ਗੁਰਮਤਿ ਦੀ ਵਿਲੱਖਣਤਾ ਨੂੰ ਰਵਾਇਤੀ ਪ੍ਰੰਪਰਾ ਵਿਚ ਤਬਦੀਲ ਕਰਦੀ ਸਾਡੀ ਸੋਚ

0
290

ਗੁਰਮਤਿ ਦੀ ਵਿਲੱਖਣਤਾ ਨੂੰ ਰਵਾਇਤੀ  ਪ੍ਰੰਪਰਾ ਵਿਚ ਤਬਦੀਲ ਕਰਦੀ ਸਾਡੀ ਸੋਚ

ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ : ਬਹਾਦਰਪੁਰ ਪਿੰਨ – 151501

ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਮੋ : 9417023911

ਸੰਸਾਰ ਵਿੱਚ ਹਰ ਤਰ੍ਹਾਂ ਦੇ ਲੋਕ ਵਸਦੇ ਹਨ, ਜਿਨ੍ਹਾਂ ਵਿੱਚ ਬਹੁਤੇ ਆਮ ਅਤੇ ਕੁੱਝ ਖ਼ਾਸ ਹੁੰਦੇ ਹਨ। ਖ਼ਾਸ ਲੋਕਾਂ ਵਿੱਚ ਵੀ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ, ਇੱਕ ਸ਼ੈਤਾਨ ਜੋ ਆਮ ਲੋਕਾਂ ਨੂੰ ਗ਼ਲਤ ਰਸਤੇ ਪਾ ਕੇ ਉਨ੍ਹਾਂ ਦੇ ਹੱਕਾਂ ਨੂੰ ਮਾਰਨ ਵਾਲੇ ਤੇ ਜ਼ੁਲਮ ਕਰਨ ਵਾਲੇ ਹੁੰਦੇ ਹਨ ਤੇ ਦੂਜੇ ਲੋਕ; ਆਮ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਜਾਂ ਜ਼ੁਲਮ ਦੇ ਵਿਰੁਧ ਆਪਾ ਕੁਰਬਾਨ ਕਰਕੇ ਸਹੀ ਰਸਤਾ ਵਿਖਾਉਣ ਵਾਲੇ ਹੁੰਦੇ ਹਨ। ਜਿੱਥੇ ਪਹਿਲੀ ਨਸਲ ਵਾਲੇ ਸ਼ੈਤਾਨਾਂ ਨੂੰ ਅੰਨ੍ਹੇ, ਲੁਟੇਰੇ ਤੇ ਜ਼ਾਲਮ ਕਿਹਾ ਜਾਂਦਾ ਹੈ ਉੱਥੇ ਦੂਸਰੀ ਕਿਸਮ ਦੇ ਵਿਅਕਤੀਆਂ ਨੂੰ ਸੂਰਮੇ, ਭਗਤ, ਰਹਿਬਰ, ਗੁਰੂ, ਆਦਿ ਸ਼ਬਦਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਜਦ ਤੋਂ ਮਨੁੱਖਤਾ ਹੋਂਦ ਵਿੱਚ ਆਈ, ਤਦ ਤੋਂ ਹੀ ਦੋਹਾਂ ਤਰ੍ਹਾਂ ਦੀਆਂ ਸ਼੍ਰੇਣੀਆਂ ਵਿਚਰਦੀਆਂ ਆ ਰਹੀਆਂ ਹਨ। ਇੱਕ ਤਰਫ਼ ਆਮ ਲੋਕਾਂ ਦੇ ਹੱਕਾਂ ਨੂੰ ਮਾਰਨ ਵਾਲੇ ਜ਼ਾਲਮਾਂ (ਸ਼ੈਤਾਨਾਂ) ਦੀ ਕੋਈ ਕਮੀ ਨਹੀਂ, ਦੂਜੇ ਪਾਸੇ ਪੀੜਤਾਂ ਦੇ ਹਮਾਇਤੀ ਵੀ ਘੱਟ ਪੈਦਾ ਨਹੀਂ ਹੋਏ, ਅਜਿਹੀ ਮਾਨਸਿਕਤਾ ਹੁਣ ਵੀ ਕਾਰਜਸ਼ੀਲ ਹੈ।

ਸੰਸਾਰ ’ਚ ਮਨੁੱਖ ਦੀ ਇਤਿਹਾਸਕ ਪਹਿਚਾਣ ਹੀ ਬੁਰਾਈ ਤੇ ਭਲਾਈ ਕਾਰਨ ਹੁੰਦੀ ਹੈ। ਆਮ ਲੋਕਾਂ ਦੀ ਕਿਤੇ ਕੋਈ ਗੱਲ ਨਹੀਂ ਸੁਣੀਦੀ, ਜਦਕਿ ਸ਼ੈਤਾਨ ਤੇ ਇਨਸਾਫ਼ ਪਸੰਦ ਦੀ ਲੜਾਈ ਵੀ ਆਮ ਲੋਕਾਂ ਵਾਸਤੇ ਹੀ ਹੁੰਦੀ ਹੈ। ਸ਼ੈਤਾਨ ਆਪਣੇ ਭਲੇ (ਨਿੱਜ) ਲਈ ਲੜਦਾ ਹੈ, ਇਨਸਾਫ਼ ਪਸੰਦ ਮਨੁੱਖ; ਪਰਉਪਕਾਰਤਾ ਲਈ ਆਪਾ (ਨਿੱਜ) ਨੂੰ ਕੁਰਬਾਨ ਕਰ ਦਿੰਦਾ ਹੈ। ਇਸ ਲਈ ਜਿੱਥੇ ਸ਼ੈਤਾਨਾਂ ਨੂੰ ਫਿਟਕਾਰਾਂ ਪੈਂਦੀਆਂ ਹਨ ਤੇ ਕੋਈ ਵੀ ਉਨ੍ਹਾਂ ਦਾ ਵਾਰਸ ਜਾਂ ਪੈਰੋਕਾਰ ਨਹੀਂ ਅਖਵਾਉਣਾ ਚਾਹੁੰਦਾ, ਉੱਥੇ ਇਨਸਾਫ਼ ਪਸੰਦ (ਸੂਰਮੇ, ਗੁਰੂਆਂ, ਭਗਤਾਂ) ਦੀ ਉਸਤਤ ਹੁੰਦੀ ਹੈ ਅਤੇ ਉਨ੍ਹਾਂ ਦੇ ਵਾਰਸ ਤੇ ਪੈਰੋਕਾਰ ਕਹਾਉਣ ਵਾਲਿਆਂ ਦੀ ਬਹੁਤ ਵੱਡੀ ਭੀੜ ਹੁੰਦੀ ਹੈ, ਪਰ ਅਫ਼ਸੋਸ ਕਿ ਇਸ ਭੀੜ ’ਚੋਂ ਕੁਝ ਸੁਆਰਥੀ ਲੋਕ ਹੀ ਹੌਲ਼ੀ ਹੌਲ਼ੀ ਨਿੱਜ ਤੋਂ ਉੱਪਰ ਉੱਠੇ ਇਨ੍ਹਾਂ ਇਨਸਾਫ਼ ਪਸੰਦ ਵਿਅਕਤੀਆਂ ਨੂੰ ਆਪਣੇ ਨਿੱਜ ਲਈ ਵਰਤਦੇ ਆ ਰਹੇ ਹਨ। ਇਸ ਤਰ੍ਹਾਂ ਸੁਆਰਥੀ ਕਿਸਮ ਦੇ ਸ਼ੈਤਾਨ ਲੋਕ; ਸਮੁੱਚੀ ਮਨੁੱਖਤਾ ਦੇ ਭਲੇ ਹਿੱਤ ਆਪਾ ਕੁਰਬਾਨ ਕਰਨ ਵਾਲਿਆਂ ਨੂੰ ਵੀ ਇੱਕ ਫਿਰਕੇ ’ਚ ਸਮੇਟ ਦਿੰਦੇ ਹਨ।

ਮੈਨੂੰ ਸੰਸਾਰ ਦੀਆਂ ਬਹੁਤੀਆਂ ਕੌਮਾਂ ਬਾਰੇ ਤਾਂ ਜਾਣਕਾਰੀ ਨਹੀਂ, ਪਰ ਹਾਂ ਇੰਨਾ ਕੁ ਜ਼ਰੂਰ ਪਤਾ ਹੈ ਕਿ ਭਾਰਤ ਵਿੱਚ ਹਿੰਦੂ, ਮੁਸਲਿਮ, ਇਸਾਈ, ਸਿੱਖ, ਜੈਨੀ, ਬੋਧੀ, ਇਤਿਆਦਿਕ ਰਹਿੰਦੇ ਹਨ। ਸਿੱਖ ਹੋਣ ਦੇ ਨਾਂ ’ਤੇ ਮੈਨੂੰ ਸਿੱਖ ਕੌਮ ਬਾਰੇ ਜਿੰਨੀ ਕੁ ਸਮਝ ਹੈ, ਉਸ ਦੇ ਆਧਾਰਿਤ ਹੀ ਵਿਚਾਰ ਸਾਂਝੇ ਕਰਨ ਦੀ ਕੋਸ਼ਿਸ ਕਰ ਰਿਹਾ ਹਾਂ, ਜ਼ਰੂਰੀ ਨਹੀਂ ਕਿ ਇਹ ਕਿਸੇ ਨੂੰ ਚੰਗੇ ਲੱਗਣ ਜਾਂ ਸਹੀ ਹੋਣ ਕਿਉਂਕਿ ਇਹ ਮੇਰੀ ਵੀ ਨਿੱਜ ਮੱਤ ਹੀ ਹੈ।

ਮੇਰੀ ਸਮਝ ਅਨੁਸਾਰ ਆਮ ਲੋਕਾਂ ਨੂੰ ਛੱਡ ਕੇ ਖ਼ਾਸ ਕਿਸਮ ਦੇ ਲੋਕਾਂ (ਸ਼ੈਤਾਨ, ਜ਼ਾਲਮਾਂ, ਇਨਸਾਫ਼ ਪਸੰਦ ਗੁਰੂ, ਰਹਿਬਰਾਂ, ਆਦਿ) ਵਿੱਚੋਂ ਜੇ ਕਿਸੇ ਨਾਲ ਬੇਇਨਸਾਫ਼ੀ ਹੋਈ ਹੈ ਤਾਂ ਉਹ ਇਨਸਾਫ਼ ਪਸੰਦ ਲੋਕ ਹੀ ਹੁੰਦੇ ਹਨ, ਜਿਨ੍ਹਾਂ ਦੇ ਮੁਰੀਦ (ਪੈਰੋਕਾਰ) ਬਣ ਕੇ ਵੀ ਸ਼ੈਤਾਨ ਲੋਕ ਇਸ ਬੇਇਨਸਾਫ਼ੀ ’ਚ ਆਪਣਾ ਅਹਿਮ ਰੋਲ ਅਦਾ ਕਰਦੇ ਹਨ।

ਮਨੁੱਖਤਾ ਦੇ ਹੱਕਾਂ ਦੀ ਰਾਖੀ ਕਰਨ ਵਾਲੇ, ਜ਼ੁਰਮ ਦੇ ਵਿਰੁੱਧ ਆਪਾ ਕੁਰਬਾਨ ਕਰਕੇ ਸਹੀ ਰਸਤਾ ਵਿਖਾਉਣ ਵਾਲਿਆਂ ਰਹਿਬਰਾਂ ਦੀ ਸੋਚ, ਸਦਾ ਹੀ ਭੇਦ-ਭਾਵ ਮੁਕਤ (ਸਮਾਨੰਤਰ) ਰਹੀ ਹੈ ਤੇ ਰਹੇਗੀ ਵੀ। ਉਹ ਚਾਹੇ ਕਹੇ ਜਾਂਦੇ ਕਿਸੇ ਵੀ ਦੇਸ਼, ਧਰਮ, ਭਾਸ਼ਾ ਜਾਂ ਜਾਤ ਵਿੱਚ ਪੈਦਾ ਹੋਏ ਹੋਣ ਪਰ ਉਹ ਸਦਾ ਦੇਸ਼, ਧਰਮ, ਭਾਸ਼ਾ ਜਾਂ ਜਾਤ ਤੋਂ ਉੱਪਰ ਉੱਠ ਕੇ ਹੀ ਸਮੁੱਚੀ ਮਨੁੱਖਤਾ ਨੂੰ ਸਹੀ ਤੇ ਸਰਬ ਸਾਂਝਾ ਰਸਤਾ ਵਿਖਾਉਂਦੇ ਆ ਰਹੇ ਹਨ। ਗੁਰੂਆਂ/ਭਗਤਾਂ ਦੀ ਵਿਚਾਰਧਾਰਾ (ਗੁਰਬਾਣੀ) ਨਾ ਤਾਂ ਕਿਸੇ ਦੇਸ਼, ਧਰਮ, ਭਾਸ਼ਾ ਜਾਂ ਜਾਤ ਦੀ ਦੁਸ਼ਮਣ ਹੈ ਤੇ ਨਾ ਹੀ ਮਿੱਤਰ। ਇਹ ਸੱਚ ਤਾਂ ਦਬੇ ਕੁਚਲੇ ਮਜ਼ਲੂਮਾਂ ਤੇ ਕਿਰਤੀਆਂ ਦੇ ਹਮਾਇਤੀ ਅਤੇ ਲੁਟੇਰੇ, ਜਰਵਾਣਿਆਂ ਜਾਂ ਪਾਪੀਆਂ (ਮਲਕ ਭਾਗੋਆਂ) ਦੇ ਵਿਰੁੱਧ ਹੈ; ਜਿਵੇਂ ਕਿ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜ਼ੁਲਮ ਦੇ ਵਿਰੁਧ ਸ਼ੈਤਾਨ ਹਿੰਦੂ, ਸ਼ੈਤਾਨ ਮੁਸਲਮਾਨਾਂ ਨਾਲ ਜੰਗਾਂ ਹੋਈਆਂ, ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਵਚਨਾਂ ਉੱਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਇਨਸਾਫ਼ ਪਸੰਦ ਹਿੰਦੂ, ਇਨਸਾਫ਼ ਪਸੰਦ ਮੁਸਲਮਾਨ; ਉਨ੍ਹਾਂ ਦੇ ਸੁਹਿਰਦ ਬਣੇ। ਮਜ਼ਲੂਮ ਤੇ ਜਰਵਾਣ ਚਾਹੇ ਇੱਕੋ ਦੇਸ਼, ਧਰਮ, ਭਾਸ਼ਾ ਜਾਂ ਜਾਤ ਦੇ ਹੋਣ ਜਾਂ ਫਿਰ ਵੱਖੋ ਵੱਖਰੇ ਫਿਰਕਿਆਂ ਦੇ ਹੋਣ, ਇਸ ਗੱਲ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ ਹੁੰਦਾ ਕਿਉਂਕਿ ਉਹ ਤਾਂ ਸਮੁੱਚੀ ਮਨੁੱਖਤਾ ਨੂੰ ਇੱਕ ਪਿਤਾ ਦੀ ਸੰਤਾਨ ਅਤੇ ਆਪਣੇ ਭੈਣ ਭਰਾ ਸਮਝਦੇ ਹਨ, ਇਸੇ ਲਈ ਉਹ ਸਭਨਾਂ ਦੇ ਸਾਂਝੇ ਹੁੰਦੇ ਇਨਸਾਫ਼ ਪਸੰਦ ਕਹਿਲਾਏ, ਪਰ ਅਫ਼ਸੋਸ ਕਿ ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ.. ॥ (ਮ: ੫/੬੧੧), ਸਭੇ ਸਾਝੀਵਾਲ ਸਦਾਇਨਿ.. ॥’’ (ਮ: ੫/੯੭), ਆਦਿ ਸ਼ਬਦਾਂ ਦਾ ਨਿਤ ਪਾਠ ਕਰਨ ਤੇ ਕਰਾਉਣ ਵਾਲੇ ਆਪਣੇ ਸ਼ੈਤਾਨ ਲੋਕਾਂ ਦੇ ਨਾਂ ’ਤੇ ਹੀ ਨਿੱਜ ਸੁਆਰਥ ਕਾਰਨ ਵੱਖਰੇ-ਵੱਖਰੇ ਧੜੇ ਬਣਾ ਬੈਠੇ, ਜਿਵੇਂ ਕਿ ‘‘ਕਿਸ ਹੀ ਧੜਾ ਕੀਆ; ਮਿਤ੍ਰ ਸੁਤ ਨਾਲਿ ਭਾਈ ॥ ਕਿਸ ਹੀ ਧੜਾ ਕੀਆ; ਕੁੜਮ ਸਕੇ ਨਾਲਿ ਜਵਾਈ ॥ ਕਿਸ ਹੀ ਧੜਾ ਕੀਆ; ਸਿਕਦਾਰ ਚਉਧਰੀ ਨਾਲਿ, ਆਪਣੈ ਸੁਆਈ ॥’’ (ਮ: ੪/੩੬੬)

ਗੁਰੂ ਵਿਚਾਰਧਾਰਾ, ਜੋ ਸਰਬ ਸਾਂਝੀ ਹੋ ਕੇ ‘ਗੁਰੂ ਗ੍ਰੰਥ ਸਾਹਿਬ’ ਜੀ ਅੰਦਰ ਦਰਜ ਹੈ, ਦੀ ਏਕਤਾ ਨੂੰ ਅਨੇਕਤਾ ਵਿੱਚ ਵੰਡਦਿਆਂ ਅਸੀਂ ਵੱਖੋ ਵੱਖਰੇ ਧਰਮ ਅਸਥਾਨ ਉਸਾਰ ਕੇ ਇਨਸਾਫ਼ ਪਸੰਦ (ਖ਼ਾਸ ਲੋਕਾਂ ਨੂੰ) ਵੀ ਆਮ ਲੋਕਾਂ ਵਾਂਗ ਵੰਡੀਆਂ ਪਾ ਕੇ ਵੰਡ ਦਿੱਤਾ, ਜਿਵੇਂ ਕਿ ਸ਼ੈਤਾਨ ਲੋਕ ਚਾਹੁੰਦੇ ਸਨ।

‘‘ਹਿੰਦੂ ਤੁਰਕ ਕਾ ਸਾਹਿਬੁ ਏਕ ॥’’ (ਭਗਤ ਕਬੀਰ/੧੧੫੮) ਵਿਚਾਰਧਾਰਾ ਦੇ ਪੈਰੋਕਾਰ; ਸਮਾਜ (ਆਮ ਲੋਕਾਂ) ’ਚ ਨਫ਼ਰਤ ਦਾ ਬੀ ਬੀਜਣ ਵਾਲੀ ਸ਼ੈਤਾਨੀ ਸੋਚ; ਜਿਸ ਬਾਬਤ ਗੁਰਬਾਣੀ ਉਪਦੇਸ਼ ਹੈ: ‘‘ਹਿੰਦੂ ਅੰਨ੍ਹਾ; ਤੁਰਕੂ ਕਾਣਾ ॥ (ਭਗਤ ਨਾਮਦੇਵ/੮੭੫), ਹਿੰਦੂ ਤੁਰਕ ਕਹਾ ਤੇ ਆਏ? ਕਿਨਿ ਏਹ ਰਾਹ ਚਲਾਈ ?॥’’ (ਭਗਤ ਕਬੀਰ/੪੭੭), ਆਦਿ ਵਚਨਾਂ ਰਾਹੀਂ ਬੁਲੰਦ ਆਵਾਜ਼ ਨਾਲ ਸ਼ੈਤਾਨ ਨੂੰ ਫਿਟਕਾਰਨ ਵਾਲੀ ਇਨਸਾਫ਼ ਪਸੰਦ ਵਿਚਾਰਧਾਰਾ ਦੇ ਪੈਰੋਕਾਰ ਵੀ ‘‘ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ॥’’ (ਭਗਤ ਨਾਮਦੇਵ/੮੭੫) ਵਾਂਗ ਅਨੇਕਤਾ ’ਚ ਵੰਡੇ ਗਏ।

ਜੇਕਰ ਗੁਰੂ-ਰਹਿਬਰ ਸਰੀਰਕ ਤੌਰ ’ਤੇ ਅੱਜ ਸਾਡੇ ’ਚ ਮੌਜੂਦ ਹੁੰਦੇ ਤਾਂ ‘‘ਹਿੰਦੂ ਤੁਰਕ ਕਾ ਸਾਹਿਬੁ ਏਕ॥’’ ਬਿਆਨ ਕਰਨ ਦੀ ਥਾਂ ‘ਹਿੰਦੂ ਤੁਰਕ (ਸਿਖ) ਕਾ ਸਾਹਿਬੁ ਏਕ॥’ ਜਾਂ ‘‘ਹਿੰਦੂ ਤੁਰਕ ਕਹਾ ਤੇ ਆਏ ? ਕਿਨਿ ਏਹ ਰਾਹ ਚਲਾਈ ?॥’’ ਦੀ ਬਜਾਇ ‘ਹਿੰਦੂ ਤੁਰਕ (ਸਿਖ) ਕਹਾ ਤੇ ਆਏ ? ਕਿਨਿ ਏਹ ਰਾਹ ਚਲਾਈ ?॥’, ਆਦਿ ਵਚਨ ਉਚਾਰਨ ਕਰਨੇ ਪੈਂਦੇ? ਕਿਉਂਕਿ ਗੁਰਬਾਣੀ; ਹੋਰਾਂ ਫਿਰਕਿਆਂ ਵਾਂਗ ਕਿਸੇ ਇੱਕ ਵਿਸ਼ੇਸ਼ ਸਮੁਦਾਇ ਪ੍ਰਤੀ ਨਹੀਂ ਲਿਖੀ ਗਈ ਬਲਕਿ ਸਮੁਚੀ ਮਾਨਵਤਾ ਲਈ ਹੈ; ਜਿਵੇਂ ਕਿ ਗੁਰਵਾਕ ਹਨ: ‘‘ਪਰਥਾਇ ਸਾਖੀ ਮਹਾ ਪੁਰਖ ਬੋਲਦੇ; ਸਾਝੀ ਸਗਲ ਜਹਾਨੈ ॥’’ (ਮ: ੩/੬੪੭) ਫਿਰ ਅਜਿਹੀ ਵਿਚਾਰਧਾਰਾ ਨੂੰ ਅਨੇਕਤਾ ’ਚ ਵੰਡ ਦੇਣਾ, ਸ਼ਾਇਦ ਠੀਕ ਨਾ ਹੋਵੇ। ਆਪਣੇ ਆਪ ਨੂੰ ਗੁਰੂ ਨਾਨਕ ਜੀ ਦੇ ਪੈਰੋਕਾਰ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਿਆਂ (ਅਸਾਂ/ਸਿੱਖਾਂ) ਨੇ ਗੁਰੂ ਦੀ ਗੱਲ ਮੰਨ ਕੇ ਜੀਵਨ ਜਿਉਣ ਦੀ ਥਾਂ ਜਾਤ-ਪਾਤ ਆਧਾਰਿਤ ਵੱਖਰੇ-ਵੱਖਰੇ ਧਾਰਮਿਕ ਸਥਾਨ ਉਸਾਰ (ਤੇ ਭਿੰਨ-ਭਿੰਨ ਮਰਿਆਦਾ ਬਣਾ) ਕੇ ਨਫ਼ਰਤ ਦਾ ਬੀ ਬੀਜਣਾ ਸਿੱਖ ਲਿਆ ਹੈ। ਮਨੁੱਖਤਾ ਤਾਂ ਪਹਿਲਾਂ ਹੀ ਹਿੰਦੂ, ਮੁਸਲਮਾਨਾਂ ਦੇ ਧੜਿਆਂ ’ਚ ਪਿਸ ਰਹੀ ਸੀ, ਤਾਂ ਹੀ ਤਾਂ ਗੁਰੂ ਸਾਹਿਬ ਜੀ ਨੇ ਵਚਨ ਕੀਤੇ: ‘‘ਵਰਤ ਨ ਰਹਉ; ਨ ਮਹ ਰਮਦਾਨਾ ॥ ਤਿਸੁ ਸੇਵੀ; ਜੋ ਰਖੈ ਨਿਦਾਨਾ ॥੧॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ; ਅਵਰੁ ਨ ਦੂਜਾ ॥੨॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ; ਰਿਦੈ ਨਮਸਕਾਰਉ ॥੩॥ ਨਾ ਹਮ ਹਿੰਦੂ; ਨ ਮੁਸਲਮਾਨ ॥ ਅਲਹ ਰਾਮ ਕੇ; ਪਿੰਡੁ ਪਰਾਨ ॥੪॥’’ (ਮ: ੫/੧੧੩੬)

ਗੁਰੂ ਸਾਹਿਬ ਜੀ ਤਾਂ ਉਸ ਸਮੇਂ ਦੇ ਪ੍ਰਚਲਿਤ ਦੋਹਾਂ ਧਰਮਾਂ ਦੇ ਕਰਮਕਾਂਡਾਂ ਦਾ ਖੰਡਨ ਕਰ ਰਹੇ ਹਨ, ਜਿਨ੍ਹਾਂ ਬਾਬਤ ਤੂੰ-ਤੂੰ, ਮੈਂ – ਮੈਂ ਉਪਜਦੀ ਰਹੀ। ਫਿਰ ਉਨ੍ਹਾਂ ਖ਼ੁਦ ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ.. ॥’’ (ਮ: ੫/੬੧੧) ਰਾਹੀਂ ਸਾਨੂੰ ਕੀ ਉਪਦੇਸ਼ ਦਿੱਤਾ?

ਗੁਰੂ ਜੀ ਦਾ ਮਕਸਦ ਤਾਂ ਮਨੁੱਖਤਾ ਲਈ ਤਮਾਮ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਕਰਤਾਰ ਦੀ ਹੋਂਦ ਨੂੰ ਯਕੀਨੀ ਬਣਾਉਂਣਾ ਸੀ, ਨਾ ਕਿ ਮਾਨਵਤਾ ਦੇ ਹਿਤਕਾਰੀਆਂ ’ਚ ਵੰਡੀਆਂ ਪਾਉਣਾ, ਕਿਉਂਕਿ ਇਨ੍ਹਾਂ ਫਿਰਕਿਆਂ ਜਾਂ ਧੜਿਆਂ ਨੇ ਸਦਾ ਨਹੀਂ ਰਹਿਣਾ, ਇਸੇ ਲਈ ਤਾਂ ਗੁਰੂ ਸਾਹਿਬ ਜੀ ਸਮਝਾ ਰਹੇ ਹਨ: ‘‘ਜੋ ਉਪਜੈ ਸੋ ਸਗਲ ਬਿਨਾਸੈ; ਰਹਨੁ ਨ ਕੋਊ ਪਾਵੈ ॥’’ (ਮ: ੯/੧੨੩੧) ਭਾਵ ਕਿ ਜੋ ਪੈਦਾ ਹੋਇਆ ਹੈ ਉਹ ਕਦੇ ਨਾ ਕਦੇ ਖ਼ਤਮ ਵੀ ਜ਼ਰੂਰ ਹੋਵੇਗਾ।

ਜੋ ਆਪ ਸੱਚ (ਸਦੀਵੀ ਸੱਚ) ਦੇ ਹਾਮੀ ਹਨ; ਜਿਵੇਂ ਕਿ: ‘‘ਸਚੁ ਪੁਰਾਣਾ ਹੋਵੈ ਨਾਹੀ; ਸੀਤਾ ਕਦੇ ਨ ਪਾਟੈ ॥ (ਮ: ੧/੯੫੬), ਸਚੁ ਪੁਰਾਣਾ ਨਾ ਥੀਐ; ਨਾਮੁ ਨ ਮੈਲਾ ਹੋਇ ॥’’ (ਮ: ੩/੧੨੪੮), ਆਦਿ ਵਿਚਾਰਧਾਰਾ ਨੂੰ ਸਮਰਪਿਤ ਅਨੇਕਾਂ ਮਰਜੀਵੜਿਆਂ ਨੇ ਆਪਣੀਆਂ ਜਾਨਾਂ, ਪਰਿਵਾਰ ਤੇ ਘਰ-ਘਾਟ ਨੂੰ ਇਸ ਲਈ ਕੁਰਬਾਨ ਕੀਤਾ ਕਿਉਂਕਿ ‘‘ਹਮਾਰਾ ਧੜਾ ਹਰਿ; ਰਹਿਆ ਸਮਾਈ ॥’’ (ਮ: ੪/੩੬੬) ਵਾਲਾ ਧੜਾ ਹੀ ਸੱਚ ਹੈ, ਜੋ ਸਦੀਵੀ ਰਹਿਣਾ ਹੈ। ਮੈਨੂੰ ਲੱਗਦਾ ਹੈ ਕਿ ਇਹ ਧੜਾ ਉਹੀ ਸੱਚ (ਮੂਲ) ਹੈ ਜਿਸ ਨੂੰ ਗੁਰ ਨਾਨਕ ਜੀ ਨੇ ਗੁਰਬਾਣੀ ਦੀ ਆਰੰਭਤਾ ’ਚ ਦਰਜ ਕੀਤਾ: ‘‘ਆਦਿ ਸਚੁ; ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥’’ (ਜਪੁ)

ਹੁਣ ਜੇ ਇਹ ਮੰਨ ਲਈਏ ਕਿ ਸੱਚ ਸਿਰਫ਼ ਗੁਰ ਨਾਨਕ ਜੀ ਨੇ ਹੀ ਪ੍ਰਗਟ ਕੀਤਾ ਹੈ ਤਾਂ ਇਹ ਵੀ ਸੱਚ ਨਾਲ ਬੇਇਨਸਾਫ਼ੀ ਹੋਵੇਗੀ ਤੇ ਗੁਰੂ ਨਾਨਕ ਜੀ ਨਾਲ ਵੀ, ਕਿਉਂਕਿ ਗੁਰੂ ਨਾਨਕ ਜੀ ਤਾਂ ਖੁਦ ਕਹਿ ਰਹੇ ਹਨ ਕਿ : ‘‘ਆਦਿ ਸਚੁ, ਜੁਗਾਦਿ ਸਚੁ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥’’ ਭਾਵ ਸੱਚ ਆਦ ਤੋਂ ਅੰਤ ਤੱਕ ਰਹਿਣ ਵਾਲ਼ੀ ਸ਼ਖ਼ਸੀਅਤ (ਸ਼ਕਤੀ) ਹੈ। ਹਾਂ ਸਮੇਂ ਅਨੁਸਾਰ ਭਾਸ਼ਾ ਦਾ ਫ਼ਰਕ ਜ਼ਰੂਰ ਪੈ ਜਾਂਦਾ ਹੈ ਪਰ ਸੱਚ ਦਾ ਸਿਧਾਂਤ ਨਹੀਂ ਬਦਲਦਾ; ਸੱਚ ਸੱਚ ਹੀ ਹੁੰਦਾ ਹੈ, ਪਰ ਸੱਚ ਦੇ ਨਾਮ ’ਤੇ ਵੰਡੀਆਂ ਪਾ ਕੇ ਪੈਦਾ ਕੀਤੇ ਫਿਰਕਿਆਂ (ਧੜਿਆਂ) ਨੇ ਸਦਾ ਨਹੀਂ ਰਹਿਣਾ। ਕੀ ਗੁਰੂ ਨਾਨਕ ਜੀ ਦੇ ਪੈਰੋਕਾਰ (ਸਿੱਖ ਕੌਮ); ਪਿਛਲੀਆਂ ਕੌਮਾਂ (ਹਿੰਦੂ, ਮੁਸਲਮਾਨਾਂ, ਇਸਾਈਆਂ) ਨਾਲੋਂ ਸੱਚ ਮੁੱਚ ਹੀ ਵੱਖਰੇ ਹਨ ? ਨਹੀਂ ਬਿਲਕੁਲ ਵੀ ਨਹੀਂ। ਇੱਥੇ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਕਿ ਗੁਰਬਾਣੀ; ਪੁਰਾਤਨੀ (ਪ੍ਰਚਲਿਤ) ਵਿਚਾਰਧਾਰਾ ਤੋਂ ਵੱਖਰੀ ਨਹੀਂ। ਗੁਰਬਾਣੀ ਤਾਂ 100 ਪ੍ਰਤੀਸ਼ਤ ਵੱਖਰੀ ਹੈ ਤੇ ਰਹੇਗੀ ਵੀ ਕਿਉਂਕਿ ਗੁਰਬਾਣੀ ਤਾਂ ਸੱਚ ਹੈ, ਪਰ ਜਿਵੇਂ ਅਸੀਂ (ਅਜੋਕੇ ਸਿੱਖ) ਆਪਣੇ ਆਪ ਨੂੰ ਹੋਰ ਕੌਮਾਂ ਵਾਂਗ ਵੱਖਰੇ ਰਹਿਣਾ ਪਸੰਦ ਕਰਦੇ ਹਾਂ, ਉਹ ਸਹੀ ਨਹੀਂ। ਸਾਡੀ ਸੋਚ ਨੇ ਗੁਰਬਾਣੀ ਦੀ ਵਿਲੱਖਣਤਾ ਨੂੰ ਧੁੰਦਲਾ ਕਰ ਦਿੱਤਾ ਹੈ ਭਾਵ ਸੱਚ ਦੀ ਪਰਿਭਾਸ਼ਾ, ਜੋ ਨਵੀਨਤਾ ਰੱਖਦੀ ਸੀ ਅਸੀਂ ਉਸ ਦੀ ਥਾਂ, ਪ੍ਰਚਲਿਤ ਰਸਮਾਂ ਤੱਕ ਸਮੇਟ ਲਿਆ ਹੈ; ਜਿਵੇਂ ਹਿੰਦੂ ਵੀਰ ਆਪਣੇ ਵੇਦਾਂ, ਸਿਮ੍ਰਤੀਆਂ, ਆਦਿ ਨੂੰ ਸਰਬੋਤਮ ਮੰਨਦੇ ਹੋਏ ਆਪਣੇ ਰੀਤੀ ਰਿਵਾਜ, ਜਨਮ-ਮਰਨ ਸੰਸਕਾਰ, ਵਿਆਹ ਸੰਸਕਾਰ, ਮੰਤ੍ਰਾਂ ਦੇ ਜਾਪ, ਸਵੇਰੇ ਸ਼ਾਮ ਪਾਠ ਪੂਜਾ, ਮੂਰਤੀਆਂ ਨੂੰ ਭੋਗ, ਚੁੰਨੀਆਂ ਚੜ੍ਹਾਉਣੀਆਂ, ਮਾਲਾ ਫੇਰਨੀਆਂ, ਆਰਤੀਆਂ ਕਰਨੀਆਂ, ਪੁੰਨ ਦਾਨ ਇਸਨਾਨ ਕਿਰਿਆ, ਤਿਲਕ, ਜੰਜੂ, ਆਦਿ ਧਾਰਮਿਕ ਚਿੰਨ੍ਹ ਤੇ ਕਰਮਕਾਂਡਾਂ ਵਾਂਗ ਮੁਸਲਮਾਨ ਵੀਰ; ਪੰਜ ਨਮਾਜ਼ਾਂ ਦਾ ਪਾਠ, ਹੱਜ ਯਾਤ੍ਰਾ, ਕੁਰਬਾਨੀ ਦੇਣਾ, ਚਾਦਰਾਂ ਚੜ੍ਹਾਉਣੀਆਂ, ਸੁੰਨਤ, ਨਿਕਾਹ, ਆਦਿ ਸੰਸਕਾਰ ਕਰਦੇ ਹਨ, ਵੈਸੇ ਹੀ ਸਿੱਖ (ਵਿਲੱਖਣਤਾ ਦੇ ਪੈਰੋਕਾਰ) ਦਾਨ ਪੁੰਨ, ਤੀਰਥ ਯਾਤ੍ਰਾ, ਜਨਮ-ਮਰਨ ਦੇ ਭੋਗ, ਅਨੰਦ ਕਾਰਜ ਰਸਮ, ਅੰਮ੍ਰਿਤ ਸੰਚਾਰ, ਸਵੇਰੇ-ਸ਼ਾਮ ਦੇ ਪਾਠ (ਪੂਜਾ), ਆਰਤੀਆਂ, ਭੋਗ ਲਗਾਉਣੇ, ਰੁਮਾਲੇ ਚੜ੍ਹਾਉਣੇ, ਬੱਕਰਿਆਂ ਦੀ ਕੁਰਬਾਨੀ, ਆਦਿ ਕਰਮ; ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਉਪਦੇਸ਼ ਸਮਝ ਕੇ ਕਰਦੇ ਹਾਂ, ਬੇਸ਼ੱਕ ਗੁਰਬਾਣੀ ਇਨ੍ਹਾਂ ਨੂੰ ਨਿਰਮੂਲ ਕਰਮ ਬਿਆਨ ਕਰੇ, ਪਰ ਅਸੀਂ ਇਨ੍ਹਾਂ ਸਭ ਨੂੰ ਚੰਗੀ ਤਰ੍ਹਾਂ ਪਕੜਿਆਂ ਹੋਇਆ ਹੈ?

ਜਿਹੜੀ ਜੀਵਨ ਜਾਚ (ਸੱਚ); ਗੁਰੂ ਸਾਹਿਬਾਨ ਨੇ ਸਾਨੂੰ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਰੂਪ ਵਿੱਚ ਸੰਭਾਲ਼ ਕੇ ਦਿੱਤੀ, ਉਸ ਤੋਂ ਅਸੀਂ ਨਾ-ਮਾਤਰ ਵੀ ਲਾਭ ਨਾ ਉੱਠਾਇਆ। ਅਸੀਂ ਮਾਨਵਤਾ (ਆਮ ਲੋਕਾਂ) ’ਚ ਏਕਤਾ ਅਤੇ ਸੱਚ ਦਾ ਸੁਨੇਹਾ ਦੇਣ ਵਾਲੇ; ਸਮਾਜ ਨੂੰ ਖ਼ਾਸ (ਇਨਸਾਫ਼ ਪਸੰਦ) ਬਣਾਉਣ ਦੀ ਬਜਾਇ ਵੰਡਣ ਦੇ ਭਾਗੀਦਾਰ ਬਣੇ। ਇਸ ਵਿੱਚ ਸ਼ੈਤਾਨ ਲੋਕਾਂ ਦੀ ਜਿੱਤ ਮੰਨੀ ਜਾਏਗੀ ਕਿਉਂਕਿ ਪ੍ਰਚਲਿਤ ਰਸਮਾਂ, ਜੋ ਕਾਰਜਸ਼ੀਲ ਸਨ, ਨੂੰ ਅਸੀਂ ਹਰਾ ਕੇ ਨਵੇਕਲਾ ਨਹੀਂ ਬਣਾ ਸਕੇ, ਜਿਸ ਦੀ ਅਰੰਭਤਾ ਸਾਨੂੰ ਆਪਣੇ ਘਰ ਅਤੇ ਕੌਮ ਤੋਂ ਕਰਨੀ ਚਾਹੀਦੀ ਸੀ।

ਮੁਸਲਮਾਨ; ਸਭ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਹੈ, ਹਿੰਦੂ ਸਭ ਨੂੰ ਹਿੰਦੂ ਬਣਾਉਣਾ ਚਾਹੁੰਦਾ ਹੈ, ਇਸਾਈ ਸਭ ਨੂੰ ਇਸਾਈ ਬਣਾਉਣਾ ਚਾਹੁੰਦਾ ਹੈ, ਪਰ ਗੁਰਮਤਿ ਸਭ ਨੂੰ ਇਨਸਾਫ਼ ਪਸੰਦ ਬਣਾਉਣਾ ਚਾਹੁੰਦੀ ਹੈ, ਪਰ ਅਸੀਂ ਕੇਵਲ ਇੰਨੇ ਕੁ ਹੀ ਵੱਖਰੇ ਹਾਂ ਕਿ ਅਸੀਂ ਇਨ੍ਹਾਂ ਸ਼੍ਰੇਣੀਆਂ (ਹਿੰਦੂ, ਮੁਸਲਮਾਨ, ਇਸਾਈ, ਆਦਿ) ਵਿੱਚੋਂ ਨਹੀਂ, ਪਰ ਹਾਂ ਇਨ੍ਹਾਂ ਤਿੰਨਾਂ ਵਾਂਗ ਹੀ ਇੱਕ ਹੋਰ ਵਰਗ, ਕਿਉਂਕਿ ਸਾਡੇ ਵੀ ਇਨ੍ਹਾਂ ਵਾਂਗ ਆਪਣੇ ਰਸਮ ਤੇ ਧਾਰਮਿਕ ਅਦਾਰੇ ਹਨ।

ਗੁਰੂਆਂ/ਭਗਤਾਂ ਦੀ ਸੋਚ (ਗੁਰਬਾਣੀ) ਕਿਸੇ ਇੱਕ ਫਿਰਕੇ ਜਾਂ ਕੌਮ ਲਈ ਨਹੀਂ ਸੀ। ਇਸ ਨੂੰ ਰਚਨ ਵਾਲੇ ਮਿਸਾਲ ਵਜੋਂ ਆਪਣੀਆਂ ਕੁਰਬਾਨੀਆਂ ਵੀ ਦੇ ਗਏ, ਪਰ ਇਸ ਦੀ ਦੁਰਵਰਤੋਂ ਅਜੋਕੇ ਸ਼ੈਤਾਨ ਸਿੱਖ ਸਰੂਪ ’ਚ ਕੀਤੀ ਗਈ। ਪ੍ਰਚਲਿਤ ਇਤਿਹਾਸ ਮੁਤਾਬਕ ਆਮ ਲੋਕਾਂ ਨੂੰ ਇਨਸਾਫ਼ ਪਸੰਦ (ਖ਼ਾਸ) ਬਣਾਉਣ ਵਾਲੀ ਨਿਵੇਕਲੀ ਵਿਚਾਰਧਾਰਾ (ਮਨਸਾ) ਦੇ ਪੈਰੋਕਾਰਾਂ ਵਿੱਚ ਮਿਲਨ ਲਈ ਕੁਝ ਸ਼ੈਤਾਨ ਲੋਕਾਂ ਨੇ ਆਪਣਾ ਭੇਸ ਬਦਲਿਆ ਤੇ ਨਿਵੇਕਲੇਪਣ ਨੂੰ ਰਵਾਇਤੀ ਬਣਾ ਦਿੱਤਾ। ਤਮਾਮ ਕਰਮਕਾਂਡ ਇੱਕ ਸਮਾਨ ਹੋਣ ਕਾਰਨ ਆਮ ਨਾਗਰਿਕਾਂ ਨੂੰ ਵਿਲੱਖਣਤਾ ਦੀ ਸਮਝ ਹੀ ਨਾ ਰਹੀ।

e-mail : harlajsingh7@gmail.com ਮਿਤੀ 01-03-2017