ਔਰਤ-ਮੁਕਤੀ ਦਾ ਗ਼ਲਤ ਅਰਥ

0
211

ਔਰਤ-ਮੁਕਤੀ ਦਾ ਗ਼ਲਤ ਅਰਥ

ਔਰਤ-ਮੁਕਤੀ ਦੀ ਮੁਹਿੰਮ ਵਿੱਚ, ਔਰਤ-ਸ਼ੋਸ਼ਣ ਉੱਤੇ ਅੱਗ ਉਗਲਣ ਵਾਲਿਆਂ ਦੀ ਅੱਜ ਇਕ ਫੌਜ ਜਹੀ ਖੜੀ ਹੋ ਗਈ ਹੈ। ਔਰਤ-ਮੁਕਤੀ ਦੇ ਠੀਕ ਅਰਥ ਸਮਝੇ ਬਿਨਾਂ ਇਹ ਫੌਜ ਔਰਤ ਦੇ ਅਸਲੀ ਉਦੇਸ਼ ਤੋਂ ਭਟਕ ਗਈ ਹੈ।

ਅਖ਼ਬਾਰਾਂ ਤੇ ਮੈਗਜ਼ੀਨਾਂ ਵਿੱਚ ਔਰਤ-ਮੁਕਤੀ ਉੱਤੇ ਅੱਜ ਕੱਲ੍ਹ ਜੋ ਲਿਖਿਆ ਜਾ ਰਿਹਾ ਹੈ ਅਤੇ ਪ੍ਰਚਾਰਕਾਂ ਵੱਲੋਂ ਜੋ ਕਿਹਾ ਜਾ ਰਿਹਾ ਹੈ, ਉਸ ਨੂੰ ਪੜ੍ਹ ਅਤੇ ਸੁਣ ਕੇ ਲੱਗਦਾ ਹੈ ਕਿ ਜਿਵੇਂ ਔਰਤ ਨੂੰ ਆਦਮੀ ਨਾਲ ਲੜਨ ਲਈ ਤਿਆਰ ਕੀਤਾ ਜਾ ਰਿਹਾ ਹੋਵੇ।

ਔਰਤ ਸ਼ੋਸ਼ਣ (ਸਤਾਉਣਾ, ਦੁਖੀ ਕਰਨਾ) ਉੱਤੇ ਲਿਖਣ ਅਤੇ ਅੱਗ ਉਗਲਣ ਵਾਲਿਆਂ ਦੀ ਇੱਕ ਨਵੀਂ ਲਿਖਣ ਵਿਧੀ ਵੀ ਪੈਦਾ ਹੋ ਗਈ ਹੈ। ਨਾਵਲ ਅਤੇ ਕਹਾਣੀਆਂ ਛਪ ਰਹੇ ਹਨ। ਅਖ਼ਬਾਰਾਂ-ਮੈਗਜ਼ੀਨਾਂ ਵਿੱਚ ਕਾਲਮ ਛਪ ਰਹੇ ਹਨ। ਇਨ੍ਹਾਂ ਵਿੱਚ ਔਰਤ-ਮੁਕਤੀ ਨੂੰ ਸਮਝਣ ਦੀ ਕੋਸ਼ਿਸ਼ ਘੱਟ, ਆਦਮੀ ਉੱਤੇ ਹਮਲਾ ਕਰਨ ਦੀ ਜ਼ਿਦ ਵੱਧ ਹੁੰਦੀ ਹੈ। ਔਰਤ-ਮੁਕਤੀ ਦਾ ਅਰਥ ਆਦਮੀ ਨਾਲ ਟੱਕਰ ਲੈਣ ਦੀ ਤਾਕਤ ਹੁੰਦਾ ਜਾ ਰਿਹਾ ਹੈ। ਇਸ ਨਾਲ ਔਰਤ-ਆਦਮੀ ਇਕ ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਅਤੇ ਆਪਣਾ ਵਿਆਹੁਤਾ ਜੀਵਨ ਖ਼ਰਾਬ ਕਰਨ ਉੱਤੇ ਉਤਾਰੂ ਹੋ ਰਹੇ ਹਨ।

ਔਰਤ ਦੇਹ ਦੀ ਗ਼ਲਤ ਵਰਤੋਂ ਦਾ ਸਵਾਲ ਵੀ ਵਾਰ ਵਾਰ ਉਠ ਰਿਹਾ ਹੈ। ਇਸ ਉੱਤੇ ਲਿਖਣ ਵਾਲਿਆਂ ਨੂੰ, ਲਿਖਣ ਦਾ ਮਸਾਲਾ ਤਾਂ ਮਿਲਦਾ ਹੈ ਪਰ ਇਸ ਨਾਲ ਗ਼ਲਤ-ਫਹਿਮੀਆਂ ਵੀ ਪੈਦਾ ਹੋ ਰਹੀਆਂ ਹਨ। ਜਿਹੜਾ ਬਲਾਤਕਾਰੀ ਹੈ ਜਾਂ ਜੋ ਦੇਹ ਵਪਾਰ ਦਾ ਧੰਦਾ ਕਰਦਾ ਹੈ, ਉਸ ਵਿਰੁੱਧ ਰੀਪੋਰਟ ਕਰਨ ਉੱਤੇ, ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਬਹੁਤ ਸਾਰੀਆਂ ਘਟਨਾਵਾਂ ਦੀ ਕੋਈ ਰੀਪੋਰਟ ਵੀ ਦਰਜ ਨਹੀਂ ਹੁੰਦੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਮਾਜ ਵਿੱਚ ਔਰਤ ਪੂਰੀ ਤਰ੍ਹਾਂ ਅਸੁੱਰਖਿਅਤ ਅਤੇ ਆਦਮੀ ਦੀ ਗ਼ੁਲਾਮ ਹੈ।

ਸੱਚ ਪੁੱਛੋ ਤਾਂ ਔਰਤ, ਜਿੰਨੀ ਸੁਰੱਖਿਅਤ ਸਾਡੇ ਸੰਸਕਾਰਾਂ ਕਾਰਨ, ਸਾਡੇ ਪ੍ਰਵਾਰਾਂ ਵਿੱਚ ਹੈ, ਓਨ੍ਹੀ ਆਜ਼ਾਦ ਅਤੇ ਸੁਰੱਖਿਅਤ ਹੋਰ ਕਿਸੇ ਵੀ ਦੇਸ਼ ਵਿੱਚ ਨਹੀਂ ਹੈ। ਵਿਆਹ ਹੁੰਦੇ ਸਾਰ ਉਹ ਘਰ ਦੀ ਮਾਲਕਣ ਬਣ ਜਾਂਦੀ ਹੈ ਅਤੇ ਪ੍ਰਤੀਕ ਦੀ ਭਾਸ਼ਾ ਵਿੱਚ ਬੋਲੀਏ ਤਾਂ ਉਸ ਨੂੰ ਘਰ ਦੀਆਂ ਚਾਬੀਆਂ ਦੇ ਦਿੱਤੀਆਂ ਜਾਂਦੀਆਂ ਹਨ। ਇਸ ਉੱਤੇ ਕੋਈ ਆਖੇ ਕਿ ਇਹ ਤਾਂ ਆਦਮੀ ਦੀ ਚਲਾਕੀ ਹੈ ਤਾਂ ਇਹ ਤਾਂ ਬਸ ਫਿਰ ਆਪੋ ਆਪਣੀ ਸਮਝ ਦਾ ਭਰਮ ਹੀ ਹੈ।

ਅਸਲੀ ਮੁਕਤੀ: ਅੱਜ ਸਾਨੂੰ ਔਰਤ ਦੀ ਆਜ਼ਾਦੀ ਦਾ ਮਤਲਬ ਇਹ ਸਮਝਾਇਆ ਜਾ ਰਿਹਾ ਹੈ ਕਿ ਆਦਮੀ ਨਾਲ ਮੁਕਾਬਲਾ ਕਰੋ, ਆਦਮੀ ਵਰਗੀ ਹੋ ਜਾਉ, ਆਦਮੀ ਦੀ ਨੱਕ ਵੱਢੋ ਤੇ ਆਦਮੀ ਤੋਂ ਉਹ ਸਾਰੇ ਕੰਮ ਕਰਵਾਉ ਜੋ ਤੁਸੀਂ ਆਪ ਕਰਦੀਆਂ ਹੋ। ਅੱਜ ਦਾ ਪੜ੍ਹਿਆ-ਲਿਖਿਆ ਅਤੇ ਸੰਵੇਦਨਸ਼ੀਲ ਆਦਮੀ ਆਪਣੀ ਪਤਨੀ ਦੇ ਹਰ ਕੰਮ ਵਿੱਚ ਹੁਣ ਕਿੰਨਾ ਹੱਥ ਵੰਡਾਉਣ ਲੱਗਾ ਹੈ, ਇਸ ਤਬਦੀਲੀ ਦੀ ਪੂਰੀ ਤਰ੍ਹਾਂ ਅਣਦੇਖੀ ਕਰ ਦਿੱਤੀ ਜਾਂਦੀ ਹੈ।

ਮੁਕਤੀ ਦੇ ਨਾਂ ਉੱਤੇ ਅੱਜ ਔਰਤ ਨੂੰ ਆਪਣੀ ਜ਼ਿੰਮੇਵਾਰੀ ਤੋਂ ਭਟਕਾਉਣ ਵਾਲੀਆਂ ਗੱਲਾਂ ਬਹੁਤ ਕੀਤੀਆਂ ਜਾ ਰਹੀਆਂ ਹਨ। ਉਸ ਦੀ ਸਮੱਸਿਆ ਨੂੰ ਠੀਕ ਸਮਝਣ ਦੀ ਕੋਸ਼ਿਸ਼ ਬਹੁਤ ਘੱਟ ਹੋ ਰਹੀ ਹੈ। ਉਸ ਦੇ ਅਧਿਕਾਰ ਦੇ ਬਚਾਅ ਦੀ ਕੋਸ਼ਿਸ਼ ਵੀ ਘੱਟ ਹੋ ਰਹੀ ਹੈ। ਮੁਕਤੀ ਦਾ ਸਾਰਾ ਅੰਦੋਲਨ ਇਕ ਨਾਹਰਾ ਬਣ ਕੇ ਰਹਿ ਗਿਆ ਹੈ। ਉਸ ਦੇ ਕੁਦਰਤੀ, ਸੁਭਾਵਕ ਗੁਣਾਂ ਦੀ ਅਣਦੇਖੀ ਕਰ ਕੇ, ਆਦਮੀ ਨਾਲ ਲੋਹਾ ਲੈਣ ਦੀ ਗੱਲ ਆਖੀ ਜਾ ਰਹੀ ਹੈ। ਉਸ ਨੂੰ ਇਹ ਕਿਉਂ ਨਹੀਂ ਸਮਝਾਇਆ ਜਾ ਰਿਹਾ ਕਿ ਆਰਥਕ ਆਜ਼ਾਦੀ ਵਿੱਚ ਹੀ, ਉਸ ਦੀ ਅਸਲੀ ਮੁਕਤੀ ਹੈ ਅਤੇ ਉਹ ਇਹ ਚੰਗੀ ਸਿੱਖਿਆ ਨਾਲ ਹੀ ਪ੍ਰਾਪਤ ਕਰ ਸਕਦੀ ਹੈ।

ਅੱਜ ਦੀਆਂ ਜਿਹੜੀਆਂ ਨਾਵਲ ਲੇਖਿਕਾਵਾਂ, ਔਰਤ-ਮੁਕਤੀ ਨੂੰ ਆਪਣਾ ਵਿਸ਼ਾ ਬਣਾ ਕੇ ਲਿਖ ਰਹੀਆਂ ਹਨ, ਉਹ ਉਨ੍ਹਾਂ ਦੇ ਨਿੱਜੀ ਅਨੁਭਵ ਉੱਤੇ ਆਧਾਰਤ ਹੈ। ਇਹ ਲੇਖਿਕਾਵਾਂ ਤਰਕਾਂ ਦਾ ਜੋ ਪਹਾੜ ਆਦਮੀ ਵਿਰੁੱਧ ਖੜਾ ਕਰਦੀਆਂ ਹਨ, ਉਹ ਔਰਤ ਦੀ ਆਜ਼ਾਦੀ ਵਿੱਚ ਰੁਕਾਵਟ ਹੀ ਬਣਦਾ ਹੈ।

ਔਰਤ-ਮੁਕਤੀ ਬਾਰੇ ਪਿੱਛੇ ਜਹੇ ਇਕ ਅੰਕੜਾ ਛਪਿਆ ਸੀ। ਉਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਦੀਆਂ ਲਗਭਗ 93 ਫੀਸਦੀ ਅੋਰਤਾਂ ਆਜ਼ਾਦ ਨਹੀਂ ਹਨ। ਉਨ੍ਹਾਂ ਨੂੰ ਆਦਮੀ ਦੀ ਸਰਦਾਰੀ ਵਿੱਚ ਜਿਊਣਾ ਪੈਂਦਾ ਹੈ। ਅੰਕੜਾ ਤਿਆਰ ਕਰਨ ਵਾਲਿਆਂ ਨੂੰ ਇਸ ਬਾਰੇ ਕਿਵੇਂ ਪਤਾ ਲੱਗਾ ? ਕਿ ਹਰ ਔਰਤ ਸ਼ੋਸ਼ਿਤ, ਪੀੜਤ ਅਤੇ ਆਦਮੀ ਦੀ ਹਵਸ ਦਾ ਸ਼ਿਕਾਰ ਹੈ ? ਅਸਲੀਅਤ ਵਿੱਚ ਵੇਖਿਆ ਜਾਵੇ ਤਾਂ ਜੇ ਕੋਈ ਤਕਲੀਫ ਹੈ, ਤਾਂ ਔਰਤ-ਪੁਰਸ਼ ਦੋਵਾਂ ਦੀ ਹੈ। ਆਰਥਕ ਸੰਕਟ ਹੋਵੇ ਜਾਂ ਕੋਈ ਵੱਡਾ ਰੋਗ, ਦੋਵਾਂ ਦਾ ਸਾਂਝਾ ਹੈ।

ਅੱਜ ਕੱਲ੍ਹ ਇਹ ਕਹਿੰਦੇ ਰਹਿਣ ਦਾ ਇਕ ਫੈਸ਼ਨ ਜਿਹਾ ਚੱਲ ਪਿਆ ਹੈ ਕਿ ਔਰਤ ਨੂੰ ਅਸੀਂ ਸਿਰਫ ਇਕ ਦੇਹ ਮੰਨਦੇ ਹਾਂ। ਇਸ ਲਈ ਉਸ ਲਈ ਸਾੜ੍ਹੀ, ਕੱਪੜੇ ਅਤੇ ਗਹਿਣੇ ਆਦਿਕ ਖਰੀਦਦੇ ਹਾਂ। ਉਸ ਦੇ ਵਿਚਾਰਾਂ, ਭਾਵਨਾਵਾਂ ਅਤੇ ਸੰਵੇਦਨਾਵਾਂ ਦਾ ਧਿਆਨ ਨਹੀਂ ਰੱਖਦੇ। ਜਿਹੜੇ ਪਰਿਵਾਰਾਂ ਵਿੱਚ ਔਰਤ ਦੀ ਕੋਈ ਆਪਣੀ ਆਮਦਨੀ ਨਹੀਂ ਹੈ, ਉਨ੍ਹਾਂ ਪਰਿਵਾਰਾਂ ਵਿੱਚ, ਇਹ ਕੁੱਝ ਹੱਦ ਤਕ ਸਹੀ ਹੋ ਸਕਦਾ ਹੈ ਪਰ ਇਸ ਨੂੰ ਔਰਤ ਦੇ ਜੀਵਨ ਦੀ ਇਕ ਅਟੱਲ ਸਚਾਈ ਮੰਨਣਾ ਸਿਰਫ ਇਕ ਹਠਧਰਮਤਾ ਹੈ। ਜੇ ਔਰਤ ਸ਼ਰਾਬ ਪੀਵੇ, ਸਿਗਰਟ ਪੀਵੇ, ਆਦਮੀ ਵਾਂਗ ਟਰੱਕ ਚਲਾਏ, ਕੀ ਤਦ ਉਹ ਆਜ਼ਾਦ ਆਖੀ ਜਾਵੇਗੀ?

ਔਰਤ ਦੀ ਮੁਕਤੀ ਲਈ ਲੜਨ ਵਾਲੇ ਜ਼ਿਆਦਾਤਰ ਲੋਕ ਦਰਅਸਲ ਆਪਣਾ ਕੋਈ ਸਮਾਜਕ, ਰਾਜਨੀਤਕ ਜਾਂ ਸਾਹਿਤਕ ਹਿਤ ਸਾਧ ਰਹੇ ਹੁੰਦੇ ਹਨ। ਕਿਸੇ ਵਪਾਰਕ ਉਦੇਸ਼ ਲਈ ਵੀ, ਉਹ ਇਸ ਵਿਸ਼ੇ ਨੂੰ ਉੱਪਰ ਚੁੱਕ ਰਹੇ ਹੁੰਦੇ ਹਨ। ਇਸ ਮੁਹਿੰਮ ਵਿੱਚ ਅੋਰਤਾਂ ਹੀ ਵੱਧ ਹਨ ਅਤੇ ਇਸ ਨੂੰ ਅਫਸੋਸ ਦਾ ਵਿਸ਼ਾ ਮੰਨਿਆ ਜਾਣਾ ਚਾਹੀਦਾ ਹੈ ਕਿ ਉਹ ਇਸ ਵਿੱਚ ਸੱਭ ਤੋਂ ਵੱਡੀ ਰੁਕਾਵਟ ਆਦਮੀ ਨੂੰ ਹੀ ਮੰਨਦੀਆਂ ਹਨ। ਜੇਕਰ ਤੁਸੀ ਕੰਮਕਾਜੀ ਹੋ, ਤਾਂ ਇਸ ਵਿੱਚ ਤੁਹਾਨੂੰ ਆਦਮੀ ਦੀ ਹੱਲਾਸ਼ੇਰੀ ਜ਼ਰੂਰ ਮਿਲਣੀ ਚਾਹੀਦੀ ਹੈ ਅਤੇ ਮਿਲ ਵੀ ਰਹੀ ਹੈ। ਤਦੇ ਤੁਸੀ ਕੰਮਕਾਜੀ ਹੋ ਪਰ ਜੇਕਰ ਪੂਰੀ ਤਰ੍ਹਾਂ ਘਰ ਸੁਆਣੀ ਹੋ, ਤਾਂ ਮੁਕਤੀ ਦੇ ਨਾਅਰੇਬਾਜ਼ਾਂ ਦੀ ਚਾਲ ਵਿੱਚ ਪੈ ਕੇ, ਘਰ ਗ੍ਰਹਿਸਤੀ ਦੀ ਅਣਦੇਖੀ ਕਰਨਾ, ਮੁਕਤੀ ਦਾ ਮਤਲਬ ਬਿਲਕੁਲ ਨਹੀਂ ਹੈ।

ਮੁਕਤੀ ਦਾ ਸਹੀ ਅਰਥ ਸਮਝੀਏ ਤਾਂ ਔਰਤਾਂ ਨੂੰ ਸਿੱਖਿਆ ਅਤੇ ਫੈਸਲੇ ਲੈਣ ਦਾ ਪੂਰਾ ਅਧਿਕਾਰ ਮਿਲਣਾ ਚਾਹੀਦਾ ਹੈ। ਪਿਆਰ ਦਾ, ਘੁੰਮਣ ਦਾ, ਵਿਚਾਰ ਪ੍ਰਗਟ ਕਰਨ ਦਾ ਅਤੇ ਨਿਆਂ ਦਾ ਵੀ ਪੂਰਾ ਹੱਕ ਹੋਣਾ ਚਾਹੀਦਾ ਹੈ। ਆਪਣੇ ਢੰਗ ਨਾਲ ਘਰ ਚਲਾਉਣ, ਬੱਚੇ ਪਾਲਣ , ਪੇਕੇ ਵਾਲਿਆਂ ਨਾਲ ਮਿਲਣ, ਚਿੱਠੀ ਪੱਤਰ ਕਰਨ, ਪੁੱਤਰ-ਪੁੱਤਰੀ ਲਈ ਨੂੰਹ-ਜੁਆਈ ਚੁਣਨ ਵਿੱਚ, ਉਨ੍ਹਾਂ ਦੀ ਇੱਛਾ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।

ਔਰਤਾਂ ਨੂੰ ਉਨ੍ਹਾਂ ਪੁਰਾਣੀਆਂ ਪ੍ਰੰਪਰਾਵਾਂ ਅਤੇ ਘਟੀਆ ਵਿਚਾਰਾਂ ਤੋਂ ਵੀ ਮੁਕਤ ਹੋਣਾ ਹੋਵੇਗਾ ਜਿਨ੍ਹਾਂ ਦੀਆਂ ਸ਼ਿਕਾਰ ਉਹ ਸਦੀਆਂ ਤੋਂ ਹੋ ਰਹੀਆਂ ਹਨ ਅਤੇ ਜਿਨ੍ਹਾਂ ਕਾਰਨ ਉਨ੍ਹਾਂ ਦਾ ਸ਼ੋਸ਼ਣ ਹੁੰਦਾ ਹੈ। ਔਰਤ ਮੁਕਤੀ ਦੇ ਥੋਥੇ ਪ੍ਰਚਾਰ ਤੋਂ ਬਚਦੇ ਹੋਏ, ਉਹ ਆਪਣੇ ਚੁੱਲ੍ਹੇ ਚੌਕੇ ਤੋਂ ਇਲਾਵਾ ਆਧੁਨਿਕ ਜੀਵਨ ਦੇ ਖੁਲ੍ਹੇ ਮਾਹੌਲ ਨੂੰ ਵੀ ਵੇਖਣ। ਆਪਣਾ ਜੀਵਨ ਸੰਵਾਰਨ ਦੀ ਦਿਸ਼ਾ ਵਿੱਚ ਉਹ ਕੋਈ ਨਵਾਂ, ਸਾਰਥਕ ਕਦਮ ਚੁੱਕਣ।

ਉਹ ਕਿਤਾਬਾਂ, ਅਖ਼ਬਾਰ ਤੇ ਮੈਗਜ਼ੀਨ ਵੀ ਨਿਯਮਤ ਰੂਪ ਨਾਲ ਪੜ੍ਹਦੀਆਂ ਰਹਿਣ ਤਾਂ ਜੋ ਵਿਚਾਰਾਂ ਦੀ ਖਿੜਕੀ ਖੁੱਲ੍ਹੀ ਰਹੇ। ਇਨ੍ਹਾਂ ਨਾਲ, ਉਨ੍ਹਾਂ ਨੂੰ ਵਿਹਾਰਕ ਜੀਵਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨਾਲ ਜੂਝਣ ਦੇ ਰਸਤੇ ਮਿਲਣਗੇ।

ਜਾਇਦਾਦ ਦੀ ਖਰੀਦ ਅਤੇ ਵੇਚ ਤੋਂ ਲੈ ਕੇ, ਆਮਦਨ ਕਰ ਦੇ ਨਿਯਮਾਂ ਨੂੰ ਵੀ ਉਹ ਜਾਣਨ, ਇਹ ਵੀ ਮੁਕਤੀ ਦਾ ਇਕ ਰਸਤਾ ਹੋਵੇਗਾ। ਇਹ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਨੂੰ ਉਪਭੋਗਤਾ ਅਧਿਕਾਰਾਂ ਅਤੇ ਔਰਤ ਆਯੋਗਾਂ ਦੀ ਕਾਰਜ ਪ੍ਰਣਾਲੀ ਬਾਰੇ ਵੀ ਬਹੁਤ ਘੱਟ ਗਿਆਨ ਹੈ। ਬਹੁਤ ਸਾਰੀਆਂ ਔਰਤਾਂ ਤਾਂ ਰੇਲ ਜਾਂ ਹਵਾਈ ਟਿਕਟ ਖਰੀਦਣ ਲਈ ਰਿਜ਼ਰਵੇਸ਼ਨ ਫਾਰਮ ਤਕ ਨਹੀਂ ਭਰ ਸਕਦੀਆਂ।

ਨਿਮਨ ਵਰਗ ਦੀਆਂ ਔਰਤਾਂ ਜੋ ਘੱਟ ਸਿੱਖਿਅਤ ਹਨ, ਉਨ੍ਹਾਂ ਨੂੰ ਵੀ ਚੈੱਕ ਕਟਣਾ, ਡਰਾਫਟ ਬਣਾਉਣਾ ਤੇ ਮਨੀਆਰਡਰ ਫਾਰਮ ਭਰਨਾ ਆਦਿ ਆਉਣਾ ਚਾਹੀਦਾ ਹੈ। ਮੁਕਤੀ ਦਾ ਨਾਹਰਾ ਬੁਲੰਦ ਕਰਨ ਵਾਲੀਆਂ ਮੁਕਤੀਵਾਦੀ ਔਰਤਾਂ ਅਤੇ ਔਰਤ-ਮੁਕਤੀ ਜਾਂ ਨਾਰੀ ਕਲਿਆਣ ਲਈ ਸੰਘਰਸ਼ ਕਰ ਰਹੇ ਲੋਕ, ਉਨ੍ਹਾਂ ਨੂੰ ਇਹ ਸੱਭ ਕੁੱਝ ਸਿਖਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਉਹ ਇਹ ਸਭ ਕਰਨ ਤਾਂ ਜ਼ਿਆਦਾ ਬਿਹਤਰ ਹੋਵੇਗਾ।

ਧੰਨਵਾਦ ਸਹਿਤ ਮੈਗਜ਼ੀਨ ‘ਸਰਿਤਾ’ ਜਨਵਰੀ (ਦੂਜਾ) 2014