ਕਲਯੁੱਗ ਦਾ ਪਹਿਰਾ

0
281

ਕਲਯੁੱਗ ਦਾ ਪਹਿਰਾ

ਕਥਾਵਾਂ ਬਿਸਤ ਦੁਆਬ ਦੀਆਂ

ਵਲੋਂ- ਹਰਨਾਮ ਦਾਸ ਮਹੇ- 94654-66905

ਬਜ਼ੁਰਗਾਂ ਦਾ ਕਹਿਣਾ ਹੈ ਕਿ ਸਤਯੁੱਗ, ਤਰੇਤਾ, ਦੁਆਪਰ ਅਤੇ ਕਲਯੁੱਗ ਚਾਰੇ ਭਾਈ ਹਨ। ਵੱਡਾ ਸਤਯੁੱਗ ਤੇ ਛੋਟਾ ਕਲਯੁੱਗ ਹੈ। ਵੱਡੇ ਤਿੰਨੇ ਭਰਾ ਨੇਕ, ਸਚਾਈ ‘ਤੇ ਚਲਣ ਵਾਲੇ, ਭਲਾ ਸੋਚਣ ਤੇ ਭਲਾ ਕਰਨ ਵਾਲੇ ਹਨ। ਕਲਯੁੱਗ ਸ਼ੈਤਾਨ ਦੀ ਟੁੱਟੀ , ਬੇਈਮਾਨ, ਧੋਖੇਬਾਜ਼ ਅਤੇ ਛਲ-ਕਪਟ ਕਰਨ ਵਾਲਾ ਹੈ। ਪਹਿਲੇ ਤਿੰਨੇ ਭਰਾ ਸਦਾਚਾਰ ਕਾਰਣ ਪਹਿਚਾਣੇ ਜਾਂਦੇ ਅਤੇ ਛੋਟਾ ਕਲਯੁੱਗ ਆਪਣੀ ਝੂਠੀਆਂ ਅਤੇ ਘਟੀਆਂ ਗਲਾਂ ਮਨਾਉਣ ਵਾਸਤੇ ਅੜ ਜਾਇਆ ਕਰਦਾ। ਕਈ ਵਾਰ ਇਨਾ ਵਿੱਚ ਤਕਰਾਰ ਵੀ ਹੋ ਜਾਂਦਾ ਹੈ। ਵੱਡੇ ਤਿੰਨ ਭਰਾ ਇਕ ਪਾਸੇ ਹੋ ਜਾਂਦੇ ਤੇ ਛੋਟਾ ਦੂਜੇ ਪਾਸੇ। ਦੁਆਪਰ ਕਦੀ-ਕਦੀ ਕਲਯੁੱਗ ਨਾਲ ਹਾਂ ‘ਚ ਹਾਂ ਮਿਲਾ ਦਿੰਦਾ, ਪਰ ਵਡੇ ਭਰਾਵਾਂ ਦੀ ਸ਼ਰਮ ਖਾਂਦਾ ਕਰਕੇ ਕਲਯੁੱਗ ਦਾ ਸਾਥ ਦੇਣ ਤੋਂ ਕੰਨੀ ਕਤਰਾਉਂਦਾ ਰਹਿੰਦਾ। ਇਕ ਦਿਨ ਕੁਝ ਜਿਆਦਾ ਹੀ ਬਹਿਸ-ਬਸਾਈ ਤੇ ਗਰਮਾ ਗਰਮੀ ਹੋ ਗਈ। ਵੱਡੇ ਤਿੰਨੇ ਕਹਿੰਦੇ, ਅਸੀਂ ਸੱਚੇਂ ਹਾਂ, ਪਰ ਛੋਟਾ ਉਨਾਂ ਦੀ ਪੇਸ਼ ਨਹੀਂ ਜਾਣ ਦਿੰਦਾ। ਕਲਯੁੱਗ ਸ਼ਰਾਰਤੀ ਤੇ ਝੂਠ ਨੂੰ ਤੁਲ ਦੇਣ ਵਾਲਾ ਹੈ। ਕਹਿੰਦੇ ਹਨ ਕਿ ਇਕ ਪਾਸੇ ਧਰਮੀ ਕਰਮੀ ਪ੍ਰਮਾਤਮਾ ਨੂੰ ਮੰਨਣ ਵਾਲੇ ਲੋਕ ਤੇ ਦੂਜੇ ਪਾਸੇ ਬੇਈਮਾਨ ਝੂਠੇ ਲੋਕ, ਪਰ ਬਹੁਤ ਵਾਰੀ ਝੂਠ ਵੀ ਚਲ ਜਾਂਦਾ ਹੈ। ਸ਼ੈਤਾਨ ਵੀ ਤਾਕਤਵਰ ਹੈ। ਸਤਯੁੱਗ, ਤਰੇਤਾ ਤੇ ਦੁਆਪਰ ਦਾ ਆਪਣਾ ਆਪਣਾ ਪਹਿਰਾ ਤੇ ਕਲਯੁੱਗ ਦਾ ਆਪਣਾ ਪਹਿਰਾ ਹੈ। ਜੋ ਚਾਹੁਣ ਆਪਣੇ ਪਹਿਰੇ ਵਿਚ ਕਰ ਸਕਦੇ ਹਨ। ਜਦੋਂ ਤਿੱਖੀ ਨੋਕ-ਝੋਕ ਹੋਈ ਤਾਂ ਕਲਯੁੱਗ ਨੇ ਕਿਹਾ ਤੁਸੀਂ ਇਕ ਦਿਨ ਮੇਰੇ ਪਹਿਰੇ ਵਿੱਚ ਜਾਉਂਗੇ ਤਾਂ ਤੁਹਾਨੂੰ ਤਿੰਨਾਂ ਨੂੰ ਮੇਰੇ ਸਾਹਮਣੇ ਹਾਰ ਮੰਨਣੀ ਪਵੇਗੀ, ਮੇਰੇ ਸਹਾਮਣੇ ਝੁਕਣਾ ਪਵੇਗਾ ਅਤੇ ਮੈਨੂੰ ਗੁਰੂ ਵੀ ਮੰਨਣਾ ਪਵੇਗਾ। ਪਰ ਵੱਡੇ ਭਾਈਆਂ ਨੇ ਸੋਚ ਕੇ ਕਿਹਾ ਕਿ ਦੇਖ ਲਵਾਂਗੇ ਉਹ ਦਿਨ। ਵੱਡਿਆਂ ਦੀ ਸੋਚ ਹੁੰਦੀ ਹੈ ਕਿ ਅਸੀਂ ਸਿਆਣੇ ਤੇ ਸਮਝਦਾਰ ਹਾਂ, ਅਸੀਂ ਇਸ ਦੀ ਹਰ ਗੱਲ ਦਾ ਤੋੜ ਲੱਭ ਲਵਾਂਗੇ।
ਵਡੇ ਤਿੰਨੇ ਭਰਾਵਾਂ ਨੂੰ ਕਿਤੇ ਕਿਤੇ ਲੰਬੀ ਸੈਰ ਕਰਨ ਦੀ ਆਦਤ ਹੈ। ਮੌਕਾ ਤਾੜ ਕੇ ਕਲਯੁੱਗ ਨੇ, ਜਿੱਧਰ ਨੂੰ ਦੂਰ ਸੈਰ ਕਰਨ ਨਿਕਲੇ, ਤਾਂ ਕਲਯੁੱਗ ਨੇ ਜਾ ਕੇ ਆਪਣੇ ਪਹਿਰੇ ਵਿੱਚ ਇਕ ਮੰਦਰ, ਮਸਜਿਦ/ਗਿਰਜੇ ਦੀ ਸ਼ਕਲ ਦੀ ਇਕ ਵਡੀ ਇਮਾਰਤ ਖੜੀ ਕਰ ਲਈ। ਦੂਰ ਸੈਰ ਕਰਦੇ ਕਰਦੇ ਵੱਡੇ ਤਿੰਨਾਂ ਭਰਾਵਾਂ ਦਾ ਧਿਆਨ ਉਸ ਮੰਦਰ/ਗਿਰਜੇ ‘ਤੇ ਪਿਆ। ਸੱਚੇ ਸੁੱਚੇ ਹੋਣ ਕਰਕੇ ਇਨਾਂ ਦਾ ਧਿਆਨ ਖਿਚਿਆ ਗਿਆ। ਇਮਾਰਤ ਅੰਦਰ ਜਾ ਕੇ ਬੰਦਗੀ ਅਤੇ ਮੱਥਾ ਟੇਕਣ ਦਾ ਵਿਚਾਰ ਆਇਆ। ਜਦ ਤਿੰਨੇ ਇਮਾਰਤ ਦੇ ਗੇਟ ਤੋਂ ਅੰਦਰ ਵੜਨ ਲੱਗੇ ਖੁੰਡੇ ਵਾਲੇ ਸੰਤਰੀ ਨੇ ਤਿੰਨਾ ਨੂੰ ਰੋਕ ਲਿਆ ਕਿ ਇਸ ਮੰਦਿਰ/ਗਿਰਜੇ ਨੂੰ ਅੰਦਰੋਂ ਦੇਖਣ ਵਾਸਤੇ ਕੁਝ ਸ਼ਰਤਾਂ ਹਨ। ਜੇਕਰ ਤੁਹਾਨੂੰ ਸ਼ਰਤਾਂ ਪੁਗਣਗੀਆਂ ਤਾਂ ਤੁਸੀਂ ਅੰਦਰ ਦੇਖ ਸਕਦੇ ਹੋ। ਤਿੰਨੇ ਜਣੇ ਸ਼ਰਤਾਂ ਮੰਨਣ ਨੂੰ ਤਿਆਰ ਹੋ ਗਏ। ਸੰਤਰੀ ਨੇ ਪਹਿਲੀ ਸ਼ਰਤ ਰੱਖੀ ਕਿ ਇਸ ਇਮਾਰਤ ਵਿਚ ਅੰਦਰ ਜਾ ਕੇ ਜੋ ਵੀ ਤੁਸੀਂ ਦੇਖੋਗੇ, ਉਹ ਵਾਪਸ ਆ ਕੇ ਮੈਨੂੰ ਇੱਥੇ ਦਸਣਾ ਹੈ। ਇਹ ਕੋਈ ਖਾਸ ਸ਼ਰਤ ਤਾਂ ਨਹੀਂ ਸੀ, ਸੱਚੇ ਹਨ, ਤਿੰਨੇ ਕਹਿੰਦੇ ਠੀਕ ਹੈ, ਜੋ ਦੇਖਾਂਗੇ ਉਹੀ ਦੱਸਾਂਗੇ! ਸੰਤਰੀ ਦੀ ਦੂਜੀ ਸ਼ਰਤ ਇਹ ਸੀ ਕਿ ਜੋ ਵੀ ਤੁਸੀਂ ਅੰਦਰ ਦੇਖੋਗੇ, ਉਹਨਾਂ ਸੀਨਾਂ ਦੇ ਮਤਲੱਬ ਕੱਢ ਕੇ ਦੱਸਣੇ ਹੋਣਗੇ। ਤਿੰਨਾਂ ਨੇ ਸਲਾਹ ਕੀਤੀ ਕਿ ਅਸੀਂ ਸਿਆਣੇ, ਸਮਝਦਾਰ ਤੇ ਗਿਆਨੀ ਹਾਂ। ਮਤਲੱਬ ਵੀ ਕੱਢ ਕੇ ਦੱਸ ਦੇਵਾਂਗੇ। ਤਿੰਨੇ ਕਹਿੰਦੇ ਠੀਕ ਹੈ, ਸਾਨੂੰ ਸ਼ਰਤ ਮਨਜ਼ੂਰ ਹੈ।
ਸੰਤਰੀ ਨੇ ਤੀਜੀ ਸ਼ਰਤ ਇਹ ਰੱਖੀ ਕਿ ਜੇਕਰ ਉਨਾਂ ਸੀਨਾਂ ਦਾ ਮਤਲੱਬ ਨਹੀਂ ਦੱਸ ਸਕੇ ਤਾਂ ਇਹ ਤੀਜੀ ਸ਼ਰਤ ਉਦੋਂ ਹੀ ਦੱਸਾਂਗਾ। ਮਤਲੱਬ ਨਾ ਦੱਸਣ ਦੀ ਸ਼ਰਤ ਵਿਚ ਤੁਹਾਨੂੰ ਝੁਕਣਾ ਪਵੇਗਾ। ਤਿੰਨਾਂ ਪਰੇ ਜਾ ਕੇ ਸਲਾਹ ਕੀਤੀ ਕਿ ਜੇਕਰ ਅਸੀਂ ਸੀਨਾਂ ਦੇਖਿਆਂ ਦਾ ਮਤਲੱਬ ਨਹੀਂ ਦਸ ਸਕਾਂਗੇ ਤਾਂ ਹੀ ਇਹ ਸ਼ਰਤ ਹੈ। ਪੂਰੇ ਭਰੋਸੇ ਨਾਲ ਕਿਹਾ ਕਿ ਅਸੀਂ ਕਿਹੜੇ ਨਲਾਇਕ ਹਾਂ, ਇਹ ਤਾਂ ਨੌਬਤ ਹੀ ਨਹੀਂ ਆਏਗੀ। ਸੋ, ਤਿੰਨੇ ਸ਼ਰਤਾਂ ਮੰਨ ਗਏ ਤਾਂ ਸੰਤਰੀ ਨੇ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ ਤਾਂ ਕਿ ਸਾਰਾ ਕੁਝ ਦੇਖ ਸਕਣ।
ਤਿੰਨੇ ਭਾਈਆਂ ਨੇ ਅੰਦਰ ਜਾ ਕੇ ਇਕ ਪਾਸੇ ਤੋਂ ਦੇਖਣਾ ਸ਼ੁਰੂ ਕਰ ਦਿੱਤਾ। ਪਹਿਲਾ ਸੀਨ ਉਨਾਂ ਦੇਖਿਆ ਕਿ ਇਕ ਗਾਂ ਸੂਈ ਹੋਈ ਹੈ। ਉਸ ਨੇ ਵਛੜੀ ਦਿੱਤੀ ਹੋਈ ਹੈ। ਗਾਂ ਆਪਣੀ ਵਛੜੀ ਦਾ ਦੁੱਧ ਚੁੰਘਣ ਲਗੀ ਹੋਈ ਹੈ। ਤਿੰਨੇ ਦੇਖਦੇ ਹਨ ਕਿ ਇਹ ਤਾਂ ਉਲੱਟ ਕੰਮ ਹੈ। ਤਿੰਨੇ ਹੈਰਾਨ ਪ੍ਰੇਸ਼ਾਨ ਹੋ ਗਏ। ਸੋਚਣ ਲਗੇ ਕਿ ਇਹ ਕਿਸ ਤਰਾਂ ਹੋ ਸਕਦਾ ਹੈ? ਐਸਾ ਤਾਂ ਅਸੀਂ ਕਦੀ ਸੁਣਿਆ ਤੱਕ ਵੀ ਨਹੀਂ ਹੈ। ਉਨਾਂ ਦੀ ਅਕਲ ਖਾਨੇ ਤੋਂ ਲੈਹ ਗਈ।
ਅੱਗੇ ਵਧੇ ਤਾਂ ਉਹਨਾਂ ਦੇਖਿਆ ਕਿ ਇਕ ਨਹਿਰ ਵਗ ਰਹੀ ਹੈ। ਉਸ ਪਾਣੀ ਵਾਲੀ ਨਹਿਰ ਵਿਚ ਇਕ ਪੱਥਰ ਤਰ ਰਿਹਾ ਹੈ ਤੇ ਇਕ ਲੱਕੜ ਡੁੱਬੀ ਹੋਈ ਹੈ। ਇਸ ਦੇ ਇਲਾਵਾ ਨਹਿਰ ਦੇ ਕਿਨਾਰੇ ਬਾਹਰ ਇਕ ਹੋਰ ਪੱਥਰ ਤੇ ਇਕ ਲੱਕੜ ਪਈ ਹੋਈ ਹੈ। ਉਨਾਂ ਸਮਝਿਆ ਕਿ ਜੋ ਪਹਿਲਾਂ ਹੀ ਲੱਕੜ ਡੁੱਬੀ ਹੋਈ ਹੈ, ਸ਼ਾਇਦ ਉਹ ਪੱਥਰ ਹੋਵੇ, ਜੋ ਪੱਥਰ ਤਰਦਾ ਹੈ, ਸ਼ਾਇਦ ਉਹ ਲੱਕੜ ਹੋਵੇ। ਰੂਪ/ਭੇਸ ਬਦਲਿਆ ਹੋਵੇ। ਉਨਾਂ ਜੋ ਬਾਹਰ ਪੱਥਰ ਪਿਆ, ਜਾਂਚ ਪਰਖ ਕੇ ਨਹਿਰ ਦੇ ਪਾਣੀ ਵਿੱਚ ਸੁੱਟ ਦਿਤਾ, ਉਹ ਪੱਥਰ ਵੀ ਤਰਨ ਲਗ ਪਿਆ। ਤੇ ਬਾਹਰ ਪਈ ਲੱਕੜ ਵੀ ਪਰਖ ਕੇ ਸੁੱਟ ਦਿੱਤੀ. ਉਹ ਲੱਕੜ ਵੀ ਡੁੱਬ ਗਈ। ਤਿੰਨੇ ਬੜੇ ਹੈਰਾਨ ਪ੍ਰੇਸ਼ਾਨ ਹੋ ਗਏ। ਇਹ ਅਜੀਬ ਘਟਨਾ ਉਨਾਂ ਦੇ ਸਮਝ ਤੋਂ ਬਾਹਰ ਹੋ ਗਈ।
ਅੱਗੇ ਵਧੇ ਤਾਂ ਤੀਸਰਾ ਸੀਨ ਦੇਖਦੇ ਹਨ ਕਿ ਗੱਭੇ (ਵਿਚਕਾਰ) ਇਕ ਖੂਹ ਹੈ ਤੇ ਉਸ ਦੇ ਆਲੇ ਦੁਆਲੇ ਸੱਤ ਖੂਹ ਹਨ। ਗੱਭੇ ਖੂਹ ਵਿੱਚੋਂ ਸੱਤ ਪਾਇਪਾਂ ਰਾਹੀਂ ਆਲੇ ਦੁਆਲੇ ਦੇ ਖੂਹਾਂ ਵਿੱਚ ਪਾਣੀ ਪੈ ਰਿਹਾ ਹੈ। ਵਿਚਕਾਰਲਾ ਖੂਹ ਵੀ ਖਾਲੀ ਨਹੀਂ ਹੋ ਰਿਹਾ ਅਤੇ ਆਲੇ ਦੁਆਲੇ ਦੇ ਸੱਤ ਖੂਹ ਵੀ ਭਰੀ ਜਾ ਰਹੇ ਹਨ। ਅੱਗੇ ਇਸ ਦੇ ਨਾਲ ਹੀ ਇਸੇ ਤਰਾਂ ਦਾ ਸੀਨ ਇਸ ਦੇ ਉਲਟ ਹੈ ਭਾਵ ਆਲੇ ਦੁਆਲੇ ਦੇ ਸੱਤਾਂ ਖੂਹਾਂ ਵਿੱਚੋਂ ਪਾਇਪਾਂ ਰਾਹੀਂ ਗੱਭਲੇ (ਵਿਚਕਾਰਲੇ) ਖੂਹ ਵਿੱਚ ਪਾਣੀ ਡਿੱਗ ਰਿਹਾ ਹੈ। ਜਿੰਨਾਂ ਸੱਤਾਂ ਖੂਹਾਂ ਵਿੱਚੋਂ ਪਾਣੀ ਜਾ ਰਿਹਾ ਹੈ ਉਹ ਸੱਤੇ ਖੂਹ ਖਾਲੀ ਹੋ ਰਹੇ ਅਤੇ ਗੱਭਲਾ ਖੂਹ ਵੀ ਨਹੀਂ ਭਰ ਰਿਹਾ। ਇਹ ਸੀਨ ਵੀ ਦੇਖ ਕੇ ਤਿੰਨੇ ਭਾਈ ਹੈਰਾਨ ਪ੍ਰੇਸ਼ਾਨ ਹੋ ਗਏ। ਸਮਝੋ ਇੱਕ ਤਰਾਂ ਦਾ ਉਨਾਂ ਤਿੰਨਾਂ ਦਾ ਦਿਮਾਗ਼ ਹਿੱਲ ਗਿਆ।
ਤਿੰਨੇ (ਉਪਰੋਕਤ) ਚਾਰੇ ਸੀਨ ਦੇਖ ਕੇ ਸੋਚੀਂ ਪੈਂਦੇ ਪੈਂਦੇ ਪ੍ਰੇਸ਼ਾਨ ਹੋ ਕੇ ਗੇਟ ‘ਤੇ ਆ ਗਏ। ਸੰਤਰੀ ਨੇ ਆਪਣਾ ਖੁੰਡਾ ਖੜਕਾ ਕੇ ਤਿੰਨਾਂ ਨੂੰ ਖੁੰਡੇ ਨਾਲ ਰੋਕ ਲਿਆ ਤੇ ਆਪਣੀਆਂ ਸ਼ਰਤਾਂ ਯਾਦ ਕਰਵਾਈਆਂ। ਪਹਿਲੀ ਸ਼ਰਤ ਯਾਦ ਕਰਵਾਈ ਕਿ ਦੱਸੋਂ ਤੁਸੀਂ ਅੰਦਰ ਕੀ ਕੀ ਦੇਖਿਆ। ਸ਼ਰਤ ਸੌਖੀ ਸੀ ਜੋ ਵੀ ਸੀਨ ਦੇਖੋ, ਸੱਚ ਦੱਸ ਦਿੱਤਾ। ਪਹਿਲੀ ਸ਼ਰਤ ਪਾਸ ਹੋ ਗਈ।
ਦੂਜੀ ਸ਼ਰਤ ਸੀ ਕਿ ਜੋ ਵੀ ਸੀਨ ਦੇਖੇ, ਉਨਾਂ ਦੇ ਮਤਲੱਬ ਕੱਢ ਕੇ ਵਿਆਖਿਆ ਕਰੋ। ਪਰ ਤਿੰਨੇ ਸੱਚੇ ਸੁੱਚੇ ਭਰਾ ਮਤਲੱਬ ਕੱਢ ਕੇ ਵਿਆਖਿਆ ਕਰਨ ਵਿੱਚ ਅਸਮਰਥ ਰਹੇ। ਸਿਆਣਪ ਤੇ ਸਚਾਈ ਕੰਮ ਨਹੀਂ ਆਈ। ਅਗਲੀ ਤੀਜੀ ਸ਼ਰਤ ਸੀ ਕਿ ਅਗਰ ਮਤੱਲਬ ਨਹੀਂ ਦੱਸ ਸਕੇ ਤਾਂ ਤਿੰਨਾਂ ਨੂੰ ਸੰਤਰੀ ਪਾਸ ਝੁੱਕ ਕੇ ਕੁਝ ਮੰਨਣਾ ਪਵੇਗਾ। ਤਿੰਨੇ ਝੁੱਕ ਗਏ ਤਾਂ ਉਸ ਸੰਤਰੀ ਨੇ ਮੁੱਛਾਂ ਨੂੰ ਤਾਅ ਦੇ ਕੇ ਕਿਹਾ, ‘ਮੈਂ ਤੁਹਾਡਾ ਛੋਟਾ ਭਾਈ ਕਲਯੁੱਗ ਹਾਂ, ਇਸ ਮੰਦਰ/ਗਿਰਜਾ ਰੂਪੀ ਇਮਾਰਤ ਦੇ ਅੰਦਰ ਮੇਰਾ ਪਹਿਰਾ ਹੈ, ਮੇਰਾ ਰਾਜ ਹੈ। ਤੁਸੀਂ ਸੀਨਾਂ ਦਾ ਮਤਲੱਬ ਨਹੀਂ ਦਸ ਸਕੇ। ਵਿਆਖਿਆ ਤਾਂ ਦੂਰ ਦੀ ਗੱਲ ਹੈ। ਮੈਂ ਤੁਹਾਨੂੰ ਸਾਰੇ ਸੀਨਾਂ ਦਾ ਮਤਲੱਬ ਦੱਸਦਾ ਹਾਂ। ਮੰਨੋ ਮੈਨੂੰ ਗੁਰੂ।’ ਤਿੰਨੇ ਵੱਡੇ ਭਰਾ ਝੁੱਕ ਕੇ ਗੁਰੂ ਮੰਨਣ ਨੂੰ ਤਿਆਰ ਹੋ ਗਏ, ਕਿਉਂਕਿ ਸੱਚੇ ਸੁੱਚੇ ਹਨ, ਵਾਧਾ ਕੀਤਾ ਹੋਇਆ ਸੀ। ਸੰਤਰੀ ਕਲਯੁੱਗ ਨੇ ਪਹਿਲੇ ਸੀਨ ਬਾਰੇ ਦੱਸਿਆ ਕਿ ਤੁਹਾਡੇ ਯੁੱਗ/ਪਹਿਰੇ, ਰਾਜ ਵਿੱਚ ਵਛੜੀ ਗਾਂ ਨੂੰ ਚੁੰਘਦੀ ਹੈ। ਪਰ ਮੇਰੇ ਪਹਿਰੇ-ਰਾਜ ਵਿੱਚ ਗਾਂ ਵਛੜੀ ਨੂੰ ਚੁੰਘਦੀ ਹੈ। ਮਤਲੱਬ ਜਦੋਂ ਮੇਰਾ ਰਾਜ-ਪਹਿਰਾ ਦੇਖੋਗੇ, ਮਾਪੇ ਆਪਣੀ ਧੀ-ਜਵਾਈ ਦੀ ਕਮਾਈ ‘ਤੇ ਆਸ ਰੱਖ ਕੇ ਖਾਇਆ ਕਰਨਗੇ। ਇੱਥੇ ਹੁਣ ਮੇਰਾ ਪਹਿਰਾ ਹੈ।
ਦੂਜੇ ਸੀਨ ਵਿੱਚ ਤੁਹਾਡੇ ਰਾਜ/ਪਹਿਰੇ ਵਿੱਚ ਪੱਥਰ ਡੁੱਬਦਾ ਹੈ ਤੇ ਲੱਕੜ ਤਰਦੀ ਹੈ, ਮਤੱਲਬ ਝੂਠ ਡੁੱਬਦਾ ਤੇ ਸੱਚ ਤਰਦਾ। ਪਰ ਮੇਰੇ ਰਾਜ ਵਿੱਚ ਤੁਸਾਂ ਅੰਦਰ ਦੇਖ ਕੇ ਆਏ ਹੋ। ਇੱਥੇ ਪੱਥਰ ਤਰਦਾ ਤੇ ਲੱਕੜ ਡੁੱਬੀ ਹੋਈ ਹੈ। ਮਤਲੱਬ ਮੇਰੇ ਰਾਜ ਵਿੱਚ ਸੱਚ ਡੁੱਬੇਗਾ ਤੇ ਝੂਠ ਤਰੇਗਾ, ਕਿਉਂਕਿ ਇੱਥੇ ਮੇਰਾ ਪਹਿਰਾ ਹੈ।
ਤੀਸਰਾ ਸੀਨ ਖੂਹਾਂ ਦਾ ਹੈ। ਤੁਹਾਡੇ ਪਹਿਰਿਆਂ ਵਿਚ ਇਕ ਮਾਂ-ਬਾਪ ਸੱਤਾਂ ਬੱਚਿਆਂ ਨੂੰ ਪਾਲਿਆ ਪਲੋਸਿਆ ਕਰਦਾ ਹੈ। ਮਾਂ ਬਾਪ ਵੀ ਬੱਚਿਆ ਨੂੰ ਖੁਆਉਂਦੇ ਖਾਲੀ ਨਹੀਂ ਹੁੰਦੇ ਤੇ ਪੁੱਤਰ ਧੀਆਂ ਵੀ ਰੱਜਦੇ ਦਿਖਾਈ ਦਿੰਦੇ ਹਨ। ਸੰਤੁਸ਼ਟੀ ਰੱਖਦੇ ਹਨ ਤੇ ਔਲਾਦ ਵੀ ਰੱਜੀ ਪੁੱਜੀ ਸਮਝਦੀ ਹੈ। ਵਿਚਲਾ ਖੂਹ ਵੀ ਖਾਲੀ ਨਹੀਂ ਹੋਇਆ ਤੇ ਆਲੇ ਦੁਆਲੇ ਔਲਾਦ ਦੇ ਖੂਹ ਭਰੀ ਜਾ ਰਹੇ ਹਨ। ਪਰ ਮੇਰੇ ਪਹਿਰੇ ਵਿੱਚ ਉਲੱਟ ਸੱਤ ਪੁੱਤਰ ਧੀਆਂ ਆਪਣੇ ਮਾਂ ਬਾਪ ਨੂੰ ਰੋਟੀ ਦਿੰਦਿਆਂ/ਸੇਵਾ ਕਰਦਿਆਂ ਮਹਿਸੂਸ ਕਰਨਗੇ ਕਿ ਅਸੀਂ ਤਾਂ ਸੇਵਾ ਕਰਦੇ ਕਰਦੇ ਖਾਲੀ ਹੋ ਰਹੇ ਹਾਂ, ਤੇ ਮਾਂ ਬਾਪ ਕਹਿਣਗੇ ਕਿ ਸਾਡਾ ਔਲਾਦ ਨੇ ਕੀ ਕੀਤਾ ਹੈ? ਸਾਡੀ ਸੇਵਾ ਹੀ ਨਹੀਂ ਕਰਦੇ, ਪੂਰੀ ਖੁਰਾਕ ਹੀ ਨਹੀਂ ਦਿੰਦੇ। ਅਸੀਂ ਤਾਂ ਭੁੱਖੇ ਹੀ ਰਹਿੰਦੇ ਹਾਂ। ਕਲਯੁੱਗ ਨੇ ਕਿਹਾ ਕਿ ਜਦੋਂ ਮੇਰਾ ਪਹਿਰਾ/ਰਾਜ ਆਵੇਗਾ, ਸਭ ਇਵੇਂ ਉਲੱਟ ਹੀ ਹੋਏਗਾ। ਸੋ ਤਿੰਨੇ ਵਡੇ ਭਾਈ, ਛੋਟੇ ਭਾਈ ਸ਼ੈਤਾਨ ਤੇ ਬੇਈਮਾਨ ਕਲਯੁੱਗ ਨੂੰ ਗੁਰੂ ਮੰਨ ਕੇ ਮੂੰਹ ਲਟਕਾ ਕੇ ਵਾਪਸ ਆਉਂਦੇ ਕੁਝ ਇਸ ਤਰਾਂ ਬੁੜਬੁੜਾ ਕੇ ਕਹਿ ਰਹੇ ਹਨ-
‘ਅਸੀਂ ਤਾਂ ਸੁਣਿਆ ਹੈ ਕਿ ਅੰਤ ਨੂੰ ਸੱਚ ਜਿਤਦਾ ਹੈ— ਪਰ ਕਲਯੁੱਗ ਦੇ ਰਾਜ ਵਿੱਚ ਐਥੇ ਸੱਚ ਹਾਰਦਾ ਹੈ– ਕੁਝ ਸੋਚੋ—ਉਪਰਾਲਾ ਕਰੋ, ਸੱਚ ਨੂੰ ਹਾਰਨ ਨਾ ਦਿਓ,— ਕਲਯੁੱਗ! ਤੂੰ, ਜਿਵੇਂ ਤੇਰਾ ਜੋਰ ਚਲੇ ਆਪਣੇ ਯੁੱਗ ਵਿਚ ਉਵੇਂ ਕਰ, ਪਰ ਸਾਡੇ ਰਾਜ ਵਿੱਚ ਤੇਰੇ ਪਹਿਰੇ ਵਰਗੇ ਪੁੱਠੇ ਕੰਮਾਂ ਲਈ ਕੋਈ ਥਾਂ ਨਹੀਂ। ਅਸੀਂ ਤੇਰੇ ਖੁੰਡੇ ਤੋਂ ਨਹੀਂ ਡਰਦੇ—- ਤੂੰ ਸਾਡਾ ਰਾਹ ਨਹੀਂ ਰੋਕ ਸਕਦਾ। ਇਸ ਦਾ ਕੋਈ ਹੱਲ ਵੀ ਲੱਭਣਾ ਪਉ।’

(ਇਹ ਇਕ ਇਸ਼ਾਰਾ ਮਾਤਰ ਹੈ।)

ਲੇਖਕ – ਹਰਨਾਮ ਦਾਸ ਮਹੇ, ਮੈਨੇਜਰ (ਰਿਟਾਇਰਡ), (ਸਟੇਟ ਬੈਂਕ ਆਫ ਇੰਡੀਆ), ਜਿਲਾ ਜਲੰਧਰ- 144004 (ਪੰਜਾਬ)