ਕੀ ਔਲਾਦ ਦੇ ਵਿਗੜਨ ’ਚ ਮਾਪਿਆਂ ਦਾ ਹੱਥ ਹੁੰਦਾ ਹੈ ?

0
319

ਕੀ ਔਲਾਦ ਦੇ ਵਿਗੜਨ ’ਚ ਮਾਪਿਆਂ ਦਾ ਹੱਥ ਹੁੰਦਾ ਹੈ ?

ਸਤਪਾਲ ਸਿੰਘ ਜੌਹਲ

ਮਾਪੇ ਸਦਾ ਔਲਾਦ ਦਾ ਭਲਾ ਚਾਹੁੰਦੇ ਹਨ। ਜੋ ਦਿਸਹੱਦੇ ਉਹ ਆਪ ਨਹੀਂ ਛੂਹ ਪਾਉਂਦੇ ਉਨ੍ਹਾਂ ਦੇ ਸ਼ਾਹ-ਅਸਵਾਰ ਆਪਣੀ ਔਲਾਦ ਨੂੰ ਹੋਏ ਦੇਖਣਾ ਲੋਚਦੇ ਹਨ। ਮਾਪਿਆਂ ਦੀਆਂ ਔਲਾਦ ਤੋਂ ਆਸਾਂ ਅਤੇ ਇਛਾਵਾਂ ਬਹੁਤ ਹੁੰਦੀਆਂ ਹਨ ਪਰ ਚੁਫੇਰੇ ਨਜ਼ਰ ਮਾਰ ਕੇ ਇਹ ਆਸਾਨੀ ਨਾਲ ਕਿਹਾ ਜਾ ਸਕਦਾ ਹੈ ਕਿ ਬਹੁਤ ਸਾਰਿਆਂ ਦੀਆਂ ਸੱਧਰਾਂ ਧਰੀਆਂ-ਧਰਾਈਆਂ ਰਹਿ ਰਹੀਆਂ ਹਨ ਅਤੇ ਸਮਾਂ ਗੁਜ਼ਰਨ ਤੋਂ ਬਾਅਦ ਉਹ ਸੱਧਰਾਂ ਕਿਤੇ ਉੱਡ- ਪੁੱਡ ਜਾਂਦੀਆਂ ਹਨ। ਅਜੋਕੇ ਯੁੱਗ ਵਿੱਚ ਤਰ੍ਹਾਂ-ਤਰ੍ਹਾਂ ਦੇ ਜ਼ੁਰਮ ਕਰਨ ਵਾਲ਼ਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜੇਲ੍ਹਾਂ ਵਿੱਚ ਅੱਲ੍ਹੜ ਉਮਰ ਦੇ ਮੁੰਡੇ ਬੰਦ ਹੀ ਨਹੀਂ ਹਨ ਸਗੋਂ ਉਹ ਜ਼ੁਰਮ ਕਰਕੇ ਵਾਰ-ਵਾਰ ਜੇਲ੍ਹਾਂ ਵਿਚ ਜਾ ਰਹੇ ਹਨ। ਕਈ ਲੜਕੀਆਂ ਦਾ ਵੀ ਇਹੋ ਹਾਲ ਹੁੰਦਾ ਜਾ ਰਿਹਾ ਹੈ। ਇਹ ਵਰਤਾਰਾ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਇਕਸਾਰਤਾ ਨਾਲ ਜਾਰੀ ਹੈ ਅਤੇ ਅਜੇ ਹੋਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ।

ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਕੋਈ ਬੱਚਾ ਜਨਮ ਤੋਂ ਬੁਰਾਈਆਂ ਜਾਂ ਚੰਗਿਆਈਆਂ ਲੈ ਕੇ ਸੰਸਾਰ ਵਿੱਚ ਨਹੀਂ ਆਉਂਦਾ ਸਗੋਂ ਉਸ ਨੂੰ ਆਲੇ-ਦੁਆਲੇ ਵਿੱਚ ਮਿਲਦਾ ਮਾਹੌਲ ਉਸ ਦੀ ਮਾਨਸਿਕਤਾ ਦੀ ਘਾੜਤ ਘੜਨ ’ਚ ਸਹਾਈ ਹੁੰਦਾ ਹੈ। ਜੇਕਰ ਹੁਣ ਇੰਟਰਨੈਟ ’ਤੇ ਗੱਪਾਂ ਮਾਰਨ ਵਾਲ਼ੇ/ਵਾਲ਼ੀਆਂ ਵੱਧ ਰਹੇ ਹਨ ਤਾਂ ਇਹ ਉਨ੍ਹਾਂ ਨੂੰ ਮਿਲ਼ ਰਹੇ ਮੌਕੇ ’ਤੇ ਅਤੇ ਮਾਹੌਲ ਦੇ ਸਦਕਾ ਹੀ ਹੋ ਪਾ ਰਿਹਾ ਹੈ। ਹਾਲਾਂ ਕਿ ਸਹੂਲਤਾਂ ਅਤੇ ਵਿਦਿਆ ਦੇ ਮੌਕੇ ਵੱਧਣ ਨਾਲ ਬੁਰਾਈਆਂ ਖਤਮ ਹੋਣੀਆਂ ਚਾਹੀਦੀਆਂ ਸਨ ਪਰ ਵਾਪਰ ਇਸ ਦੇ ਉਲਟ ਰਿਹਾ ਹੈ ਅਤੇ ਸਿੱਟੇ ਵਜੋਂ ਜੇਲ੍ਹਾਂ ਨੱਕੋ-ਨੱਕ ਤੂੜੀਆਂ ਹੋਈਆਂ ਹਨ। ਸੋਚਿਆ ਜਾਵੇ ਤਾਂ ਸਹਿਜੇ ਹੀ ਅਹਿਸਾਸ ਹੋ ਜਾਂਦਾ ਹੈ ਕਿ ਜਨਮ ਸਮੇਂ ਤਾਂ ਸਾਰੇ ਬੱਚੇ ਇਕੋ ਜਹੇ ਹੁੰਦੇ ਹਨ। ਬੀਬੇ, ਭੋਲੇ-ਭਾਲੇ ਅਤੇ ਤੋਤਲੀਆਂ ਗੱਲਾਂ ਕਰਨ ਵਾਲੇ ਬੱਚਿਆਂ ਨੂੰ ਦੇਖ ਕੇ ਕਦੇ ਨਹੀਂ ਲੱਗਦਾ ਕਿ ਉਹ ਵੱਡੇ ਹੋ ਕੇ ਅਪਰਾਧੀ ਬਣ ਸਕਦੇ ਹਨ ਪਰ ਸਦੀਵ ਕਾਲ ਤੋਂ ਵਾਪਰ ਇਹੀ ਰਿਹਾ ਹੈ ਕਿ ਬੱਚੇ ਹੀ ਵੱਡੇ ਹੋ ਕੇ ਚੰਗੇ ਜਾਂ ਮੰਦੇ ਇਨਸਾਨ ਬਣਦੇ ਹਨ। ਚੰਗੇ ਬੱਚੇ ਮੰਦੇ ਇਨਸਾਨ ਕਿਵੇਂ ਬਣ ਜਾਂਦੇ ਹਨ? ਇਸ ਦਾ ਜਵਾਬ ਹੈ ਸ਼ਾਇਦ ਉਨ੍ਹਾਂ ਦੇ ਮਾਪਿਆਂ ਦੇ ਜੀਵਨ ਅਤੇ ਉਨ੍ਹਾਂ ਦੇ ਆਲੇ ਦੁਆਲੇ ਦੇ ਹਾਲਾਤਾਂ ਵਿੱਚੋਂ ਲੱਭਿਆ ਜਾ ਸਕਦਾ ਹੈ। ਘਰ, ਸਮਾਜ, ਅਤੇ ਵਿਦਿਅਕ ਅਦਾਰਿਆਂ ਵਿੱਚ ਮਿਲਦੇ ਹਾਲਾਤਾਂ ਦਾ ਬੱਚੇ ਦੀਆਂ ਆਦਤਾਂ ’ਤੇ ਡੂੰਘਾ ਅਸਰ ਪੈਂਦਾ ਹੈ। ਉਸ ਅਸਰ ਨਾਲ ਹੀ ਉਹ ਗ੍ਰਹਿਣ ਕੀਤੀ ਵਿਦਿਆ ਨੂੰ ਵਿਚਾਰਨ ਦੇ ਸਮਰੱਥ ਜਾਂ ਅਸਮਰੱਥ ਹੁੰਦੇ ਹਨ। ਗ੍ਰਹਿਣ ਕੀਤੀ ਹੋਈ ਵਿਦਿਆ ਨੂੰ ਵਿਚਾਰ ਸਕਣ ਵਾਲੇ ਬੱਚਿਆਂ ਦੇ ਮਨਾਂ ਅੰਦਰ ਚੰਗੇ ਗੁਣਾਂ ਦਾ ਜਨਮ ਹੁੰਦਾ ਹੈ ਅਤੇ ਉਹ ਭੈੜਾਂ ਤੋਂ ਨਿਰਲੇਪ ਰਹਿ ਕੇ ਤਰੱਕੀ ਕਰਨ ਲੱਗਦੇ ਹਨ ਪਰ ਅਜਿਹਾ ਨਾ ਕਰ ਪਾਉਣ ਵਾਲਿਆਂ ਦਾ ਜੀਵਨ ਲੀਹੋਂ ਲਹਿਣ ਲੱਗਦਾ ਹੈ।

ਜੇਕਰ ਜ਼ਰਾ ਗਹੁ ਨਾਲ ਵੇਖੀਏ ਤਾਂ ਲੀਹੋਂ ਲਹਿਣ ਦੀ ਜ਼ਿੰਮੇਵਾਰੀ ਸਿਰਫ ਬੱਚਿਆਂ ਦੀ ਨਹੀਂ ਹੈ। ਬੱਚੇ ਉਹੀ ਗੁਣ-ਔਗੁਣ ਗ੍ਰਹਿਣ ਕਰਦੇ ਹਨ ਜੋ ਉਨ੍ਹਾਂ ਨੂੰ ਮਾਪੇ ਵਿਰਸੇ ’ਚ ਦਿੰਦੇ ਹਨ। ਜਿਵੇਂ ਕਿਸੇ ਵਿਆਹੇ ਜੋੜੇ ਦਾ ਮਾਮਲਾ ਵਿਗੜ ਜਾਣ ਤੋਂ ਬਾਅਦ ਵਿਚੋਲੇ ਹੱਥ ਖੜ੍ਹੇ ਕਰ ਦਿੰਦੇ ਹਨ, ਓਸੇ ਤਰ੍ਹਾਂ ਅਜਿਹਾ ਵੀ ਵਾਪਰ ਰਿਹਾ ਹੈ ਕਿ ਜਿਨ੍ਹਾਂ ਮਾਪਿਆਂ ਦੀ ਔਲਾਦ ਠੱਗ, ਚੋਰ, ਮੱਕਾਰ, ਕਾਤਲ, ਲੁਟੇਰੇ, ਬਲਾਤਕਾਰੀ, ਅਮਲੀ ਆਦਿਕ ਬਣਦੀ ਹੈ ਉਹ ਵੀ ਆਪਾ ਛੁਡਾਉਣ ਲਈ ਆਖ ਦਿੰਦੇ ਹਨ ਕਿ ਪਤਾ ਹੀਂ ਨਹੀਂ ਲੱਗਾ ਇਹ ਸਭ ਕਿਵੇਂ ਹੋ ਗਿਆ। ਜਦੋਂ ਤੱਕ ਔਲਾਦ ਵਲੋਂ ਚੰਦ ਚਾੜ੍ਹ’ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਮਾਪੇ ਇਹੀ ਸਮਝਦੇ ਹਨ ਕਿ ਉਨ੍ਹਾਂ ਦੇ ਬੱਚੇ ਵਰਗਾ ਦੁੱਧ-ਧੋਤਾ’ ਤਾਂ ਹੋਰ ਕਿਸੇ ਦਾ ਬੱਚਾ ਹੋ ਹੀ ਨਹੀਂ ਸਕਦਾ। ਉਹ ਇਸ ਭਰਮ ਵਿੱਚ ਹੀ ਦੂਣ-ਸਿਵਾਏ ਹੋਏ ਰਹਿੰਦੇ ਹਨ ਕਿ ਵਿਗੜੇ ਬੱਚੇ ਤਾਂ ਕਿਸੇ ਹੋਰ ਦੇ ਹੋਣਗੇ ਉਨ੍ਹਾਂ ਦੇ ਬੱਚਿਆਂ ’ਚ ਖੋਟ ਨਹੀਂ ਹੋ ਸਕਦੀ। ਚੇਤੇ ਰਹੇ ਕਿ ਚਕਾਚੌਂਧ ਵਾਲੇ ਇਸ ਜਗਤ ਦਾ ਸੱਚ ਇਹ ਹੈ ਕਿ ਬਹੁਤ ਘੱਟ ਮਾਪੇ ਹਨ ਜਿਨ੍ਹਾਂ ਦਾ ਆਪਣੀ ਔਲਾਦ ਦੇ ਵਿਗੜਨ ਵਿੱਚ ਅਚੇਤ ਜਾਂ ਸੁਚੇਤ ਰੂਪ ਵਿੱਚ ਹੱਥ ਨਾ ਹੁੰਦਾ ਹੋਵੇ। ਆਪਣੀ ਧੌਂਸ ਨਾਲ ਔਲਾਦ ਤੋਂ ਮਨ ਆਈਆਂ ਕਰਵਾਉਣ ਵਾਲੇ ਮਾਪੇ ਤਾਂ ਔਲਾਦ ਦੇ ਮਨੋ ਵੀ ਲਹਿ ਜਾਂਦੇ ਹਨ ਜਿਸ ਕਰਕੇ ਅਨੇਕਾਂ ਬਜ਼ੁਰਗਾਂ ਦੀ ਮਾਨਸਿਕ ਦਸ਼ਾ ਬਹੁਤ ਵਿਚਾਰਗੀ ਵਾਲੀ ਬਣੀ ਰਹਿੰਦੀ ਹੈ। ਪਦਾਰਥਕ ਪੱਖੋਂ ਸਭ ਕੁਝ ਕੋਲ ਹੁੰਦੇ ਹੋਏ ਵੀ ਉਹ ਅਤਿਅੰਤ ਦੁੱਖੀ ਅਤੇ ਰੁਲ਼ਦੇ ਫਿਰਦੇ ਹਨ।

ਆਲ਼ੇ-ਦੁਆਲ਼ੇ ਵਿੱਚ ਆਮ ਵਾਪਰ ਰਿਹਾ ਹੈ ਕਿ ਮਾਪੇ ਆਪਣੀ ਔਲਾਦ ਨੂੰ ਚੰਗੇ ਪਾਸੇ ਲਗਾਉਣ ਵਿੱਚ ਕਾਮਯਾਬ ਹੋਣ ਭਾਵੇਂ ਨਾ ਪਰ ਉਹ ਔਲਾਦ ਨੂੰ ਆਪਣੀ ਹੁਕਮ-ਅਦੂਲੀ ਕਰਨ ਦੀ ਜੁਅਰਤ ਕਰਦਿਆਂ ਸਬਰ ਦਾ ਘੁੱਟ ਨਹੀਂ ਪੀਅ ਸਕਦੇ। ਸੰਨ 2000 ਵਿੱਚ ਵਾਪਰਿਆ ਜੱਸੀ ਸਿੱਧੂ ਕਤਲ ਕੇਸ ਇਹੀ ਇਸ਼ਾਰਾ ਦਿੰਦਾ ਲੱਗਦਾ ਹੈ। ਜਿਸ ਵਿੱਚ ਕੈਨੇਡਾ ਦੀ ਜੰਮਪਲ ਜਸਵਿੰਦਰ ਕੌਰ ਉਰਫ ਜੱਸੀ ਸਿੱਧੂ ਨੇ ਲੁਧਿਆਣਾ ’ਚ ਆਪਣੀ ਮਰਜ਼ੀ ਨਾਲ ਮਿੱਠੂ ਨਾਮਕ ਰਿਕਸ਼ਾ ਚਾਲਕ ਨਾਲ ਵਿਆਹ ਕਰਵਾ ਲਿਆ ਸੀ ਅਤੇ 8 ਜੂਨ 2000 ਨੂੰ ਹੋਏ ਉਸ ਕਤਲ ਦੇ 7 ਦੋਸ਼ੀ ਪੰਜਾਬ ’ਚ ਕੈਦ ਭੁਗਤ ਰਹੇ ਹਨ। ਜੱਸੀ ਦਾ ਸੁਪਾਰੀ ਦੇ ਕੇ ਕਤਲ ਕਰਵਾਉਣ ਦੇ ਦੋਸ਼ ਵਿੱਚ ਉਸ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਅਜੇ ਵੀ ਬਿ੍ਰਟਿਸ਼ ਕੋਲੰਬੀਆ ਵਿਖੇ ਜੇਲ੍ਹ ਕੱਟ ਰਹੇ ਹਨ ਅਤੇ ਉਨ੍ਹਾਂ ਦਾ ਭਾਰਤ ਹਵਾਲੇ ਕੀਤੇ ਜਾਣਾ ਲੱਗਭੱਗ ਤਹਿ ਹੈ ਜਿੱਥੇ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਇਆ ਜਾਣਾ ਹੈ। ਇਸ ਮਾਮਲੇ ’ਚ ਗਵਾਹਾਂ ਦੇ ਬਿਆਨ ਹੋ ਚੁੱਕੇ ਹਨ। ਇਕ ਗਵਾਹ ਅਨੁਸਾਰ ਜੱਸੀ ਸਿੱਧੂ ਨੇ ਕੈਨੇਡਾ ਤੋਂ ਪੰਜਾਬ ਜਾਣ ਤੋਂ ਪਹਿਲਾਂ ਉਸ ਨੂੰ ਆਪ ਦੱਸਿਆ ਸੀ ਕਿ ਉਸ ਦਾ ਪਿਤਾ ਮਾਨਸਿਕ ਰੋਗੀ ਅਤੇ ਅਪਾਹਜ ਹੋਣ ਕਰਕੇ ਘਰ ’ਚ ਉਸ ਦੇ ਮਾਮੇ ਦਾ ਹੁਕਮ’ ਚੱਲਦਾ ਹੈ। ਜੱਸੀ ਦਾ ਮਾਮਾ ਉਸ ਦੇ ਮਿੱਠੂ ਨਾਲ ਵਿਆਹ ਤੋਂ ਸਖ਼ਤ ਨਰਾਜ਼ ਸੀ ਅਤੇ ਉਸ ਨਰਾਜ਼ਗੀ ਨੇ ਜੱਸੀ ਦੀ ਜਾਨ ਲੈ ਲਈ।

ਹੁਕਮ’ ਨਾ ਮੰਨਣ ਵਾਲੀ ਔਲਾਦ ਦੇ ਮਾਪੇ ਆਪਣੇ ਘੁਮੰਡ ਦੇ ਫਤੂਰ ’ਚ ਕੁ-ਮਾਪੇ ਹੋਣ ਲੱਗਿਆਂ ਦੇਰ ਨਹੀਂ ਲਗਾਉਂਦੇ। ਉਹ ਆਪਣੀ ਹਊਮੈ ਨੂੰ ਪੱਠੇ ਪਾਉਣ ਲਈ ਔਲਾਦ ਦਾ ਕਤਲ ਕਰਨ ਅਤੇ ਕਰਵਾਉਣ ਤੱਕ ਦੀ ਸਿਤਮਜ਼ਰੀਫ਼ੀ ਕਰ ਜਾਂਦੇ ਹਨ। ਇਸ ਸਿਤਮ ਤੋਂ ਲਵ-ਮੈਰਿਜਾਂ ਕਰਨ ਵਾਲੇ ਜੋੜਿਆਂ ਨੂੰ ਬਚਾਉਣ ਲਈ ਭਾਰਤ ਦੀਆਂ ਸੂਬਾਈ ਸਰਕਾਰਾਂ ਨੂੰ ਕਈ ਪਾਪੜ ਵੇਲਣੇ’ ਪੈ ਰਹੇ ਹਨ। ਕਈ ਤਾਂ ਆਪਣੀ ਜਾਨ ਬਚਾਉਣ ਲਈ ਦੇਸ਼ ਛੱਡਣ ਲਈ ਵੀ ਮਜ਼ਬੂਰ ਹੋ ਜਾਂਦੇ ਹਨ। ਬੀਤੇ ਮਹੀਨੇ ਪੰਜਾਬ ’ਚ ਆਪਣੇ ਚਾਚੇ ਹੱਥੋਂ ਕਤਲ ਹੋਣ ਤੋਂ ਬਚਣ ਲਈ ਇਕ 27 ਸਾਲਾ ਪੰਜਾਬਣ ਮੁਟਿਆਰ ਨੇ ਕੈਨੇਡਾ ’ਚ ਪਨਾਹ ਮੰਗੀ ਹੈ। ਉਹ ਦਿੱਲੀ ਤੋਂ ਕਿਸੇ ਤਰ੍ਹਾਂ ਟੋਰਾਂਟੋ ਵਿਖੇ ਏਅਰਪੋਰਟ ’ਤੇ ਪੁੱਜੀ ਅਤੇ ਸ਼ਰਨਾਰਥੀ ਕੇਸ ਅਪਲਾਈ ਕੀਤਾ। ਉਸ ਨੇ ਮੁੱਢਲੀ ਪੁੱਛਗਿੱਛ ਦੌਰਾਨ ਕਿਹਾ ਕਿ ਪੰਜਾਬ ਵਿੱਚ ਮਾਪਿਆਂ/ਰਿਸ਼ਤੇਦਾਰਾਂ ਵਲੋਂ ਆਪਣੀ ਹਾਊਮੈ ਖ਼ਾਤਿਰ ਲੜਕੀਆਂ ਦਾ ਕਤਲ ਕਰ ਦੇਣਾ ਜਾਂ ਕਰਵਾ ਦੇਣਾ ਆਮ ਜਿਹੀ ਗੱਲ ਹੈ। ਇਸ ਕਰਕੇ ਉਸ ਦੀ ਜਾਨ ਨੂੰ ਖਤਰਾ ਸੀ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਪਰ ਉਸ ਦਾ ਚਾਚਾ ਉਸ ਨੂੰ ਇਕ ਅਮਲੀ ਨਾਲ ਵਿਆਹੁਣ ਲਈ ਪੇਸ਼ ਪਿਆ ਹੋਇਆ ਸੀ ਅਤੇ ਇਨਕਾਰ ਕਰਨ ’ਤੇ ਉਹ ਉਸ ਨੂੰ ਕਤਲ ਕਰ ਦੇਣ ਦੀਆਂ ਧਮਕੀਆ ਦਿੰਦਾ ਸੀ। ਇਸ ਦੇ ਨਾਲ ਹੀ ਉਸ ਨੇ ਆਖਿਆ ਕਿ ਪੰਜਾਬ ਪੁਲਿਸ ਨੇ ਵੀ ਉਸ ਦੇ ਚਾਚੇ ਖਿਲਾਫ ਕਾਰਵਾਈ ਕਰਨ ਲਈ ਲੜਪੱਲਾ ਨਾ ਫੜਾਇਆ।

ਇਕ ਘਟਨਾ ਬੀਤੇ ਦਿਨੀਂ ਕੈਨੇਡਾ ਅਤੇ ਅਮਰੀਕਾ ਦੇ ਵਿੰਡਸਰ/ਡਿਰੋਇਟ ਸਰਹੱਦੀ ਲਾਂਘੇ ’ਤੇ ਵਾਪਰੀ ਸੀ ਜਿਸ ਵਿੱਚ ਆਪ ਤਾਂ ਮਰੇ ਨਾਲ ਜਜਮਾਨ ਨੂੰ ਵੀ ਲੈ ਬੈਠੇ’ ਵਾਲੀ ਗੱਲ ਬਣੀ ਹੈ। ਸੁਚੇਤ ਰੂਪ ਵਿੱਚ ਔਲਾਦ ਨੂੰ ਗਲਤ ਰਾਹ ’ਤੇ ਤੋਰਨ ਵਾਲੀ ਇਕ ਮਾਂ ਦੀ ਗੱਲ ਇਥੇ ਕਰਨੀ ਬਣਦੀ ਹੈ ਜੋ ਕਿਸੇ ਸਮੇਂ ਲਿਬਨਾਨ ਤੋਂ ਖਾਲੀ ਹੱਥ ਬੜੀ ਵਿਚਾਰੀ ਅਤੇ ਮਜ਼ਲੂਮ ਬਣ ਕੇ ਕੈਨੇਡਾ ਪੁੱਜੀ ਸੀ। ਮਾਂ ਅਤੇ ਧੀ ਨੂੰ ਡਿਟਰੋਇਟ (ਮਿਸ਼ੀਗਨ) ’ਚ ਅਮਰੀਕੀ ਅਧਿਕਾਰੀਆਂ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਹ ਦੋਵੇਂ ਦੱਖਣੀ ਉਂਟੇਰੀਓ ’ਚ ਵਿੰਡਸਰ ਸ਼ਹਿਰ ਦੀਆਂ ਵਸਨੀਕ ਹਨ। ਉਹ ਦੋਵੇਂ 70000 ਡਾਲਰ ਤੋਂ ਵੱਧ ਨਕਦ ਰਕਮ ਲੁਕੋ ਕੇ ਸਰਹੱਦ ਪਾਰ ਲਿਜਾ ਰਹੀਆਂ ਸਨ। 51 ਸਾਲਾ ਮੌਰਾ ਅਲ-ਅਸਮਰ ਅਤੇ ਉਸ ਦੀ 16 ਸਾਲਾ ਬੇਟੀ ਜਸਿੰਟਾ ਕੈਨੇਡੀਅਨ ਸਿਟੀਜ਼ਨ ਹਨ। ਮੌਰਾ ਲਿਬਨਾਨ ਦੀ ਜੰਮਪਲ ਹੈ ਅਤੇ ਉਸ ਨੇ ਜਸਿੰਟਾ ਨੂੰ ਕੈਨੇਡਾ ’ਚ ਜਨਮ ਦਿੱਤਾ ਸੀ। ਮੌਰਾ ਨੇ ਆਪਣੀ ਬਰਾਅ ਵਿੱਚ ਦਸ ਹਜ਼ਾਰ ਡਾਲਰਾਂ ਅਤੇ ਨੌਂ ਹਜ਼ਾਰ ਡਾਲਰਾਂ ਦੇ ਚਾਰ ਪੈਕੇਟ ਸੀਤੇ ਹੋਏ ਸਨ। ਜਸਿੰਟਾ ਨੇ ਵੀ ਉਸੇ ਤਕਨੀਕ’ ਨਾਲ 20 ਹਜ਼ਾਰ ਡਾਲਰ ਲੁਕੋਏ ਹੋਏ ਸਨ। ਯੂ.ਐਸ ਕਸਟਮਜ਼ ਅਧਿਕਾਰੀਆ ਨੇ ਦੋਵਾਂ ਤੋਂ ਕੁਲ ਮਿਲਾ ਕੇ ਤਕਰੀਬਨ 73000 ਡਾਲਰ ਬਰਾਮਦ ਕਰਨ ਦਾ ਦਾਅਵਾ ਮਿਸ਼ੀਗਨ ਦੀ ਅਦਾਲਤ ਵਿੱਚ ਕੀਤਾ ਗਿਆ।

16 ਸਾਲਾ ਜਸਿੰਟਾ ਨੇ ਕਿਹਾ ਕਿ ਉਸ ਦੀ ਮਾਂ ਨੇ ਜਿਵੇਂ ਕਰਨ ਨੂੰ ਕਿਹਾ ਉਸ ਨੇ ਉਵੇਂ ਹੀ ਕੀਤਾ। ਮੌਰਾ ਦਾ ਕ੍ਰਿਮੀਨਲ ਬੈਕਗਰਾਊਂਡ ਚੈਕ ਕਰਨ ’ਤੇ ਪਤਾ ਲੱਗਾ ਕਿ ਉਹ 1992 ਅਤੇ 1993 ’ਚ ਸਟੋਰਾਂ ਵਿੱਚੋਂ ਸਮਾਨ ਚੋਰੀ ਕਰਦੀ ਫੜੀ ਗਈ ਸੀ ਅਤੇ ਸਜ਼ਾ ਵੀ ਹੋਈ ਸੀ। ਇਸ ਆਧਾਰ ’ਤੇ ਉਹ ਅਮਰੀਕਾ ’ਚ ਦਾਖਿਲ ਹੋਣ ਯੋਗ ਨਹੀਂ। ਅਮਰੀਕਾ ਅਤੇ ਕੈਨੇਡਾ ਵਿੱਚ 10 ਹਜ਼ਾਰ ਡਾਲਰ ਤੋਂ ਜ਼ਿਆਦਾ ਰਕਮ ਡਿਕਲੇਅਰ ਕੀਤੇ ਬਿਨਾਂ ਲਿਜਾਈ ਅਤੇ ਲਿਆਂਦੀ ਨਹੀਂ ਜਾ ਸਕਦੀ। ਮੌਰਾ ਅਜੇ ਜੇਲ੍ਹ ’ਚ ਬੰਦ ਹੈ ਜਦ ਕਿ ਉਸ ਦੀ ਕੁੜੀ ਜਸਿੰਟਾ ਵਿਰੁੱਧ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਦੋਵਾਂ ਦਾ ਪ੍ਰੋਗਰਾਮ ਤਾਂ ਬੀਤੀ 9 ਜੂਨ ਨੂੰ ਕੈਨੇਡਾ ਤੋਂ ਸੜਕੀ ਰਸਤੇ ਅਮਰੀਕਾ ਪੁੱਜ ਕੇ ਸ਼ਿਕਾਗੋ ਤੋਂ ਲਿਬਨਾਨ ਜਾਣ ਵਾਲੇ ਜਹਾਜ਼ ਵਿੱਚ ਬੈਠਣ ਦਾ ਸੀ। ਪਰ ਪਕੜੇ ਜਾਣ ’ਤੇ ਰੰਗ ਵਿੱਚ ਭੰਗ’ ਪੈ ਗਿਆ ਅਤੇ ਉਨ੍ਹਾਂ ਦੇ ਪਰਿਵਾਰਕ ਜੀਅ ਬੈਰੂਤ ’ਚ ਉਡੀਕਦੇ ਰਹਿ ਗਏ। ਇਸ ਦੇ ਨਾਲ਼ ਹੀ ਉਸ ਨੂੰ ਕੈਨੇਡਾ ਵਿੱਚੋਂ ਜੋ ਕੁਝ ਮਿਲ਼ਦਾ ਸੀ ਉਹ ਪਿੱਛੇ ਢੋਈ ਜਾਣ’ ਦਾ ਇਰਾਦਾ ਵੀ ਧਰਿਆ-ਧਰਾਇਆ ਰਹਿ ਗਿਆ। ਕਾਨੂੰਨ ਦੀ ਪਕੜ ਵਿੱਚੋਂ ਬਚ ਕੇ ਆਈ ਉਸ ਦੀ ਕੁੜੀ ਜਸਿੰਟਾ ਦੇ ਮਨ ਵਿੱਚ ਜੋ ਕਸ਼ਮਕਸ਼ ਚੱਲ ਰਹੀ ਹੈ ਉਸ ਦਾ ਕਿਆਸ ਕਰਨਾ ਔਖਾ ਨਹੀਂ। ਪੁਲਿਸ ਦੇ ਰਿਕਾਰਡ ਵਿੱਚ ਇਸ ਘਟਨਾ ਦਾ ਵੇਰਵਾ ਸਦਾ ਪਿਆ ਰਹੇਗਾ ਜਿਸ ਕਾਰਨ 16 ਸਾਲਾ ਜਸਿੰਟਾ ਸ਼ਾਇਦ ਉਮਰ ਭਰ ਕੋਈ ਬਹੁਤਾ ਵੱਡਾ ਮੁਕਾਮ/ਅਹੁਦਾ ਪ੍ਰਾਪਤ ਕਰਨ ਤੋਂ ਵਾਂਝੀ ਰਹੇਗੀ। ਇਸ ਗੱਲ ਦਾ ਅਹਿਸਾਸ ਉਸ ਨੂੰ ਇਸ ਉਮਰ ਵਿੱਚ ਨਾ ਹੋਇਆ ਤਾਂ ਅੱਗੇ ਚੱਲ ਕੇ ਜਰੂਰ ਮਹਿਸੂਸ ਹੋ ਜਾਣਾ ਹੈ।

ਅਮਰੀਕਾ ਦੇ ਸੂਬੇ ਲੁਈਸੀਆਨਾ ਵਿੱਚ ਇਕ ਦਾਦੀ ਅਤੇ ਉਸ ਦੀ ਦੋਸਤ ਔਰਤ ਗ੍ਰਿਫਤਾਰ ਹੋਈਆਂ ਹਨ। ਪੁਲਿਸ ਮੁਤਾਬਿਕ ਦਾਦੀ ਅਤੇ ਉਸ ਦੀ ਸਹੇਲੀ ਸ਼ਰਾਬੀ ਸਨ। ਅੱਧੀ ਰਾਤ ਤੋਂ ਬਾਅਦ ਰੈਸਟੋਰੈਂਟ ਤੋਂ ਘਰ ਜਾਣ ਲਈ ਉਸ ਨੇ ਆਪਣੇ 10 ਸਾਲਾ ਪੋਤੇ ਨੂੰ ਗੱਡੀ ਚਲਾਉਣ ਲਗਾ ਦਿੱਤਾ। ਉਸ ਬੱਚੇ ਦੀ ਉਮਰ ਗੱਡੀ ਚਲਾਉਣ ਯੋਗ ਨਾ ਹੋਣ ਕਰਕੇ ਉਸ ਕੋਲ ਲਾਇਸੈਂਸ ਤਾਂ ਹੋ ਹੀ ਨਹੀਂ ਸੀ ਸਕਦਾ। ਜਦੋਂ ਹਾਈਵੇ ’ਤੇ ਗੱਡੀ ਡਿੱਕੇ-ਡੋਲੇ ਖਾਣ ਲੱਗੀ ਤਾਂ ਲੋਕਾਂ ਨੇ ਪੁਲਿਸ ਸੱਦ ਲਈ। ਪੁਲਿਸ ਵਾਲੇ 10 ਸਾਲਾ ਬੱਚੇ ਨੂੰ ਡਰਾਇਵਰ ਵਾਲੀ ਸੀਟ ’ਤੇ ਦੇਖ ਕੇ ਦੰਗ ਰਹਿ ਗਏ। ਉਸ ਦਾ 15 ਸਾਲਾ ਭਰਾ ਨਾਲ ਦੀ ਸੀਟ ’ਤੇ ਬੈਠਾ ਸੀ। ਉਨ੍ਹਾਂ ਦੀ 54 ਸਾਲਾ ਦਾਦੀ ਅਤੇ ਉਸ ਦੀ 48 ਸਾਲਾ ਸਹੇਲੀ ਮਗਰਲੀ ਸੀਟ ’ਤੇ ਬਿਰਾਜਮਾਨ ਸਨ। ਪੁਲਿਸ ਨੂੰ ਦਾਦੀ ਨੇ ਬੇਬਾਕੀ ਨਾਲ ਦੱਸਿਆ ਕਿ ਸ਼ਰਾਬ ਕਾਰਨ ਉਹ ਆਪ ਗੱਡੀ ਚਲਾ ਨਹੀਂ ਸਕਦੀ ਸੀ ਜਿਸ ਕਰਕੇ ਘਰ ਪਹੁੰਚਣ ਲਈ ਉਸ ਨੇ 10 ਸਾਲਾ ਪੋਤੇ ਦੀ ਮਦਦ ਲੈ ਲਈ। ਜਿਹੜੀ ਦਾਦੀ ਰਾਤ ਨੂੰ 1 ਵਜੇ ਸ਼ਰਾਬੀ ਹਾਲਤ ’ਚ ਆਪਣੇ ਪੋਤਿਆਂ ਨੂੰ ਸੜਕਾਂ ’ਤੇ ਖੱਜਲ਼-ਖੁਆਰ ਕਰ ਰਹੀ ਹੈ ਉਸ ਤੋਂ ਪੋਤੇ ਕੁਝ ਚੰਗਾ ਸਿੱਖਣ ਦੀ ਆਸ ਘੱਟ ਹੀ ਰੱਖ ਸਕਦੇ ਹਨ।

ਪੰਜਾਬੀ ਮਾਪਿਆਂ ਤੋਂ ਜਿਸ ਰੋਲ ਮਾਡਲ ਬਣ ਕੇ ਬੱਚਿਆਂ ਨੂੰ ਅਗਵਾਈ ਦੇਣ ਦੀ ਆਸ ਰੱਖੀ ਜਾਂਦੀ ਹੈ ਉਹ ਪੂਰੀ ਨਹੀਂ ਕੀਤੀ ਜਾ ਪਾ ਰਹੀ ਮੈਰਿਜ ਪੈਲੇਸਾਂ ’ਚ ਖ਼ਰਮਸਤੀਆਂ ਦੇ ਕਲਚਰ ਨਾਲ ਤਾਂ ਲੋਕਾਂ ਦੇ ਆਚਰਣ ਵਿੱਚੋਂ ਚੰਗੇ ਗੁਣ ਪੰਖੇਰੂ ਹੋ ਕੇ ਰਹਿੰਦੇ ਜਾ ਰਹੇ ਹਨ ਬਹੁਤ ਸਾਰੇ ਬੱਚਿਆਂ ਦੇ ਵੱਡੇ ਹੋ ਕੇ ਚੋਰ ਲੁਟੇਰੇ, ਸਰਾਬੀ ਅਤੇ ਵੱਡੇ ਅਪਰਾਧੀ ਬਣਨ ਦਾ ਵੱਡਾ ਸਮਾਜਿਕ ਕਾਰਨ ਇਹ ਸਾਹਮਣੇ ਆ ਰਿਹਾ ਹੈ ਕਿ ਉਨ੍ਹਾਂ ਦੇ ਮਾਪੇ ਯੋਗ ਅਗਵਾਈ ਕਰਨ ਤੋਂ ਅਸਮਰੱਥ ਰਹਿ ਰਹੇ ਹਨ ਮਾਪੇ ਬੱਚਿਆਂ ਤੋਂ ਚੰਗਿਆਈਆਂ ਦੀ ਆਸ ਤਾਂ ਰੱਖਦੇ ਹਨ ਪਰ ਅਕਸਰ ਖ਼ੁਦ ਅੱਛੇ ਗੁਣਾਂ ਦੇ ਧਾਰਨੀ ਨਹੀਂ ਹੁੰਦੇ ਸਾਨੂੰ ਲੱਗਦਾ ਹੈ ਕਿ ਉਪਰੋਕਤ ਐਸੇ ਉਹ ਲੋਕ ਹਨ ਜਿਨ੍ਹਾਂ ਦੀਆਂ ਖ਼ਰਮਸਤੀਆਂ ਕਾਰਨ ਮਾਡਰਨ ਯੁੱਗ ਦੇ ਬੱਚੇ ਲੀਹੋਂ ਲੱਥ ਰਹੇ ਹਨ। ਬੱਚਿਆਂ ਨੂੰ ਜਿਸ ਅਗਵਾਈ ਦੀ ਮਾਪਿਆਂ ਤੋਂ ਲੋੜ ਹੈ ਜਦੋਂ ਉਹ ਅਗਵਾਈ ਨਹੀਂ ਮਿਲਦੀ ਅਤੇ ਉਹ ਨਿੱਤ-ਦਿਨ ਆਪਣੇ ਮਾਪਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਐਸ਼-ਓ-ਇਸ਼ਰਤ ’ਚ ਗਲਤਾਨ ਹੋਏ ਦੇਖਦੇ ਹਨ ਤਾਂ ਉਨ੍ਹਾਂ ਦੇ ਮਨਾਂ ’ਚ ਚੰਗਿਆਈਆਂ ਦਾ ਜਨਮ ਹੋਣ ਦੀ ਸੰਭਾਵਨਾ ਖਤਮ ਹੋਣ ਲੱਗਦੀ ਹੈ। ਬੱਚਿਆਂ ਨੂੰ ਵੱਡਿਆਂ ਦੀ ਰਹਿਨੁਮਾਈ ਦੀ ਹਮੇਸ਼ਾਂ ਲੋੜ ਹੁੰਦੀ ਹੈ। ਚੰਗੇ ਰਹਿਨੁਮਾ ਉਹ ਮਾਪੇ ਹੀ ਹੋ ਸਕਦੇ ਹਨ ਜੋ ਖ਼ੁਦ ਰੋਲ ਮਾਡਲ ਬਣ ਸਕਦੇ ਹੋਣ। ਅਸੀਂ ਸਮਝਦੇ ਹਾਂ ਕਿ ਗੱਲਾਂ ਅਤੇ ਅਮਲਾਂ ਵਿੱਚ ਫਰਕ ਮਿਟਾ ਕੇ ਰੋਲ ਮਾਡਲ ਬਣਿਆ ਜਾ ਸਕਦਾ ਹੈ। ਬੁਰੀਆਂ ਆਦਤਾਂ (ਸ਼ਰਾਬ, ਨਸ਼ੇ, ਛੱਲ-ਕੱਪਟ ਆਦਿਕ) ਦੇ ਧਾਰਨੀ ਮਾਪੇ ਆਪਣੇ ਬੱਚਿਆਂ ਨੂੰ ਕੁਝ ਚੰਗਾ ਕਰਨ ਦੀ ਪ੍ਰੇਰਨਾ ਦੇਣ ਤੋਂ ਅਸਮਰੱਥ ਰਹਿ ਰਹੇ ਹਨ ਕਿਉਂਕਿ ਬੱਚੇ ਉਨ੍ਹਾਂ ਦੀਆਂ ਗੱਲਾਂ ਅਤੇ ਕੰਮਾਂ ਵਿੱਚ ਸੁਮੇਲ ਨਹੀਂ ਲੱਭ ਪਾਉਂਦੇ। ਇਸ ਕਰਕੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਉਨ੍ਹਾਂ ਦੇ ਮਾਪਿਆਂ ਨੂੰ ਆਪਣਾ ਵਰਤਮਾਨ ਸੰਵਾਰਨ ਲਈ ਸੰਜੀਦਗੀ ਨਾਲ ਯਤਨਸ਼ੀਲ ਰਹਿਣ ਦੀ ਲੋੜ ਹੈ।