਿਮ ਰੋਲ ਅਦਾ ਕਰ ਸਕਦਾ ਹੈ, ਜਿਸ ਵਾਸਤੇ ਦ੍ਰਿੜ੍ਹ ਇੱਛਾ ਸ਼ਕਤੀ, ਯੋਗ ਰਣਨੀਤੀ ਤੇ ਤਿਆਗ ਭਾਵਨਾ ਦੀ ਜ਼ਰੂਰਤ ਹੈ।

ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ (239 ਸਾਲ) ਮਾਨਵਤਾ ਦੀਆਂ ਔਕੜਾਂ ਨੂੰ ਧਿਆਨ ’ਚ ਰੱਖਦਿਆਂ ‘ਗੁਰਮਤਿ’ ਦਾ ਵਿਕਾਸ ਇਸ ਪੱਧਰ ’ਤੇ ਹੋਇਆ ਕਿ ਤਤਕਾਲੀ ਰਾਜਿਆਂ ਨੂੰ ਵੀ ਗੁਰੂ ਸਾਹਿਬਾਨਾਂ ਨਾਲ ਨੇੜਤਾ ਬਣਾਉਣੀ ਪਈ; ਜਿਵੇਂ ਰਾਜਾ ਬਾਬਰ ਦੀ ਗੁਰੂ ਨਾਨਕ ਸਾਹਿਬ ਨਾਲ ਮੁਲਾਕਾਤ, ਅਕਬਰ ਬਾਦਸ਼ਾਹ ਦਾ ਗੁਰੂ ਅਮਰਦਾਸ ਜੀ ਦੇ ਦਰਬਾਰ ’ਚ ਹਾਜ਼ਰ ਹੋਣਾ, (ਗੁਰੂ) ਰਾਮਦਾਸ ਜੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਰਾਜ ਦਰਬਾਰਾਂ ’ਚ ਬੁਲਾ ਕੇ ‘ਗੁਰਮਤਿ’ ਪ੍ਰਤਿ ਸ਼ੰਕਿਆਂ ਦੀ ਨਵਿਰਤੀ ਕਰਵਾਉਣਾ, ਰਾਜਾ ਜਹਾਂਗੀਰ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ’ਚੋਂ 52 ਰਾਜਿਆਂ ਸਮੇਤ ਰਿਹਾ ਕਰਨਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਬਹਾਦਰਸ਼ਾਹ ਦੀਆਂ ਮੁਲਾਕਾਤਾਂ ਆਦਿ ਮਿਸਾਲਾਂ, ਗੁਰੂ ਸਾਹਿਬਾਨਾਂ ਦਾ ਆਮ ਜਨਤਾ ਪ੍ਰਤਿ ਪਿਆਰ ਅਤੇ ਲੋਕਾਂ ਦੀ ਵੀ ਗੁਰੂ ਪ੍ਰਤਿ ਹਮਦਰਦੀ ਨੂੰ ਉਜਾਗਰ ਕਰਦਾ ਹੈ।

ਗੁਰੂ ਇਤਿਹਾਸ ਪੜ੍ਹਨ ਉਪਰੰਤ ਇਹ ਜਾਣਕਾਰੀ ਮਿਲਦੀ ਹੈ ਕਿ ਗੁਰੂ ਸਾਹਿਬਾਨਾਂ ਨੇ ਆਮ ਜਨਤਾ ਦੇ ‘ਪਰਿਵਾਰਿਕ, ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ’ ਵਿਸ਼ਿਆਂ ਨੂੰ ਹਮੇਸ਼ਾਂ ਸੁਲਝਾਉਣ ਦਾ ਯਤਨ ਕੀਤਾ ਤਾਂ ਜੋ ਮਨੁੱਖਾ ਜੀਵਨ ਦਾ ਕੋਈ ਇੱਕ ਪੱਖ ਵੀ ਕਮਜ਼ੋਰ ਨਾ ਰਹਿ ਜਾਵੇ। ਖਡੂਰ ਸਾਹਿਬ, ਗੋਇੰਦਵਾਲ, ਅੰਮ੍ਰਿਤਸਰ, ਤਰਨਤਾਰਨ, ਕਰਤਾਰਪੁਰ, ਅਨੰਦਪੁਰ ਸਾਹਿਬ, ਕੀਰਤਪੁਰ ਆਦਿ ਸ਼ਹਿਰਾਂ ਦਾ ਨਿਰਮਾਣ ਤੇ ਉੱਥੇ ਕਿੱਤਾਕਾਰੀ (ਹੁਨਰਮੰਦ) ਲੋਕਾਂ ਨੂੰ ਸਥਾਪਿਤ ਕਰਨਾ, ਘੋੜਿਆਂ ਦਾ ਵਾਪਾਰ, ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਜਗ੍ਹਾ ਜਗ੍ਹਾ ਖੂਹ ਖੁਦਵਾਉਣੇ, ਪਰਿਵਾਰਿਕ ਸੰਬੰਧ ਮਜ਼ਬੂਤ ਕਰਨ ਲਈ ਲੜਕੇ-ਲੜਕੀਆਂ ਦੇ ਰਿਸ਼ਤੇ ਕਰਵਾਉਣੇ, ਸਰੀਰਕ ਅਰੋਗਤਾ ਲਈ ਮੱਲ ਅਖਾੜੇ ਤੇ ਦਵਾਖ਼ਾਨੇ ਉਪਲਬਧ ਕਰਵਾਉਣੇ, ‘ਗੁਰਮੁਖੀ’ ਭਾਸ਼ਾ ਦਾ ਵਿਕਾਸ, ਆਦਿ ਤਤਕਾਲੀ ਸਮੇਂ ਨਾਲ ਸੰਬੰਧਿਤ ਕਾਰਜਾਂ ਨੇ ‘ਗੁਰਮਤਿ’ ਦੇ ਪ੍ਰਚਾਰ ਤੇ ਪ੍ਰਸਾਰ ’ਚ ਵਿਸ਼ੇਸ਼ ਭੂਮਿਕਾ ਨਿਭਾਈ, ਜਿਸ ਕਾਰਨ ‘ਗੁਰਮਤਿ’ ਨੂੰ ਵੱਡੀ ਪੱਧਰ ’ਤੇ ਜਾਣਿਆ ਪਹਿਚਾਣਿਆ ਜਾਣ ਲੱਗਾ। ਅਜੋਕੇ ਤਕਨੀਕੀ ਯੁੱਗ ’ਚ ‘ਗੁਰਮਤਿ’ ਦਾ ਪ੍ਰਚਾਰ ਕਰਨ ਵਾਲ਼ਿਆਂ ਦੀ ਨਾ ਤਾਂ ਕਮੀ ਹੈ ਅਤੇ ਨਾ ਹੀ ਉਨ੍ਹਾਂ ਦੇ ਉਤਸ਼ਾਹ ’ਚ ਕੋਈ ਘਾਟ ਮਹਿਸੂਸ ਹੁੰਦੀ ਹੈ, ਇਸ ਦੇ ਬਾਵਜੂਦ ਤਨ, ਮਨ, ਧਨ ਨਾਲ ਕੀਤੀ ਜਾ ਰਹੀ ਇਤਨੀ ਘਾਲਣਾ ਵੀ ਜ਼ਮੀਨੀ ਹਾਲਾਤਾਂ ਦਾ ਮੁਕਾਬਲਾ ਕਰਨ ’ਚ ਉਤਨੀ ਕਾਰਗਰ ਸਾਬਤ ਨਹੀਂ ਹੋ ਰਹੀ, ਜਿਤਨੀ ਕਿ ਉਮੀਦ ਕੀਤੀ ਜਾ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਦਾ ਮੂਲ ਕਾਰਨ ਪੰਥਕ ਅਨੇਕਤਾ ਤੇ ਕਾਰਗਰ ਰਣਨੀਤੀ ਦੀ ਘਾਟ ਨੂੰ ਉਜਾਗਰ ਕਰਦਾ ਹੈ।

ਪੰਜਾਬ ’ਚ ਨਸ਼ੇ ਤੇ ਪਤਿਤਪੁਣਾ ਚਾਰੋਂ ਤਰਫ਼ ਫੈਲਿਆ ਹੋਇਆ ਹੈ, ਬਜ਼ੁਰਗ ਬਿਰਧ ਆਸ਼ਰਮਾਂ ’ਚ ਬੈਠੇ ਹਨ, ਗੁਰੂ ਸੰਗਤ ’ਚੋਂ ਨੌਜਵਾਨ ਗ਼ੈਰ ਹਾਜ਼ਰ ਹਨ, ਕਿਸਾਨ ਕਰਜ਼ੇ ਹੇਠਾਂ ਦਬੇ ਆਤਮ ਹੱਤਿਆ ਕਰ ਰਹੇ ਹਨ, ਸਮਾਜਿਕ ਵਿਤਕਰੇ ਕਾਰਨ ਅਛੂਤ ਮੰਨੀਆਂ ਜਾਂਦੀਆਂ ਜਾਤੀਆਂ, ਜਿਨ੍ਹਾਂ ਨੂੰ ਸਿੱਖੀ ਦਾ ਆਧਾਰ ਮੰਨਿਆਂ ਜਾਂਦਾ ਸੀ; ਨੂੰ ‘ਗੁਰਮਤਿ’ ਨਾਲੋਂ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਿਹਾ ਹੈ, ਗੁਰਦੁਆਰਿਆਂ ਦੀ ਉਸਾਰੀ ਜਾਤ-ਪਾਤ ਆਧਾਰਿਤ ਹੁੰਦੀ ਵੇਖ ਕੇ ਬ੍ਰਾਹਮਣਵਾਦ ਦੇ ਸਤਾਏ ਹੋਏ ਇਸ ਸਮਾਜ ਨੂੰ ਸਿੱਖੀ ਦੀ ਵਿਲੱਖਣਤਾ ’ਤੇ ਸੰਦੇਹ ਪੈਦਾ ਹੋ ਰਿਹਾ ਹੈ, ਬੱਚੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਪੇਟ ’ਚ ਮਾਰ ਦੇਣਾ, ਸਿੱਖੀ ਸਰੂਪ ਉੱਤੇ ਦਾਗ਼ ਹੈ, ਗੁਰੂ ਦੀ ਗੋਲਕ ਦਾ ਜ਼ਿਆਦਾਤਰ ਦੁਰਪ੍ਰਯੋਗ ਹੋ ਰਿਹਾ ਹੈ, ਸਿੱਖ ਵਿਦਵਾਨ ਏਕਤਾ ਦੀ ਬਜਾਏ ਧੜੇਬੰਦੀ ਦਾ ਸ਼ਿਕਾਰ ਹਨ ਆਦਿ ਹਾਲਾਤ ਪੈਦਾ ਕਰਨ ’ਚ ਸਿੱਖ ਲੀਡਰ ਵਧੇਰੇ ਜ਼ਿੰਮੇਵਾਰ ਹਨ, ਜਿਨ੍ਹਾਂ ਲਈ ਭਾਈ ਗੁਰਦਾਸ ਜੀ ਦੇ ਇਹ ਬਚਨ ਬਿਲਕੁਲ ਢੁੱਕਵੇਂ ਹਨ: ‘‘ਰਾਜੇ ਪਾਪ ਕਮਾਵਦੇ; ਉਲਟੀ ਵਾੜ ਖੇਤ ਕਉ ਖਾਈ।’’ ਕਿਉਂਕਿ ਇਹ ਲੋਕ ਏਕਤਾ (‘ਗੁਰਮਤਿ’) ਵਿਰੋਧੀ ‘ਪਾੜੋ ਤੇ ਰਾਜ ਕਰੋ’ ਕੂਟਨੀਤੀ ਦਾ ਸ਼ਿਕਾਰ ਹਨ।

ਜਦ ਗੁਰੂ ਘਰਾਂ ’ਚੋਂ ਸੰਗਤ ਅਲੋਪ ਹੋ ਰਹੀ ਹੋਵੇ ਤਾਂ ਉਨ੍ਹਾਂ ਦੇ ਕਾਰਨ (‘ਪਰਿਵਾਰਕ, ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ’ ਆਦਿ) ਲੱਭ ਕੇ ‘ਗੁਰਮਤਿ’ ਪ੍ਰਚਾਰਕਾਂ ਨੂੰ ਉਨ੍ਹਾਂ ਦੇ ਘਰਾਂ ’ਚ ਜਾ ਕੇ ਸਿੱਧੇ ਸੰਪਰਕ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਸਾਮ੍ਹਣੇ ਅਯੋਗ ਲੀਡਰਾਂ ਦੀ ਅਸਲੀਅਤ ਵੀ ਬਿਆਨ ਕਰਨੀ ਚਾਹੀਦੀ ਹੈ, ਜਿਨ੍ਹਾਂ ਦੀ ਵੋਟ ਸ਼ਕਤੀ ਨਾਲ ਇਹ ਧਾਰਮਿਕ ਅਦਾਰਿਆਂ ਉੱਤੇ ਕਾਬਜ਼ ਹੋ ਜਾਂਦੇ ਹਨ। ਅਜੋਕੀ ਸਮਾਜਿਕ ਮਾਨਸਿਕਤਾ ਨੂੰ ਇਸ ਤਰ੍ਹਾਂ ਵਿਚਾਰਿਆ ਜਾ ਸਕਦਾ ਹੈ:

(1). ਸਮੇਂ ਦਾ ਹਾਣੀ ਬਣਨ ਲਈ ਆਧੁਨਿਕ ਯੁੱਗ ’ਚ ਵਿੱਦਿਆ ਹਰ ਮਨੁੱਖ ਲਈ ਅਤਿ ਜ਼ਰੂਰੀ ਹੈ। ਮਾਰਕਿਟ ’ਚ ਜਿਸ ਵਸਤੂ ਦੀ ਵਧੇਰੇ ਮੰਗ ਹੋਵੇ ਤੇ ਸਰਕਾਰਾਂ ਉਸ ਵੱਲ ਧਿਆਨ ਨਾ ਦੇਣ ਤਾਂ ਉਸ ਵਸਤੂ ਨੂੰ ਉਪਲਬਧ ਕਰਵਾਉਣ ਲਈ ਕਈ ਵਪਾਰੀ ਸਾਮ੍ਹਣੇ ਆ ਜਾਂਦੇ ਹਨ। ਇਸੇ ਕਾਰਨ ਪੰਜਾਬ ’ਚ ਸਰਕਾਰੀ ਸੰਸਥਾਵਾਂ ਦੇ ਮੁਕਾਬਲੇ ਨਿੱਜੀ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਵਧੇਰੇ ਪ੍ਰਫੁਲਿਤ ਹੋ ਰਹੀਆਂ ਹਨ, ਜਿਸ ਨੂੰ ਰਾਜਨੀਤਿਕਾਂ ਦੀ ਮਦਦ ਨਾਲ ਚੱਲਣ ਵਾਲ਼ਾ ਵਾਪਾਰ ਵੀ ਕਹਿ ਸਕਦੇ ਹਾਂ, ਇਸ ਵਿੱਚ ਘੱਟ ਯੋਗਤਾ ਵਾਲ਼ੇ ਤੇ ਸਿਫ਼ਾਰਸ਼ੀ ਅਧਿਆਪਕ ਸੀਮਤ ਤਨਖ਼ਾਹਾਂ ’ਤੇ ਰੱਖੇ ਹੁੰਦੇ ਹਨ। ਸਰਕਾਰੀ ਵਿਦਿਅਕ ਅਦਾਰਿਆਂ ਦੀ ਕਾਰਗੁਜ਼ਾਰੀ ਅਤਿਅੰਤ ਨਾਕਸ (ਘਟੀਆ) ਹੋਣ ਕਰਕੇ ਅਤੇ ਪ੍ਰਾਈਵੇਟ ਅਦਾਰਿਆਂ ਦੀ ਕੇਵਲ ਬਾਹਰੀ ਦਿੱਖ ਵੇਖ ਕੇ ਹੀ ਆਮ ਆਦਮੀ ਇਸ ਫੰਧੇ ’ਚ ਫਸ ਜਾਂਦਾ ਹੈ, ਜਿਸ ਕਾਰਨ ਬੱਚਿਆਂ ਉੱਤੇ ਲਗਾਈਆਂ ਉਮੀਦਾਂ ਢਹਿ ਢੇਰੀ ਹੋ ਜਾਂਦੀਆਂ ਹਨ, ਜਿਨ੍ਹਾਂ ਲਈ ਜ਼ਮੀਨਾਂ, ਗਹਿਣੇ ਆਦਿ ਵੇਚੇ ਗਏ ਜਾਂ ਮਹਿੰਗੀਆਂ ਦਰਾਂ ’ਤੇ ਕਰਜ਼ੇ ਚੁੱਕੇ ਹੁੰਦੇ ਹਨ।

ਪੰਜਾਬ ਦੇ ਅਜਿਹੇ ਹਾਲਾਤ ਵੇਖ ਕੇ ਕਈ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ਾਂ ’ਚ ਪੜ੍ਹਾਉਣ ਲਈ ਮਜਬੂਰ ਹੁੰਦੇ ਹਨ ਪਰ ਬੱਚਿਆਂ ਦੀ ਨੀਂਹ (ਬੁਨਿਆਦ) ਕਮਜ਼ੋਰ ਹੋਣ ਕਾਰਨ ਵਿਦੇਸ਼ ਜਾਣ ਲਈ ਜ਼ਰੂਰੀ ਸ਼ਰਤਾਂ ਨੂੰ ਪੂਰਾ ਹੁੰਦਾ ਨਾ ਵੇਖ ਕੇ 2 ਨੰਬਰ ਵਾਲ਼ਾ ਰਸਤਾ ਅਖ਼ਤਿਆਰ ਕਰ ਲਿਆ ਜਾਂਦਾ ਹੈ, ਜਿਸ ਰਾਹੀਂ ਭਾਰੀ ਖ਼ਰਚਾ ਕਰਕੇ ਵਿਦੇਸ਼ ਗਿਆ ਬੱਚਾ ਵਿੱਦਿਆ ਪ੍ਰਾਪਤ ਕਰਨ ਦੀ ਬਜਾਏ ਜਾਂ ਤਾਂ ਮਜ਼ਦੂਰੀ ਕਰਕੇ ਆਪਣਾ ਕਰਜ਼ ਉਤਾਰਨ ਦਾ ਯਤਨ ਕਰਦਾ ਹੈ ਜਾਂ ਕਿਸੇ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਇਆ ਕਿਸੇ ਦੇਸ਼ ਦੀ ਜੇਲ੍ਹ ’ਚ ਬੈਠਾ ਸਜ਼ਾ ਭੁਗਤ ਕੇ ਆਪਣੀ ਜਵਾਨੀ ਨੂੰ ਅਜਾਈਂ ਗਵਾ ਰਿਹਾ ਹੁੰਦਾ ਹੈ। ਗ਼ੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ’ਚ ਦਾਖ਼ਲ ਹੋਣ ਵਾਲ਼ੇ ਬੱਚਿਆਂ ’ਚ ਸਿੱਖ ਨਸਲ ਦੀ ਤਾਦਾਦ ਵੱਧ ਹੈ, ਜੋ ਕਿ ਇੱਕ ਤਰਫ਼ ‘ਗੁਰਮਤਿ’ ਸਿਧਾਂਤ ਪ੍ਰਤਿ ਆਮ ਜਨਤਾ ਦਾ ਸੰਦੇਹ ਪੈਦਾ ਕਰਦੀ ਹੈ ਤੇ ਦੂਜੇ ਪਾਸੇ ਵਿੱਦਿਆ ਪ੍ਰਾਪਤੀ ਲਈ ਵਿਦੇਸ਼ ਜਾਣ ਵਾਲ਼ੇ ਯੋਗ ਬੱਚਿਆਂ ਲਈ ਮੁਸ਼ਕਲਾਂ ਖੜ੍ਹੀਆਂ ਕਰਦੀ ਹੈ।

ਅਜੋਕੇ ਦੌਰ ’ਚ ਆਪਣੇ ਬੱਚਿਆਂ ਨੂੰ ਇੰਜਨੀਅਰ ਜਾਂ ਡਾਕਟਰ ਬਣਾਉਣ ਦੀ ਮਨਸਾ ਨਾਲ ਪੜ੍ਹਾਉਣ ਵਾਲ਼ੇ ਅਕਸਰ ਮਾਤਾ ਪਿਤਾ ਆਪ ਘੱਟ ਪੜ੍ਹੇ ਜਾਂ ਅਨਪੜ੍ਹ ਹੁੰਦੇ ਹਨ, ਜਿਸ ਕਾਰਨ ਬੱਚੇ ਆਪਣੇ ਦੋਸਤਾਂ ਨਾਲ ਮਿਲ ਕੇ ਹੀ ਆਪਣਾ ਟੀਚਾ ਨਿਰਧਾਰਿਤ ਕਰਦੇ ਹਨ। ਪੰਜਾਬ ਦੇ ਸਕੂਲਾਂ ਤੇ ਕਾਲਜਾਂ ਦਾ ਰਿਕਾਰਡ ਇਹ ਬਿਆਨ ਕਰਦਾ ਹੈ ਕਿ 70% ਤੋਂ ਵੱਧ ਬੱਚੇ ਆਪਣੇ ਸਿਲੇਬਸ ’ਚੋਂ 40% ਨੰਬਰ ਵੀ ਪ੍ਰਾਪਤ ਨਹੀਂ ਕਰ ਸਕਦੇ। 10 ਵੀਂ ਜਾਂ 12 ਵੀਂ ਕਲਾਸ ਤੱਕ ਪੜ੍ਹੇ ਲਿਖੇ ਬੱਚਿਆਂ ਲਈ ਨਾ ਮਾਤ੍ਰ ਦਰਾਂ ’ਤੇ 10 ਲੱਖ ਤੱਕ ਰਿਣ ਉਪਲਬਧ ਕਰਵਾਉਣ ਵਾਲ਼ੀਆਂ ਸਰਕਾਰੀ ਯੋਜਨਾਵਾਂ ਵੀ ਸਰਕਾਰਾਂ ਵੱਲੋਂ ਉਪਲਬਧ ਕਰਵਾਈਆਂ ਗਈਆਂ ਹਨ ਪਰ ਇਨ੍ਹਾਂ ਦਾ ਭਰਪੂਰ ਲਾਭ ਲੈਣ ਲਈ ਬੱਚਿਆਂ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ। ਅਗਰ ਸਿੱਖ ਪ੍ਰਚਾਰਕ ਇਨ੍ਹਾਂ ਦੇ ਮਾਤਾ ਪਿਤਾ ਨੂੰ ਇਹ ਸੁਝਾਉ ਦੇਣ ਕਿ ਪੜ੍ਹਾਈ ’ਚ ਕਮਜ਼ੋਰ ਰਹਿਣ ਵਾਲ਼ੇ ਬੱਚਿਆਂ ਉੱਤੇ ਵਧੇਰੇ ਉਮੀਦਾਂ ਲਗਾ ਕੇ ਵਾਧੂ ਧਨ ਬਰਬਾਦ ਕਰਨ ਦੀ ਬਜਾਏ ਇਨ੍ਹਾਂ ਦੀ ਸਮਰੱਥਾ ਅਨੁਸਾਰ ਕਿੱਤਾਕਾਰੀ ਕੋਰਸਾਂ ਵੱਲ ਪ੍ਰੇਰਿਤ ਕੀਤਾ ਜਾਵੇ ਤਾਂ ਜਿੱਥੇ ਬੱਚੇ, ਮਾਤਾ ਪਿਤਾ ਦੇ ਨੇੜੇ ਤੇ ਅਧੀਨ ਰਹਿਣਗੇ ਉੱਥੇ ਆਪਣੇ ਹੁਨਰ ਦਾ ਭਰਪੂਰ ਲਾਭ ਉੱਠਾਉਂਦੇ ਹੋਏ ਸਿੱਖ ਪ੍ਰਚਾਰਕਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਨਗੇ।

(2). ਪੰਜਾਬ ਸਮੇਤ ਭਾਰਤ ’ਚ ਬਹੁਤਾਤ ਮਨੁੱਖ ਖੇਤੀਵਾੜੀ ’ਤੇ ਨਿਰਭਰ ਹੈ। ਇਹ ਵੀ ਸੱਚ ਹੈ ਕਿ ਇਹ ਕਿੱਤਾ ਮੁਨਾਫ਼ੇ ਵਾਲ਼ਾ ਨਹੀਂ ਰਿਹਾ ਪਰ ਕਿਰਸਾਨੀ ਨੂੰ ਜੀਵਤ ਰੱਖਣ ਲਈ ਕਿਸਾਨਾਂ ਨੂੰ ਆਪਣਾ ਲੈਣ ਦੇਣ ਚੈੱਕ ਰਾਹੀਂ ਕਰਨ ਵਾਸਤੇ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਪਣੀ ਟੈਕਸ ਰਹਿਤ ਕਿਰਸਾਨੀ ਆਮਦਨ ਨੂੰ ਸਰਕਾਰੀ ਰਿਕਾਰਡ ’ਚ ਦਰਜ ਕਰਵਾ ਕੇ ਆੜ੍ਹਤੀਆਂ ਦੀ ਲੁੱਟ ਤੋਂ ਬਚਣ ਲਈ ਘੱਟ ਦਰਾਂ ’ਤੇ ਸਰਕਾਰੀ ਸੁਵਿਧਾਵਾਂ ਲਈਆਂ ਜਾ ਸਕਣ; ਜਿਵੇਂ ਕਿ ‘ਮਕਾਨ ਲੋਨ, ਗੱਡੀ, ਮਸ਼ੀਨ ਜਾਂ ਟ੍ਰੈੱਕਟਰ ਲੋਨ, ਵਿੱਦਿਆ ਲੋਨ’ ਆਦਿ। ਇਹ ਵੀ ਧਿਆਨ ਰਹੇ ਕਿ ਬੈਂਕ ਕਰਜ਼ ਲੈਣ ਤੋਂ ਪਹਿਲਾਂ ਆਪਣੀ ਆਰਥਿਕ ਸਮਰੱਥਾ ਜ਼ਰੂਰ ਵੇਖੀ ਜਾਵੇ, ਤਾਂ ਜੋ ਸਾਦਗੀ ਤੇ ਸੁਖਦਾਈ ਜੀਵਨ ਮਾਣਿਆ ਜਾ ਸਕੇ।

ਪੰਜਾਬ ਦਾ ਕਿਸਾਨ ਹਰ ਸਾਲ ਲਗਭਗ 2500 ਮੀਟਰਿਕ ਟਨ ਜ਼ਹਿਰ (ਕੀਟ-ਨਾਸ਼ਕ ਦਵਾ ਤੇ ਰਸਾਇਣਿਕ ਖਾਦਾਂ) ਦਾ ਛਿੜਕਾਅ ਕਰਦਾ ਹੈ। ਸਰਕਾਰੀ ਰਿਪੋਰਟ ਅਨੁਸਾਰ ਪਿਛਲੇ 5 ਸਾਲਾਂ ’ਚ 12,113 ਮੀਟਰਿਕ ਟਨ ਜ਼ਹਿਰ ਦਾ ਛਿੜਕਾਅ ਕੀਤਾ ਗਿਆ, ਜਿਸ ਨੇ ਸਾਡੇ ਮਿੱਤਰ ਕੀੜੇ ਤੇ ਪੰਛੀ ਵੀ ਮਾਰ ਦਿੱਤੇ। ਮਿਸ਼ਨਰੀ ਪ੍ਰਚਾਰਕ ਕਿਸਾਨਾਂ ਨੂੰ ਕਣਕ-ਝੋਨੇ ਦੇ ਇੱਕੋ ਫ਼ਸਲ ਚੱਕਰ ’ਚੋਂ ਮੁਕਤ ਕਰਨ ਲਈ ਬਦਲਵੀਆਂ ਫ਼ਸਲਾਂ ਤੇ ਜੈਵਿਕ ਖੇਤੀ ਬਾਰੇ ਜਾਣਕਾਰੀ ਦੇਣ ’ਚ ਅਹਿਮ ਰੋਲ ਅਦਾ ਕਰ ਸਕਦੇ ਹਨ। ਪਾਣੀ ਦੀ ਬਚਤ ਤੇ ਵਾਤਾਵਰਨ ਪ੍ਰਦੂਸ਼ਿਤ ਨੂੰ ਰੋਕਣ ਲਈ ਹਰਿਆਲੀ ਵਧਾਉਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਕੰਮ ਲਈ ਖੇਤੀਬਾੜੀ ਯੂਨੀਵਰਸਿਟੀ ਦੀ ਮਦਦ ਲਾਭਕਾਰੀ ਹੋ ਸਕਦੀ ਹੈ।

(3). ਭਾਰਤ ’ਚ ਲਗਭਗ 43 ਭਾਸ਼ਾਵਾਂ (‘ਉਰਦੂ, ਓਡੀਆ, ਅੰਗਰੇਜ਼ੀ, ਕਸ਼ਮੀਰੀ, ਕੰਨੜ, ਕੌਂਕਣੀ, ਗੁਜਰਾਤੀ, ਡੋਗਰੀ, ਤਮਿਲ, ਤੇਲੁਗੂ, ਦੱਖਿਣੀ, ਪਾਲੀ, ਪੰਜਾਬੀ, ਬਾਗੜੀ, ਬ੍ਰਜ, ਬੰਗਾਲੀ, ਭੋਜਪੁਰੀ, ਮਰਾਠੀ, ਮੈਥਿਲੀ, ਰਾਜਸਥਾਨੀ, ਮਲਿਆਲਮ, ਸੰਸਕ੍ਰਿਤ, ਸਿੰਧੀ, ਹਰਿਆਣਵੀ, ਹਿੰਦੀ, ਖੜੀ’ ਆਦਿ) ਪ੍ਰਚਲਿਤ ਹਨ। ਸੰਨ 1981 ਦੀ ਮਰਦਮ ਸ਼ੁਮਾਰੀ ਅਨੁਸਾਰ ਭਾਰਤ ਦੀ ਕੁੱਲ ਆਬਾਦੀ ਵਿੱਚੋਂ ਪੰਜਾਬੀ ਬੋਲਣ ਵਾਲ਼ਿਆਂ ਦੀ ਗਿਣਤੀ 2.95% ਸੀ, ਜੋ ਨਿਰੰਤਰ ਘਟਦੀ ਘਟਦੀ ਸੰਨ 2001 ’ਚ 2.83% ਤੇ ਸੰਨ 2011 ’ਚ 2.73% ਰਹਿ ਗਈ ਅਤੇ ਅਗਲਾ ਅੰਕੜਾ ਹੋਰ ਵੀ ਭਿਆਨਕ ਆਉਣ ਵਾਲ਼ਾ ਹੈ, ਜਿਸ ਵੱਲ ਪ੍ਰਚਾਰਕਾਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।

(4). ਸਮਾਜ ਦਾ ਬਹੁਤ ਵੱਡਾ ਵਰਗ ਫਿਲਮਾਂ, ਨਾਟਕਾਂ ਆਦਿ ਨਾਲ ਜੁੜਿਆ ਹੋਇਆ ਹੈ, ਜਿਸ ਦੇ ਬੁਰੇ ਪ੍ਰਭਾਵ ਨੂੰ ਵੇਖਦਿਆਂ ਇਸ ਦੀ ਹਕੀਕਤ ਬਾਰੇ ਜਾਣਕਾਰੀ ਦੇਣੀ ਅਤਿ ਜ਼ਰੂਰੀ ਹੈ ਪਰ ਯੋਗ ਫਿਲਮਾਂ ਵੱਲ ਵੀ ਸਮਾਜ ਨੂੰ ਉਤਸ਼ਾਹਿਤ ਕਰਨਾ ਲਾਹੇਮੰਦ ਹੋ ਸਕਦਾ ਹੈ। ਪੰਜਾਬ ਦੇ ਕਈ ਸਿਨੇਮਾ ਘਰਾਂ ’ਚ 8 ਅਪ੍ਰੈਲ 2016 ਨੂੰ ‘ਸਾਕਾ ਨਨਕਾਣਾ’ ਫ਼ਿਲਮ ਸ਼ੁਰੂ ਹੋਈ, ਜਿਸ ਨੂੰ ਵੇਖਣ ਵਾਲ਼ੇ ਦਰਸ਼ਕ ਹੀ ਨਹੀਂ ਸਨ। ਮਾਤ੍ਰ 3 ਦਿਨਾਂ ਬਾਅਦ ਭਾਵ 11 ਅਪ੍ਰੈਲ ਨੂੰ ਵੇਖਣ ’ਚ ਆਇਆ ਕਿ ਇਸ ਪਿਕਚਰ ਨੂੰ ਵੇਖਣ ਵਾਲ਼ੇ ਦਰਸ਼ਕ ਜਲੰਧਰ ’ਚ ਲਗਭਗ 25 ਤੇ ਨਾਭੇ ’ਚ 6 ਮਿਲੇ, ਜਿਨ੍ਹਾਂ ਵਿੱਚੋਂ ਦੋ ਤਿਹਾਈ ਹਿੰਦੂ ਵੀਰ ਸਨ। ਅਜਿਹੀ ਹੀ ਦੁਰਗਤੀ ਹਰ ਸ਼ਹਿਰ ’ਚ ਹੋਈ। ਸੋਚੋ, ਅਗਰ ਇਤਿਹਾਸਿਕ ਫਿਲਮਾਂ ਨੂੰ ਵੇਖਣ ਵਾਲ਼ੇ ਦਰਸ਼ਕ ਹੀ ਨਹੀਂ ਮਿਲਣਗੇ ਤਾਂ ਇਨ੍ਹਾਂ ਨੂੰ ਬਣਾਉਣ ਵਾਲ਼ੇ ਖ਼ਰਚਾ ਕਿਉਂ ਤੇ ਕਿੱਥੋਂ ਕਰਨ? ਪ੍ਰਚਾਰਕਾਂ ਦੁਆਰਾ ਅੱਖਾਂ ਬੰਦ ਕਰਕੇ ਕੀਤਾ ਜਾਂਦਾ ਫ਼ਿਲਮਾਂ ਦਾ ਵਿਰੋਧ ਹੀ ਉਕਤ ਘਟਨਾ ਲਈ ਜ਼ਿੰਮੇਵਾਰ ਹੈ।

ਸੋ, ਉਕਤ ਕੀਤੀ ਗਈ ਵਿਚਾਰ ਤਮਾਮ ਸਮਾਜਿਕ ਵਿਸ਼ਿਆਂ ’ਚੋਂ ਵੰਨਗੀ (ਨਮੂਨਾ) ਮਾਤ੍ਰ ਹੈ। ਆਪਣੇ ਆਪਣੇ ਇਲਾਕੇ ਮੁਤਾਬਕ ਹਰ ਗੁਰੂ ਪਿਆਰਾ ਇਨ੍ਹਾਂ ਸਮੱਸਿਆਵਾਂ ਬਾਰੇ ਵਧੇਰੇ ਜਾਣਕਾਰੀ ਰੱਖਦਾ ਹੈ। ਅਗਰ ਆਪਣੀ ਬੁਧੀ ਤੇ ਦਸਵੰਧ ਅਨੁਸਾਰ ਸਮਾਜਿਕ ਸਮੱਸਿਆਵਾਂ ਨੂੰ ਮੁੱਖ ਰੱਖ ਕੇ ‘ਗੁਰਮਤਿ’ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇ ਤਾਂ ਗੋਲਕ ਪਿੱਛੇ ਗੁਰੂ ਘਰਾਂ ’ਚ ਆਏ ਦਿਨ ਹੋ ਰਹੀਆਂ ਲੜਾਈਆਂ ਖ਼ਤਮ ਹੋ ਸਕਦੀਆਂ ਹਨ ਤੇ ਪ੍ਰਚਾਰਕਾਂ ਨੂੰ ਵੀ ਧਾਰਮਿਕ ਸਟੇਜਾਂ ਤੱਕ ਸੀਮਤ ਨਹੀਂ ਰਹਿਣਾ ਪਵੇਗਾ। ਯਾਦ ਰਹੇ ਕਿ ਮਸੰਦ, ਮਹੰਤ ਤੇ ਅਜੋਕੇ ਸਿੱਖ ਲੀਡਰ ਗੋਲਕ ਦੀ ਦੇਣ ਹੈ।

ਕੇਵਲ ਮਾਇਆ ਜਾਂ ਪ੍ਰਸਿੱਧੀ ਲਈ ਕੀਤਾ ਜਾ ਰਿਹਾ ‘ਗੁਰਮਤਿ’ ਪ੍ਰਚਾਰ, ਮਨ ਨੂੰ ਸ਼ਾਂਤ ਨਹੀਂ ਕਰ ਜਾਂ ਕਰਾ ਸਕਦਾ ਕਿਉਂਕਿ ਤਿ੍ਰਸ਼ਨਾ ਅਧੀਨ ਤਲਖ਼ੀ (ਕੁੜੱਤਣ) ਵਧਦੀ ਹੈ। ਗੁਰੂ ਅਰਜਨ ਸਾਹਿਬ ਜੀ ਅਨੁਸਾਰ ਮਨ ’ਚ ਅਸ਼ਾਂਤੀ, ਮਾਇਆ ਦੀ ਕਮੀ ਜਾਂ ਮਾਇਆ ਦੀ ਬਹੁਤਾਤ ਨਾਲ ਜਨਮ ਲੈਂਦੀ ਹੈ: ‘‘ਜਿਸੁ ਗ੍ਰਿਹਿ ਬਹੁਤੁ; ਤਿਸੈ ਗ੍ਰਿਹਿ ਚਿੰਤਾ ॥ ਜਿਸੁ ਗ੍ਰਿਹਿ ਥੋਰੀ; ਸੁ ਫਿਰੈ ਭ੍ਰਮੰਤਾ ॥ ਦੁਹੂ ਬਿਵਸਥਾ ਤੇ ਜੋ ਮੁਕਤਾ; ਸੋਈ ਸੁਹੇਲਾ ਭਾਲੀਐ ॥’’ (ਮ: ੫/੧੦੧੯) ਭਾਵ ਸਾਦਗੀ ਤੇ ਸੰਤੁਸ਼ਟਤਾ ਸਰਬੋਤਮ ਗੁਣ ਹੈ।

ਅੰਤ ’ਚ ਉਕਤ ਕੀਤੀ ਗਈ ਵਿਚਾਰ ਕਿ ‘ਗੁਰਮਤਿ ਸਿਧਾਂਤ, ਸਿੱਖ ਇਤਿਹਾਸ ਤੇ ਗੁਰਮੁਖੀ ਭਾਸ਼ਾ’ ਪ੍ਰਤਿ ਮਾਨਵਤਾ ’ਚ ਉਤਸ਼ਾਹ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਸਿੱਖਾਂ ਨੇ ਹੀ ਆਪਣੇ ਕਿਰਦਾਰ, ਏਕਤਾ ਤੇ ਯੋਗ ਰਣਨੀਤੀ ਰਾਹੀਂ ਲੱਭਣਾ ਹੈ। ਇਹ ਕੰਮ ਅਧਰਮ, ਕਰਮਕਾਂਡ, ਜਾਤ ਅਭਿਮਾਨ ਤੇ ਨਿੱਜ ਸੁਆਰਥ ਕਾਰਨ ਸੰਘਰਸ਼ਮਈ ਜ਼ਰੂਰ ਬਣਿਆ ਰਿਹਾ ਤੇ ਬਣਿਆ ਰਹੇਗਾ ਪਰ ਅਸੰਭਵ ਨਹੀਂ ਕਿਹਾ ਜਾ ਸਕਦਾ ਕਿਉਂਕਿ ‘ਗੁਰਮਤਿ’ ਰੂਪ ਸ਼ਕਤੀ ਸਾਡੀ ਅਗਵਾਈ ਲਈ ਹਰ ਪੱਖੋਂ ਸਮਰੱਥ ਹੈ, ਇਹੀ ਹੈ ‘ਗੁਰਮਤਿ’ ਦੀ ਵਿਲੱਖਣਤਾ, ਜਿਸ ਨੂੰ ਸਮਾਜ ਨਾਲ ਸਾਂਝਾ ਕਰਨਾ ਹੈ।