ਕੇਸਾਂ ਦੀ ਮਹੱਹਤਾ

0
2596

ਕੇਸਾਂ ਦੀ ਮਹੱਹਤਾ

ਪ੍ਰਭਦਿਆਲ ਸਿੰਘ (ਸੁਨਾਮ) 94638-65060

ਚਮਕੌਰ ਦੀ ਗੜ੍ਹੀ ਤੋਂ ਜਦ ਗੁਰੂ ਸਾਹਿਬ ਨੇ ਸਿੰਘਾਂ ਦੇ ਹੁਕਮ ਨਾਲ ਨਿਕਲ ਜਾਣਾ ਮੰਨ ਲਿਆ ਤਾਂ ਉਹਨਾਂ ਗੜ੍ਹੀ ਤੋਂ ਬਾਹਰ ਨਿਕਲਦਿਆਂ ਹੀ ਆਪਣੇ ਜੋੜੇ ਲਾਹ ਦਿੱਤੇ। ਸਿੱਖਾਂ ਨੇ ਬੇਨਤੀ ਕੀਤੀ ਕਿ ਠੰਡ ਬਹੁਤ ਹੈ, ਰਸਤਾ ਕੰਡਿਆਲਾ ਹੈ, ਇਸ ਲਈ ਕਿਰਪਾ ਕਰਕੇ ਜੋੜੇ ਪਾਈ ਰੱਖੋ। ਗੁਰੁ ਜੀ ਨੇ ਫ਼ੁਰਮਾਇਆ ਕਿ ਅੱਗੇ ਜੰਗ ਦੇ ਮੈਦਾਨ ਵਿੱਚ ਮੇਰੇ ਸੂਰਮੇ ਸ਼ਹੀਦਾਂ ਦੀਆਂ ਪਵਿਤਰ ਦੇਹਾਂ ਪਈਆਂ ਹੋਈਆਂ ਹਨ; ਜੰਗ ਕਰਦਿਆਂ, ਸੱਟਾਂ ਲਗਦਿਆਂ, ਡਿੱਗਦਿਆਂ ਕਈਆਂ ਦੇ ਦਸਤਾਰੇ ਉਤਰ ਗਏ ਹੋਣਗੇ ਅਤੇ ਰਾਤ ਦੇ ਹਨੇਰੇ ਵਿੱਚ ਹੋ ਸਕਦਾ ਹੈ ਅਣਜਾਣੇ ਵਿੱਚ ਕਿਸੇ ਸਿੰਘ ਦੇ ਕੇਸਾਂ ’ਤੇ ਮੇਰੀ ਜੁੱਤੀ ਰੱਖੀ ਜਾਵੇ ਤੇ ਇਸ ਤਰ੍ਹਾਂ ਮੈਂ ਉਨ੍ਹਾਂ ਪੁਨੀਤ ਸ਼ਹੀਦਾਂ ਦੇ ਪਾਵਨ ਰੋਮਾਂ ਦੀ ਬੇਅਦਬੀ ਕਰਨ ਦਾ ਭਾਗੀ ਬਣ ਸਕਦਾ ਹਾਂ। ਜਿਨ੍ਹਾਂ ਕੇਸਾਂ ਵਿੱਚ ਅੰਮਿ੍ਰਤ ਦੇ ਛਿੱਟੇ ਪਾ ਕੇ ਪਵਿੱਤਰ ਕੀਤਾ ਗਿਆ ਹੈ, ਉਨ੍ਹਾਂ ਨਾਲ ਜੁੱਤੀ ਛੂਹ ਜਾਵੇ, ਇਹ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ। ਇਸ ਲਈ ਕੇਸਾਂ ਦੇ ਸਤਿਕਾਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਜੋੜੇ ਨਹੀਂ ਪਾਵਾਂਗਾ ਭਾਵੇਂ ਮੈਨੂੰ ਅਜਿਹਾ ਕਰਨ ਲਈ ਕਿਤਨੀ ਵੀ ਤਕਲੀਫ ਕਿਉਂ ਨਾ ਝੱਲਣੀ ਪਵੇ।

ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਆਖ਼ਰ ਅਜਿਹੀ ਕਿਹੜੀ ਗੱਲ ਸੀ ਕਿ ਗੁਰੂ ਸਾਹਿਬ ਨੇ ਕੇਸਾਂ ਨੂੰ ਇੰਨਾ ਸਤਿਕਾਰ ਦਿੱਤਾ। ਉਹ ਕਿਹੜੀ ਸੋਚ ਸੀ ਕਿ ਕੇਸਾਂ ਨੂੰ ਇੰਨੀ ਮਾਨਤਾ ਦਿੱਤੀ ਕਿ ਪੰਜਾਂ ਕਕਾਰਾਂ ਵਿੱਚ ਕੇਸਾਂ ਨੂੰ ਪਹਿਲਾ ਸਥਾਨ ਦਿੱਤਾ ਗਿਆ ਅਤੇ ਖਾਲਸੇ ਦੀ ਜਨਮ ਭੂਮੀ ਨੂੰ ਵੀ ਕੇਸਗੜ੍ਹ ਸਾਹਿਬ ਦਾ ਨਾਂ ਦਿੱਤਾ ਗਿਆ। ਇਸ ਸਵਾਲ ਦੇ ਜਵਾਬ ਲਈ ਸਾਨੂੰ ਗੁਰੂ ਸਾਹਿਬਾਂ ਦੀ ਵਿਗਿਆਨਕ ਤੇ ਦੀਰਘ ਕਾਲੀ ਸੋਚ ਬਾਰੇ ਵਿਚਾਰ ਕਰਨ ਦੀ ਲੋੜ ਹੈ। ਗੁਰੂ ਨਾਨਕ ਪਾਤਸ਼ਾਹੀ ਨੇ ‘ਜਪੁ’ ਜੀ ਸਾਹਿਬ ਦੀ ਬਾਣੀ ਵਿੱਚ ‘‘ਧਰਤੀ ਹੋਰੁ, ਪਰੇ ਹੋਰੁ ਹੋਰੁ॥’’ ਅਤੇ ‘‘ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ॥’’ ਦੀ ਗੱਲ ਕੀਤੀ ਗਈ ਹੈ। ਵਿਗਿਆਨ ਨੇ ਅਨੇਕਾਂ ਸਾਲਾਂ ਬਾਅਦ ਆਪਣੀਆਂ ਖੋਜਾਂ ਦੁਆਰਾ ਸਿੱਧ ਕੀਤਾ ਕਿ ਇਸ ਧਰਤੀ ਤੋਂ ਇਲਾਵਾ ਹੋਰ ਅਨੇਕਾਂ ਧਰਤੀਆਂ ਬ੍ਰਹਮੰਡ ਵਿੱਚ ਮੋਜੂਦ ਹਨ। ਗੁਰੁ ਨਾਨਕ ਪਾਤਸ਼ਾਹ ਨੇ ਆਸਾ ਕੀ ਵਾਰ ਵਿੱਚ ਲਿਖਿਆ ‘‘ਭੈ ਵਿਚਿ ਸੂਰਜੁ, ਭੈ ਵਿਚਿ ਚੰਦੁ॥ ਕੋਹ ਕਰੋੜੀ, ਚਲਤ ਨ ਅੰਤੁ॥’’ ਭਾਵ ਇਹ ਕਿ ਪਰਮੇਸ਼ਰ ਦੇ ਭੈ ਵਿੱਚ ਚੰਦ੍ਰਮਾ ਅਤੇ ਸੂਰਜ ਵੀ ਚੱਲ ਰਹੇ ਹਨ ਅਤੇ ਕ੍ਰੋੜਾਂ ਮੀਲਾਂ ਦਾ ਬੇਰੋਕ ਸਫਰ ਕਰ ਰਹੇ ਹਨ। ਇਸ ਗੱਲ ਨੂੰ ਵੀ ਵਿਗਿਆਨ ਨੇ ਆਪਣੀਆਂ ਖੋਜਾਂ ਰਾਹੀਂ ਜਾਣਿਆ। ਗੁਰੁ ਸਾਹਿਬ ਨੇ ਬਾਣੀ ਵਿੱਚ ਫੁਰਮਾਇਆ ‘‘ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲੁ ਹੋਇ॥ ਜਲ ਤੇ ਤਿ੍ਰਭਵਨ ਸਾਜਿਆ, ਘਟਿ ਘਟਿ ਜੋਤਿ ਸਮੋਇ॥’’ ਭਾਵ ਇਹ ਕਿ ਸੱਚੇ ਪਰਮਾਤਮਾ ਤੋਂ ਹਵਾ ਹੋਈ ਤੇ ਹਵਾ ਤੋਂ ਪਾਣੀ ਬਣਿਆ। ਪਾਣੀ ਤੋਂ ਤਿੰਨੇ ਜਹਾਨ ਪੈਦਾ ਹੋਏ ਤੇ ਹਰ ਦਿਲ ਅੰਦਰ ਉਸ ਨੇ ਆਪਣਾ ਨੂਰ ਪਾਇਆ। ਇਹਨਾਂ ਵਿਚਾਰਾਂ ਨੂੰ ਵੀ ਵਿਗਿਆਨ ਮੰਨਦੀ ਹੈ ਕਿ ਧਰਤੀ ਪਹਿਲਾਂ ਗੈਸਾਂ (ਹਵਾ, ਪਵਨ) ਦਾ ਗੋਲਾ ਸੀ। ਫਿਰ ਪਾਣੀ ਦੋ ਗੈਸਾਂ ਆਕਸੀਜਨ ਤੇ ਹਾਈਡ੍ਰੋਜਨ ਤੋਂ ਬਣਿਆ ਹੈ। ਇਸ ਸਾਰੀ ਵਿਚਾਰ ਦਾ ਉਦੇਸ਼ ਇਹ ਸਮਝਣਾ ਸੀ ਕਿ ਸਾਡੇ ਗੁਰੂ ਸਾਹਿਬਾਂ ਦੀ ਸੋਚ ਆਪਣੇ ਸਮੇਂ ਤੋਂ ਬਹੁਤ ਅੱਗੇ ਦੀ ਸੀ ਅਤੇ ਇਸ ਨੂੰ ਵਿਗਿਆਨ ਨੇ ਵੀ ਮੰਨਿਆ ਹੈ। ਗੁਰੂ ਸਾਹਿਬਾਂ ਦੇ ਹੋਰ ਅਨੇਕਾਂ ਸੰਕੇਤਾਂ ’ਤੇ ਅੱਜ ਦੁਨੀਆਂ ਦੇ ਵਿਗਿਆਨੀ ਖੋਜਾਂ ਕਰਕੇ ਸੇਧ ਪ੍ਰਾਪਤ ਕਰ ਰਹੇ ਹਨ।

ਇਸ ਲਈ ਜੇਕਰ ਗੁਰੂ ਸਾਹਿਬਾਂ ਨੇ ਕੇਸਾਂ ਨੂੰ ਇੰਨਾ ਜ਼ਿਆਦਾ ਸਤਿਕਾਰ ਦਿੱਤਾ ਹੈ ਤਾਂ ਉਸ ਪਿਛੇ ਵੀ ਕੋਈ ਮਹਾਨ ਸੋਚ ਕੰਮ ਕਰ ਰਹੀ ਹੋਵੇਗੀ। ਹੁਣ ਅਸੀਂ ਇਸ ਗੱਲ ’ਤੇ ਥੋੜੀ ਵਿਚਾਰ ਕਰਨ ਦਾ ਯਤਨ ਕਰਦੇ ਹਾਂ। ਖੋਜਾਂ ਦੁਆਰਾ ਇਹ ਸਿੱਧ ਹੋ ਚੁਕਿਆ ਹੈ ਕਿ ਸਿਰ ਦੇ ਵਾਲ ਜਿਤਨੇ ਲੰਮੇ ਹੋਣਗੇ ਉਨ੍ਹਾਂ ਵਿਚਲਾ ਤੇਲ ਸੂਰਜੀ ਸ਼ਕਤੀ ਦੇ ਅਮਲ ਨਾਲ ਉਤਨਾ ਹੀ ਵੱਧ ਵਿਟਾਮਿਨ ਡੀ ਪੈਦਾ ਕਰੇਗਾ ਜੋ ਮਨੁੱਖ ਦੀਆਂ ਹੱਡੀਆਂ ਤੇ ਦੰਦਾਂ ਦੀ ਮਜ਼ਬੂਤੀ ਲਈ ਬਹੁਤ ਜਰੂਰੀ ਹੈ। ਸੂਰਜੀ ਸ਼ਕਤੀ ਦਾ ਕੇਂਦਰ ਬਿੰਦੂ ਸਿਰ ਦੀ ਚੋਟੀ ਨੂੰ ਮੰਨਿਆ ਗਿਆ ਹੈ ਉਸੇ ਤਰ੍ਹਾਂ ਚੰਦ੍ਰਮਾ ਦੀ ਸ਼ਕਤੀ ਦਾ ਕੇਂਦਰ ਬਿੰਦੂ ਠੋਡੀ ਨੂੰ ਸਮਝਿਆ ਜਾਂਦਾ ਹੈ। ਇਸ ਲਈ ਸਿਰ ਦੇ ਵਾਲ ਸੂਰਜ ਤੋਂ ਸ਼ਕਤੀ ਗ੍ਰਹਿਣ ਕਰਕੇ ਸਿਰ ਨੂੰ ਦਿੰਦੇ ਹਨ ਤੇ ਦਾਹੜੀ ਦੇ ਰੋਮ ਚੰਦ੍ਰਮਾ ਦੀ ਸ਼ਕਤੀ ਨੂੰ ਸਰੀਰ ਵਿੱਚ ਲਿਆਉਂਦੇ ਹਨ। ਇਹ ਵਾਤਾਵਰਨ ਵਿੱਚ ਭਰੀਆਂ ਨੁਕਸਾਨਦੇਹ ਤਰੰਗਾਂ ਆਦਿ ਨੂੰ ਦਿਮਾਗ ਵਿੱਚ ਜਾਣ ਤੋਂ ਰੋਕਦੇ ਹਨ ਜਿਸ ਦੇ ਫਲਸਰੂਪ ਗਮਗੀਨ, ਅਧਿਕ ਭਾਵੁਕਤਾ ਤੇ ਮਾਨਸਿਕ ਬਿਖੜੇਪਨ ਨੂੰ ਠੱਲ ਪੈਂਦੀ ਹੈ ਅਤੇ ਦਲੇਰੀ, ਖੁਸ਼ ਤਬੀਅਤ ਤੇ ਚੜ੍ਹਦੀਕਲਾ ਵਰਗੇ ਗੁਣ ਪੈਦਾ ਹੁੰਦੇ ਹਨ।

ਕੇਸਾਂ ਉੱਤੇ ਖੋਜ ਕਰਨ ਵਾਲਿਆਂ ਨੇ ਇਸ ਤੱਥ ਨੂੰ ਸਵੀਕਾਰ ਕੀਤਾ ਹੈ ਕਿ ਕੇਸ ਅਜਿਹੇ ਮੈਟੀਰੀਅਲ ਦੇ ਬਣੇ ਹਨ ਜਿਸ ਵਿੱਚ ਸਰੀਰ ਨੂੰ ਗਰਮੀ ਅਤੇ ਸਰਦੀ ਦੋਹਾਂ ਤੋਂ ਬਚਾ ਕੇ ਰੱਖਣ ਦੀ ਸ਼ਕਤੀ ਮੌਜੂਦ ਹੈ। ਕੇਸਾਂ ਨੂੰ ਸਰੀਰ ਵਿੱਚ ਗਰਮੀ ਤੇ ਸਰਦੀ ਲੈ ਜਾਣ ਦਾ ਸੁਚਾਲਕ ਕਿਹਾ ਜਾਂਦਾ ਹੈ। ਸਰਦੀ ਦੇ ਮੌਸਮ ਵਿੱਚ ਕੇਸ ਸਰੀਰ ਨੂੰ ਵਿਸ਼ੇਸ਼ ਕਰ ਦਿਮਾਗ ਨੂੰ ਗਰਮ ਰੱਖਣ ਲਈ ਕਾਰਜ ਕਰਨ ਲੱਗ ਜਾਂਦੇ ਹਨ ਅਤੇ ਗਰਮੀਆਂ ਵਿੱਚ ਇਹ ਕਿਰਿਆ ਉਲਟ ਹੋ ਜਾਂਦੀ ਹੈ ਜੋ ਕਿ ਹੈਰਾਨੀਜਨਕ ਵੀ ਹੈ। ਇਸ ਤੋਂ ਇਲਾਵਾ ਕੇਸ ਦਿਮਾਗ ਨੂੰ ਠੰਡਾ ਰੱਖਦੇ ਹਨ ਤੇ ਖੂਨ ਦੇ ਦੌਰੇ ਨੂੰ ਸੰਤੁਲਨ ਰੱਖਣ ਵਿੱਚ ਵੀ ਮਦਦ ਕਰਦੇ ਹਨ। ਇਕ ਲਬਾਰਟਰੀ ਅਨੁਮਾਨ ਅਨੁਸਾਰ ਪੰਜਾਹ ਗ੍ਰਾਮ ਮਨੁੱਖੀ ਵਾਲ ਕੱਟਣ ਨਾਲ ਅਸੀਂ ਇੱਕ ਗ੍ਰਾਮ ਟਰੇਸ ਧਾਤਾਂ ਜ਼ਾਇਆ ਕਰ ਦੇਂਦੇ ਹਾਂ ਜਿਨ੍ਹਾਂ ਵਿੱਚ ਸ਼ੱਕਰ ਦੀ ਭੈੜੀ ਬਿਮਾਰੀ ਨੂੰ ਠੱਲ੍ਹ ਪਾਉਣ ਅਤੇ ਅੱਗ ਦੇ ਸਾੜ ਨੂੰ ਖ਼ਤਮ ਕਰਨ ਦੀ ਪੂਰੀ ਪੂਰੀ ਸਮਰੱਥਾ ਹੁੰਦੀ ਹੈ। ਯਾਦ ਰਹੇ ਕਿ ਕੇਸ ਆਪਣੇ ਆਕਾਰ ਦੀ ਉੱਨਤੀ ਲਈ ਸਰੀਰ ਵਿੱਚੋਂ ਪ੍ਰੋਟੀਨ ਦੀ ਮਾਤ੍ਰਾ ਨੂੰ ਨਿਰੰਤਰ ਇਸਤੇਮਾਲ ਕਰਦੇ ਰਹਿੰਦੇ ਹਨ, ਜੋ ਕਿ ਕਿਸੇ ਸੀਮਤ ਸੀਮਾ ਤੱਕ ਵਾਲਾਂ ਦੇ ਵਧਣ (ਫੁੱਲਣ) ਉਪਰੰਤ ਵਾਲ ਸਰੀਰ ਵਿੱਚੋਂ ਨਿਰੰਤਰ ਲਈ ਜਾ ਰਹੀ ਪ੍ਰੋਟੀਨ ਮਾਤ੍ਰਾ ਨੂੰ ਬਹੁਤ ਹੱਦ ਤੱਕ ਲੈਣਾ ਬੰਦ ਕਰ ਦਿੰਦੇ ਹਨ ਪਰ ਵਾਰ-ਵਾਰ ਵਾਲਾਂ ਦੇ ਕੱਟਣ ਨਾਲ ਸਰੀਰ ਵਿੱਚੋਂ ਖਰਚ ਹੋ ਰਹੀ ਪ੍ਰੋਟੀਨ ਨਿਰੰਤਰ ਜਾਰੀ ਰਹਿੰਦੀ ਹੈ, ਜਿਸ ਕਾਰਨ ਸਰੀਰ ਜਲਦੀ ਕਮਜ਼ੋਰ ਹੋ ਜਾਂਦਾ ਹੈ।

ਜਿਹੜੇ ਸੱਜਣ ਕੇਸ ਕਟਵਾਉਂਦੇ ਰਹਿੰਦੇ ਹਨ ਉਹ ਨਾ-ਸਮਝੀ ਕਾਰਨ ਹੀ ਇਨ੍ਹਾਂ ਕੀਮਤੀ ਤੇ ਬਹੁਮੁਲੀਆਂ ਧਾਤਾਂ (ਪ੍ਰੋਟੀਨ) ਨੂੰ ਅਧਿਕ ਮਾਤ੍ਰਾ ’ਚ ਖ਼ਰਚ ਕਰਨ ਕਰਕੇ ਆਪਣੇ ਆਪ ਨੂੰ ਕਈ ਬਿਮਾਰੀਆਂ ਦੇ ਮੁਕਾਬਲੇ ਕਮਜ਼ੋਰ ਬਣਾ ਰਹੇ ਹੁੰਦੇ ਹਨ। ਇੱਕ ਵਿਗਿਆਨੀ ਰੇਨੋਲਡ ਅਨੁਸਾਰ ਉਨ੍ਹਾਂ ਲੋਕਾਂ ਦੇ ਦੰਦ ਜਲਦੀ ਗਿਰ ਜਾਂਦੇ ਹਨ ਜਿਹੜੇ ਕੇਸ ਨਹੀਂ ਰੱਖਦੇ। ਡਾ. ਚੰਦਾ ਸਿੰਘ ਦੀ ਖੋਜ ਅਨੁਸਾਰ ਕੇਸਾਂ ਦਾ ਪ੍ਰਭਾਵ ਦੰਦਾਂ ਦੇ ਨਾਲ ਨਾਲ ਕੱਦ-ਕਾਠ ਅਤੇ ਛਾਤੀ ਦੇ ਵਿਕਾਸ ’ਤੇ ਵੀ ਅਸਰ ਪੈਂਦਾ ਹੈ। ਜੇਕਰ ਅਸੀਂ ਕੇਸਾਂ ਨੂੰ ਨਾ ਕੱਟੀਏ ਤਾਂ ਉਹ ਇਕ ਖਾਸ ਲੰਬਾਈ ’ਤੇ ਪਹੁੰਚਣ ਉਪਰੰਤ ਵਧਣੋਂ ਬੰਦ ਹੋ ਜਾਂਦੇ ਹਨ ਅਤੇ ਫਿਰ ਉਹਨਾਂ ਦੀ ਦੇਖ ਭਾਲ ਲਈ ਉਸ ਪ੍ਰੋਟੀਨ ਦਾ ਅੱਧਾ ਪ੍ਰਤੀਸ਼ਤ ਰੋਜ਼ ਖਰਚ ਹੁੰਦਾ ਹੈ ਜਿਹੜੀ ਅਸੀਂ ਸਾਰੇ ਦਿਨ ਵਿੱਚ ਵੱਖ ਵੱਖ ਖ਼ੁਰਾਕ ਖਾ ਕੇ ਸਰੀਰ ਵਿੱਚ ਲਿਜਾਂਦੇ ਹਾਂ। ਦੂਜੇ ਪਾਸੇ ਵਾਲ ਕੱਟਣ ਨਾਲ ਸਾਡੀ ਕਈ ਗੁਣਾਂ ਜਿਆਦਾ ਪ੍ਰੋਟੀਨ ਖਰਚ ਹੁੰਦੀ ਹੈ ਕਿਉਂਕਿ ਇਹ ਆਮ ਕਰਕੇ ਨਵੇਂ ਵਾਲ ਉਗਾਉਣ ਵਿੱਚ ਹੀ ਨਸ਼ਟ ਹੁੰਦੀ ਰਹਿੰਦੀ ਹੈ। ਪਰਮਾਤਮਾ ਦੁਆਰਾ ਬਖ਼ਸ਼ਸ਼ ਕੀਤੇ ਕੇਸਾਂ ਦੀ ਸਰੀਰ ਪ੍ਰਤੀ ਬਹੁ ਪੱਖੀ ਮਹੱਤਤਾ ਨੂੰ ਦੇਖਦਿਆਂ ਹੋਇਆਂ ਇਨ੍ਹਾਂ ਦੀ ਉਪਜ ਨੂੰ ਨਿਰਵਿਘਨ ਬਣਾਈ ਰੱਖਣ ਲਈ ਸਰੀਰ ਵਿੱਚ ਬੜੇ ਸ਼ਕਤੀਸ਼ਾਲੀ ਸਿਸਟਮ ਪੈਦਾ ਕੀਤੇ ਹੋਏ ਹਨ ਜਿਹੜੇ ਮਨੁੱਖ ਦੀ ਮੌਤ ਤੱਕ ਨਿਰਵਿਘਨ ਚਲਦੇ ਰਹਿੰਦੇ ਹਨ।

ਮਨੁੱਖਾ ਸਰੀਰ ਦੇ ਵਿੱਚ ਹਰ ਅੰਗ ਜਰੂਰੀ ਹੈ ਫਿਰ ਮਨੁੱਖ ਨੇ ਇਹ ਕਿਵੇਂ ਸੋਚ ਲਿਆ ਕਿ ਕੇਸ ਗੈਰ-ਜਰੂਰੀ ਹਨ। ਪਰਮੇਸ਼ਰ ਨੇ ਜੇਕਰ ਕੇਸ ਦਿੱਤੇ ਹਨ ਤਾਂ ਇਹ ਕਿਸੇ ਪ੍ਰਕਾਰ ਵੀ ਗੈਰ-ਜਰੂਰੀ ਨਹੀਂ ਹੋ ਸਕਦੇ । ਕੁਝ ਲੋਕ ਇਹ ਤਰਕ ਦਿੰਦੇ ਹਨ ਕਿ ਕੇਸ ਬੇਜਾਨ ਹਨ ਪਰ ਇਹ ਵੀ ਸਿੱਧ ਕੀਤਾ ਜਾ ਚੁੱਕਾ ਹੈ ਕਿ ਕੇਸਾਂ ਵਿੱਚ ਵੀ ਬਾਕੀ ਅੰਗਾਂ ਦੀ ਤਰ੍ਹਾਂ ਹੀ ਜਾਨ ਹੁੰਦੀ ਹੈ। ਕੇਸਾਂ ਵਿੱਚ ਵਾਧਾ ਹੁੰਦਾ ਹੈ, ਕੇਸਾਂ ਦੇ ਰੰਗਾਂ ’ਚ ਤਬਦੀਲੀ ਹੁੰਦੀ ਰਹਿੰਦੀ ਹੈ, ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਬੇਜਾਨ ਨਹੀਂ ਹਨ।

ਜਦੋਂ ਮਨੁੱਖ ਨੂੰ ਬਹੁਤੀ ਠੰਡ ਲੱਗਦੀ ਹੈ ਜਾਂ ਮਨੁੱਖ ਡਰ ਦੀ ਸਥਿਤੀ ਵਿੱਚ ਹੁੰਦਾ ਹੈ ਤਾਂ ਉਸ ਦੇ ਰੋਮ ਖੜ੍ਹੇ ਹੋ ਜਾਂਦੇ ਹਨ ਜਿਸ ਨੂੰ ਅਸੀਂ ਲੂੰ ਕੰਡੇ ਖੜ੍ਹੇ ਹੋਣਾ ਕਹਿੰਦੇ ਹਾਂ। ਇਸ ਤੋਂ ਵੀ ਸਿੱਧ ਹੋਇਆ ਕਿ ਇਹ ਬੇਜਾਨ ਨਹੀਂ ਹਨ। ਸਗੋਂ ਸਾਡੇ ਰੋਮ (ਕੇਸ) ਖੜ੍ਹੇ ਹੋ ਕੇ ਵਾਤਾਵਰਣ ਵਿੱਚੋਂ ਊਰਜਾ ਲੈ ਕੇ ਸਰੀਰ ਨੂੰ ਉਸ ਸਥਿਤੀ ਦਾ ਮੁਕਾਬਲਾ ਕਰਨ ਲਈ ਸ਼ਕਤੀ ਪ੍ਰਦਾਨ ਕਰਦੇ ਹਨ। ਇਸ ਲਈ ਕੇਸ ਸਾਡੇ ਸਰੀਰ ਦਾ ਇੱਕ ਬਹੁਤ ਹੀ ਜਰੂਰੀ ਹਿੱਸਾ ਹਨ।

ਸਿੱਖ ਕੌਮ ਵਿੱਚ ਕੇਸਾਂ ਨੂੰ ‘ਕੇਸ ਗੁਰੂ ਕੀ ਮੋਹਰ’ ਕਹਿ ਕੇ ਬਿਆਨਿਆ ਗਿਆ ਹੈ ਭਾਵ ਕੇਸਾਧਾਰੀ ਸਿੱਖ ਉਸੇ ਤਰ੍ਹਾਂ ਹੀ ਗੁਰੂ ਵੱਲੋਂ ਪ੍ਰਵਾਨਿਤ ਹਨ ਜਿਵੇਂ ਕੋਈ ਅਫਸਰ ਕਿਸੇ ਕਾਗਜ਼ ’ਤੇ ਆਪਣੀ ਮੋਹਰ ਲਗਾ ਕੇ ਉਸ ਨੂੰ ਮਾਨਤਾ ਦਿੰਦਾ ਹੈ। ਕੇਸਾਂ ਦੇ ਸਤਿਕਾਰ ਬਦਲੇ ਲੱਖਾਂ ਹੀ ਸਿੰਘ, ਸਿੰਘਣੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਕੇਸ ਸਿੱਖ ਦੀ ਵੱਖਰੀ ਪਹਿਚਾਣ, ਵੱਖਰੀ ਹੋਂਦ ਦੀ ਨਿਸ਼ਾਨੀ ਹਨ। ਕੇਸਾਧਾਰੀ ਸਿੱਖ ਕਦੇ ਵੀ ਕਿਸੇ ਭੀੜ ਦਾ ਹਿੱਸਾ ਨਹੀਂ ਬਣਦਾ ਅਤੇ ਕਰੋੜਾਂ ਵਿੱਚੋਂ ਵੀ ਵੱਖਰਾ ਪਹਿਚਾਣਿਆ ਜਾਂਦਾ ਹੈ। ਗੁਰੂ ਅਰਜੁਨ ਸਾਹਿਬ ਜੀ ਦਾ ਇਹ ਫ਼ੁਰਮਾਨ ਕਿ ‘‘ਸਾਬਤ ਸੂਰਤਿ ਦਸਤਾਰ ਸਿਰਾ ॥’’ (ਮ: ੫/੧੦੮੪) ਕੇਸਾਂ ਦੀ ਹੋਂਦ ਬਾਰੇ ਪ੍ਰਮਾਣਿਕਤਾ ਨੂੰ ਦਰਸਾਉਂਦਾ ਹੈ।

ਸਿੱਖੀ ਦੀ ਪਾਠਸ਼ਾਲਾ ਵਿੱਚ ਦਾਖਲ ਹੋਣ ਲਈ ਮੁਢਲੀ ਸ਼ਰਤ ‘ਸਾਬਤ ਸੂਰਤਿ’ ਰਹਿਣੀ ਹੈ। ‘ਸਾਬਤ ਸੂਰਤਿ’ ਤੋਂ ਭਾਵ ਇਹ ਹੈ ਕਿ ਆਪਣੇ ਸਰੀਰ ਆਪਣੀ ਸੂਰਤ ਨੂੰ ਉਸੇ ਤਰ੍ਹਾਂ ਦਾ ਰੱਖਣਾ ਜਿਸ ਤਰ੍ਹਾਂ ਦਾ ਪ੍ਰਮਾਤਮਾ ਨੇ ਬਣਾ ਕੇ ਭੇਜਿਆ ਹੈ। ਭਾਵੇਂ ਕੇਸ ਸਾਡੇ ਸਰੀਰ ਲਈ ਬਹੁਤ ਜਰੂਰੀ ਹਨ ਅਤੇ ਸਰੀਰ ਲਈ ਵੱਡਮੁੱਲਾ ਰੋਲ ਅਦਾ ਕਰਦੇ ਹਨ ਪਰ ਸਭ ਤੋਂ ਵੱਧ ਜਰੂਰੀ ਗੱਲ ਇਹ ਹੈ ਕਿ ਕੇਸਾਧਾਰੀ ਸਿੱਖ ਨੂੰ ਗੁਰੂ ਵੱਲੋਂ ਪਿਆਰ ਦੀ ਬਖਸ਼ਿਸ਼ ਹੁੰਦੀ ਹੈ ਅਤੇ ਇਸ ਬਖਸ਼ਿਸ਼ ਦੇ ਸਾਹਮਣੇ ਹੋਰ ਸਭ ਕੁਝ ਬੇਅਰਥ ਹੈ।