ਕ੍ਰਿਪਾਨ ਬਨਾਮ ਜਨੇਊ….?

0
309

ਕ੍ਰਿਪਾਨ ਬਨਾਮ ਜਨੇਊ….?

ਗੁਰਦੇਵ ਸਿੰਘ ਸੱਧੇਵਾਲੀਆ

ਬਾਬਾ ਫੌਜਾ ਸਿੰਘ ਨੇ ਪੰਜਾਬ ਜਾਂ ਬਾਹਰ ਆਮ ਹੀ ਵੇਖਿਆ ਕਿ ਅੰਮ੍ਰਿਤਧਾਰੀ ਸਿੰਘ-ਸਿੰਘਣੀਆਂ ਗਲਾਂ ਵਿੱਚ ਕਾਲੀ ਜਿਹੀ ਡੋਰ ਬੰਨ੍ਹ ਕੇ, ਉਸ ਨਾਲ ਇੰਚ ਕੁ ਛੁਰੀ ਜਿਹੀ ਜਿੰਨੀ ਨੰਗੀ ਕ੍ਰਿਪਾਨ ਲਮਕਾਈ ਫਿਰਨਗੇ, ਉਸ ਕਾਲੀ ਡੋਰੀ ਨਾਲ ਬੰਨੀ ‘ਕ੍ਰਿਪਾਨ’ ਕਿਉਂਕਿ ਛੋਟੀ ਹੁੰਦੀ ਹੈ, ਜਿਹੜੀ ਦਿੱਸਦੀ ਨਹੀਂ ਤੇ ਉਪਰ ਬੰਨੀ ਡੋਰ ਜਨੇਊ ਦਾ ਭੁਲੇਖਾ ਜਿਹਾ ਪਾਉਂਦੀ ਹੈ।

ਬਾਬਾ ਫੌਜਾ ਸਿੰਘ ਨੇ ਇੱਕ ਨਵੇਂ ਸੱਜੇ ਸਿੰਘ ਨੂੰ ਜਦ ਇਸ ਦਾ ਕਾਰਨ ਪੁੱਛਿਆ, ਤਾਂ ਉਹ ਅੱਗੋਂ ਕਹਿਣ ਲੱਗਾ ਕਿ ਜਿੱਥੋਂ ਅਸੀਂ ਅੰਮ੍ਰਿਤ ਛੱਕਿਆ ਸੀ ਉਹ ‘ਬਾਬਾ ਜੀ’ ਕਹਿੰਦੇ ਸਨ, ਕਿ ਭਾਈ ਪੰਜ ਕਕਾਰ ਕਦੇ ਵੀ ਸਰੀਰ ਨਾਲੋਂ ਜੁਦਾ ਨਹੀਂ ਕਰਨੇ, ਭਾਵੇਂ ਛੋਟੀ ਹੀ ਪਾ ਲਵੋ, ਗੁਰੂ ਦੀ ਨਿਸ਼ਾਨੀ ਹਮੇਸ਼ਾ ਸਰੀਰ ਦੇ ਅੰਗਾਂ ਨਾਲ ਲਾ ਕੇ ਰੱਖਣੀ ਚਾਹੀਦੀ ਹੈ। ਇਸ ਲਈ ਜਦ ਇਸ਼ਨਾਨ ਕਰਨ ਲੱਗੀਦਾ ਹੈ ਤਾਂ ਵੱਡੀ ਗਾਤਰੇ ਵਾਲੀ ਕ੍ਰਿਪਾਨ ਲਾਹੁਣੀ ਪੈਂਦੀ ਹੈ।

ਤੇਰੇ ‘ਬਾਬੇ’ ਜਦ ਬਾਹਰ ਆਉਂਦੇ ਹਨ, ਲਾਹ ਕੇ ਨਹੀਂ ਆਉਂਦੇ ?

ਓ ਤਾਂ ਯਾਰ ਮਜਬੂਰੀ ਏ ਨਾ !

ਇਸ਼ਨਾਨ ਕਰਨ ਲੱਗਿਆਂ ਮਜਬੂਰੀ ਵਾਲੇ ਖਾਤੇ ਦਾ ਜਿੰਦਾ ਨਹੀਂ ਖੁਲ੍ਹਦਾ ?

ਲੈ ! ਇਸ਼ਨਾਨ ਕਰਨਾ ਕਾਹਦੀ ਮਜਬੂਰੀ ਬਈ ?

ਇਸ਼ਨਾਨ ਕਰਨਾ ਮਜਬੂਰੀ ਨਹੀਂ, ਪਰ ਗਾਤਰਾ ਤਾਂ ਭਿੱਜਦਾ ਏ !

ਤਾਂ ਹੀ ਤਾਂ ‘ਬਾਬਾ ਜੀ’ ਨੇ ਸੌਖਾ ਰਾਹ ਦੱਸਿਆ! ਜੁਗਤੀ ਹੁੰਦੀ ਮਹਾਂਪੁਰਖਾਂ ਕੋਲੇ..?

ਤੇਰੇ ਇੰਨ੍ਹਾਂ ‘ਮਹਾਂਪੁਰਖਾਂ’ ਦੀਆਂ ਜੁਗਤੀਆਂ ਨੇ ਹੀ ਤਾਂ ਕ੍ਰਿਪਾਨ ਦਾ ਜਨੇਊ ਬਣਾ ਕੇ ਧਰ ਦਿੱਤਾ। ਨਹੀਂ ਤਾਂ ਕੋਈ ਕਾਰਨ ਨਹੀਂ ਕਿ ਜੇ ਜਹਾਜ ’ਤੇ ਚੜ੍ਹਨ ਲੱਗਿਆਂ ਲੱਥ ਗਈ, ਡਾਕਟਰ ਦੇ ਐਕਸਰੇ ਕਰਾਉਣ ਲੱਗਿਆਂ ਲੱਥੀ ਤੋਂ ਕੋਈ ਹਨੇਰ ਨਹੀਂ ਆਉਂਦਾ, ਤਾਂ 10 ਮਿੰਟ ਕੇਵਲ ਇਸ਼ਨਾਨ ਕਰਨ ਲੱਗਿਆਂ ਲੱਥਣ ਨਾਲ ਗੁਰੂ ਨਹੀਂ ਰੁੱਸਦਾ ਪਰ ਤੇਰੇ ਆਹ ਨਿੱਤ ਲਮਕਾਈ ਫਿਰਦੇ ਜਨੇਊ ਨਾਲ ਕ੍ਰਿਪਾਨ ਦੇ ਪੱਲੇ ਕੱਖ ਨਹੀਂ ਰਹਿੰਦਾ।

ਥੋਨੂੰ ਨੁਕਤਾਚੀਨੀਆਂ ਨੂੰ ਰਹਿਤ ਮਰਯਾਦਾ ਦਾ ਕੀ ਪਤੈ ਤੁਸੀਂ ਮਹਾਂਪੁਰਖਾਂ ਨਾਲੋਂ ਸਿਆਣੇ ਹੋ? ਉਹ ਬਾਬੇ ਉਪਰ ਖਿੱਝ ਗਿਆ।

ਵਾਕਿਆ ਹੀ ਮਿੱਤਰਾ ਤੇਰੇ ‘ਮਹਾਂਪੁਰਖਾਂ’ ਦੇ ਮੁਕਾਬਲੇ ਸਾਨੂੰ ਕੱਖ ਨਹੀਂ ਪਤਾ, ਜੇ ਸਾਨੂੰ ਪਤਾ ਹੁੰਦਾ ਤਾਂ ਸਾਨੂੰ ਕਦੋਂ ਦਾ ਹੀ ਇਹ ਵੀ ਨਾ ਪਤਾ ਲਗ ਜਾਂਦਾ ਕਿ ਗੁਰੂ ਪਾਤਸ਼ਾਹ ਨੇ ਖਾਲਸੇ ਨੂੰ ਕਛਹਿਰਾ ਹਨੂਮਾਨ ਜੀ ‘ਮਹਾਰਾਜ’ ਤੋਂ ਲੈ ਕੇ ਦਿੱਤਾ ਹੈ। ਅਸੀਂ ਤਾਂ ਐਵੇਂ ਭਗਤ ਤ੍ਰਿਲੋਚਨ ਜੀ ਦੀ ਗੁਰਬਾਣੀ ਵਿੱਚ ਕਹੀ ਹੋਈ ਕਛਾਉਟੀ ਯਾਨੀ ਕੱਛੀ ਹੀ ਸਮਝਦੇ ਰਹੇ..?

ਬਾਬਾ ਫੌਜਾ ਸਿੰਘ ਨੂੰ ਸਮਝ ਨਹੀਂ ਸੀ ਆ ਰਹੀ ਕਿ ਕਿਹੜੇ ‘ਬਾਬਾ ਜੀ’ ਦਾ ਬਚਨ ਸਤ ਕਰ ਜਾਣਿਆ ਜਾਵੇ, ਸਰੀਰ ਤੋਂ ਦੂਰ ਨਾ ਕਰਨ ਵਾਲਿਆਂ ਦਾ, ਕਿ ਸਰੀਰ ਨਾਲ ਲਾਈ ਰੱਖਣ ਵਾਲਿਆਂ ਦਾ! ਉਸ ਨੂੰ ਟਰੰਟੋ ਦੇ ਹੀ ਇੱਕ ਨਾਨਕਸਰੀ ਬਾਬੇ ਨਾਲ, ਜਿਹੜਾ ਬਾਅਦ ਵਿਚ ਹਾਰਟ ਅਟੈਕ ਨਾਲ ਮਰ ਗਿਆ ਸੀ, ਕੀਤੀ ਗੱਲਬਾਤ ਯਾਦ ਆਈ।

ਬਾਬੇ ਫੌਜਾ ਸਿੰਘ ਦੇ ਰਿਸ਼ਤੇਦਾਰ ਦਾ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਸਵੇਰ ਦਾ ਚਾਹ-ਪਾਣੀ ਵੀ ਠਾਠ ਵਿੱਚ ਹੀ ਸੀ। ਵੈਸੇ ਠਾਠ ਵਿੱਚ ਲੰਗਰ ਨਹੀਂ ਪਕਦਾ ਪਰ ਵਪਾਰ ਨੂੰ ਮੁੱਖ ਰੱਖ ਕੇ ਉਨ੍ਹਾਂ ਉਪਰ ਨਾਨਕਸਰੀ ‘ਮਰਯਾਦਾ’ ਹੀ ਰੱਖੀ ਹੈ, ਹੇਠਾਂ ਬੇਸਮਿੰਟ ਵਿੱਚ ਬਾਹਰੋਂ ਆਏ ਪਾਠਾਂ ਤੇ ਲੰਗਰਾਂ ਵਾਲੀ।

ਬੇਸ਼ੱਕ ਹੇਠਾਂ ਲੰਗਰ ਬਣਿਆ ਹੋਵੇ, ਪਰ ਉਪਰ ਵਾਲੇ ‘ਬਾਬੇ’ ਹੇਠਾਂ ਵਾਲਾ ਲੰਗਰ ਨਹੀਂ ਛਕਦੇ ਕਿਉਂਕਿ ਪਕਿਆ-ਪਕਾਇਆ ਵਾਲੀ ‘ਮਰਯਾਦਾ’ ਹੇਠਾਂ ਵਾਲੇ ’ਤੇ ਸ਼ਾਇਦ ਲਾਗੂ ਨਹੀਂ ਹੁੰਦੀ..?

ਤੁਰਿਆ ਫਿਰਦਾ ‘ਬਾਬਾ’ ਬਾਬੇ ਫੌਜਾ ਸਿੰਘ ਨੇ ਦੇਖਿਆ ਤਾਂ ਬਾਬੇ ਸੋਚਿਆ ਕਿਉਂ ਨਾ ਸ਼ੰਕਾ ਹੀ ਨਿਰਵਿਰਤ ਕੀਤਾ ਜਾਵੇ। ਭਲਵਾਨਾਂ ਵਾਂਗ ਗੇੜਾ ਦਿੰਦੇ ਫਿਰਦੇ ‘ਸਾਧ’ ਨੂੰ ਬਾਬਾ ਫੌਜਾ ਸਿੰਘ ਨੇ ਜਦ ਕ੍ਰਿਪਾਨ ਬਾਰੇ ਪੁੱਛਿਆ, ਕਿ ਬਾਬਿਓ ਤੁਹਾਡੀ ਕ੍ਰਿਪਾਨ ਕਿੱਧਰ ਗਈ? ਤਾਂ ਉਹ ਕਹਿਣ ਲੱਗੇ ਭਾਈ ਕ੍ਰਿਪਾਨ ਦਰਅਸਲ ਗੁਰੂ ਜੀ ਦੀ ਨਿਸ਼ਾਨੀ ਹੈ ਤੇ ਇਹ ਨਿਸ਼ਾਨੀ ਅਸੀਂ ਕੰਘੇ ਵਿੱਚ ਹੀ ਰੱਖ ਲਈਦੀ ਹੈ।

ਬਾਬਿਓ! ਤੁਸੀਂ ਜਦ ਪੰਜ ਪਿਆਰਿਆਂ ਵਿੱਚ ਲੱਗਦੇ ਹੋ ਤਾਂ ਕੀ ਇਸੇ ਨਿਸ਼ਾਨੀ ਨਾਲ ਹੀ ਲੱਗਦੇ ਹੋ ਅਤੇ ਕੀ ਐਲਾਨੀਆ ਕਹਿੰਦੇ ਹੋ ਕਿ ਕੰਘੇ ਵਾਲੀ ਨਾਲ ਹੀ ਸਾਰ ਲਿਆ ਕਰੋ।

ਓ ਭਾਈ! ਦਰਅਸਲ ਇਹ ਕਕਾਰ ਹੈ, ਜਦ ਕਦੇ ਵਾਸ਼ਰੂਮ ਬਗੈਰਾ ਜਾਈਦਾ ਤਾਂ ਗੰਦੀ ਥੈਂ ਜਾਣ ਕਾਰਨ ਇਸ ਦੀ ਬੇਅਦਬੀ ਹੁੰਦੀ ਹੈ ਇਸ ਲਈ…

ਪਰ ਕਛਹਿਰਾ ਵੀ ਤਾਂ ਕਕਾਰ ਹੀ ਹੈ, ਕੀ ਇਸ ਨੂੰ ਵੀ ਲਾਹ ਕੇ ਵਾਥਰੂਮ ਜਾਂਦੇ ਹੋ.? ਬਾਬੇ ਦੇ ਇਸ ਸਿੱਧੇ ਸਵਾਲ ’ਤੇ ਉਹ ਖਿੱਝ ਗਿਆ ਅਤੇ ਆਪਣੀ ਲੁੱਟ-ਮਾਰ ਵਾਲੀ ਪਾਲਸ਼ ਕੀਤੀ ਭਾਸ਼ਾ ਬਦਲ ਕੇ ਅਸਲ ਰੂਪ ਵਿਚ ਆ ਗਿਆ।

ਤੂੰ ਕਹਿਣਾ ਕੀ ਚਾਹੁੰਦੈ ? ਉਹ ਕਾਫੀ ਉੱਚੀ ਤੇ ਸਖ਼ਤ ਬੋਲਿਆ।

ਬਾਬਿਓ! ਮੈਂ ਜੋ ਕਿਹਾ ਪੰਜਾਬੀ ’ਚ ਹੀ ਕਿਹਾ, ਤੁਹਾਡੀ ਨਹੀਂ ਸਮਝ ਆਇਆ ਤਾਂ ਮੇਰਾ ਕੀ ਕਸੂਰ।

ਇੰਨੇ ਚਿਰ ਤੱਕ ਇੱਕ ਦੋ ਬੰਦੇ ਹੋਰ ਅਤੇ ਠਾਠ ਦਾ ਪ੍ਰਧਾਨ ਜਿਹੜਾ ‘ਸਾਧ’ ਦੀ ਕੱਛ ਤੱਕ ਹੀ ਆਉਂਦਾ ਸੀ, ਉਹ ਵੀ ਆ ਗਿਆ। ਗੱਲ ਹੁਣ ਕਿਸੇ ਸਿਰ-ਥਾਂ ਵਾਲੀ ਰਹੀ ਨਹੀਂ ਸੀ ਐਵੇਂ ਝਬਲ ਜਿਹੀਆਂ ਕੱਚੀਆਂ ਦਲੀਲਾਂ ’ਤੇ ਬਹਿਸ ਬਸਈਆ ਜਿਹਾ ਚਲ ਪਿਆ ਸੀ। ਇਸੇ ਤੱਤ-ਬੜੱਤ ਵਿਚ ਪ੍ਰਧਾਨ ਨੇ ਅਸਲੀ ਗੱਲ ਕਹਿ ਦਿੱਤੀ ਜਿਹੜੀ ਇਨ੍ਹਾਂ ਦੇ ਮੋਹਰੀ ਸਿਖਾਉਂਦੇ ਸਨ ਜਾਂ ਜਿਹੜੀ ਸਿੱਖਾਂ ਦਾ ਮਖੌਲ ਉਡਾਉਣ ਲਈ ਫਾਸ਼ੀ ਸੋਚ ਕਹਿੰਦੀ ਹੈ, ਕਿ ‘ਹੇ ਖਾਂ! ਤੋਪਾਂ ਦਾ ਜੁਗ ਆ ਗਿਆ ਇਹ ਹਾਲੇ ਵੀ ਛੁਰੀਆਂ ਜਿਹੀਆਂ ਚੁੱਕੀ ਫਿਰਦੇ ਨੇ? ਬੇਸ਼ੱਕ ਪ੍ਰਧਾਨ ਨੇ ਇੱਥੇ ਲਫਜ਼ ਕਿ੍ਰਪਾਨ ਹੀ ਵਰਤਿਆ ਪਰ ਸੋਚ ਉਸ ਦੀ ਸਾਡੇ ਲੋਕਾਂ ’ਤੇ ‘ਤਰਸ’ ਜਿਹਾ ਹੀ ਕਰਦੀ ਜਾਪਦੀ ਸੀ, ਕਿ ਇਹ ‘ਮੂਰਖ ਲਾਣਾ’ ਕਿਹੜੇ ਜੰਗਲੀ ਜੁਗ ਵਿਚ ਤੁਰਿਆ ਫਿਰਦੈ!

ਬਾਬੇ ਫੌਜਾ ਸਿੰਘ ਨੇ ਇਹ ਕਹਿ ਕੇ ਬਹਿਸ ਬੰਦ ਕਰ ਦਿੱਤੀ, ਕਿ ਤੁਹਾਨੂੰ ਆਪਣੇ ਠਾਠ ਅੱਗੇ ਬਾਹਰ-ਜਰੂਰ ਤੋਪਾਂ ਬੀੜ ਦੇਣੀਆਂ ਚਾਹੀਦੀਐਂ ਤਾਂ ਕਿ ਸਾਡੇ ਵਰਗੇ ਜੀਵਾਂ ਨੂੰ ਪਤਾ ਚਲੇ ਕਿ ਤੁਸੀਂ ਤੋਪਾਂ ਵਾਲੇ ਜੁਗ ਵਿਚ ਰਹਿ ਰਹੇ ਹੋ।

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਕਹਿੰਦੇ ਹਨ ਕਿ ਬ੍ਰਹਮਗਿਆਨੀ ਸਮ ਦ੍ਰਿਸ਼ਟੀ ਵਾਲੇ ਹੁੰਦੇ ਹਨ ਪਰ ਠਾਠ ਵਾਲਿਆਂ ਦੇ ‘ਬ੍ਰਹਮਗਿਆਨੀ’ ਪਾਉਂਦੇ ਹੀ ਨਹੀਂ ਰਹੇ ਤੇ ਟਕਸਾਲ ਵਾਲੇ ‘ਬ੍ਰਹਾਮਗਿਆਨੀ’ ਲਾਹੁੰਦੇ ਹੀ ਨਹੀਂ ਰਹੇ! ਤੇ ਬੈਠੇ ਸਾਰੇ ਇੱਕਠੇ ਹੀ ਹੁੰਦੇ ਹਨ। ਇਹ ਸਮਦ੍ਰਿਸ਼ਟਾ ਸਮਝ ਜਿਹੀ ਨਹੀਂ ਆਉਂਦੀ!

ਆਖਰ ਬਾਬੇ ਨੇ ਆਪ ਹੀ ਸੋਚ ਕੇ ਸੋਚਣਾ ਬੰਦ ਕਰ ਦਿੱਤਾ ਕਿ ਫੌਜਾ ਸਿਆਂ ਤੈਂ ਸਮਝ ਕੇ ਜਰੂਰ ਡਾਗਾਂ ਖਾਣੀਐਂ, ਚਾਰ ਹੱਡੀਆਂ ਬਚਾ ਜਿਹੜੀਆਂ ਰਹਿੰਦੀਐਂ, ਇਹ ‘ਜਨੇਊ’ ਤੇ ‘ਕ੍ਰਿਪਾਨ’ ਦੀ ਇਨ੍ਹਾਂ ਇਵੇਂ ਹੀ ਘਿਉ ਖਿੱਚੜੀ ਬਣਾ ਦੇਣੀ ਹੈ, ਪਤਾ ਹੀ ਨਹੀਂ ਲੱਗਣਾ ‘ਜਨੇਊ’ ਕਿਹੜੈ ਤੇ ‘ਕ੍ਰਿਪਾਨ’ ਕਿਹੜੀਐ? ਆਖਰ ‘ਮਹਾਂਪੁਰਖਾਂ’ ਦੀਆਂ ‘ਜੁਗਤੀਆਂ’ ਕਿਸ ਮਰਜ ਦੀ ਦਵਾ ਹਨ !!!!