ਕੀ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਰੱਬ ਨੂੰ ਪਾਇਆ ਸੀ ?

0
737

ਕੀ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਰੱਬ ਨੂੰ ਪਾਇਆ ਸੀ ?

ਜਸਬੀਰ ਸਿੰਘ ਵੈਨਕੂਵਰ

ਪ੍ਰਸਨ: ਕੀ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਰੱਬ ਨੂੰ ਪਾਇਆ ਸੀ ?

ਉੱਤਰ: ਭਗਤ ਧੰਨਾ ਜੀ ਨੇ ਆਪਣੀ ਬਾਣੀ ਵਿੱਚ ਆਪ ਹੀ ਸਪਸ਼ਟ ਕੀਤਾ ਹੈ ਕਿ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਈ। ਪਰੰਤੂ, ਜਿਵੇਂ ਅਸੀਂ ਗੁਰੂ ਸਾਹਿਬਾਨ ਦੀਆਂ ਵੀ ਬਹੁਤ ਸਾਰੀਆਂ ਗੱਲਾਂ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ, ਉਹਨਾਂ ’ਚ ਵਿਸਵਾਸ ਕਰਨ ਦੀ ਬਜਾਏ ਦੂਜਿਆਂ ਦੀਆਂ ਆਖੀਆਂ ਅਥਵਾ ਲਿਖੀਆਂ ਗੱਲਾਂ ’ਤੇ ਵਧੇਰੇ ਵਿਸਵਾਸ ਕਰੀ ਬੈਠੇ ਹਾਂ, ਉਸੇ ਤਰ੍ਹਾਂ ਭਗਤ ਧੰਨਾ ਜੀ ਨੇ ਇਸ ਪ੍ਰਸਨ ਦੇ ਉੱਤਰ ਵਿੱਚ ਜੋ ਆਖਿਆ ਹੈ, ਅਸੀਂ ਉਸ ਨੂੰ ਮੰਨਣ ਦੀ ਬਜਾਏ , ਦੂਜਿਆਂ ਦੀਆਂ ਲਿਖਤਾਂ ਨੂੰ ਵਧੇਰੇ ਪ੍ਰਮਾਣਕ ਮੰਨ ਕੇ ਇਹ ਸਵੀਕਾਰ ਕਰ ਲਿਆ ਕਿ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਪ੍ਰਮਾਤਮਾ ਪਾਇਆ ਸੀ। ਇਸ ਦਾ ਹੀ ਇਹ ਸਿੱਟਾ ਹੈ ਕਿ ਸਿੱਖ ਸਮਾਜ ਵਿੱਚ ਵੀ ਇਹ ਆਮ ਹੀ ਆਖਿਆ ਜਾਂਦਾ ਹੈ ਕਿ, ਜੀ ਜੇਕਰ ਸੱਚੀ ਸ਼ਰਧਾ ਹੋਵੇ ਤਾਂ ਭਗਤ ਧੰਨੇ ਵਾਂਗੂੰ ਪੱਥਰ ਵਿੱਚੋਂ ਵੀ ਪਰਮਾਤਮਾ ਪਾ ਸਕੀਦਾ ਹੈ। ਅਸੀਂ ਅਜਿਹਾ ਆਖਣ ਲੱਗਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਸਿੱਖਿਆ ਨੂੰ ਭੁੱਲ ਜਾਂਦੇ ਹਾਂ, ਜਿਸ ਅਨੁਸਾਰ ਅਗਿਆਨ ਭਰਪੂਰ ਸ਼ਰਧਾ (ਵਿਸਵਾਸ, ਨਿਸ਼ਚਾ, ਪਰਤੀਤ, ਭਰੋਸੇ) ਨੂੰ ਕਿਸੇ ਵੀ ਰੂਪ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ। ਭਾਈ ਕਾਨ੍ਹ ਸਿੰਘ ਨਾਭਾ ਹੁਰੀਂ ਗੁਰਮਤਿ ਦੇ ਇਸ ਸਿਧਾਂਤ ਦੇ ਸਬੰਧ ਵਿੱਚ ਲਿਖਦੇ ਹਨ, ‘ਰੇਤ ਵਿੱਚ ਖੰਡ ਦਾ ਵਿਸਵਾਸ, ਸੂਰਜ ਦੀ ਕਿਰਨ ਨਾਲ ਚਮਕਦੇ ਮਾਰੂਥਲ ਦੀ ਤਿ੍ਰਸਨਾ ਜਲ ਤੋਂ ਪਿਆਸ ਮਿਟਣ ਦਾ ਵਿਸਵਾਸ, ਕਿਸੇ ਮੰਤ੍ਰ ਜੰਤ੍ਰ ਤੋਂ ਰੋਗ ਦੀ ਨਿਵਿ੍ਰਤੀ ਅਤੇ ਸੰਤਾਨ ਧਨ ਆਦਿ ਦੀ ਪ੍ਰਾਪਤੀ ਦਾ ਨਿਸ਼ਚਾ ਆਦਿ ਮਿਥਯਾ ਵਿਸਵਾਸ ਹਨ ਜਿਨ੍ਹਾਂ ਤੋਂ ਕਲੇਸ਼ ਅਤੇ ਪਛਤਾਵੇ ਤੋਂ ਛੁੱਟ ਹੋਰ ਕੋਈ ਫਲ ਨਹੀਂ।’ ਭਾਈ ਸਾਹਿਬ ਫਿਰ ਸੱਚੀ ਸ਼ਰਧਾ ਦੀ ਚਰਚਾ ਕਰਦਿਆਂ ਲਿਖਦੇ ਹਨ, ‘ਖੰਡ ਵਿੱਚ ਖੰਡ ਦਾ ਵਿਸਵਾਸ, ਖੂਹ ਨਦ (ਦਰਿਆ) ਸਰੋਵਰ ਤੋਂ ਪਿਆਸ ਬੁਝਣ ਦਾ ਵਿਸਵਾਸ, ਔਖਧ ਤੋਂ ਰੋਗ ਦੂਰ ਹੋਣ ਦਾ ਵਿਸਵਾਸ ਅਤੇ ਬੁਧਿ ਵਿਦਯਾ ਬਲ ਨਾਲ ਧਨ ਪ੍ਰਾਪਤੀ ਦਾ ਵਿਸਵਾਸ ਆਦਿ ਸਤਯ ਵਿਸਵਾਸ ਹਨ।’ (ਗੁਰਮਤਿ ਮਾਰਤੰਡ)

ਸੋ, ਇਹ ਧਾਰਨਾ ਗੁਰਮਤਿ ਅਨੁਕੂਲ ਨਹੀਂ ਕਿ ਕੇਵਲ ਸ਼ਰਧਾ ਹੋਣੀ ਚਾਹੀਦੀ ਹੈ; ਸ਼ਰਧਾ ਦਾ ਕੇਵਲ ਯਥਾਰਥ ਰੂਪ ਹੀ ਪ੍ਰਵਾਨ ਹੈ। ਖੈਰ, ਇਸ ਸਮੇਂ ਅਸੀਂ ਭਗਤ ਧੰਨਾ ਜੀ ਦੇ ਬਾਰੇ ਗੱਲ ਕਰ ਰਹੇ ਹਾਂ ਕਿ ਉਹਨਾਂ ਨੇ ਪਰਮਾਤਮਾ ਕਿਸ ਤਰ੍ਹਾਂ ਪਾਇਆ? ਇਸ ਲਈ ਸ਼ਰਧਾ ਬਾਰੇ ਹੋਰ ਕੁਛ ਲਿਖਣ ਤੋਂ ਸੰਕੋਚ ਕਰਦੇ ਹੋਏ ਅਸਲ ਪ੍ਰਸਨ ਵਲ ਆਉਂਦੇ ਹਾਂ। ਭਗਤ ਜੀ ਬਾਰੇ ਪ੍ਰਚੱਲਤ ਕਹਾਣੀ, ਜਿਸ ਅਨੁਸਾਰ ਆਪ ਜੀ ਨੇ ਰੱਬ ਨੂੰ ਪ੍ਰੇਮਾ ਭਗਤੀ ਰਾਹੀਂ ਨਹੀਂ ਬਲਕਿ ਪੱਥਰ ਵਿੱਚੋਂ ਲੱਭਾ ਹੈ, ਦਾ ਜ਼ਿਕਰ ਕਰਨ ਤੋਂ ਸੰਕੋਚ ਕਰਦੇ ਹੋਏ ਕੇਵਲ ਭਗਤ ਜੀ ਨੇ ਇਸ ਬਾਰੇ ਜੋ ਆਪ ਆਖਿਆ ਹੈ, ਉਸ ਦਾ ਹੀ ਜ਼ਿਕਰ ਕਰ ਰਹੇ ਹਾਂ। ਭਗਤ ਜੀ ਆਸਾ ਰਾਗ ਵਿਚਲੇ ਆਪਣੇ ਪਹਿਲੇ ਸਬਦ ਵਿੱਚ ਹੀ ਇਸ ਗੱਲ ਦਾ ਖੁਲਾਸਾ ਕਰਦੇ ਹਨ ਕਿ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋਈ। ਪੂਰਾ ਸਬਦ ਇਸ ਤਰ੍ਹਾਂ ਹੈ:- ‘‘ਆਸਾ ਬਾਣੀ ਭਗਤ ਧੰਨੇ ਜੀ ਕੀ ੴ ਸਤਿਗੁਰ ਪ੍ਰਸਾਦਿ॥ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ॥ ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ॥੧॥ਰਹਾਉ॥ ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ॥ ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ॥੧॥ ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ॥ ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ॥੨॥ ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ॥ ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤਿ੍ਰਪਤਿ ਅਘਾਨੇ ਮੁਕਤਿ ਭਏ॥੩॥ ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ॥ ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ॥੪॥੧॥’’ (ਭਗਤ ਧੰਨਾ/੪੮੭)

ਭਗਤ ਜੀ ਇਸ ਸਬਦ ਦੇ ਅਖੀਰ ਵਿੱਚ ਸਪਸ਼ਟ ਕਰਦੇ ਹਨ ਕਿ ਉਹਨਾਂ ਨੂੰ ਗੁਰੂ ਨੇ ਨਾਮ ਧਨ ਦਿੱਤਾ ਹੈ, ਸੰਤ ਅਥਵਾ ਗੁਰੂ ਦੀ ਸੰਗਤ ਵਿੱਚ ਵਿੱਚੋਂ ਪ੍ਰਮਾਤਮਾ ਮਿਲਿਆ ਹੈ। ਅਸੀਂ ਭਗਤ ਜੀ ਉੱਤੇ ਵਿਸਵਾਸ ਕਰਨ ਦੀ ਬਜਾਏ ਆਪਣੇ ਸੁਆਰਥ ਲਈ ਲੋਕਾਂ ਨੂੰ ਕਰਮਕਾਂਡਾਂ ਵਿੱਚ ਉਲਝਾ ਕੇ, ਆਪਣਾ ਉੱਲੂ ਸਿੱਧਾ ਕਰਨ ਵਾਲੀ ਸ਼੍ਰੇਣੀ ਰਾਹੀਂ ਪ੍ਰਚਾਰੀ ਹੋਈ ਕਹਾਣੀ ਨੂੰ ਸੱਚ ਮੰਨ ਲਿਆ ਕਿ ਭਗਤ ਧੰਨਾ ਜੀ ਨੇ ਰੱਬ ਨੂੰ ਪੱਥਰ ’ਚੋਂ ਪਾਇਆ ਸੀ।

ਗੁਰੂ ਅਰਜਨ ਸਾਹਿਬ ਦੇ ਸਮੇਂ ਵੀ ਅਜਿਹੀ ਸ਼੍ਰੇਣੀ ਵੱਲੋਂ ਭਗਤ ਜੀ ਬਾਰੇ ਇਹੋ ਜਿਹਾ ਪ੍ਰਚਾਰ ਕੀਤਾ ਜਾ ਰਿਹਾ ਸੀ, ਇਸ ਲਈ ਗੁਰੂ ਅਰਜਨ ਮਹਾਰਾਜ ਨੇ ਭਗਤ ਜੀ ਦੇ ਇਸ ਸਬਦ ਤੋਂ ਉਪਰੰਤ ਆਸਾ ਰਾਗ ਵਿੱਚ ਹੀ ਆਪਣਾ ਇੱਕ ਸਬਦ (ਧੰਨਾ ਜੀ ਦੇ ਸ਼ਬਦ ਨੰ. 1 ਤੋਂ ਬਾਅਦ ਧੰਨਾ ਜੀ ਦੀ ਸ਼ਬਦ ਲੜੀ ’ਚ ਸ਼ਬਦ ਨੰਬਰ 2 ਦਰਜ ਕਰ ਦਿੱਤਾ ਹੈ ਜਿਸ ਵਿੱਚ ਇਸ ਗੁਮਰਾਹ ਕੁੰਨ ਪ੍ਰਚਾਰ ਤੋਂ ਲੋਕਾਈ ਨੂੰ ਸੁਚੇਤ ਕਰਦਿਆਂ ਹੋਇਆਂ ਇਹ ਸਪਸ਼ਟ ਕੀਤਾ ਹੈ ਕਿ ਭਗਤ ਧੰਨਾ ਜੀ ਦੇ ਮਨ ਵਿੱਚ ਪ੍ਰਭੂ ਭਗਤੀ ਦਾ ਚਾਉ ਕਿਵੇਂ ਪੈਦਾ ਹੋਇਆ। ਹਜੂਰ ਫੁਰਮਾਉਂਦੇ ਹਨ:-‘‘ਮਹਲਾ ੫ ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥੧॥ ਰਹਾਉ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥੩॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥੪॥੨॥ (ਮ:੫/੪੮੮)

ਗੁਰੂ ਨਾਨਕ ਜੋਤ ਦੇ ਪੰਜਵੇਂ ਪ੍ਰਕਾਸ਼ ਗੁਰੂ ਅਰਜਨ ਮਹਾਰਾਜ ਸਪਸ਼ਟ ਕਰਦੇ ਹਨ ਕਿ ਧੰਨਾ ਜੀ ਨੇ ਨਾਮ ਦੇਵ, ਕਬੀਰ, ਰਵਿਦਾਸ, ਸੈਣ ਦੀ ਸੋਭਾ ਸੁਣੀ ਕਿ ਕਿਵੇਂ ਇਨ੍ਹਾਂ ਭਗਤਾਂ ਨੇ ਪ੍ਰਭੂ ਭਗਤੀ ਰਾਹੀਂ ਉੱਚਾ ਮਰਤਬਾ ਹਾਸਲ ਕੀਤਾ ਹੈ, ਤਾਂ ਆਪ ਦੇ ਮਨ ਵਿੱਚ ਵੀ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਦਾ ਚਾਉ ਪੈਦਾ ਹੋਇਆ। ਆਪ ਵੀ ਪਰਮੇਸਰ ਦੀ ਬੰਦਗੀ ਵਿੱਚ ਜੁਟ ਗਏ ਅਤੇ ‘‘ਅਨਦਿਨੁ ਗੁਣ ਗਾਵੈ ਰੰਗਿ ਰਾਤਾ, ਗੁਣ ਕਹਿ ਗੁਣੀ ਸਮਾਇਦਾ॥’’ (ਮ:੩/੧੦੬੫) ਦੇ ਗੁਰਵਾਕ ਅਨੁਸਾਰ ਉਸ ਅਕਾਲ ਪੁਰਖ ਨਾਲ ਇੱਕ ਮਿਕ ਹੋ ਗਏ।

ਭਾਈ ਗੁਰਦਾਸ ਜੀ ਨੇ ਆਪਣੀ ਦਸਵੀਂ ਵਾਰ, (ਜਿਸ ਦੇ ਸਬੰਧ ਵਿੱਚ ਗਿਆਨੀ ਹਜਾਰਾ ਸਿੰਘ ਜੀ ਵਾਰ ਦੇ ਸ਼ੁਰੂ ਵਿੱਚ ਹੀ ਫੁਟ ਨੋਟ ਵਿੱਚ ਲਿਖਦੇ ਹਨ:- ‘ਇਸ ਵਾਰ ਵਿੱਚ ਲੋਕ ਪ੍ਰਸਿੱਧ ਕਥਾਵਾਂ, ਦਿ੍ਰਸਟਾਂਤ ਦੇ ਢੰਗ ਪਰ ਕਹੀਆਂ ਹਨ, ਜਿਨ੍ਹਾਂ ਵਿੱਚੋਂ ਪਰਮਾਰਥ ਦੇ ਬੜੇ ਬੜੇ ਉਪਦੇਸ ਨਿਕਲਦੇ ਹਨ। ਭਾਈ ਸਾਹਿਬ ਜੀ ਇਤਿਹਾਸ ਨਹੀਂ ਲਿਖ ਰਹੇ ਦਿ੍ਰਸਟਾਂਤ ਦੇ ਕੇ ਆਪਣੇ ਉਪਦੇਸ ਨੂੰ ਪ੍ਰਕਾਸ਼ ਕਰਦੇ ਹਨ, ਦਿ੍ਰਸਟਾਂਤ ਦਾ ਸਦਾ ਇੱਕ ਅੰਗ ਲਈਦਾ ਹੈ, ਜੇ ਦੋ ਦੋ ਅੰਗ ਲਏ ਗਏ ਤਦ ਭਾਈ ਸਾਹਿਬ ਜੀ ਦੀ ਬਾਣੀ ਪਰ ਪਰਸਪਰ ਵਿਰੋਧ ਦਾ ਦੂਸਨ ਲੱਗੇਗਾ।’ ਗਿਆਨੀ ਹਜਾਰਾ ਸਿੰਘ ਜੀ ਅੱਗੇ ਲਿਖਦੇ ਹਨ: ‘ਸਾਡੀ ਵਿਦਯਾ ਦਾ ਆਮ ਅਸੂਲ ਹੈ ਕਿ ਦਿ੍ਰਸਟਾਂਤ ਦਾ ਸਦਾ ਇੱਕ ਅੰਗ ਲੈਣਾ ਹੈ। ਦੂਜੇ ਪ੍ਰਸਿੱਧ ਕਥਾਵਾਂ ਨੂੰ ਉਪਦੇਸ ਮਾਤ੍ਰ ਕਹਿਣਾ, ਕਰਤਾ ਨੂੰ ਇਤਿਹਾਸਕ ਸਤਯਤਾ ਦਾ ਜ਼ਿੰਮੇਵਾਰ ਭੀ ਨਹੀਂ ਠਹਿਰਾਉਂਦਾ। ਉਹ ਪੱਖ ਜੁਦਾ ਹੈ, ਇਹ ਪੱਖ ਜੁਦਾ ਹੈ, ਪਾਠਕ ਜਨ ਰਲਾ ਮਿਲਾ ਕੇ ਰੌਲੇ ਵਿੱਚ ਨਾ ਪੈ ਜਾਣ।’ ਵਿੱਚ ਭਗਤ ਜੀ ਬਾਰੇ ਪ੍ਰਚੱਲਤ ਕਥਾ ਦਾ ਹੀ ਜ਼ਿਕਰ ਕਰਦਿਆਂ, ਭੋਲਾ ਭਾਉ ਗੋਬਿੰਦੁ ਮਿਲਾਵੈ ਵਾਲਾ ਗੁਰਮਤਿ ਦਾ ਸਿਧਾਂਤ ਦਰਸਾਇਆ ਹੈ। ਪੂਰੀ ਪਉੜੀ ਇਸ ਪ੍ਰਕਾਰ ਹੈ ‘‘ਬਾਮ੍ਹਣ ਪੂਜੈ ਦੇਵਤੇ, ਧੰਨਾ ਗਊ ਚਰਾਵਣ ਆਵੈ। ਧੰਨੈ ਡਿਠਾ ਚਲਿਤੁ ਏਹੁ, ਪੁਛੈ ਬਾਮ੍ਹਣੁ ਆਖਿ ਸੁਣਾਵੈ। ਠਾਕੁਰ ਦੀ ਸੇਵਾ ਕਰੈ, ਜੋ ਇਛੈ ਸੋਈ ਫਲੁ ਪਾਵੈ। ਧੰਨਾ ਕਰਦਾ ਜੋਦੜੀ, ਮੈ ਭਿ ਦੇਹ ਇਕ ਜੇ ਤੁਧੁ ਭਾਵੈ। ਪਥਰੁ ਇਕ ਲਪੇਟਿ ਕਰਿ, ਦੇ ਧੰਨੈ ਨੋ ਗੈਲ ਛੁਡਾਵੈ। ਠਾਕੁਰ ਨੋ ਨ੍ਹਾਵਾਲਿ ਕੈ, ਛਾਹਿ ਰੋਟੀ ਲੈ ਭੋਗੁ ਚੜ੍ਹਾਵੈ। ਹਥਿ ਜੋੜਿ ਮਿਨਤਾਂ ਕਰੈ, ਪੈਰੀਂ ਪੈ ਪੈ ਬਹੁਤ ਮਨਾਵੈ। ਹਉਂ ਭੀ ਮੁਹੁ ਨ ਜੁਠਾਲਸਾਂ. ਤੂ ਰੁਠਾ ਮੈ ਕਿਹੁ ਨ ਸੁਖਾਵੈ। ਗੋਸਾਈ ਪਰਤਖਿ ਹੋਇ, ਰੋਟੀ ਖਾਇ ਛਾਹਿ ਮੁਹਿ ਲਾਵੈ।

ਭੋਲਾ ਭਾਉ ਗੋਬਿੰਦੁ ਮਿਲਾਵੈ ॥੧੩॥ ਭਾਈ ਗੁਰਦਾਸ ਜੀ (ਵਾਰ ੧੦ ਪਉੜੀ ੧੩)

ਸੋ, ਸੰਖੇਪ ਵਿੱਚ ਇਹੀ ਆਖਿਆ ਜਾ ਸਕਦਾ ਹੈ ਕਿ ਭਗਤ ਧੰਨਾ ਜੀ ਨੇ ਪੱਥਰ ਚੋਂ ਰੱਬ ਨਹੀਂ ਪਾਇਆ ਬਲਕਿ ਵਾਹਿਗੁਰੂ ਦੀ ਪ੍ਰੇਮਾ ਭਗਤੀ ਰਾਹੀਂ ਪਾਇਆ ਸੀ। ਪੱਥਰ ਵਿੱਚੋਂ ਪ੍ਰਮਾਤਮਾ ਨੂੰ ਪਾਉਣ ਵਾਲੀ ਗੱਲ ਉਹਨਾਂ ਲੋਕਾਂ ਨੇ ਪਰਚਾਰੀ ਹੈ ਜਿਹੜੇ ਆਮ ਲੋਕਾਂ ਨੂੰ ਕਰਮਕਾਂਡਾਂ ਵਿੱਚ ਹੀ ਉਲਝਾ ਕੇ ਆਪਣੇ ਸਵਾਰਥ ਦੀ ਸਿੱਧੀ ਵਿੱਚ ਵਿਸਵਾਸ ਰੱਖਦੇ ਹਨ।

ਨੋਟ: ਇਤਿਹਾਸ ਵਿੱਚ ਸੁਆਮੀ ਰਾਮਾਨੰਦ ਜੀ ਦੇ ਚੇਲਿਆਂ ਵਿੱਚ ਭਗਤ ਧੰਨਾ ਜੀ ਦਾ ਵੀ ਨਾਮ ਆਉਂਦਾ ਹੈ। ਇਹ ਤੱਥ ਵੀ ਧੰਨਾ ਜੀ ਬਾਰੇ ਪ੍ਰਚੱਲਤ ਕਹਾਣੀ ਨੂੰ ਝੁਠਲਾਉਂਦਾ ਹੈ। ਹੋਰ ਵਧੇਰੀ ਜਾਣਕਾਰੀ ਲਈ ਮਹਾਨ ਕੋਸ (ਭਾਈ ਕਾਨ੍ਹ ਸਿੰਘ ਨਾਭਾ) ਅਤੇ ਹਿੰਦੀ ਵਿਸਵ ਕੋਸ ਆਦਿ ਦੇਖੇ ਜਾ ਸਕਦੇ ਹਨ। ਗਿਆਨੀ ਗੁਰਦਿੱਤ ਸਿੰਘ ਜੀ ਦੀ ਪੁਸਤਕ ਗੁਰੂ ਗ੍ਰੰਥ ਸਾਹਿਬ ਦਾ ਇਤਿਹਾਸ ਵੀ ਵੇਖਣ ਯੋਗ ਹੈ। ਪ੍ਰੰਤੂ ਗੁਰੂ ਕੇ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਦੇ ਹੁੰਦਿਆਂ ਕਿਸੇ ਹੋਰ ਗਵਾਹੀ ਦੀ ਲੋੜ ਪ੍ਰਤੀਤ ਨਹੀਂ ਹੋਣੀ ਚਾਹੀਦੀ। ਗੁਰੂ ਗ੍ਰੰਥ ਸਾਹਿਬ ’ਤੇ ਹੀ ਵਿਸਵਾਸ ਕਰਨ ਦੀ ਲੋੜ ਹੈ।

ਉੱਤਰ ਲੰਬੇਰਾ ਹੋਣ ਦੇ ਡਰ ਕਾਰਨ ਗੁਰਮਤਿ ਦਾ ਇਹ ਪੱਖ ਨਹੀਂ ਵਿਚਾਰਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਅਨੁਸਾਰ ਪ੍ਰਮਾਤਮਾ ਦਾ ਸਰੂਪ ਕੀ ਹੈ ਅਤੇ ਰੱਬ ਨੂੰ ਪਾਉਣਾ ਅਰਥਾਤ ਮਿਲਣਾ ਕੀ ਹੈ? ਪਰ ਪੱਥਰ (ਨਿਰ-ਜਿੰਦ) ਬਾਰੇ ਗੁਰਮਤਿ ਆਪਣਾ ਨਜ਼ਰੀਆ ਇਉਂ ਬਿਆਨ ਕਰਦੀ ਹੈ ‘‘ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ॥’’ (ਭਗਤ ਨਾਮਦੇਵ/੫੨੫) ਭਾਵ ਇੱਕ ਪੱਥਰ (ਫਰਸ) ’ਤੇ ਲੋਕ ਘਰਾਂ (ਸਮੇਤ ਹਰ ਥਾਂ) ’ਚ ਪੈਰ ਧਰਦੇ ਹਨ ਜਦਕਿ ਦੂਜੇ ਪਾਸੇ ਪੱਥਰ ’ਤੇ (ਮੰਦਿਰਾਂ ’ਚ ਮੂਰਤੀ ਬਣਾ) ਸ਼ਰਧਾ ਧਰਦੇ ਹਨ। ਅਗਰ ਮੂਰਤੀ (ਪੱਥਰ) ਦੇਵਤਾ (ਰੱਬ) ਹੈ ਤਾਂ ਫਰਸ (ਪੱਥਰ) ਰੱਬ ਕਿਉਂ ਨਹੀਂ? ਇਸ ਲਈ ਨਾਮਦੇਵ ਤਾਂ ਇਸ ਭਰਮ ’ਚੋਂ ਨਿਕਲ ਕੇ ਨਿਰਾਕਾਰ ਹਰੀ ਦੀ ਸੇਵਾ ਕਰਦਾ ਹੈ।

ਭਗਤ ਕਬੀਰ ਜੀ ਪੱਥਰ (ਨਿਰਜੀਉ) ਬਾਰੇ ਇਉਂ ਬਿਆਨ ਕਰ ਰਹੇ ਹਨ ‘‘ਸਰਜੀਉ ਕਾਟਹਿ ਨਿਰਜੀਉ ਪੂਜਹਿ, ਅੰਤ ਕਾਲ ਕਉ ਭਾਰੀ॥’’ (ਭਗਤ ਕਬੀਰ/੩੩੨) ਅਤੇ ‘‘ਜਿਸੁ ਪਾਹਨ ਕਉ ਪਾਤੀ ਤੋਰੈ, ਸੋ ਪਾਹਨ ਨਿਰਜੀਉ॥’’ (ਭਗਤ ਕਬੀਰ/੪੭੯)

ਯਾਦ ਰਹੇ ਕਿ ਇਹ (ਕਬੀਰ ਜੀ ਅਤੇ ਨਾਮਦੇਵ ਜੀ) ਉਹੀ ਭਗਤ ਹਨ ਜਿਨ੍ਹਾਂ ਤੋਂ ਪ੍ਰਭਾਵਤ ਹੋ ਕੇ ਧੰਨਾ ਜੀ ਦਾ ਪੱਖ ਗੁਰੂ ਅਰਜੁਨ ਸਾਹਿਬ ਦੀ ਇਉਂ ਬਿਆਨ ਕਰ ਰਹੇ ਹਨ ਕਿ ‘‘ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥੩॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥੪॥੨॥’’ (ਮ:੫/੪੮੮)