ਕਦੀ ਕਦੀ ਕੁੱਤੇ ਵੀ ਜ਼ਿੰਦਗੀ ਬਦਲ ਦੇਂਦੇ ਹਨ । ਪੜ੍ਹੋ ਇਕ ਸੱਚੀ ਗੱਲ।

0
315

ਕਦੀ ਕਦੀ ਕੁੱਤੇ ਵੀ ਜ਼ਿੰਦਗੀ ਬਦਲ ਦੇਂਦੇ ਹਨ । ਪੜ੍ਹੋ ਇਕ ਸੱਚੀ ਗੱਲ।

ਸਿੱਖ ਜਗਤ ਦਾ ਲਿਖਾਰੀ ਹੋਇਆ ਹੈ – ਐਸ. ਐਸ. ਅਮੋਲ।
ਬਾ-ਕਮਾਲ ਲਿਖਤਾਂ ਲਿਖੀਆਂ ਹਨ ਏਸ ਬੰਦੇ ਨੇ। ਅਨਾਥ ਆਸ਼ਰਮ ਵਿਚ ਪੜ੍ਹਿਆ ਹੈ, ਮਾਤਾ ਪਿਤਾ ਛੋਟੀ ਉਮਰੇ ਚੜ੍ਹਾਈ ਕਰ ਗਏ ਸਨ, ਕੋਈ ਸਹਾਰਾ ਨਹੀਂ ਸੀ, ਵੈਸੇ ਅਨਾਥਾਂ ਨੇ ਵੀ ਸਿੱਖੀ ਵਿਚ ਬੜ੍ਹਾ ਵੱਡਾ ਰੋਲ ਅਦਾ ਕੀਤਾ ਹੈ; ਜਿਵੇਂ
(1). ਜੱਸਾ ਸਿੰਘ ਰਾਮਗੜੀਆ ਇਸ ਦਾ ਵੀ ਪਿਤਾ ਨਹੀ ਸੀ।
(2). ਬਘੇਲ ਸਿੰਘ- ਇਸ ਦਾ ਵੀ ਪਿਤਾ ਚੜ੍ਹਾਈ ਕਰ ਗਿਆ ਸੀ।
(3). ਹਰੀ ਸਿੰਘ ਨਲੂਏ ਦਾ ਵੀ ਪਿਤਾ ਨਹੀ ਸੀ।
ਦੁਨਿਆਵੀ ਤੌਰ ’ਤੇ ਇਹ ਅਨਾਥ ਲੋਕ ਸਨ, ਇਨ੍ਹਾਂ ਅਨਾਥਾਂ ਨੇ ਉੱਠ ਕੇ ਬੜੀਆਂ ਉੱਚੀਆਂ ਬੁਲੰਦੀਆਂ ਨੂੰ ਛੋਹਿਆ ਹੈ। ਐਸ. ਐਸ. ਅਮੋਲ ਵਿਚਾਰਾ ਅਨਾਥ ਹੈ ਤੇ ਪੜ੍ਹਿਆ ਹੈ ਦਸਵੀਂ ਕੁ ਤੱਕ, ਇੱਕ ਵਾਰੀ ਅਚਾਨਕ ਐਸਾ ਭਾਣਾ ਵਰਤਿਆ ਕਿ ਇਸ ਨੇ ਇੱਕ ਅਖਬਾਰ ਵਿੱਚ ਪੜ੍ਹਿਆ, ਇੱਕ ਬਹੁਤ ਅੱਛੀ ਕਨਵੈਂਨਸ਼ਨ ਹੋ ਰਹੀ ਸੀ, ਉਮਰ ਛੋਟੀ ਸੀ, ਹੱਜੇ ਤਾਂ ਮੂੰਹ ’ਤੇ ਦਾਹੜਾ ਵੀ ਨਹੀਂ ਸੀ ਆਇਆ। ਕਈ ਧਰਮਾਂ ਦੇ ਲੋਕ ਆਏ ਹੋਏ ਸਨ, ਇਹ ਵੀ ਗਿਆ ਤੇ ਬਾਕੀ ਧਰਮਾਂ ਦੇ ਲੋਕ ਬੜੇ ਪ੍ਰਭਾਵਿਤ ਹੋਏ ਕਿ ਛੋਟੀ ਉਮਰ ਵਿਚ ਏਨਾ ਗਿਆਨ । ਉਨ੍ਹਾਂ ਵਿਚ ਇੱਕ ਈਸਾਈ ਧਰਮ ਦਾ ਪਾਦਰੀ ਸੀ, ਸਾਡੀ ਕੌਮ ਦੇ ਵਿਚ ਜਿਹੜਾ ਕੋਈ 4 ਚਾਰ ਅੱਖਰ ਜਿਆਦਾ ਪੜ੍ਹ ਲੈਂਦਾ ਹੈ ਉਹ ਹੰਕਾਰ ਵਿਚ ਹੀ ਮਰਦਾ ਹੈ ।
ਪਾਦਰੀ ਉਸ ਕੋਲ ਉੱਠ ਕੇ ਗਿਆ ਤੇ ਕਹਿਣ ਲੱਗਿਆ, ਬੱਚਿਆ! ਤੇਰਾ ਨਾਂ ਕੀ ਹੈ ? ਇਸ ਨੇ ਨਾਂ ਦਸਿਆ। ਉਨ੍ਹਾਂ ਪੁੱਛਦਾ ਕਿੱਥੇ ਰਹਿੰਦਾ ਹੈ ? ਕਹਿਣ ਲੱਗਿਆ- ਮੈ ਅਨਾਥ ਆਸ਼ਰਮ ਵਿਚ ਰਹਿੰਦਾ ਹਾਂ।
ਪਾਦਰੀ ਕਹਿੰਦਾ ਮੈਨੂੰ ਪਤਾ ਸੀ, ਪਰ ਫੇਰ ਵੀ ਮੈ ਸੋਚਿਆ ਇਕ ਵਾਰੀ ਤੈਨੂੰ ਖੁੱਦ ਨੂੰ ਪੁੱਛ ਲਵਾਂ ਤੇ ਪੁੱਤਰ ! ਤੈਨੂੰ ਅਨਾਥ ਆਸ਼ਰਮ ਕਿੱਥੇ ਕੁ ਤੱਕ ਲਿਜਾ ਸਕਦਾ ਹੈ ? ਤੂੰ ਇਉਂ ਕਰ, ਆਹ ਮੇਰਾ ਇਕ ਕਾਰਡ ਰੱਖ ਲੈ, ਜੇ ਤੈਨੂੰ ਕਦੇ ਜ਼ਿੰਦਗੀ ਵਿਚ ਕੋਈ ਲੋੜ ਪਈ ਤਾਂ ਤੂੰ ਮੈਨੂੰ ਇਸ ਪਤੇ ’ਤੇ ਆ ਕੇ ਮਿਲ ਲਈਂ।
ਮੇਰਾ ਸ਼ੌਕ ਹੈ, ਕਿ ਜਿਹੜੇ ਤੇਰੇ ਵਰਗੇ ਬੱਚੇ ਪੜ੍ਹਣ ਵਾਲੇ ਹੁੰਦੇ ਹਨ, ਮੈ ਉਨ੍ਹਾਂ ਨੂੰ ਪੜ੍ਹਾਉਣਾ ਚਾਹੁੰਦਾ ਹਾਂ।
ਇਸ ਨੇ ਆਖਿਆ ਹਾਂ ਜੀ ਪੜ੍ਹਨ ਦਾ ਤੇ ਮੈਨੂੰ ਬੜਾ ਸ਼ੌਕ ਹੈ।
ਇਸਾਈ ਧਰਮ ਦਾ ਲਾਲਚ ਦਿੱਤਾ ਉਸ ਪਾਦਰੀ ਨੇ, ਕਹਿਣ ਲੱਗਾ ਜੇ ਤੂੰ ਪੜ੍ਹਨਾ ਚਾਹੁੰਦਾ ਹੈ। ਮੈ ਤੈਨੂੰ ਵਲੈਤ ਪੜ੍ਹਾ ਸਕਦਾ ਹਾਂ (ਉਨ੍ਹਾਂ ਸਮਿਆਂ ਵਿਚ ਇੰਗਲੈਂਡ ਨੂੰ ਵਲੈਤ ਕਹਿੰਦੇ ਸਨ)
ਇਸ ਨੇ ਆਖਿਆ ਕਿ ਮੇਰਾ ਖਰਚਾ ਦੇਣ ਵਾਲਾ ਕੋਈ ਨਹੀਂ। ਪਾਦਰੀ ਕਹਿੰਦਾ ਖਰਚਾ ਮੈ ਦਿਆਂਗਾ, ਇਹ ਕਹਿੰਦਾ, ਕੱਲ ਨੂੰ ਮੋੜਨਾ ਪਵੇਗਾ ? ਪਾਦਰੀ ਕਹਿੰਦਾ ਆਹੋ ਮੋੜਨਾ ਤਾਂ ਹੈ ਪਰ ਪੈਸੇ ਨਹੀਂ ਕਿਸੇ ਦੂਜੇ ਰੂਪ ਵਿਚ ਮੋੜਨਾ ਹੈ, ਇਸ ਨੇ ਪੁੱਛਿਆ ਉਹ ਕਿਵੇਂ ਮੋੜਨਾ ਹੈ ?
ਪਾਦਰੀ ਕਹਿੰਦਾ ਅਜੇ ਛੱਡ, ਜਦੋਂ ਲੋੜ ਪਈ ਓਦੋਂ ਗੱਲ ਕਰਾਂਗੇ, ਹਾਲੇ ਨਹੀਂ।
ਤੁਰੇ ਜਾਂਦਿਆਂ ਕੁੱਝ ਇਕ ਕਦਮ ਤੁਰਿਆ ਹੈ ਪਰ ਮਨ ਵਿਚ ਤੌਖਲਾ ਹੈ ਕਿ ਕਿਤੇ ਕੋਈ ਇਹੋ ਜਿਹੀ ਗਲਤੀ ਨ ਹੋ ਜਾਏ। ਐਸ. ਐਸ. ਅਮੋਲ ਨੇ ਫਿਰ ਪੁੱਛ ਲਿਆ। ਕਹਿਣ ਲੱਗਿਆ ਮੇਰੇ ਤਾਏ-ਚਾਚੇ ਜਾਂ ਕਿਸੇ ਹੋਰ ਕੋਲ ਵੀ ਇਹੋ ਜਿਹੀ ਤਾਕਤ ਨਹੀਂ ਕਿ ਤੇਰਾ ਕਰਜ਼ ਮੋੜ ਸਕਣ। ਪਹਿਲਾਂ ਤੂੰ ਮੈਨੂੰ ਦੱਸ ਦੇ ਕਰਜ਼ ਮੋੜਨਾ ਕਿਵੇਂ ਹੈ ?
ਪਾਦਰੀ ਕਹਿਣ ਲੱਗਿਆ ਤੂੰ ਇੰਨੀ ਚਿੰਤਾ ਕਿਉਂ ਕਰਦਾ ਹੈਂ ?
ਤੂੰ ਸਿੱਖ ਹੀ ਬਣਿਆ ਰਹਿ, ਸਿੱਖੀ ਦਾ ਹੀ ਪ੍ਰਚਾਰ ਕਰ, ਪਰ ਵਿਚੋਂ ਕਦੇ ਕਦਾਈ ਵਿਚੋਂ ਇਹ ਕਹਿ ਦਿਆ ਕਰੀਂ ਕਿ ਇਸਾਈ ਧਰਮ ਜਿਹੜਾ ਹੈ, ਉਹ ਬਹੁਤ ਚੰਗਾ ਹੈ, ਇਸਾਈ ਧਰਮ ਦੀਆਂ ਵੀ ਬਹੁਤ ਘਾਲਨਾਵਾਂ ਹਨ, ਵਿਚੋਂ ਕਦੇ ਕਦਾਈ ਸਾਡੇ ਧਰਮ ਦੀ ਤਰੀਫ਼ ਕਰ ਦਿਆ ਕਰੀਂ, ਇਨ੍ਹੀਂ ਕੁ ਗੱਲ ਕਰ ਦਿਆ ਕਰੇਂਗਾ ਤੇ ਤੇਰਾ ਕਰਜ਼ ਉੱਤਰ ਜਾਏਗਾ। ਮਨ ਵਿਚ ਉਤਾਰ-ਚੜਾ ਬੜੇ ਆਏ ਪਰ ਘਰ ਜਾ ਕੇ ਸੋਚਣ ਲੱਗਿਆ। ਮਨਾ! ਵਿਗਾੜ ਵੀ ਕੀ ਹੈ ?
ਸਿੱਖ ਹੀ ਰਹਿਣਾ ਹੈ, ਮੈਂ ਕਿਹੜਾ ਇਸਾਈ ਬਣਨ ਲੱਗਾ ਹਾਂ, ਸਿੱਖੀ ਦਾ ਪ੍ਰਚਾਰ ਕਰਦਿਆਂ ਕਰਦਿਆਂ ਕਦੇ ਕਦਾਈਂ 2-4 ਗੱਲਾਂ ਹੀ ਕਰਨੀਆਂ ਹਨ ਇਸਾਈ ਧਰਮ ਦੀਆਂ ਤੇ ਇਸ ’ਚ ਹਰਜ ਹੀ ਕੀ ਹੈ  ?
ਮਨ ਵਿਚ ਵਿਚਾਰ ਬਣਾ ਕੇ ਕੁੱਝ ਦਿਨਾਂ ਬਾਅਦ ਉਸ ਕਾਰਡ ਵਾਲੇ ਪਤੇ ’ਤੇ ਪਹੁੰਚ ਗਿਆ ਕਿ ਹਾਂ ਮੈ ਪੜ੍ਹਨਾ ਚਾਹੁੰਦਾ ਹਾਂ ਵਲੈਤ ’ਚ, ਜਦੋਂ ਗਿਆ ਪਾਦਰੀ ਦੇ ਕੋਲ ਤੇ ਵਿਚਾਰਾ ਅਨਾਥ ਆਸ਼ਰਮ ’ਚੋਂ ਦੋ ਪ੍ਰਸ਼ਾਦੇ ਰੁਮਾਲ ਵਿੱਚ ਬੰਨ੍ਹ ਕੇ ਨਾਲ ਹੀ ਲੈ ਗਿਆ। ਬਈ ਮੈਨੂੰ ਕਿਸ ਨੇ ਰੋਟੀ ਅਗਿਓਂ ਖਵਾਉਣੀ ਹੈ ?
ਜਦੋਂ ਪਹੁੰਚਿਆ ਤੇ ਪਾਦਰੀ ਨੂੰ ਮਿਲਣ ਵਿਚ ਥੋੜ੍ਹਾ ਵਕਤ ਲੱਗਿਆ ਤੇ ਗੇਟ ਦੇ ਅੰਦਰ ਗਿਆ ਤੇ ਅੱਗੇ ਕੁੱਤਾ ਬੈਠਾ ਸੀ,
ਕੁੱਤਾ ਇਸ ਨੂੰ ਭੋਂਕ-ਭੋਂਕ ਕੇ ਬੜ੍ਹਾ ਪ੍ਰੇਸ਼ਾਨ ਕਰ ਰਿਹਾ ਸੀ ਤੇ ਪਾਦਰੀ ਦੇ ਮਿਲਣ ਵਿਚ ਹਜੇ ਵਕਤ ਹੋਰ ਲੱਗਣਾ ਸੀ ਤੇ ਇਹ ਜਿਹੜੀ ਅਪਨੀ ਰੋਟੀ ਲੈ ਕੇ ਆਇਆ ਸੀ ਉਸ ਦੇ ਵਿਚੋਂ ਅੱਧੀ ਰੋਟੀ ਤੋੜ੍ਹੀ ਤੇ ਕੁੱਤੇ ਨੂੰ ਪਾ ਦਿੱਤੀ ਤਾਂ ਜੋ ਕੁੱਤਾ ਮੇਰੇ ’ਤੇ ਭੌਂਕਣਾ ਬੰਦ ਕਰ ਦੇਵੇ।
ਕੁੱਤੇ ਨੇ ਰੋਟੀ ਸੁੰਘੀ ਪਰ ਖਾਧੀ ਨਹੀਂ ਛੱਡ ਦਿੱਤੀ, ਕਾਫ਼ੀ ਸਮਾਂ ਮੈਨੂੰ ਪ੍ਰੇਸ਼ਾਨ ਕਰ ਕੇ ਕੁੱਤਾ ਭੌਂਕਣੋ ਹੱਟ ਗਿਆ।
ਇੰਨੇ ਨੂੰ ਪਾਦਰੀ ਅੰਦਰੋਂ ਆਇਆ ਤੇ ਐਸ. ਐਸ. ਅਮੋਲ ਨੂੰ ਕਹਿੰਦਾ ਆ ਪੁੱਤਰ! ਅੰਦਰ ਚਲੀਏ, ਅੰਦਰ ਜਾਂਦਿਆਂ-ਜਾਂਦਿਆਂ ਪਾਦਰੀ ਪੁੱਛਦਾ ਹੈ। ਕੁੱਤੇ ਨੂੰ ਰੋਟੀ ਕਿਸ ਨੇ ਪਾਈ ਹੈ ? ਇਹ ਕਹਿੰਦਾ ਮੈ ਪਾਈ ਹੈ, ਕੁੱਤਾ ਪ੍ਰੇਸ਼ਾਨ ਕਰ ਰਿਹਾ ਸੀ ਇਸ ਲਈ, ਪਰ ਇਸ ਨੇ ਸੁੰਘੀ ਤੇ ਖਾਧੀ ਨਹੀਂ। ਪਾਦਰੀ ਕਹਿਣ ਲੱਗਿਆ ਇਹ ਇਵੇਂ ਨਹੀਂ ਖਾਂਦਾ, ਜਿਹੜੀ ਰੋਟੀ ਇਸ ਨੂੰ ਮੈ ਪਾਵਾਂ ਇਹ ਉਹੀਓ ਖਾਂਦਾ ਹੈ, ਇਸ ਤਰ੍ਹਾਂ ਇਹ ਬੇਗਾਨੇ ਟੁਕੜਿਆਂ ’ਤੇ ਪੱਲ ਕੇ ਫੇਰ ਇਹ ਦੂਜੇ ਦੀ ਬੋਲੀ ਬੋਲੇਗਾ, ਇਹ ਸਿਖਾਇਆ ਹੋਇਆ ਹੈ।
ਇਹੋ ਰੋਟੀ ਤੇਰੇ ਵਾਲੀ ਮੈ ਅਪਣੇ ਹੱਥ ਨਾਲ ਪਾਵਾਂਗਾ ਤੇ ਇਸ ਨੇ ਖਾ ਲੈਣੀ ਹੈ, ਪਰ ਖਾਏਗਾ ਮੇਰੇ ਹੱਥ ਦੀ।
ਇਹ ਗੱਲ ਸੁਣਨ ਦੀ ਦੇਰੀ ਸੀ ਅਮੋਲ ਦੀਆਂ ਅੱਖਾਂ ’ਚ ਪਾਣੀ ਆ ਗਿਆ। ਕਦਮ ਰੁੱਕ ਗਏ, ਅਪਣੇ ਮੋਢੇ ’ਤੇ ਰੱਖੀ ਹੋਈ ਪਾਦਰੀ ਦੀ ਬਾਂਹ ਚੁੱਕ ਦਿੱਤੀ, ਕਹਿਣ ਲੱਗਿਆ ਪਾਦਰੀ ਸਾਹਬ! ਖਿਮਾ ਕਰਨਾ ਲੱਤਾਂ ਭਾਰ ਨਹੀਂ ਝੱਲਦੀਆਂ ਹੁਣ ਮੈ ਹੋਰ ਅੱਗੇ ਨਹੀਂ ਜਾਣਾ।
ਪਾਦਰੀ ਪੁੱਛਦਾ ਕਿਹੜੀ ਗੱਲੋਂ ?
ਅਮੋਲ ਕਹਿੰਦਾ ਹੈ ਕਿ ਜਿਹੜੀਆਂ ਗੱਲਾਂ ਮੈਨੂੰ ਕਿਤਾਬਾਂ ਪੜ੍ਹ ਕੇ ਨ ਲੱਭੀਆਂ, ਚੰਗੇ ਲੋਕਾਂ ਕੋਲ ਬੈਠ ਕੇ ਨ ਲੱਭੀਆਂ, ਮੇਰੀ ਅਕਲ ਨੇ ਵੀ ਸਾਥ ਦੇ ਕੇ ਨ ਲੱਭੀਆਂ ਉਹ ਗੱਲ ਮੈਨੂੰ ਅੱਜ ਇਸ ਕੁੱਤੇ ਕੋਲੋਂ ਲੱਭ ਗਈ ਹੈ। ਤੇਰਾ ਕੁੱਤਾ ਕਿੰਨਾ ਚੰਗਾ/ਵਫ਼ਾਦਾਰ ਹੈ ਇਹ ਬੇਗਾਨਿਆਂ ਦਾ ਟੁਕੜ ਨਹੀਂ ਖਾਂਦਾ ਤੇ ਬੇਗਾਨਿਆਂ ਦੀ ਬੋਲੀ ਨਹੀਂ ਬੋਲਦਾ। ਮੈ ਕਿੱਡਾ ਮੂਰਖ ਸਾਂ ਜਿਹੜੇ ਮਾਲਕ ਨੇ ਮੈਨੂੰ ਹੁਣ ਤੱਕ ਪੜ੍ਹਾਇਆ ਸੀ ਅੱਜ ਮੈ ਉਸ ਦਾ ਦਰ ਛੱਡ ਕੇ ਚੱਲਾ ਸਾਂ। ਪਾਦਰੀ ਸਾਹਬ ! ਮੈ ਅਪਣੇ ਗੁਰੂ ਦੇ ਦਰ ’ਤੇ ਮੁੜ ਚਲਾ ਹਾਂ। ਤੂੰ ਮੈਨੂੰ ਚੋਪੜੀਆਂ ਦੇ ਦੇਵੇਂਗਾ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਿਸ਼ਾਹ! ਤੂੰ ਮੈਨੂੰ ਸੁੱਕੀਆਂ ਦੇਈ ਜਾਵੀਂ ਪਰ ਮੈਂ ਰਹਾਂਗਾ ਤੇਰੇ ਦਰ ਦਾ ਕੂਕਰ ਹੀ। ਮੇਰੇ ਨਾਲੋਂ ਤਾਂ ਕੁੱਤਾ ਚੰਗਾ ਜਿਹੜਾ ਬੇਗਾਨੀ ਬੋਲੀ ਨਹੀਂ ਬੋਲਦਾ। ਮੈ ਕਿੱਡਾ ਅਭਾਗਾ ਕੁੱਤੇ ਨਾਲੋਂ ਵੀ ਡਿੱਗਿਆ ਹੋਇਆ ਸਾਂ, ਜਿਹੜਾ ਕਿਸੇ ਦੀ ਬੇਗਾਨੀ ਬੋਲੀ ਬੋਲਣ ਚੱਲਿਆ ਸਾਂ, ਚੰਦ ਛਿੱਲੜਾਂ ਦੀ ਖਾਤਰ। ਮੈ ਤੇਰੇ ਚਰਣਾਂ ਤੋਂ ਨਹੀਂ ਵਿਛੜਾਂਗਾ, ਚੰਦ ਪੈਸਿਆਂ, ਔਹਦਿਆਂ, ਕੁਰਸੀਆਂ ਦੀ ਖਾਤਰ, ਅਸੀਂ ਕਿਤੇ ਵੀ ਸਿਰ ਝੁਕਾਉਣ ਲਈ ਤਿਆਰ ਹੋ ਜਾਂਦੇ ਹਾਂ। ਸਿਰਫ ਇਤਨੀ ਕੁ ਅਰਜ਼ ਹੈ ਕਿ ਸਾਨੂੰ ਅੱਜ ਸਿੱਖੀ ਕਮਾਉਣ ਦਾ ਸ਼ੌਕ ਨਹੀਂ ਰਿਹਾ, ਜਿਹੜੀ ਚੀਜ਼ ਗੁਜ਼ਰਾਨ ਸੀ, ਉਹ ਭਗਵਾਨ ਬਣਾ ਲਈ ਗਈ। ਮਾਇਆ, ਧੰਨ-ਦੌਲਤ, ਅਹੁਦੇ ਇਹ ਗੁਜ਼ਰਾਨ ਸਨ ਤੇ ਜਿਹੜੀ ਚੀਜ਼ ਭਗਵਾਨ ਸੀ ਉਸ ਨੂੰ ਅਸੀਂ ਗੁਜ਼ਰਾਨ ਬਣਾ ਲਿਆ।

ਘਰ ਨਵਾਂ ਲਿਆ ਬਾਬਾ ਤੇਰੇ ਬਿਨਾਂ ਨਹੀਂ ਸਰਦਾ ਚੱਲ ਤੂੰ ਇਕ ਵਾਰੀ ਚੱਲ ਕੇ ਘਰ ਚਰਣ ਪਾ ਆ, ਮੇਰੇ ਬੇਟਾ ਬੇਟੀ ਦਾ ਅਨੰਦੁ ਕਾਰਜ ਹੈ, ਨਹੀਂ ਸਰਦਾ ਤੇਰੇ ਬਿਨਾਂ ਤੂੰ ਚੱਲ ਕੇ ਇਕ ਵਾਰੀ ਲਾਵਾਂ ਕਰਵਾ ਆ, ਜਿੱਥੇ ਤੇਰੇ ਬਿਨਾਂ ਗੁਜ਼ਾਰਾ ਨਹੀਂ ਚੱਲਦਾ ਮੈ ਉੱਥੇ ਤੈਨੂੰ ਲੈ ਜਾਂਦਾ ਹਾਂ। ਨਹੀਂ ਤਾਂ ਤੂੰ ਆਪਣੇ ਘਰ ਰਹਿ, ਮੈ ਆਪਣੇ ਘਰ ਰਹਿੰਦਾ ਹਾਂ, ਮੈਨੂੰ ਧੰਨ-ਦੌਲਤ ਚਾਹੀਦੀ ਹੈ, ਮੈਨੂੰ ਤੇਰੇ ਨਾਲ ਕੋਈ ਵਾਸਤਾ ਨਹੀਂ ਹੈ। ਗੁਰੂ ਨਾਲ ਵੀ ਅਸੀਂ ਵਪਾਰ ਕਰਨ ਲੱਗ ਪਏ ਹਾਂ।