ਗੁਰਬਾਣੀ ਦਾ ਪ੍ਰਚਾਰ ਰੋਕਣ ਲਈ ਸਿੱਖੀ ਦੇ ਭੇਖ ਵਿੱਚ ਗੁਰਦੁਆਰਿਆਂ ਦੀ ਹਦੂਦ ਵਿੱਚ ਖ਼ਰੂਦ ਪਾ ਕੇ ਸਿੱਖੀ ਨੂੰ ਬਦਨਾਮ ਕਰਨ ਵਾਲਿਆਂ ਦੀ ਨਿਖੇਧੀ
ਬਠਿੰਡਾ, 16 ਮਈ (ਕਿਰਪਾਲ ਸਿੰਘ): ਬਠਿੰਡਾ ਦੀ ਨਾਨਕਲੇਵਾ ਸਿੱਖ ਸੰਗਤ ਨੇ ਇੱਥੇ ਹੋਈ ਇਕੱਤਰਤਾ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਿੱਖੀ ਦੇ ਭੇਖ ਵਿੱਚ ਉਨ੍ਹਾਂ ਖਰੂਦੀਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਿਹੜੇ ਵੱਖਰੀ ਵੀਚਾਰਧਾਰਾ ਦੇ ਅਧਾਰਤ ’ਤੇ ਗੁਰਦੁਆਰਿਆਂ ਦੀ ਹਦੂਦ ਵਿੱਚ ਹੋਰਨਾਂ ਸਿੱਖਾਂ ਦੀਆਂ ਪੱਗਾਂ ਉਤਾਰ ਕੇ ਅਤੇ ਆਪਣੀਆਂ ਉਤਰਵਾ ਕੇ ਵਿਸ਼ਵਭਰ ਵਿੱਚ ਸਿੱਖਾਂ ਨੂੰ ਬਦਨਾਮ ਕਰ ਰਹੇ ਹਨ। ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਭਾਈ ਕਿਰਪਾਲ ਸਿੰਘ ਨੇ ਕਿਹਾ ਕਿ ਇਸ ਸਮੇਂ ਸਿੱਖ ਕੌਮ ਵਿੱਚ ਲੜਾਈ ਮਿਸ਼ਨਰੀ ਬਨਾਮ ਟਕਸਲੀਆਂ ਜਾਂ ਡੇਰਾਵਾਦੀਆਂ ਵਿਚਕਾਰ ਨਹੀਂ ਬਲਕਿ ਗੁਰਮਤਿ ਬਨਾਮ ਮਨਮਤਿ ਵਿਚਕਾਰ ਹੈ। ਇਹੋ ਕਾਰਨ ਹੈ ਕਿ ਜਦ ਤੱਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੇ ਆਪ ਨੂੰ ਸੰਤ ਕਹਾਉਂਦੇ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪੈਰੀਂ ਹੱਥ ਲਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਨੂੰ ਚੁਣੌਤੀ ਦਿੰਦੇ ਅਤੇ ਗੁਰਬਾਣੀ ਦੀ ਥਾਂ ਮਨਘੜਤ ਸਾਖੀਆਂ ਸੁਣਾ ਕੇ ਗੁਰਮਤਿ ਵਿਰੋਧੀ ਪ੍ਰਚਾਰ ਕਰਦੇ ਸਨ ਉਸ ਸਮੇਂ ਤੱਕ ਉਨ੍ਹਾਂ ਨੂੰ ਪੂਰਨ ਬ੍ਰਹਮਗਿਆਨੀ, ਸੰਤ, ਮਹਾਰਾਜ, ਮਹਾਂਪੁਰਖ ਇਤਿਆਦਿਕ ਲਕਬਾਂ ਨਾਲ ਸੰਬੋਧਨ ਕਰਕੇ ਵਡਿਆਉਂਦੇ ਰਹੇ ਸਨ ਪਰ ਅੱਜ ਜਦੋਂ ਉਹ ਕੱਚੀਆਂ ਪਿੱਲੀਆਂ ਸਾਖੀਆਂ ਨੂੰ ਛੱਡ ਕੇ ਨਿਰੋਲ ਗੁਰਬਾਣੀ ਦਾ ਪ੍ਰਚਾਰ ਕਰਨ ਲੱਗ ਪਏ ਤਾਂ ਕੂੜ ਨਾਲ ਜੁੜੇ ਭੇਖੀ ਸਿੱਖਾਂ ਵੱਲੋਂ ਉਨ੍ਹਾਂ ’ਤੇ ਜਾਨ ਲੇਵਾ ਹਮਲਾ ਹੋਇਆ ਜਿਸ ਵਿੱਚ ਉਨ੍ਹਾਂ ਦਾ ਇੱਕ ਬੇਕਸੂਰ ਸਾਥੀ ਭਾਈ ਭੂਪਿੰਦਰ ਸਿੰਘ ਮਾਰਿਆ ਗਿਆ ਤੇ ਹੁਣ ਵੀ ਉਨ੍ਹਾਂ ਦਾ ਪ੍ਰਚਾਰ ਰੋਕਣ ਲਈ ਝੂਠੇ ਬਹਾਨਿਆਂ ਦੇ ਅਧਾਰ ’ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇਸੇ ਤਰ੍ਹਾਂ ਹੁਣ ਯੂਰਪ ਦੇ ਪ੍ਰਚਾਰ ਦੌਰੇ ’ਤੇ ਗਏ ਭਾਈ ਪੰਥਪ੍ਰੀਤ ਸਿੰਘ ਜੀ ਵੱਲੋਂ ਕੀਤਾ ਜਾ ਰਿਹਾ ਗੁਰਮਤਿ ਪ੍ਰਚਾਰ ਰੋਕਣ ਲਈ ਪਹਿਲਾਂ ਇਟਲੀ ਤੇ ਹੁਣ ਜਰਮਨ ਦੇ ਫਰੈਕਫਰਟ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਜਿਸ ਤਰ੍ਹਾਂ ਇਨ੍ਹਾਂ ਭੇਖੀ ਸਿੱਖਾਂ ਨੇ ਖਰੂਦ ਪਾ ਕੇ ਦਸਤਾਰਾਂ ਦੀ ਬੇਅਦਬੀ ਕੀਤੀ ਹੈ ਇਸ ਨੇ ਸਮੁੱਚੇ ਸੰਸਾਰ ਵਿੱਚ ਸਿੱਖੀ ਨੂੰ ਕੇਵਲ ਬਦਨਾਮ ਹੀ ਨਹੀਂ ਕੀਤਾ ਬਲਕਿ ਰੁਜਗਾਰ ਦੀ ਭਾਲ਼ ਵਿੱਚ ਗਏ ਸਿੱਖਾਂ ਲਈ ਅਨੇਕਾਂ ਮੁਸ਼ਕਲਾਂ ਖੜ੍ਹੀਆਂ ਕਰਨ ਦਾ ਕਾਰਨ ਬਣ ਰਹੇ ਹਨ; ਜਿਸ ਦਾ ਪਹਿਲਾ ਅਸਰ ਵੇਖਣ ਨੂੰ ਇਹ ਮਿਲਿਆ ਹੈ ਕਿ ਇਟਲੀ ਦੀ ਉਚ ਅਦਾਲਤ ਨੇ ਸਿੱਖਾਂ ਦੇ ਕ੍ਰਿਪਾਨ ਪਹਿਨਣ ’ਤੇ ਪਾਬੰਦੀ ਲਾ ਦਿੱਤੀ ਹੈ ਤੇ ਬਾਕੀ ਦੇ ਦੇਸ਼ ਵੀ ਇਸੇ ਰਾਹ ਪੈ ਸਕਦੇ ਹਨ। ਭਾਈ ਕਿਰਪਾਲ ਸਿੰਘ ਨੇ ਕਿਹਾ ਕਿ ਜਿਸ ਰਾਹ ਖ਼ਰੂਦ ਪਾ ਰਹੇ ਇਹ ਭੇਖੀ ਸਿੱਖ ਪੈ ਚੁੱਕੇ ਹਨ ਇਹ ਸਿੱਖ ਕੌਮ ਵਿੱਚ ਗ੍ਰਹਿ ਯੁੱਧ ਰਾਹੀਂ ਮੁਸਲਮਾਨਾਂ ਦੇ ਸ਼ੀਆ-ਸੁੰਨੀ ਧੜਿਆਂ ਵਾਂਗ ਦੁਫਾੜ ਕਰਨ ਦੇ ਟੀਚੇ ਵੱਲ ਧੱਕ ਰਹੇ ਹਨ। ਇਸ ਲਈ ਅਜੇਹੀ ਸੋਚ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਹ ਥੋੜੀ ਹੈ। ਉਨ੍ਹਾਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੈਰ ਧਰਮੀਆਂ ਦੀ ਧਾਰਮਿਕ ਅਜਾਦੀ ਲਈ ਸ਼ਹੀਦੀ ਦੇ ਕੇ ਲਾਮਿਸਾਲ ਉਦਾਹਰਨ ਪੇਸ਼ ਕੀਤੀ ਸੀ ਪਰ ਅੱਜ ਇਹ ਮਨਮੱਤੀਏ ਲੋਕ ਗੁਰਬਾਣੀ ਦੇ ਹੀ ਸਹੀ ਪ੍ਰਚਾਰ ’ਤੇ ਪਾਬੰਦੀ ਲਾਉਣ ਦੇ ਰਾਹ ਪੈ ਕੇ ਸਿੱਖੀ ਦੇ ਭਵਿੱਖ ਲਈ ਅਤਿ ਖ਼ਤਰਨਾਕ ਰੁਕਾਵਟ ਬਣੇ ਹੋਏ ਹਨ।
ਇਹ ਵੀਚਾਰ ਚਰਚਾ ਹੋਣ ਪਿੱਛੋਂ ਇਕੱਤਰਤਾ ਵਿੱਚ ਸ਼ਾਮਲ ਸਮੂਹ ਵੀਰਾਂ, ਭੈਣਾਂ ਨੇ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਸਿੱਖੀ ਦੇ ਭੇਸ ਵਿੱਚ ਇਨ੍ਹਾਂ ਖ਼ਰੂਦੀਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਸੱਚ ਦਾ ਪ੍ਰਚਾਰ ਕਰ ਰਹੇ ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਸਮੇਤ ਹੋਰ ਸਭ ਸਿੱਖ ਪ੍ਰਚਾਰਕਾਂ ਦਾ ਸਾਥ ਦੇਣ ਦਾ ਅਹਿਦ ਕੀਤਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਨੂੰ ਮੰਨਦੇ ਹੋਏ ਨਿਰੋਲ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ। ਇਸ ਸਮੇਂ ਹੋਰਨਾਂ ਤੋਂ ਇਲਾਵਾ ਭਾਈ ਗੁਰਿੰਦਰਦੀਪ ਸਿੰਘ, ਭਾਈ ਜੀਤ ਸਿੰਘ ਖੰਡੇ ਵਾਲਾ, ਭਾਈ ਕਿੱਕਰ ਸਿੰਘ, ਭਾਈ ਸਾਧੂ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਕਰਮਜੀਤ ਸਿੰਘ, ਭਾਈ ਨਛੱਤਰ ਸਿੰਘ, ਭਾਈ ਮੇਵਾ ਸਿੰਘ ਆਦਿਕ ਹਾਜਰ ਸਨ।