ਕੁਦਰਤੀ ਆਫਤਾਂ ਬਨਾਮ ਸਿੱਖ ਪਹਿਚਾਣ

0
350

ਕੁਦਰਤੀ ਆਫਤਾਂ ਬਨਾਮ ਸਿੱਖ ਪਹਿਚਾਣ

ਨਰਿੰਦਰ ਪਾਲ ਸਿੰਘ – ਮੋ:98553-13236

ਬੀਤੇ ਕੁਝ ਸਾਲਾਂ ਵਿੱਚ ਤੁਫਾਨ, ਹੜ੍ਹਾਂ ਅਤੇ ਭੁਚਾਲਾਂ ਦੇ ਰੂਪ ਵਿੱਚ ਆਈਆਂ ਕੁਦਰਤੀ ਆਫਤਾਂ ਕਾਰਣ ਜਿੱਥੇ ਅਨਗਿਣਤ ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ, ਜਖਮੀ ਹੋਏ ਉੱਥੇ ਅਰਬਾਂ ਖਰਬਾਂ ਰੁਪਏ ਦਾ ਮਾਲੀ ਨੁਕਸਾਨ ਵੀ ਹੋਇਆ ਹੈ। ਹਜਾਰਾਂ ਲੋਕ ਇਨ੍ਹਾਂ ਕੁਦਰਤੀ ਆਫਤਾਂ ਕਾਰਣ ਅੱਜ ਵੀ ਮਾਨਸਿਕ ਪ੍ਰੇਸ਼ਾਨੀ ਦੇ ਆਲਮ ਵਿੱਚੋਂ ਗੁਜਰ ਰਹੇ ਹਨ। ਇਨ੍ਹਾਂ ਕੁਦਰਤੀ ਆਫਤਾਂ ਤੋਂ ਪੀੜਤ ਲੋਕਾਂ ਦੀ ਵੇਲੇ ਸਿਰ ਬਹੁੜੀ ਕਰਨ ਲਈ ਜਿੱਥੇ ਵਿਸ਼ਵਭਰ ਦੀਆਂ ਸ਼ਕਤੀਸ਼ਾਲੀ ਤਾਕਤਾਂ ਅੱਗੇ ਆਈਆਂ ਉੱਥੇ ਦਸਮੇਸ਼ ਪਿਤਾ ਦੀ ਲਾਡਲੀ ਸਿੱਖ ਕੌਮ ਵੀ ਇਨ੍ਹਾਂ ਦਾ ਦਰਦ ਵੰਡਾਉਣ ਲਈ ਅੱਗੇ ਆਈ। ਵਿਸ਼ਵ ਦੀ ਸਭ ਤੋਂ ਛੋਟੀ ਉਮਰ ਅਤੇ ਘੱਟ ਗਿਣਤੀ ਵਾਲੀ ਸਿੱਖ ਕੌਮ ਆਪਣੇ ਸੀਮਤ ਸਾਧਨਾਂ ਨਾਲ ਕੁਦਰਤ ਦੇ ਮਾਰੇ ਲੋਕਾਂ ਲਈ ਸ਼ਾਇਦ ਉਹ ਸਭ ਕੁਝ ਤਾਂ ਨਾਂ ਕਰ ਸਕੀ ਹੋਵੇ ਜੋ ਕਿ ਸ਼ਕਤੀਸ਼ਾਲੀ ਤੇ ਸਮਰੱਥ ਤਾਕਤਾਂ ਕਰ ਗੁਜਰਦੀਆਂ ਹਨ ਲੇਕਿਨ ਅਜੇਹੀ ਔਖੀ ਘੜ੍ਹੀ ਲੋੜਵੰਦਾਂ ਦੀ ਬਾਂਹ ਫੜ੍ਹਨ ਅਤੇ ਮਨੁੱਖਤਾ ਦਾ ਦਰਦ ਵੰਡਾਉਣ ਪ੍ਰਤੀ ਸਿੱਖ ਕੌਮ ਦੇ ਪ੍ਰਚੰਡ ਜਜ਼ਬੇ ਦਾ ਲੋਹਾ ਸੰਸਾਰ ਭਰ ਵਿੱਚ ਜ਼ਰੂਰ ਮੰਨਿਆ ਗਿਆ। ਇਸ ਦੇ ਨਾਲ ਹੀ ਸਾਬਤ ਸੂਰਤ ਦਸਤਾਰਧਾਰੀ ਸਿੱਖੀ ਸਰੂਪ ਦੀ ਵਿਲੱਖਣ ਪਹਿਚਾਨ ਵੀ ਸੰਸਾਰ ਸਾਹਮਣੇ ਆਈ ਹੈ।

ਭਾਰਤ ਸਮੇਤ ਕੁਝ ਹੋਰ ਦੇਸ਼ਾਂ ਵਿੱਚ ਪਿਛਲੇ ਇੱਕ ਦਹਾਕੇ ਦੌਰਾਨ ਵਾਪਰੀਆਂ ਕੁਦਰਤੀ ਆਫਤਾਂ ਦਾ ਲੇਖਾ ਜੋਖਾ ਕੀਤਾ ਜਾਏ ਤਾਂ ਭਾਰਤ ਦੇ ਸਮੁੰਦਰੀ ਤੱਟਾਂ ’ਤੇ ਆਈ ਸੁਨਾਮੀ, ਉਤਰਾਖੰਡ ਅਤੇ ਜੰਮੂ ਕਸ਼ਮੀਰ ਵਿੱਚ ਆਏ ਮੀਂਹ ਅਤੇ ਇਸ ਕਾਰਣ ਆਏ ਹੜ੍ਹਾਂ ਨੇ ਸਬੰਧਤ ਰਾਜਾਂ ਵਿੱਚ ਜ਼ਿੰਦਗੀ ਹਾਲੋ ਬੇਹਾਲ ਕਰ ਦਿੱਤੀ ਸੀ ਜਿਸ ਨੂੰ ਵੇਖ ਕੇ ਦੁਨੀਆਂ ਭਰ ਦੇ ਲੋਕ ਵੀ ਉਂਗਲਾਂ ਮੂੰਹ ਵਿੱਚ ਪਾਉਣ ਲਈ ਮਜਬੂਰ ਹੋ ਗਏ। ਜੰਮੂ ਕਸ਼ਮੀਰ ਵਿੱਚ ਤਾਂ ਪੀੜਤਾਂ ਦੀ ਸਾਰ ਲੈਣ ਲਈ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਪੁਜੀ ਸੀ। ਅਜੇਹੀਆਂ ਘਟਨਾਵਾਂ ਵਾਪਰਦਿਆਂ ਹੀ ਸਬੰਧਤ ਦੇਸ਼ ਜਾਂ ਸੂਬਿਆਂ ਦੀਆਂ ਸਰਕਾਰਾਂ ਲਈ ਦੁੱਵਿਧਾ ਪੈਦਾ ਹੋ ਜਾਂਦੀ ਹੈ ਕਿ ਕਿਹੜਾ ਕਾਰਜ ਪਹਿਲ ਦੇ ਆਧਾਰ ’ਤੇ ਕੀਤਾ ਜਾਏ ਅਤੇ ਅਜੇਹੇ ਵਿੱਚ ਬਾਹਰੋਂ ਪੁਜੀ ਹਰ ਮਦਦ, ਸਹੀ ਸ਼ਬਦਾਂ ਵਿੱਚ ਤੁਰੰਤ ਰਾਹਤ/ਰਲੀਫ ਹੋ ਗੁਜਰਦੀ ਹੈ। ਰਾਹਤ ਕਾਰਜਾਂ ਵਿੱਚ ਬਾਹਰੋਂ ਹਿੱਸਾ ਪਾਉਣ ਪੁੱਜੇ ਮਾਨਵ ਦੂਤ ਵੀ ਸਭ ਤੋਂ ਪਹਿਲਾਂ ਮਨੁੱਖੀ ਜਾਨਾਂ ਨੂੰ ਬਚਾਉਣ, ਉਨ੍ਹਾਂ ਦੀ ਭੋਜਨ ਤੇ ਪਾਣੀ ਦੀ ਤੁਰੰਤ ਲੋੜ ਨੂੰ ਪੂਰਾ ਕਰਨ ਬਾਅਦ ਜੀਵਨ ਜੀੳੂਣ ਜੌਗੇ ਕਰਨ ਦੇ ਰਾਹ ਤੁਰਦੇ ਹਨ। ਸਰਕਾਰਾਂ ਤਾਂ ਅਜੇਹੇ ਉਪਰਾਲੇ ਕਰਨ ਅਤੇ ਨੇਪਰੇ ਚਾੜ੍ਹਨ ਦੇ ਅਕਸਰ ਸਮਰੱਥ ਹੁੰਦੀਆਂ ਹਨ ਲੇਕਿਨ ਸੀਮਤ ਸਾਧਨਾ ਨਾਲ ਲੈਸ ਸਮਾਜ ਸੇਵੀ ਸੰਸਥਾਵਾਂ ਲਈ ਇਹ ਸਹੀ ਅਰਥਾਂ ਵਿੱਚ ਪਰਖ ਦੀ ਘੜੀ ਹੁੰਦੀ ਹੈ, ਬਿਨ੍ਹਾ ਭੇਦ ਭਾਵ, ਜਾਤ ਪਾਤ ਨਸਲ ਦੇ ਵਿਤਕਰੇ ਦੇ ਪੀੜਤਾਂ ਦੀ ਮਦਦ ਕਰਦਿਆਂ ਹਰੇਕ ਨੂੰ ਮਨੁੱਖਤਾ ਦੇ ਵਿਸ਼ਾਲ ਕਲਾਵੇ ਵਿੱਚ ਲੈ ਕੇ ਸਿਰਫ ਸੇਵਾ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਅੱਗੇ ਵੱਧਣਾ, ਪੀੜਤ ਲੋਕਾਂ ਨੂੰ ਰਾਹਤ ਪਹੁੰਚਾਉਂਦਿਆਂ ਉਨ੍ਹਾਂ ਦੇ ਦਿਲ ਵਿੱਚ ਥਾਂ ਬਨਾਉਣਾ ਆਸਾਨ ਨਹੀ ਹੁੰਦਾ। ਦੂਸਰੇ ਸੂਬਿਆਂ ਤੇ ਖਾਸ ਕਰਕੇ ਵਿਦੇਸ਼ਾਂ ਵਿੱਚ ਕੁਦਰਤੀ ਆਫਤਾਂ ਤੋਂ ਪੀੜਤ ਲੋਕਾਂ ਦੀ ਮਦਦ ਕਰਨੀ ਹੋਰ ਵੀ ਔਖੀ ਹੁੰਦੀ ਹੈ ਕਿਉਂਕਿ ਦੋ ਅਲੱਗ ਅੱਲਗ ਦੇਸ਼ਾਂ ਦੇ ਬਸ਼ਿੰਦਿਆਂ ਦਰਮਿਆਨ ਭਾਸ਼ਾ ਦੀ ਦੀਵਾਰ ਅਕਸਰ ਉੱਚੀ ਤੇ ਮਜਬੂਤ ਹੁੰਦੀ ਹੈ ਜਿਸ ਨੂੰ ਪਿਆਰ ਮੁਹੱਬਤ ਤੇ ਆਪਣੱਤ ਦੀ ਭਾਵਨਾ ਹੀ ਕਮਜੋਰ ਕਰ ਸਕਦੀ ਹੈ।

ਬਰਤਾਨੀਆਂ ਵਿੱਚ ਆਏ ਹੜ੍ਹਾਂ ਦੇ ਨਾਲ ਨਾਲ ਸੀਰੀਆ/ਈਰਾਕ ਦੇ ਰਫਿਊਜੀ ਕੈਂਪਾਂ ਅਤੇ ਬੰਗਲਾ ਦੇਸ਼ ਵਿੱਚ ਪੀਣ ਵਾਲੇ ਪਾਣੀ ਦੀ ਕਿਲੱਤ ਦਾ ਹੱਲ ਜਦੋਂ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵੀ ਨਾ ਕਰ ਸਕੀਆਂ ਤਾਂ ਖਾਲਸਾ ਏਡ ਵਰਗੀਆਂ ਸਿੱਖ ਸੰਸਥਾਵਾਂ ਨੇ ਪਾਣੀ ਦੇ ਨਵੇਂ ਖੂਹ ਅਤੇ ਨਲਕੇ ਲਵਾਉਣ ਦਾ ਜੋਖਮ ਭਰਿਆ ਕਾਰਜ ਅੰਜ਼ਾਮ ਦਿੱਤਾ। ਅਕਸਰ ਲੋਕ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਿਆਂ ਥੱਕ ਅਤੇ ਅੱਕ ਜਾਂਦੇ ਹਨ ਲੇਕਿਨ ਹੈਤੀ ਵਰਗੇ ਦੇਸ਼ ਵਿੱਚ ਯਤੀਮ ਬੱਚਿਆਂ ਦੇ ਪਾਲਣ ਪੋਸ਼ਣ ਅਤੇ ਉਨ੍ਹਾਂ ਦੀ ਸਿੱਖਿਆ ਦੇ ਯੋਗ ਪ੍ਰਬੰਧਾਂ ਲਈ ਯਤਨਸ਼ੀਲ ਹੋਣ ਦਾ ਮਾਣ ਵੀ ਸਿੱਖ ਸੰਸਥਾਵਾਂ ਨੇ ਹਾਸਿਲ ਕੀਤਾ ਹੈ। ਇਨ੍ਹਾਂ ਦੇਸ਼ਾਂ ਵਿੱਚ ਅਜੇਹੀ ਔਖੀ ਘੜੀ ਸਮੇਂ ਵੱਖ ਵੱਖ ਸਿੱਖ ਸੰਸਥਾਵਾਂ ਦੁਆਰਾ ਅੰਜ਼ਾਮ ਦਿੱਤੇ ਅਜੇਹੇ ਬਿਖਮ ਕਾਰਜਾਂ ਨੂੰ ਸੰਪੂਰਣ ਸਬਰ ਸੰਤੋਖ ਸਿਦਕ ਸਹਿਤ ਪੂਰਾ ਕਰਨ ਦੇ ਸ਼ਲਾਘਾ ਯੋਗ ਉਪਰਾਲਿਆਂ ਦੀ ਦੰਦ ਚਰਚਾ ਅੱਜ ਵੀ ਹਰ ਜੁਬਾਨ ’ਤੇ ਹੈ।

ਕੁਦਰਤੀ ਆਫਤਾਂ ਮੌਕੇ ਪੀੜਤਾਂ ਦੀ ਮਦਦ ਕਰਨ ਲਈ ਬੀਤੇ ਕੁਝ ਦਹਾਕਿਆਂ ਤੋਂ ਨਿਰੰਤਰ ਸਾਹਮਣੇ ਆ ਰਹੀਆਂ ਸਿੱਖ ਸੰਸਥਾਵਾਂ ਦਾ ਹੀ ਜਿਕਰ ਕੀਤਾ ਜਾਵੇ ਤਾਂ ਸਭ ਤੋਂ ਵੱਧ ਆਰਥਿਕ ਤੌਰ ’ਤੇ ਮਜਬੂਤ ਅਤੇ ਵਡੇਰੀ ਉਮਰ ਦੀ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ (ਉਮਰ 90 ਸਾਲ) ਅਤੇ ਦੂਸਰੇ ਨੰਬਰ ਤੇ 44 ਸਾਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਦੂਸਰੇ ਪਾਸੇ ਪਿਛਲੇ ਇੱਕ ਦਹਾਕੇ ਤੋਂ ਕੁਦਰਤੀ ਆਫਤਾਂ ਵਿੱਚ ਘਿਰੇ ਲੋਕਾਂ ਦੀ ਮਦਦ ’ਤੇ ਉਤਰਨ ਵਾਲੀਆਂ ਵਿਦੇਸ਼ੀ ਸਿੱਖ ਸੰਸਥਾਵਾਂ ਵਿੱਚ ਯੂ.ਕੇ. ਸਥਿਤ ਖਾਲਸਾ ਏਡ, ਯੂਨਾਈਟਡ ਸਿਖਸ, ਐਸ.ਓ.ਪੀ.ਡਬਲਿਉ ਅਤੇ ਅਸਟਰੇਲੀਅਨ ਸਿੱਖ ਸਪੋਰਟ ਨਾਮੀ ਚੈਰਿਟੀ ਸਿੱਖ ਸੰਸਥਾਵਾਂ ਵੀ ਸੰਗਤ ਵੱਲੋਂ ਭੇਜੇ ਗਏ ਦਸਵੰਧ ’ਤੇ ਨਿਰਭਰ ਹਨ ਅਤੇ ਇਨ੍ਹਾਂ ਦੀ ਔਸਤਨ ਉਮਰ 10-15 ਸਾਲ ਦੇ ਕਰੀਬ ਹੈ ਲੇਕਿਨ ਇਨ੍ਹਾਂ ਦੇ ਵਰਕਰਾਂ ਦੀ ਕਾਰਜਸ਼ੈਲੀ ਸ਼ਲਾਘਾਯੋਗ ਹੈ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਦੇਸ਼ ਦੇ ਅੰਦਰ ਹੀ ਆਣ ਵਾਲੀਆਂ ਕੁਦਰਤੀ ਆਫਤਾਂ ਵਿੱਚ ਸਹਾਇਤਾ ਦੇਣ ਤੀਕ ਸੀਮਤ ਹੋ ਕੇ ਰਹਿ ਜਾਂਦੀਆਂ ਹਨ ਉੱਥੇ ਵਿਦੇਸ਼ੀ ਸਿੱਖ ਸੰਸਥਾਵਾਂ ਲਈ ਦੇਸ਼ਾਂ ਦੀਆਂ ਹੱਦਾਂ ਕੋਈ ਬਹੁਤੀ ਮਹੱਤਤਾ ਨਹੀ ਰੱਖਦੀਆਂ ਬਲਕਿ ਮਨੁੱਖਤਾ ਦੀ ਸੇਵਾ ਦੇ ਮਕਸਦ ਨੂੰ ਲੈ ਕੇ ਉਹ ਹਰ ਦੇਸ਼ ਪੁੱਜ ਜਾਂਦੀਆਂ ਹਨ। ਨਿਰਸੰਦੇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਸਮੁੰਦਰੀ ਤੱਟਾਂ ’ਤੇ ਆਈ ਸੁਨਾਮੀ ਅਤੇ ਉਤਰਾਖੰਡ ਵਿੱਚ ਆਈਆਂ ਆਫਤਾਂ ਮੌਕੇ ਰਾਹਤ ਪਹੁੰਚਾਣ ਦੀ ਅਹਿਮ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ ਅਤੇ ਸਾਲ 2014 ਵਿੱਚ ਜੰਮੂ ਕਸ਼ਮੀਰ ਵਿੱਚ ਬਾਰਸ਼ਾਂ ਕਾਰਣ ਆਏ ਹੜ੍ਹਾਂ ਕਾਰਣ ਹੋਈ ਤਬਾਹੀ ਤੋਂ ਪੀੜਤਾਂ ਦੀ ਮਦਦ ਲਈ ਕਮੇਟੀ ਨੇ ਸਾਢੇ ਤਿੰਨ ਮਹੀਨੇ ਦੇ ਲੰਮੇ ਸਮੇਂ ਲਈ ਰਾਹਤ ਕਾਰਜ ਚਲਾਏ। ਪੀੜਤਾਂ ਲਈ ਤਿਆਰ ਕੀਤਾ ਲੰਗਰ, ਸੁੱਕੀਆਂ ਰਸਦਾਂ, ਤਨ ਢੱਕਣ ਅਤੇ ਸਰਦੀ ਤੋਂ ਬਚਾਅ ਲਈ ਗਰਮ ਕਪੜੇ, ਕੰਬਲ, ਖੇਸ, ਦਰੀਆਂ, ਰਜਾਈਆਂ, ਜਖਮੀਆਂ ਤੇ ਬੀਮਾਰਾਂ ਲਈ ਦਵਾਈਆਂ, ਡਾਕਟਰੀ ਸਹਾਇਤਾ ਤੋਂ ਇਲਾਵਾ ਢਹਿ ਚੁੱਕੇ ਕੁਝ ਮਕਾਨਾਂ ਦੀ ਮੁੜ ਉਸਾਰੀ ਲਈ ਆਰਥਿਕ ਮਦਦ ਕਰਕੇ ਸ਼੍ਰੋਮਣੀ ਕਮੇਟੀ ਦਾ ਕੱਦ ਉੱਚਾ ਹੋਇਆ ਹੈ।

ਜੰਮੂ ਕਸ਼ਮੀਰ ਵਿੱਚ ਬਾਰਸ਼ਾਂ ਕਾਰਣ ਆਏ ਹੜ੍ਹ ਪੀੜਤਾਂ ਦੀ ਮਦਦ ਲਈ ਜਿਥੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੇ ਕੁਝ ਗੁਰਦੁਆਰਾ ਸਾਹਿਬਾਨ ਵਿਖੇ ਰਾਹਤ ਕੈਂਪ ਸਥਾਪਿਤ ਕਰਕੇ, ਲੰਗਰ ਛਕਾਉਣ, ਮੈਡੀਕਲ ਚੈੱਕ-ਅੱਪ ਅਤੇ ਹੋਰ ਰਾਹਤ ਦੇਣ ਦਾ ਕਾਰਜ ਦਿੱਤਾ ਉੱਥੇ ਖਾਲਸਾ ਏਡ, ਯੂਨਾਈਟਡ ਸਿਖਸ਼, ਅਸਟਰੇਲੀਅਨ ਸਿੱਖ ਸਪੋਰਟ ਅਤੇ ਐਸ.ਓ.ਪੀ.ਡਬਲਿਉ ਦੇ ਸੈਂਕੜੇ ਜਾਂਬਾਜ਼ ਨੌਜੁਆਨਾਂ ਨੇ ਰੱਸਿਆਂ ਤੇ ਬੇੜ੍ਹੀਆਂ ਦੀ ਮਦਦ ਨਾਲ, ਹੜ੍ਹਾਂ ਦੇ ਖਲੋਤੇ ਪਾਣੀ, ਚਿੱਕੜ ਅਤੇ ਦਲ ਦਲ ਵਿੱਚ ਘਿਰੇ ਘਰਾਂ ਦੇ ਅੰਦਰ ਅਤੇ ਛੱਤਾਂ ਤੀਕ ਸੀਮਤ ਹੋ ਕੇ ਰਹਿ ਗਏ ਲੋਕਾਂ ਦੀ ਸਹਾਇਤਾ ਲਈ ਪੁੱਜਣ ਦਾ ਜ਼ਿੰਮਾ ਸੰਭਾਲਿਆ ਸੀ। ਬੱਚਿਆਂ ਤੇ ਬਜੁਰਗਾਂ ਲਈ ਵਿਸ਼ੇਸ਼ ਕਰਕੇ ਸੁੱਕਾ ਦੁੱਧ, ਬਿਸਕੁਟ, ਬਰੈੱਡ, ਜੈਮ, ਕੌਫੀ, ਸਾਫ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਲੋੜਵੰਦਾਂ ਤੀਕ ਪੁਜਦਾ ਕਰਨ ਵਾਲੇ ਇਨ੍ਹਾਂ ਨੌਜੁਆਨਾਂ ਦਾ ਰਸਤਾ ਕੋਈ ਰੁਕਾਵਟ ਰੋਕ ਨਹੀ ਸਕੀ। ਸਾਬਤ ਸੂਰਤ ਸਿੱਖੀ ਸਰੂਪ ਵਾਲੇ ਦਸਤਾਰਧਾਰੀ ਇਹ ਨੌਜੁਆਨ ਜਿੱਥੇ ਕਿਤੇ ਵੀ ਰਾਹਤ ਲੈ ਕੇ ਪੁੱਜਦੇ ਤਾਂ ਬੀਮਾਰਾਂ ਤੇ ਬਜੁਰਗਾਂ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਮੈਡੀਕਲ ਕੈਂਪਾਂ ਅਤੇ ਹਸਪਤਾਲਾਂ ਤੀਕ ਪੁਜਦਾ ਕਰਦੇ ਜਦੋਂ ਕਿ ਮਾੜੀ ਮੋਟੀ ਮਲ੍ਹਮ ਪੱਟੀ ਦੀ ਸੇਵਾ ਕਰਨ ਦਾ ਜ਼ਿੰਮਾ ਆਪ ਹੀ ਨਿਭਾਅ ਦਿੰਦੇ। ਇਕ ਅਰਸੇ ਬਾਅਦ ਵਿਸ਼ਵ ਭਰ ਦੀਆਂ ਅਖਬਾਰਾਂ ਨੇ ‘ਸਿੱਖ ਕੌਮ ਦੇ ਰੈੱਡ-ਕਰਾਸ’ ਦੇ ਬਾਨੀ ਭਾਈ ਘਨਈਆ ਵੱਲੋਂ ਮਨੁਖਤਾ ਦੀ ਸੇਵਾ ਦੇ ਜਜਬੇ ਦੀ ਪਾਈ ਪਿਰਤ ਨੂੰ ਇਨ੍ਹਾਂ ਸਿੱਖ ਨੌਜੁਆਨਾਂ ਦੇ ਅੰਜ਼ਾਮ ਦਿੱਤੇ ਕਾਰਜਾਂ ’ਚੋਂ ਵੇਖਿਆ ਤੇ ਬਾਰ ਬਾਰ ਸਲਾਮ ਕੀਤੀ। ਸਰਬੱਤ ਦੇ ਭਲੇ ਦੇ ਸਿਧਾਂਤ ’ਤੇ ਪਹਿਰਾ ਦੇਣ ਨਿਤਰੀਆਂ ਇਨ੍ਹਾਂ ਸੰਸਥਾਵਾਂ ਦੇ ਵਰਕਰ, ਹਰ ਪੀੜਤ ਦੀ ਪੀੜਾ ਨੂੰ ਹਰਨ ਲਈ ਆਪਣੀ ਪੀੜ ਨੂੰ ਭੁੱਲਣ ਤੀਕ ਚਲੇ ਜਾਂਦੇ ਹਨ। ਨੇਪਾਲ ਵਿੱਚ ਪੀੜਤਾਂ ਦੀ ਸੇਵਾ ਦਾ ਫਰਜ ਨਿਭਾਉੇਣ ਪੁੱਜੇ ਬਗੀਚਾ ਸਿੰਘ ਨਾਮੀ ਇਕ ਪੰਜਾਬੀ ਨੌਜੁਆਨ ਦੀ ਆਪਣੀ ਬੇਟੀ, ਇੱਕ ਨਿੱਜੀ ਹਸਪਤਾਲ ਵਿੱਚ ਗਲੇ ਦੇ ਗੰਭੀਰ ਰੋਗ ਤੋਂ ਪੀੜਤ ਹੋਣ ਕਾਰਣ ਜ਼ੇਰੇ ਇਲਾਜ ਹੈ ਲੇਕਿਨ ਬਗੀਚਾ ਸਿੰਘ ਨੇਪਾਲ ਦੇ ਭੁਚਾਲ ਪੀੜਤਾਂ ਦਾ ਦਰਦ ਵੰਡਾ ਰਿਹਾ ਹੈ।

ਕੁਦਰਤੀ ਆਫਤਾਂ ਮੌਕੇ ਦੇਸ਼ੀ ਅਤੇ ਵਿਦੇਸ਼ੀ ਸਿੱਖ ਸੰਸਥਾਵਾਂ ਵੱਲੋਂ ਨਿਭਾਈ ਅਹਿਮ ਸੇਵਾ ਦੇ ਮੱਦੇ ਨਜ਼ਰ ਸਿੱਖ ਸਰੂਪ ਅਤੇ ਵਿਲੱਖਣ ਹਸਤੀ ਦੇ ਹੋਏ ਨਜ਼ਾਰਿਆਂ ਦੀ ਹੀ ਗੱਲ ਕੀਤੀ ਜਾਏ ਤਾਂ ਕੋਈ 32-33 ਸਾਲ ਪਹਿਲਾਂ ਹੀ ਆਪਣੀ ਅੱਡਰੀ ਨਿਆਰੀ ਅਤੇ ਵਿਲੱਖਣ ਹੋਂਦ ਹਸਤੀ ਕਾਇਮ ਰੱਖਣ ਦੀ ਮੰਗ ਕਰਨ ਵਾਲੇ ਸਿੱਖ ਨੋਜੁਆਨਾਂ ਨੂੰ ਭਾਰਤ ਸਰਕਾਰ ਤੇ ਇਸ ਦਾ ਮੀਡੀਆ ਅੱਤਵਾਦੀ, ਵੱਖਵਾਦੀ, ਟੈਰੋਰਿਸਟ ਐਲਾਨਣ ਤੇ ਸਿੱਧ ਕਰਨ ਤੀਕ ਪੁਜਾ ਸੀ। ਅਮਰੀਕਾ ਵਿੱਚ 11 ਸਤੰਬਰ ਦੀ ਵਾਪਰੀ ਅਤਿਵਾਦੀ ਹਮਲੇ ਦੀ ਮੰਦਭਾਗੀ ਘਟਨਾ ਬਾਅਦ ਵਿਦੇਸ਼ਾਂ ਵਿੱਚ ਸਿੱਖਾਂ ਦੇ ਸਾਬਤ ਸੂਰਤ ਅਤੇ ਦਸਤਾਰਧਾਰੀ ਸਰੂਪ ਨੂੰ ਤਾਲਿਬਾਨੀ, ਇਸਲਾਮਿਕ ਅਤੇ ਲਾਦੇਨ ਸਮਝ ਕੇ ਉਸ ਉਪਰ ਸ਼ੁਰੂ ਹੋਏ ਨਸਲੀ ਹਮਲੇ ਵੀ ਉਸ ਸਰਕਾਰੀ ਪ੍ਰਚਾਰ ਦੀ ਹੀ ਦੇਣ ਸੀ ਅਤੇ ਇਹ ਨਸਲੀ ਹਮਲੇ ਅਜੇ ਵੀ ਜਾਰੀ ਹਨ। ਸਿੱਖ ਕੌਮ ਦੇ ਵਡਮੁੱਲੇ ਤੇ ਵਿਸ਼ਵ ਕਲਿਆਣਕਾਰੀ ਸਿਧਾਤਾਂ ਦੀ ਅਣਦੇਖੀ ਕਰਕੇ ਤਤਕਾਲੀਨ ਸਰਕਾਰਾਂ ਵੱਲੋਂ ਲਗਾਏ ਗਏ ਬਦਨੁਮਾ ਦਾਗਾਂ ਨੂੰ ਧੋਣ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਦੇਸ਼ੀ ਸਿੱਖ ਸੰਸਥਾਵਾਂ ਦੁਆਰਾ ਕੁਦਰਤੀ ਆਫਤਾਂ ਦੇ ਪੀੜਤ ਲੋਕਾਂ ਦੀ ਸੇਵਾ ਸੰਭਾਲ ਕਰਦਿਆਂ ਵਿਖਾਈ ਸੇਵਾ ਦੀ ਨਿੱਘੀ ਭਾਵਨਾ ਨੇ ਯਕੀਨਨ ਸਿੱਖ ਕੌਮ ਅਤੇ ਇਸ ਦੇ ਸਾਬਤ ਸੂਰਤ ਸਿੱਖ ਸਰੂਪ ਦੀ ਪਹਿਚਾਣ ਸੰਸਾਰ ਸਾਹਵੇਂ ਜ਼ਰੂਰ ਉਜਾਗਰ ਕੀਤੀ ਹੈ ।