ਕੁਦਰਤੀ ਸੁਹੱਪਣ (ਸਿਰ) ਨੂੰ ਢੱਕਣ ਲਈ ਤਾਜ ਹੈ: ‘ਦਸਤਾਰ’

0
749

ਕੁਦਰਤੀ ਸੁਹੱਪਣ (ਸਿਰ) ਨੂੰ ਢੱਕਣ ਲਈ ਤਾਜ ਹੈ: ‘ਦਸਤਾਰ’

ਪ੍ਰਿੰਸੀਪਲ ਬਲਜੀਤ ਸਿੰਘ

ਗੁਰਮਤਿ ਨੇ ਮਨੁੱਖ ਅੰਦਰ ਇਕ ਅਟਲ ਵਿਸ਼ਵਾਸ ਪੈਦਾ ਕੀਤਾ ਹੈ ਕਿ ਕਰਤਾ ਪੁਰਖ ਹੈ ਤੇ ਉਹ ਹੀ ਸਿ੍ਰਸ਼ਟੀ ਦਾ ਰਚਨਹਾਰ ਹੈ ਉਹ ਰਚਨਾ ਵੀ ਆਪਣੀ ਮਰਜ਼ੀ ਅਨੁਸਾਰ ਹੀ ਰਚਦਾ ਹੈ ਕੋਈ ਤਾਕਤ ਉਸ ਤੋਂ ਆਪਣੀ ਮਰਜ਼ੀ ਦਾ ਰੰਗ ਰੂਪ ਜਾ ਢਾਂਚਾ ਨਹੀਂ ਬਣਵਾ ਸਕਦੀ ਉਸ ਕਰਤੇ ਪੁਰਖ ਦਾ ‘‘ਬੀਓ ਪੂਛਿ, ਨ ਮਸਲਤਿ ਧਰੈ ॥ ਜੋ ਕਿਛੁ ਕਰੈ; ਸੁ ਆਪਹਿ ਕਰੈ ॥’’ (ਮ: ੫/੮੬੩) ਦਾ ਅਟਲ ਨਿਯਮ ਹੈ । ਵੱਡੀ ਗੱਲ ਇਹ ਹੈ ਕਿ ਸਾਰਾ ਨਿਯਮ ਉਸ ਨੇ ਆਪਣੇ ਹੱਥ ’ਚ ਹੀ ਰੱਖਿਆਹੋਇਆ ਹੈ ਕਿਸੇ ਹੋਰ ਨੂੰ ਇਹ ਅਧਿਕਾਰ ਨਹੀਂ ਦਿੱਤਾ ਅਤੇ ਜਗਤ ਰਚਨਾ ਦੀ ਖੂਬਸੂਰਤੀ ਸੁੰਦਰਤਾ ਬਣਾਈ ਰੱਖਣ ਲਈ ‘‘ਜੰਮਣੁ ਮਰਣਾ ਹੁਕਮੁ ਹੈ; ਭਾਣੈ ਆਵੈ ਜਾਇ ॥’’ (ਮ: ੧/੪੭੨) ਦਾ ਨਿਯਮ ਵੀ ਉਸੇ ਨੇ ਸਥਾਪਿਤ ਕੀਤਾ ਹੈ।

ਰੱਬੀ ਕਿਰਪਾ ਨਾਲ ਲੰਮੇ ਚੱਕਰ ਤੋਂ ਬਾਅਦ ਸਾਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਇਹ ਦੇਹੀ ਰੱਬ ਦੀ ਆਪਣੀ ਕਿਰਤ ਤੇ ਪਸੰਦ ਹੈ ਕਿਤੇ ਮਨੁੱਖ ਇਸ ਦੀ ਸੁੰਦਰਤਾ ਨੂੰ ਵਿਗਾੜ ਲਵੇ ਮਤਾ ਆਪਣੀ ਮਰਜ਼ੀ ਵਰਤੇ ਰੱਬ ਦੀ ਪਸੰਦ ਦਾ ਜਲਵਾ ਜ਼ਹੂਰ ਗੁਆ ਬੈਠੇ ਤਾਂ ਖੁਆਰੀ ਤੋਂ ਸਿਵਾ ਕੁਝ ਪੱਲੇ ਨਹੀਂ ਪੈਣਾ। ਕੁਦਰਤ ਵਿੱਚ ਚਾਰੇ ਪਾਸੇ ਨਜ਼ਰ ਮਾਰੋ ਜਿਸ ਵਸਤੂ ਜਾਂ ਜੀਵ ਨੂੰ ਪਰਮਾਤਮਾ ਵੱਲੋਂ ਜਿੰਨੀ ਸੁੰਦਰਤਾ ਮਿਲੀ ਹੈ ਉਹ ਉਸੇ ਨੂੰ ਸੰਭਾਲ ਰਿਹਾ ਹੈ ਉਸੇ ਵਿੱਚ ਅਨੰਦਤਹੋ ਰਿਹਾ ਹੈ। ਕਦੇ ਕਿਸੇ ਜੀਵ ਜੰਤੂ ਨੇ ਪ੍ਰਭੂ ਵੱਲੋਂ ਮਿਲੇ ਹੋਏ ਆਪਣੇ ਰੂਪ ਨੂੰ ਬਦਲਣ ਦੀ ਕੋਸ਼ਿਸ ਨਹੀਂ ਕੀਤੀ ਇਹੋ ਹੀ ਪਿਆਰੇ ਪ੍ਰੀਤਮ ਦੇ ਪਿਆਰ ਦੀ ਨਿਸ਼ਾਨੀ ਹੈ ‘‘ਹੁਕਮਿ ਰਜਾਈ ਚਲਣਾ॥’’ (ਜਪੁ) ਦਾ ਅਸਲੀ ਮਾਰਗ ਹੈ। ਜੋ ਉਸ ਪ੍ਰਭੂ ਨੂੰ ਪਸੰਦ ਹੈ ਉਹੀ, ਹੇ ਮਨੁੱਖ ! ਤੈਨੂੰ ਵੀ ਪਸੰਦ ਹੋਵੇ ਤੂੰ ਉਸ ਨੂੰ ਪਿਆਰਾ ਹੀ ਤਦੋਂ ਲੱਗਦਾ ਹੈਂ ਜਦੋਂ ਤੇਰੀ ਤੇ ਉਸ ਦੀ ਪਸੰਦ ਮਿਲਦੀ ਹੈ। ਹੇ ਮਨੁੱਖ ਜੇ ਤੈਨੂੰ ਪਰਮਾਤਮਾ ਕਰਤਾ ਪੁਰਖ ਦਾ ਸਿਰਜਿਆ ਰੂਪ ਪਸੰਦ ਨਹੀਂ ਆਵੇਗਾ ਤਾਂ ਤੇਰੀ ਫੋਕੀ ਫੈਸ਼ਨ ਪ੍ਰਸਤੀ ਵਿੱਚ ਉਸਤਰੇ ਆਦਿ ਨਾਲ ਆਪਣੀ ਮਰਜ਼ੀ ਦਾ ਬਣਾਇਆ ਰੂਪ ਵੀ ਉਸ ਕਰਤੇ ਪੁਰਖ ਨੂੰ ਪਸੰਦ ਨਹੀਂ ਆਵੇਗਾ। ਫਿਰ ਸਾਡੀ ਸਾਂਝ ਕਰਤੇ ਪੁਰਖ ਨਾਲ ਕਿਵੇਂ ਬਣੇਗੀ ਪਰਮਾਤਮਾ ਤੋਂ ਸਾਡਾ ਵਿਛੋੜਾ ਪਵੇਗਾ। ਪਤਾ ਨਹੀਂ ਮੁੜ ਵਾਰੀ ਕਦੋਂ ਆਵੇ ਜਾ ਆਵੇ ਹੀ ਨਾ, ਇਸ ਲਈ ਉਸ ਦੀ ਪਸੰਦ ਤੇ ਉਸ ਦੇ ਹੁਕਮ ਵਿੱਚ ਰਹਿ ਕੇ ਉਸ ਨਾਲ ਸਾਂਝ ਪੈਦਾ ਕਰ ਉਸ ਦਾ ਤਰੀਕਾ ਹੈ ‘‘ਹੁਕਮਿ ਮੰਨਿਐ ਹੋਵੈ ਪਰਵਾਣੁ; ਤਾ ਖਸਮੈ ਕਾ ਮਹਲੁ ਪਾਇਸੀ ॥’’ (ਮ: ੧/੪੭੧)

ਬਾਦਸ਼ਾਹ ਬਹਾਦਰ ਸ਼ਾਹ ਜਦੋਂ ਬੰਦਾ ਸਿੰਘ ‘ਬਹਾਦਾਰ’ ਨੂੰ ਖਤਮ ਕਰਨ ਲਈ 1712 ਈ: ਵਿੱਚ ਲਾਹੌਰ ਆਇਆ ਤਾਂ ਹਿੰਦੂ ਮੁਸਲਮ ਫਸਾਦ ਭੜਕ ਪਏ, ਅਸਲਮ ਖਾਨ ਸੂਬਾ ਲਾਹੌਰ ਨੇ ਹਿੰਦੂ ਵਸੋਂ ਨੂੰ ਸ਼ਹਿਰੋਂ ਬਾਹਰ ਕੱਢ ਦਿੱਤਾ ਤਾਂ ਝਗੜਾ ਸ਼ਾਂਤ ਹੋਇਆ ਇਸ ਸਮੇਂ ਬਾਦਸ਼ਾਹ ਨੇ ਉਚੇਚਾ ਫੁਰਮਾਨ ਜਾਰੀ ਕੀਤਾ ਕਿ ਸ਼ਾਹੀ ਲਸ਼ਕਰ ਦੇ ਸਾਰੇ ਮੁਨਸੀ ਮੁਸੱਦੀ ਦਾੜ੍ਹੀ ਕੇਸ ਮੁਨਵਾ ਲੈਣ ਤਾਂ ਕਿ ਉਹ ਸਿੱਖਾਂ ਦੇ ਭੁਲੇਖੇ ਨਾ ਮਾਰੇ ਜਾਣ ਕੋਈ ਬੇਦੀਨਾ ਲੰਮੀ ਦਾੜ੍ਹੀ ਨਾ ਰੱਖੇ ਉਸ ਸਮੇਂ ਜਾਨ ਬਚਾਣ ਲਈ ਸਾਰੇ ਹਿੰਦੂਆਂ ਨੇ ਦਾੜੀ ਕੇਸ ਮੁਨਵਾ ਦਿੱਤੇ ਫੇਰ ਮੋਨਘੋਨ ਰਹਿਣ ਦਾ ਰਿਵਾਜ ਹੀ ਚੱਲ ਪਿਆ। ਅਜਿਹੇ ਸਮੇਂ (ਹਲਾਤਾਂ) ਵਿੱਚ ਵੀ ਮੁਸੀਬਤਾਂ ਮਾਰੇ ਸਿੱਖ ਦੋਨੋਂ ਸਮੇਂ ਆਪਣੇ ਅਕਾਲ ਪੁਰਖ ਅੱਗੇ ਅਰਦਾਸ ਕਰਦੇ ‘ਜਿੰਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜ੍ਹੀਆਂ ’ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ !’

ਸਿੱਖ ਤੋਂ ਸਿੰਘ ਹੋਣ ਦਾ ਪ੍ਰਵੇਸ਼ ਦੁਆਰ ਅੰਮ੍ਰਿਤਪਾਨ ਹੈ ਤੇ ਇਸ ਉਚੇਰੇ ਮੰਡਲ ਦਾ ਖਾਸ ਵਿਧਾਨ ਹੈ ਜਿਸ ਨੂੰ ਰਹਿਤ ਕਿਹਾ ਜਾਂਦਾ ਹੈ ਦੂਜੇ ਸ਼ਬਦਾਂ ਵਿਚਿ ਅੰਮ੍ਰਿਤ ਛੱਕਣਾ ਇਕ ਤਰ੍ਹਾਂ ਦੀ ਪ੍ਰਤਿਗਿਆ ਹੈ ਕਿ ਮੈਂ ਦਸ ਗੁਰੂਆਂ ਦੇ ਮਾਰਗ ਉੱਤੇ ਚੱਲਣ ਦਾ ਪ੍ਰਣ ਕਰਦਾ ਹਾਂ, ਗੁਰੂ ਗ੍ਰੰਥ ਸਾਹਿਬ ਜੀ ਅਤੇ ਉਸ ’ਤੇ ਆਧਾਰਤ ਗ੍ਰੰਥਾਂ ਵਿੱਚ ਅੰਦਰਲੀ ਰਹਿਤ ਰੱਖਣ ਦੀ ਜੀਵਨ ਘਾੜਤ ਦੀ ਵਿਆਖਿਆ ਵਿਸਥਾਰ ਪੂਰਵਕ ਮਿਲਦੀ ਹੈ ਫਿਰ ਵੀ ‘ਸਿੱਖ ਲਹਿਰ’ ਨੂੰ ‘ਸਿੰਘ ਲਹਿਰ’ ਬਣਾ ਕੇ ਖਾਲਸਾ ਜਥੇਬੰਦੀ ਵਿੱਚ ਪਰੋਇਆ ਗਿਆ ਸੀ, ਤਦੋਂ ਇਸ ਸੰਸਥਾਈ ਸਰੂਪ ਲਈ ਬਾਹਰਲੀ ਵਰਦੀ ਦਾ ਜ਼ਾਬਤਾ ਨਿਸ਼ਚਿਤ ਕਰਨਾ ਵੀ ਜ਼ਰੂਰੀ ਸੀ। ਇਸੇ ਕਰਕੇ ਗੁਰਮਤਿ ਰਾਹੀਂ ਜਿੱਥੇ ਅੰਦਰਲੀ ਨਿਯਮਾਵਲੀ ਪ੍ਰਪੱਕ ਕੀਤੀ ਗਈ ਹੈ ਉੱਥੇ ਬਾਹਰਲੀ ਚਿੰਨ੍ਹਾਵਲੀ ਵੀ ਨਿਸ਼ਚਿਤ ਕਰ ਦਿੱਤੀ ਗਈ ਤਾਂ ਕਿ ਖਾਲਸਾ ਭਾਈਚਾਰੇ ਦਾ ਸੰਤ-ਸਿਪਾਹੀ ਸਰੂਪ ਵਿਲੱਖਣ ਨਜ਼ਰ ਆਵੇ ਬਾਹਰਲੀ ਰਹਿਤ ਲਈ ਪੰਜ ਕਕਾਰਾਂ ਦੀ ਵਰਦੀ (ਕੇਸ, ਕੰਘਾ, ਕੜਾ, ਕਿ੍ਰਪਾਨ ਅਤੇ ਕਛਹਿਰਾ) ਬਖ਼ਸ਼ਿਸ਼ ਕੀਤੀ ਉੱਥੇ ਕੇਸਾਂ ਦੀ ਸੰਭਾਲ ਲਈ ‘ਕੰਘਾ ਦੋਨੋਂ ਵਕਤ ਕਰਿ, ਪਾਗ ਚੁਨੈ ਕਰਿ ਬਾਂਧਈ’ ਅਨੁਸਾਰ ਦਸਤਾਰ ਸਜਾਉਣ ਦਾ ਹੁਕਮ ਕੀਤਾ ਜਿਸ ਕਰਕੇ ਸਾਨੂੰ ਲੋਕ ‘ਸਰਦਾਰ’ ਆਖਦੇ ਹਨ। ਜਿਸ ਦਾ ਸਾਡੇ ਸਭਿਆਚਾਰਕ ਸਮਾਜਿਕ ਜੀਵਨ ਵਿੱਚ ਮਹੱਤਵ ਮੰਨਿਆ ਜਾਂਦਾ ਹੈ ਉੱਥੇ ਸਿੱਖੀ ਵਿੱਚ ‘ਦਸਤਾਰ’ ਧਾਰਮਿਕ ਮਹੱਤਤਾ ਵੀ ਰੱਖਦੀ ਹੈ ‘ਦਸਤਾਰ’ ਲਈ ਵੱਖ ਵੱਖ ਨਾਂ ਵਰਤੀਦੇ ਹਨ। ਜਿਵੇਂ ‘ਪਗੜੀ, ਚੀਰਾ, ਸਾਫਾ, ਦਸਤਾਰ, ਇਮਾਮਾ, ਉਸਣੀਸ਼’ ਆਦਿ।

‘ਉਸਣੀਸ਼’ ਸੰਸਕਿ੍ਰਤ ਪਦ ਹੈ, ਜਿਸ ਦਾ ਅਰਥ ਹੈ ਗਰਮੀ ਸਰਦੀ ਦੇ ਬਚਾਉ ਲਈ ਪਹਿਨਿਆ ਗਿਆ ਸਿਰ ’ਤੇਬਸਤ੍ਰ। ‘ਚੀਰਾ’ ਸੰਸਕਿ੍ਰਤ ਤੇ ਫਾਰਸੀ ਦੋਹਾਂ ਵਿੱਚ ਵਰਤਿਆ ਮਿਲਦਾ ਹੈ ਇਸ ਦਾ ਭਾਵ ਕੱਪੜੇ ਦਾ ਟੁਕੜਾ।‘ਸਾਫਾ’ ਅਰਬੀ ਸ਼ਬਦ ਹੈ ਜੋ ਸ਼ੁਧਤਾ ਤੇ ਸਫਾਈ ਦਾ ਸੂਚਕ ਜਾਂ ਵਾਚਕ ਹੈ। ਅਰਬੀ ਭਾਸ਼ਾ ਵਿੱਚ ‘ਪਗੜੀ’ ਲਈ‘ਇਮਾਮਾ’ ਸੰਕੇਤ ਮਿਲਦਾ ਹੈ। ਇਹ ਇਸ ਲਈ ਕਿ ਜੋ ਮਜ਼੍ਹਬੀ ਆਗੂ ਰਹੁਰੀਤਿ ਨਿਮਾਜ਼ ਆਦਿ ਦੀ ਅਗਵਾਈ ਕਰਦਾ ਹੈ ਉਸ ਨੂੰ ‘ਇਮਾਮ’ ਕਹਿੰਦੇ ਹਨ। ਉਹ ਖਾਸ ਤੌਰ ’ਤੇ ਦਸਤਾਰਧਾਰੀ ਹੁੰਦਾ ਹੈ।

ਭਾਰਤੀ ਸੱਭਿਆਚਾਰ ਦੇ ਨਾਲ ਸਿੱਖੀ ਸੱਭਿਆਚਾਰ ਦੇ ਇਸ ਪ੍ਰਮੁੱਖ ਨਿਸ਼ਾਨ ਨੂੰ ਪੰਜ ਕਕਾਰਾਂ ਦੇ ਨਾਲ ਸਿੱਖ ਦੇ ਨਾਲ ਸਿੱਖ ਦੇ ਸਿਰ ’ਤੇ ਤਾਜ ਵਾਂਗ ਸਜਾਇਆ ਗਿਆ। ਜਦੋਂ ਅਸੀਂ ਪੁਰਾਤਨ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਮੁਸਲਮਾਨੀ ਕਾਲ ਦੇ ਰਾਜ ਦਰਬਾਰਾਂ ਵਿੱਚ ਜਦੋਂ ਕੋਈ ਪਤਵੱਤਾ ਹਾਜ਼ਰੀ ਭਰਦਾ ਸੀ ਤਾਂ ਦਰਬਾਰ ਵੱਲੋਂ ਉਸ ਨੂੰ ਜਾਮਾ ਪਹਿਨਾਇਆ ਜਾਂਦਾ ਸੀ ਜਾਂ ਸਿਰਪਾਉ ਦਿੱਤਾ ਜਾਂਦਾ ਸੀ ਸਿਰੋਪਾਉ ਦਾ ਅਰਥ ਹੀ ਸਿਰ ਤੋਂ ਪੈਰਾਂ ਤੱਕ ਦਾ ਲਿਬਾਸ ਹੈ। ਸਾਡੀਆਂ ਭਾਈਚਾਰਕ ਰਸਮਾਂ ਵਿੱਚ ਅੱਜ ਵੀ ਰੀਤ ਪ੍ਰਚਲਿਤ ਹੈ ਕਿ ਕਿਸੇ ਲੜਕੀ ਜਾਂ ਸੁਆਣੀ ਨੂੰ ਤਿਉਰ (ਕੁੜਤੀ, ਸਲਵਾਰ ਤੇ ਦੁਪੱਟਾ) ਅਤੇ ਆਦਮੀ ਨੂੰ ਪੱਗ ਦੇ ਕੇ ਉਸ ਦਾ ਸਤਿਕਾਰ ਕੀਤਾ ਜਾਂਦਾ ਹੈ। ਮੌਤ ਦੀ ਰਸਮ ਸਮੇਂ ਪਗੜੀ ਕੀਤੀ ਜਾਂਦੀ ਹੈ। ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਸਮਾਣ ਸਮੇਂ ਦੀ ਉਦਾਹਰਣ ਸਾਡੇ ਸਾਮ੍ਹਣੇ ਹੈ: ‘ਮਰਨੇ ਦੀ ਪੱਗ ਪ੍ਰਿਥੀਏ ਬੱਧੀ। ਗੁਰਿਆਈ ਦੀ ਪੱਗ ਅਰਜਨ ਲੱਧੀ।’

ਮੁਸਲਮਾਨੀ ਹਮਲਿਆਂ ਸਮੇਂ ਹਿੰਦੋਸਤਾਨੀਆਂ ਦੀ ਪੱਗ ਇਸ ਲਈ ਉਤਾਰੀ ਜਾਂਦੀ ਰਹੀ ਕਿਉਂਕਿ ਅਰਬੀ, ਤਰਕੀ, ਈਰਾਨੀ ਤੇ ਪਠਾਣੀ ਸੱਭਿਆਚਾਰ ਵਿੱਚ ਦਸਤਾਰ ਕੇਵਲ ਇੱਕ ਬਸਤ੍ਰ ਮਾਤ੍ਰ ਨਹੀਂ ਸਗੋਂ ਪੱਤ-ਆਬਰੂ ਦਾ ਵੀ ਪ੍ਰਤੀਕ ਹੈ ਪਰ ਹਾਕਮ ਜਮਾਤ ਨਹੀਂ ਚਾਹੁੰਦੀ ਸੀ ਕਿ ਕਾਫਰਾਂ ਗੁਲਮਾਂ ਦੇ ਸਿਰ ’ਤੇ ਇਹ ਸ਼ੋਭਦੀ ਰਹੇ ਇਸ ਲਈ ਇਸ ਨੂੰ ਜਬਰਨ ਉਤਾਰ ਕੇ ਟੋਪੀ ਪਹਿਨਾਈ ਗਈ। ਹੌਲੀ-ਹੌਲੀ ਗੁਲਾਮਾਂ ਦਾ ਪ੍ਰਮਾਣਿਕ ਲਿਬਾਸ ਬਣ ਗਈ। ਔਰਗਜ਼ੇਬ ਨੇ 16 ਫੱਗਣ 1751 ਬਿਕ੍ਰਮੀ (1706 ਈ:) ਨੂੰ ਫੁਰਮਾਣ ਜਾਰੀ ਕੀਤਾ ਕਿ ਰਾਜਪੂਤਾਂ ਤੋਂ ਸਿਵਾ ਕੋਈ ਹਿੰਦੂ, ਇਰਾਨੀ, ਅਰਬੀ ਨਸਲ ਦੇ ਵਧੀਆ ਘੌੜੇ ਦੀ ਸਵਾਰੀ ਨ ਕਰੇ, ਨਾ ਹੀ ਹਥਿਆਰ ਤੇ ਦਸਤਾਰ ਪਹਿਨੇ। ਕੌਮੀ ਸਵੈਮਾਣ ਨੂੰ ਬਹਾਲ ਕਰਨ ਲਈ ਗੁਰੂ ਸਾਹਿਬਾਨ ਨੇ ਵਧੀਆ ਘੌੜਿਆਂ ਦੀ ਆਪ ਵੀ ਸਵਾਰੀ ਕੀਤੀ ਤੇ ਕਰਾਈ, ਝੰਡੇ (ਨਿਸ਼ਾਨ ਸਾਹਿਬ) ਝੂਲਾਏ ਤੇ ਰਣਜੀਤ ਨਗਾਰੇ ਵਜਾਏ, ਸਿੰਘਾਂ ਦੇ ਸਿਰਾਂ ’ਤੇ ਦੁਮਾਲੇ ਸਜਾਏ।

ਗੁਰੂ ਸਾਹਿਬ ਇਸ ਗੱਲ ਲਈ ਬੜੇ ਚੇਤੰਨ ਸਨ ਕਿ ਜਿੰਨਾ ਚਿਰ ਕਿਸੇ ਕੌਮ ਦੇ ਸੱਭਿਆਚਾਰਕ ਸਵੈਮਾਣ ਨੂੰ ਬਰਕਰਾਰ ਨਾ ਰੱਖਿਆ ਜਾਵੇ ਓਨਾ ਚਿਰ ਕੋਈ ਕੌਮ ਆਪਣੀ ਆਜ਼ਾਦ ਹਸਤੀ ਅਤੇ ਮਾਣ ਪ੍ਰਤਿਸ਼ਠਾ ਨੂੰ ਕਾਇਮ ਨਹੀਂ ਰੱਖ ਸਕਦੀ ਬਲਕਿ ਉਸ ਦੀ ਜ਼ਮੀਰ ਤੇ ਅਣਖ ਦੀ ਮੌਤ ਹੁੰਦੀ ਹੈ। ਭਾਈ ਗੁਰਦਾਸ ਜੀ ਨੇ ਇਸੇ ਕਰਕੇ ਹਵਾਲਾ ਦਿੱਤਾ ਹੈ ਕਿ ਭਾਰਤੀ ਸੱਭਿਆਚਾਰ ਵਿੱਚ ਜੇ ਕੋਈ ਨੰਗੇ ਸਿਰ ਘਰ ਵੜੇ ਤਾਂ ਇਹ ਕਿਸੇ ਦੀ ਮੌਤ ਦਾ ਪ੍ਰਤੀਕ ਮੰਨਿਆ ਜਾਂਦਾ ਸੀ : ‘‘ਠੰਢੇ ਖੂਹਹੁੰ ਨ੍ਹਾਇ ਕੈ; ਪਗ ਵਿਸਾਰਿ ਆਇਆ ਸਿਰਿ ਨੰਗੈ। ਘਰ ਵਿਚਿ ਰੰਨਾ ਕਮਲੀਆਂ; ਧੁਸੀ ਲੀਤੀ ਦੇਖਿ ਕੁਢੰਗੈ। ਰੰਨਾ ਦੇਖਿ ਪਿਟੰਦੀਆ; ਢਾਹਾਂ ਮਾਰੈਂ ਹੋਇ ਨਿਸੰਗੈ। ਲੋਕ ਸਿਆਪੇ ਆਇਆ; ਰੰਨਾ ਪੁਰਸ ਜੁੜੇ ਲੈ ਪੰਗੈ।’’ (ਭਾਈ ਗੁਰਦਾਸ ਜੀ /ਵਾਰ ੩੨ ਪਉੜੀ ੧੯)

ਸਤਿਗੁਰਾਂ ਨੇ ਆਤਮਿਕ ਜੀਵਨ ਦੇ ਨਾਲ-ਨਾਲ, ਖਾਨ ਪਾਨ ਪਹਿਨਣ ਤੇ ਜ਼ੁਬਾਨ (ਬੋਲੀ) ਬਾਰੇ ਵੀ ਸਾਵਧਾਨ ਰਹਿਣ ਲਈ ਪ੍ਰੇਰਿਆ ਦਸਤਾਰ ਤਾਂ ਇਨ੍ਹਾਂ ਪ੍ਰਤੀਕਾਂ ਦਾ ਸਰਦਾਰ ਸੀ ਜਿਸ ਦਾ ਉੱਚਾ ਸੁੱਚਾ ਰਹਿਣਾ ਬਹੁਤ ਜ਼ਰੂਰੀ ਹੈ : ‘‘ਹਉ ਗੋਸਾਈ ਦਾ ਪਹਿਲਵਾਨੜਾ ॥ ਮੈ ਗੁਰ ਮਿਲਿ, ਉਚ ਦੁਮਾਲੜਾ ॥ ਸਭ ਹੋਈ ਛਿੰਝ ਇਕਠੀਆ, ਦਯੁ ਬੈਠਾ ਵੇਖੈ ਆਪਿ ਜੀਉ ॥’’ (ਮ: ੫/੭੪), ਕਾਇਆ ਕਿਰਦਾਰ; ਅਉਰਤ ਯਕੀਨਾ ॥ ਰੰਗ ਤਮਾਸੇ; ਮਾਣਿ ਹਕੀਨਾ ॥ ਨਾਪਾਕ, ਪਾਕੁ ਕਰਿ, ਹਦੂਰਿ ਹਦੀਸਾ; ਸਾਬਤ ਸੂਰਤਿ ਦਸਤਾਰ ਸਿਰਾ ॥ (ਮ: ੫/੧੦੮੪)

ਸੋ, ਗੁਰੂ ਸਾਹਿਬਾਨ ਨੇ ਮੁੱਢ ਤੋਂ ਹੀ ਆਪਣੇ ਸਿੱਖਾਂ ਨੂੰ ਦਸਤਾਰ ਧਾਰੀ ਹੋਣ ਲਈ ਪ੍ਰੇਰਿਆ। ਅਬਦੂਲ ਤੇ ਨੱਥਾ ਜੀ, ਜੋ ਛੇਵੇ ਗੁਰੂ ਜੀ ਦੇ ਦਰਬਾਰੀ ਢਾਢੀ ਸਨ, ਨੇ ਪਾ: ਜੀ ਦੇ ਦੋ ਤਲਵਾਰਾਂ ਪਹਿਨਣ ਦੇ ਨਾਲ ਪੱਗ ਦੀ ਸ਼ਾਨ ਨੂੰ ਇਉਂ ਵਰਣਨ ਕੀਤੀ ਹੈ : ‘ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ, ਇਕ ਪੀਰੀ ਦੀ ॥ ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰੀ ਦੀ। ਹਿੰਮਤ ਬਾਹਾਂ ਕੋਟ ਗੜ੍ਹ, ਦਰਵਾਜ਼ਾ ਬਲਖ਼ ਬਖ਼ੀਰ ਦੀ। ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਜੀ। ਪਗ ਤੇਰੀ ! ਕੀ ਜਹਾਂਗੀਰ ਦੀ ?’

ਭਾਈ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਅੰਕਤ ਕੀਤਾ ਹੈ: ‘ਖੱਦਰਉਸੀ ਕੇ ਦਸਤਾਰੇ, ਸਾਫੇ ਊਭੈ ਹਜ਼ੂਰੀ ਭਾਰੇ।’

‘ਕੰਘਾ ਦੋਨੋਂ ਵਕਤ ਕਰ ਪਗ ਚੁਣੈ ਕਰ ਬਾਂਧਈ । ਦਾਤਨ ਕਰੇ ਨਿਤ ਨੀਤ, ਨਾ ਦੁਖ ਪਾਵੈ ਲਾਲ ਜੀ।’ (ਨੰਦ ਲਾਲ ਸਿੰਘ ਤਨਖਾਨ ਨਾਮਾ 6)

‘ਕੰਘਾ ਕਰਦ, ਦਸਤਾਰ ਸਜਾਵੈ । ਇਹ ਰਹਿਤ, ਸਿੰਘਨ ਕਉ ਭਾਵੈ।’ (ਭਾਈ ਦੇਸਾ ਜੀ ਦਾ ਰਹਿਤਨਾਮਾ)

‘ਜੋ ਅੰਮ੍ਰਿਤ ਛਕਿਆ ਚਾਹੈ, ਕੱਛ ਪਹਿਰਾਵੈ ॥ ਕੇਸ ਇਕੱਠੇ ਕਰ, ਜੂੜਾ ਕਰੇ ਦਸਤਾਰ ਸਜਾਵੈ। ਕੇਸ ਨੰਗੇ ਰਖਣਾ ਦੋਸ਼ ਹੈ, ਦੋ ਪੱਗਾਂ ਰੱਖਣੀ ਚਾਹੀਏ। ਜੇ ਵੱਡੀ ਲਹਿ ਜਾਏ ਤਾਂ ਛੋਟੀ ਰਹੇ, ਨਿੱਕੀ ਪੱਗ ਨ ਲਾਹਵਣੀ।’ – ( ਬਿਜੈ ਸੁਕਮ ਧਰਮ ਸ਼ਾਸ਼ਤ੍ਰ )

ਬਰਤਾਨਵੀ ਸਰਕਾਰ ਵੇਲੇ ਵੀ ਸਿੱਖ ਫੌਜਾਂ ਵਿੱਚ ਦਸਤਾਰ ਦੀ ਮਹੱਤਤਾ ਸੀ ਹਰ ਸਿੱਖ ਫੌਜੀ ਨੂੰ ਪੰਜ ਮੀਟਰ ਦਾ ਦਸਤਾਰਾ ਦਿੱਤਾ ਜਾਂਦਾ ਸੀ। ਪਰ ਸਿੱਖ ਫੌਜੀਆਂ ਨੇ ਮੰਗ ਕੀਤੀ ਕਿ ਸਾਨੂੰ ਦੋਹਰੀ ਦਸਤਾਰ ਸਜਾਉਣ ਲਈ ਕੇਸਕੀ ਦਿੱਤੀ ਜਾਏ ਤਾਂ ਪੰਜ ਮੀਟਰ ਦਸਤਾਰ ਦੇ ਨਾਲ ਸਰਕਾਰੀ ਤੌਰ ’ਤੇ ਢਾਈ ਮੀਟਰ ਦੀ ਛੋਟੀ ਪੱਗ ਹੇਠਾਂ ਸਜਾਣ ਲਈ ਦਿੱਤੀ ਜਾਂਦੀ ਸੀ। ਪੰਜ ਮੀਟਰ ਦਸਤਾਰ ਤੋਂ ਅੱਧੀ ਢਾਈ ਮੀਟਰ ਹੋਣ ਕਰਕੇ ਅੰਗਰੇਜ਼ਾਂ ਵੱਲੋਂ ਇਸ ਨੂੰ ਫਿਫਟੀ ਭਾਵ (50%) ਦਾ ਨਾਂ ਦਿੱਤਾ ਗਿਆ, ਜੋ ਅੱਜ ਤੱਕ ਵੀ ਭਾਰਤੀ ਫੌਜ ਤੇ ਪੈਰਾ ਮਿਲਟ੍ਰੀ ਵਿੱਚ ਲਾਗੂ ਹੈ। ਰੱਬੀ ਸ਼ੋਭਾ ਨੂੰ ਬਿਆਨ ਕਰਦਿਆਂ ਹੀ ਭਗਤ ਨਾਮਦੇਵ ਜੀ ਨੇ ਬਚਨ ਕੀਤਾ : ‘‘ਖੂਬੁ ਤੇਰੀ ਪਗਰੀ; ਮੀਠੇ ਤੇਰੇ ਬੋਲ ॥’’ (ਭਗਤ ਨਾਮਦੇਵ/੭੨੭) ਇੱਥੇ ਪਗੜੀ ਇੱਜ਼ਤ ਸ਼ੋਭਾ ਦਾ ਪ੍ਰਤੀਕ ਹੈ।

ਰੱਬੀ ਦਰਬਾਰ ਵਿੱਚ ਜੋ ਪਿਆਰ ਸਤਿਕਾਰ ਆਪਣੇ ਪਿਆਰਿਆਂ ਨੂੰ ਮਿਲਦਾ ਹੈ ਉਸ ਨੂੰ ਇਸੇ ਸੱਭਿਆਚਾਰਕ ਪ੍ਰਤੀਕ ਦੁਆਰਾ ਬਿਆਨ ਕੀਤਾ ਗਿਆ ਹੈ। ਪੰਜਵੇਂ ਗੁਰਦੇਵ ਜੀ ਫੁਰਮਾਨ ਕਰਦੇ ਹਨ: ‘‘ਪਹਿਰਿ ਸਿਰਪਾਉ ਸੇਵਕ ਜਨ ਮੇਲੇ; ਨਾਨਕ ਪ੍ਰਗਟ ਪਹਾਰੇ॥’’ (ਮ: ੫/੬੩੧)

ਸਿੱਖ ਕੌਮ ਹਮੇਸ਼ਾ ਪਗੜੀ ਦੀ ਮਹੱਤਤਾ ਲਈ ਜੂਝਦੀ ਰਹੀ ਹੈ ਤੇ ਜੂਝਦੀ ਰਹੇਗੀ ਕਿਉਂਕਿ ਸਿੱਖ ਲਈ ਇਹ ਕੇਵਲ ਕੱਪੜਾ ਮਾਤ੍ਰ ਨਹੀਂ ਬਲਕਿ ਸਿਰ ਦਾ ਤਾਜ ਹੈ, ਸਰਦਾਰੀ ਦਾ ਪ੍ਰਤੀਕ ਹੈ। ਅੱਜ ਅਸੀਂ ਸਾਹਿਬਜ਼ਾਦਾ ਜੂਝਾਰ ਸਿੰਘ ਜੀ ਦਾ ਜਨਮ ਦਿਨ ਮਨਾ ਰਹੇ ਹਾਂ, ਉਨ੍ਹਾਂ ਨੇ ਆਪਣਾ ਜੀਵਨ ਗੁਰੂ ਪਿਤਾ ਦੇ ਹੁਕਮਾਂ ਅਨੁਸਾਰ ਧਰਮ ਰੱਖਿਅਕ ਬਣ ਕੇ ‘‘ਹਉ ਗੋਸਾਈ ਦਾ ਪਹਿਲਵਾਨੜਾ ॥ ਮੈ ਗੁਰ ਮਿਲਿ, ਉਚ ਦੁਮਾਲੜਾ ॥’’ (ਮ: ੫/੭੪) ਦੀ ਸ਼ਾਨ ਲਈ ਜੀਵਨ ਜੀਵਿਆ ਤੇ ਆਪਣੀ ਸ਼ਹਾਦਤ ਵੀ ਦਿੱਤੀ। ਅੱਜ ਸਾਡਾ ਫ਼ਰਜ ਬਣਦਾ ਹੈ ਕਿ ਕੇਸਾਂ ਭਾਵ ਕੁਦਰਤ ਵਲੋਂ ਬਖ਼ਸ਼ਸ਼ ਕੀਤੇ ਗਏ ਸੁੰਦਰ ਸਰੂਪ ਦੀ ਸੰਭਾਲ ਕਰਦੇ ਹੋਏ ਆਪਣੀ ਸੋਹਣੀ ਦਸਤਾਰ ਵੀ ਸੰਭਾਲਣਾ ਕਰਨੀ ਵੀ ਸਿਖੀਏ ਤਾਂ ਜੋ ਸੰਸਾਰ ਭਰ ਵਿੱਚ ਸਾਡੀ ਵਿਲੱਖਣਤਾ ਨਿਆਰੇ ਪਨ ਦਾ ਬੋਲ ਬਾਲਾ ਚੜ੍ਹਦੀ ਕਲਾ ਵਿੱਚ ਰਹੇ ਤੇ ਅਸੀਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਕਹਿ ਸਕੀਏ ‘‘ਪ੍ਰੇਮ ਪਟੋਲਾ ਤੈ ਸਹਿ ਦਿਤਾ; ਢਕਣ ਕੂ ਪਤਿ ਮੇਰੀ ॥’’ (ਮ: ੫/੫੨੦)