ਇੱਕ ਬਾਪ ਦੇ ਪੁੱਤਰ ਨੂੰ ਅੰਤਲੇ ਬੋਲ

0
318

ਇੱਕ ਬਾਪ ਦੇ ਪੁੱਤਰ ਨੂੰ ਅੰਤਲੇ ਬੋਲ

ਹਰਨਾਮ ਦਾਸ ਮਹੇ, ਮੈਨੇਜਰ (ਰਿਟਾ. ਐਸ. ਬੀ. ਆਈ.) ਬਾਈਪਾਸ (ਜਲੰਧਰ)-94654-66905

ਭਾਰਤ ਵਿੱਚ ਗੋਰਿਆਂ ਦਾ ਆਗਮਨ ਕਲਕੱਤੇ ਤੋਂ ਹੋਇਆ ਸੀ। ਜਾਤ-ਪਾਤ ਅਤੇ ਛੂਤ-ਛਾਤ ਕਾਰਨ ਦੇਸ਼ ਦੀ ਦੁਰਦਸ਼ਾ ਸੀ। ਦੇਸ਼ ਨੂੰ ਹਰ ਖੇਤਰ ਵਿੱਚ ਪਿਛੜਿਆ ਵੇਖ ਕੇ ਅੰਗਰੇਜ਼ਾਂ ਨੇ ਸੰਭਾਵਨਾਵਾਂ ਤਲਾਸੀਆਂ। ਸਭ ਤੋਂ ਪਹਿਲਾਂ ਗੋਰਿਆਂ ਨੇ ਵਿਉਪਾਰ ਕਰਦੇ ਕਰਦੇ ਆਸਾਮ ਵਿੱਚ ਚਾਹ ਦੀ ਖੇਤੀ , ਖੰਡ ਦੀਆਂ ਮਿਲਾਂ, ਨਰਮੇ ਦੀ ਕਤਾਈ, ਕੱਪੜੇ ਦੀਆਂ ਮਿਲਾਂ ਅਤੇ ਚਮੜਾ ਉਦਯੋਗ ਨੂੰ ਪ੍ਰਫੱੁਲਤ ਕੀਤਾ ਕਿਉਂਕਿ ਇਹ ਸਾਰੇ ਦੇ ਸਾਰੇ ਗੋਰਿਆਂ ਨੂੰ ਆਪਣੇ ਜੀਵਨ ਦੀਆਂ ਲੋੜਾਂ ਵਾਸਤੇ ਅਤੇ ਦੂਸਰੇ ਦੇਸ਼ਾਂ ਵਿੱਚ ਵਿਉਪਾਰ ਕਰਨ ਵਾਸਤੇ ਜ਼ਰੂਰੀ ਸੀ।

ਚਮੜੇ ਸੰਬੰਧੀ ਸਾਰੇ ਦਾ ਸਾਰਾ ਕਾਰੋਬਾਰ ਭਾਰਤ ਵਿੱਚ ਨੀਵੀਂ ਜ਼ਾਤੀ ਦੇ ਕਹੇ ਜਾਂਦੇ ਚੰਡਾਲ, ਚਮਾਰ (ਜਿਨ੍ਹਾਂ ਨੂੰ ਬਾਅਦ ਵਿੱਚ ਆਦਿ-ਧਰਮ, ਰਵਿ ਦਾਸੀਏ ਆਖਣ ਲੱਗ ਪਏ) ਲੋਕ ਹੀ ਕਰਦੇ ਸਨ। ਗੋਰਿਆਂ ਨੂੰ ਚਮੜੇ ਦੀਆਂ ਬਣੀਆਂ ਵਸਤਾਂ ਨਾਲ ਬਹੁਤ ਲਗਾਓ ਸੀ। ਇਸ ਕਰਕੇ ਗੋਰਿਆਂ ਨੇ ਚਮੜੇ ਦੇ ਉਦਯੋਗ ਨੂੰ ਵਧੇਰੇ ਪ੍ਰਫੁੱਲਤ ਕੀਤਾ ਸੀ। ਅਣਵੰਡੇ ਪੰਜਾਬ ਦੇ ਚਮਾਰ, ਚਮੜੇ ਦਾ ਵਿਉਪਾਰ ਕਰਨ ਲਈ ਹੌਲੀ-ਹੌਲੀ ਕਲਕੱਤੇ ਪਹੁੰਚਦੇ ਗਏ। ਇਹ ਲੋਕ ਕਾਫੀ ਅਮੀਰ ਹੁੰਦੇ ਗਏ, ਸੇਠ ਕਹਾਉਣ ਲਗ ਪਏ। ਲੇਖਕ ਵੀ ਅਜਿਹੇ ਹੀ ਇੱਕ ਸੇਠ ਦਾ ਨਤਪੋਤਰਾ ਹੈ।

ਓਸ ਸਮੇਂ ਦੀ ਗੱਲ ਹੈ, ਇੱਕ ਸੇਠ ਦਾ ਪੁੱਤਰ ਕਲਕੱਤੇ ਕੁਕਰਮਾ ਵਿੱਚ ਪੈ ਗਿਆ। ਆਮ ਤੌਰ ’ਤੇ ਵਡੇ ਘਰਾਂ ਦੇ ਮੁੰਡੇ ਪੈਸੇ ਦੀ ਆਮਦ ਕਾਰਨ ਵਿਗੜ ਜਾਂਦੇ ਹਨ। ਇਕਲੌਤਾ, ਲਾਡਲਾ ਅਤੇ ਪਰਿਵਾਰਿਕ ਲੋੜ ਕਾਰਨ ਪੁੱਤਰ ਦਾ ਵਿਆਹ ਵੀ ਕਰ ਦਿੱਤਾ। ਤਦੋਂ ਦੇਸੀ ਸ਼ਰਾਬ ਦਾ ਨਸ਼ਾ ਹੀ ਮਸ਼ਹੂਰ ਸੀ, ਪੁੱਤਰ ਨਸ਼ਾ ਵੀ ਕਰਦਾ ਸੀ, ਕੁਕਰਮ ਵਾਸਤੇ ਚੌਰੰਗੀ ਚੌਂਕ, ਸੋਨਾ ਘਾਸ਼ੀ ਅਤੇ ਖਿਦਰਪੁਰ (ਸਰਕਾਰ ਤੋਂ ਮਨਜ਼ੂਰ ਸ਼ੁਦਾ ਅੱਡੇ) ਦੇ ਕੋਠਿਆਂ ’ਤੇ ਵੀ ਜਾਂਦਾ ਸੀ ਅਤੇ ਜੁਆ ਵੀ ਖੇਡਦਾ ਸੀ। ਸੇਠ ਨੇ ਪੁੱਤਰ ਨੂੰ ਬਹੁਤ ਸਮਝਾਇਆ ਪਰ ਪੁੱਤਰ ਨਹੀਂ ਸਮਝਿਆ। ਸੇਠ ਨੂੰ ਆਪਣੇ ਮਰਨ ਦੇ ਬਾਅਦ ਪੁੱਤਰ ਵੱਲੋਂ ਵਿਰਾਸਤ ਸੰਭਾਲਣ ਦਾ ਵੀ ਫ਼ਿਕਰ ਸੀ। ਜਦ ਸੇਠ ਦੇ ਸਾਰੇ ਦੇ ਸਾਰੇ ਤਰੀਕੇ ਸਮਝਾਉਣ ਦੇ ਰਾਸ ਨਾ ਆਏ ਤਾਂ ਸੇਠ, ਪੁੱਤਰ ਦੇ ਗ਼ਮ ਕਾਰਨ ਅਸਾਧ ਰੋਗ ਅਤੇ ਬੁਢੇਪੇ ਦਾ ਸ਼ਿਕਾਰ ਵੀ ਹੋ ਗਿਆ। ਪ੍ਰਾਣ ਤਿਆਗਣ ਤੋਂ ਪਹਿਲਾਂ ਸੇਠ ਨੇ ਪਿਆਰ ਨਾਲ ਪੁੱਤਰ ਨੂੰ ਬੁਲਾਇਆ ਤੇ ਕਿਹਾ ਕਿ ਪੁੱਤਰ ‘ਮੈਂ ਤੇਰੇ ਨਾਲ ਹਾਂ, ਤੇਰੇ ਸਾਰੇ ਕੰਮਾਂ ਤੇ ਆਦਤਾਂ ਨਾਲ ਸਹਿਮਤ ਹਾਂ ਮੇਰੀ ਜ਼ਿੰਦਗੀ ਦਾ ਕੋਈ ਭਰੋਸੀ ਨਹੀਂ। ਤੂੰ ਅੱਗੇ ਤੋਂ ਮੇਰੀਆਂ ਤਿੰਨ ਗੱਲਾਂ ਸਮਝ ਲੈ।’

ਪਹਿਲੀ ਗੱਲ- ‘ਜਦ ਤੂੰ ਸ਼ਰਾਬ ਪੀਣੀ ਹੈ ਤਾਂ ਤੁਸਾਂ ਕਿਸੇ ਦੀ ਲਿਆਂਦੀ ਜਾਂ ਖ਼ਰੀਦੀ ਹੋਈ ਨਹੀਂ ਪੀਣੀ ਸਗੋਂ ਆਪ ਠੇਕੇ ਤੋਂ ਲਿਆ ਕੇ ਪੀਣੀ ਹੈ।’

ਦੂਜੀ ਗੱਲ ਕਿ ਜਦੋਂ ਤੁਸਾਂ ਵੇਸ਼ਵਾ ਵਿਰਤੀ ਅੱਡਿਆਂ ਦੇ ਕੋਠੇ ਜਾਣਾ ਹੈ ਤਾਂ ਰਾਤ ਨੂੰ ਨਹੀਂ ਸਗੋਂ ਸਵੇਰੇ ਜਾਣਾ ਹੈ।’

ਤੀਜੀ ਗੱਲ ਪੁੱਤਰ! ਧਿਆਨ ਨਾਲ ਸੁਣ ਲੈ- ‘ਜੇ ਜੁਆ ਖੇਡਣ ਜਾਣਾ ਹੈ ਤਾਂ ਆਦਿ ਜੁਆਰੀਆਂ ਨਾਲ ਹੀ ਖੇਡਣਾ ਹੈ। ਉਹ ਬਹੁਤ ਪੱਕੇ, ਰੜੇ ਤੇ ਤਜੁਰਬੇਕਾਰ ਹੁੰਦੇ ਹਨ। ਤੂੰ ਬਹੁਤ ਵੱਡਾ ਬੰਦਾ ਬਣ ਜਾਵੇਂਗਾ ਅਤੇ ਰੜ ਵੀ ਜਾਵੇਂਗਾ।’

ਸੇਠ ਜੀ ਮਹੀਨੇ ਕੁ ਬਾਅਦ ਹੀ ਅੱਖਾਂ ਮੀਟ ਗਏ। ਅੰਤਿਮ ਅਰਦਾਸ ਨਾਲ ਪੱਗੜੀ ਦੀ ਰਸਮ ਵੀ ਹੋਈ। ਪਰ ਪੁੱਤਰ ਅਜੇ ਵੀ ਆਪਣੇ ਚਾਲਿਆਂ ਤੋਂ ਟਲਿਆ ਨਹੀਂ। ਇਕ ਦਿਨ ਪੁੱਤਰ ਨੂੰ ਬੈਠੇ ਬੈਠੇ ਯਾਦ ਆਇਆ ਕਿ ਬਾਪੂ ਨੇ ਤਿੰਨ ਗੱਲਾਂ ’ਤੇ ਅਮਲ ਕਰਨ ਨੂੰ ਕਿਹਾ ਸੀ। ਓਸ ਸਮੇਂ ਕਲਕੱਤੇ ਵਿੱਚ ਦੇਸੀ ਸ਼ਰਾਬ ਦਾ ਬਹੁਤ ਬੋਲ ਬਾਲਾ ਸੀ ਅਤੇ ਹੁਣ ਤੱਕ ਵੀ ਰਿਹਾ ਹੈ। ਪਹਿਲਾਂ ਆਮ ਤੌਰ ’ਤੇ ਠੇਕੇ ਨਾਲਿਆਂ ਤੇ ਖੋਖਿਆਂ ਵਿੱਚ ਹੀ ਹੁੰਦੇ ਸਨ। ਸ਼ਰਾਬ ਦੀ ਲਾਲਸਾ ਉੱਠਦਿਆਂ ਇਕ ਦਿਨ ਉਸ ਨੂੰ ਬਾਪੂ ਦੀਆਂ ਗੱਲਾਂ ਦਾ ਚੇਤਾ ਆਇਆ ਤਾਂ ਆਪ ਹੀ ਸ਼ਰਾਬ ਖਰੀਦਣ ਵਾਸਤੇ ਚਲਿਆ ਗਿਆ। ਜਾ ਕੇ ਦੇਖਦਾ ਹੈ ਕਿ ਲੋਕ ਖੋਖੇ ਦੇ ਦੁਆਲੇ ਸ਼ਰਾਬ ਪੀ ਰਹੇ ਹਨ। ਕੁਝ ਕੁ ਗੰਦੇ ਨਾਲੇ ਤੋਂ ਪੀਂਦੇ ਪੀਂਦੇ, ਲੁੜਕਦੇ ਲੁੜਕਦੇ, ਬੇਸ਼ੁੱਧ ਹੋਇਆਂ ਦੀਆਂ ਲੱਤਾਂ ਨਾਲੇ ਵਿੱਚ ਅਤੇ ਧੜ ਸਿਰ ਬਾਹਰ ਕੱਚੇ ਰਸਤੇ ’ਤੇ ਪਏ ਹੋਇਆਂ, ਕਈਆਂ ਨੂੰ ਉਲਟੀਆਂ ਆਉਣ ਕਾਰਨ ਉਨ੍ਹਾਂ ਦੇ ਮੂੰਹਾਂ ’ਤੇ ਮੱਖੀਆਂ ਭਿਣਕਦੀਆਂ ਅਤੇ ਕੁੱਤੇ ਵੀ ਮੂੰਹ ਚੱਟ ਰਹੇ ਸਨ। ਇਹ ਸਾਰਾ ਨਜ਼ਾਰਾ ਦੇਖ ਕੇ ਉਹ ਠਠੰਬਰ ਗਿਆ ਤਾਂ ਉਸ ਨੇ ਸੋਚਿਆ ਕਿ ਮੈਂ ਵੀ ਤਾਂ ਨਸ਼ੇ ਵਿੱਚ ਬੇਸ਼ੁੱਧ ਹੋ ਜਾਂਦਾ ਹਾਂ, ਮੇਰਾ ਵੀ ਇਹੋ ਹਾਲ ਹੁੰਦਾ ਹੋਵੇਗਾ। ਉਹ ਸ਼ਰਾਬ ਖ਼ਰੀਦੇ ਬਿਨਾ ਹੀ ਵਾਪਸ ਆ ਗਿਆ।

ਪਹਿਲੀ ਰਾਤ ਸ਼ਰਾਬ ਛੱਡਣ ਕਾਰਨ ਉਸ ਨੂੰ ਠੀਕ ਤਰ੍ਹਾਂ ਨੀਂਦ ਨਾ ਆਈ। ਪਹਿਲਾਂ ਤਾਂ ਸ਼ਾਮ ਨੂੰ ਖੁਸਮੁਸਾ ਹੋਣ ’ਤੇ ਪੀ ਕੇ ਵੇਸਵਾਵਾਂ ਦੇ ਕੋਠਿਆਂ ’ਤੇ ਵੀ ਜਾਂਦਾ ਸੀ, ਪਰ ਜਦ ਸ਼ਰਾਬ ਛੱਡਣ ਦਾ ਵਿਚਾਰ ਬਣਾ ਲਿਆ ਤਾਂ ਪੁੱਤਰ ਨੂੰ ਸੋਚ ਸੋਚ ਕੇ ਬਾਪੂ ਦੀ ਦੂਜੀ ਗੱਲ ਯਾਦ ਆ ਗਈ ਕਿ ਉਸ ਨੇ ਸਵੇਰੇ ਸਵੇਰੇ ਵੇਸ਼ਵਾ ਪਾਸ ਜਾਣ ਲਈ ਕਿਹਾ ਹੈ। ਜਦ ਉਹ ਸੋਨਾਘਾਸੀ ਕੋਠੇ ’ਤੇ ਗਿਆ ਤਾਂ ਦੇਖਦਾ ਹੈ ਕਿ ਰਾਤ ਦੀ ਦੁਧੀਆਂ ਰੌਸ਼ਨੀ ਵਿੱਚ ਚਮਕਦੇ ਫੁੱਲਾਂ ਵਰਗੇ ਚਿਹਰੇ, ਦਿਨ ਦੇ ਉਜਾਲੇ ਵਿੱਚ ਉਜੜੇ ਹੋਏ ਚਮਨ ਦਿੱਸਦੇ ਹਨ। ਉਸ ਦੇ ਦਿਮਾਗ਼ ਵਿੱਚ ਆਇਆ ਕਿ ਮੇਰੀ ਭਾਗਾਂ ਵਾਲੀ ਇਨ੍ਹਾਂ ਦੇ ਮੁਕਾਬਲੇ ਤਾਂ ਅਪਸਰਾਂ ਵਰਗੀ ਹੈ। ਇਹ ਤਾਂ ਨਿਰਾ ਚਿੱਕੜ ਤੇ ਬਿਮਾਰੀਆਂ ਦਾ ਘਰ ਹਨ। ਉਸ ਦਾ ਮਨ ਖੱਟਾ ਹੋ ਗਿਆ ਅਤੇ ਅੱਗੇ ਤੋਂ ਇੱਥੇ ਆਉਣਾ ਤੋਂ ਤੌਬਾ ਕਰ ਲਈ। ਦੁੱਖੀ ਜਿਹਾ ਹੋ ਕੇ ਘਰ ਨੂੰ ਮੁੜ ਆਇਆ।

ਵਾਪਸ ਤੁਰੇ ਆਉਂਦੇ ਨੇ ਜੇਬ ਟਟੋਲੀ ਤਾਂ ਨਿੱਗਰ (ਭਾਰੀ) ਜਾਪੀ। ਮਨ ਵਿੱਚ ਲਾਲਚ ਆਇਆ ਕਿ ਚੱਲੋ ਜੁਏ ਦੇ ਅੱਡੇ ’ਤੇ ਜਾ ਕੇ ਦੋ ਬਾਜੀਆਂ ਖੇਡ ਕੇ ਮਨ ਪ੍ਰਚਾਉਂਦੇ ਹਾਂ। ਅੱਡੇ ’ਤੇ ਪਹੁੰਚਿਆ ਤਾਂ ਜੁਆਰੀ ਖੁਸ਼ ਹੋ ਗਏ। ਇੱਕ ਢਾਣੀ ਆਪਣੇ ਵਲ ਤੇ ਦੂਸਰੀ ਆਪਣੇ ਵਲ ਖਿੱਚੇ, ਪਰ ਉਹ ਬੋਲਿਆ ਕਿ ਤੁਹਾਡੇ ਵਿੱਚ ਹੰਡਿਆ ’ਤੇ ਆਦਿ ਜੁਆਰੀ ਕਿਹੜਾ ਹੈ? ਇੱਕ ਬੋਲਿਆ ਕਿ ‘ਓਹ ਅਗਲੇ ਅੱਡੇ ’ਤੇ ਚਲੇ ਜਾਓ, ਬਥੇਰੇ ਮਿਲ ਜਾਣਗੇ।’ ਅੱਗੇ ਜਾ ਕੇ ਫਿਰ ਉਸ ਨੂੰ ਉੱਤਰ ਮਿਲਿਆ ਕਿ ਆਦਿ ਜੁਆਰੀਏ ਅੱਗੇ ਹਨ। ਜਦ ਅੱਗੇ ਗਿਆ ਤਾਂ ਇਹ ਉਹ ਜੁਆਰੀਏ ਸਨ ਜਿਹੜੇ ਆਪਣਾ ਧਨ ਦੌਲਤ, ਕਾਰੋਬਾਰ, ਘਰ-ਬਾਰ, ਆਪਣੀਆਂ ਜੁਆਨ ਪਤਨੀਆਂ ਜਾਂ ਧੀਆਂ ਜੁਏ ਵਿੱਚ ਹਾਰ ਚੁੱਕੇ ਸਨ। ਉਹ ਆਦਤ ਤੋਂ ਮਜਬੂਰ ਬੈਠੇ ਸਿਰਫ ਗੀਟੀਆਂ ਤੇ ਸਲਵਾੜ ਦੇ ਕਾਨਿਆਂ ਦੀਆਂ ਦੋ ਫਾੜ ਕੀਤੀਆਂ ਚਾਲਾਂ ਨਾਲ ਹੀ ਆਪਣਾ ਮਨ ਪਰਚਾ ਰਹੇ ਸਨ।

ਪੁੱਤਰ ਨੇ ਪੁੱਛਿਆ ਕਿ ਇਹ ਕੀ ਕਰ ਰਹੇ ਹੋ? ਤਾਂ ਉਨ੍ਹਾਂ ਕਿਹਾ ਕਿ ਤੂੰ ਕੀ ਲੈਣਾ ਹੈ? ਉਸ ਉੱਤਰ ਦਿੱਤਾ ਕਿ ਭਰਾਵੋ! ਮੈਂ ਤਾਂ ਬੜੀ ਆਸ ਨਾਲ ਤੁਹਾਡੇ ਨਾਲ ਜੁਆ ਖੇਡਣ ਆਇਆ ਹਾਂ, ਪਰ ਤੁਹਾਡੇ ਪਾਸ ਤਾਂ…………. ‘ਭਰਾਵਾ ਮੁੜ ਜਾ ਘਰ ਨੂੰ, ਨਹੀਂ ਤਾਂ ਸਾਡੇ ਵਾਲਾ ਹਾਲ ਹੀ ਹੋ ਜਾਵੇਗਾ’ ਉਸ ਨੇ ਪੁੱਛਿਆ ਕਿ ਕੀ ਮਤਲੱਬ? ‘ਭਰਾਵਾ ਪਹਿਲਾਂ ਅਸੀਂ ਆਪਣੇ ਪੈਸੇ ਹਾਰੇ, ਫਿਰ ਕਾਰੋਬਾਰ ਹਾਰਿਆ, ਫਿਰ ਘਰਬਾਰ ਹਾਰਿਆ, ਫਿਰ ਆਪਣੀਆਂ ਪਤਨੀਆਂ ਤੇ ਜੁਆਨ ਧੀਆਂ ਦਾਅ ’ਤੇ ਲਾਈਆਂ। ਹੁਣ ਤਾਂ ਅਸੀਂ ਸਭ ਕੁਝ ਲੁਟਾ ਕੇ ਇਨ੍ਹਾਂ ਹਾਲਾਤਾਂ ਵਿੱਚ ਤੇਰੇ ਸਾਹਮਣੇ ਹਾਂ ਅਤੇ ਆਪਣਾ ਹੁਣ ਭੁਸ (ਲਾਲਚ) ਪੂਰਾ ਕਰ ਰਹੇ ਹਾਂ। ਇਸੇ ਕਰਕੇ ਤੈਨੂੰ ਸਲਾਹ ਦਿੰਦੇ ਹਾਂ ਕਿ ਸਮਾਂ ਰਹਿੰਦੇ ਘਰ ਨੂੰ ਮੁੜ ਜਾ।’

ਨੇਕ ਪਿਤਾ ਦੀ ਸਲਾਹ ਮੰਨਣ ਕਾਰਨ ਅੱਜ ਉਹ ਪੁੱਤਰ ਆਪਣੇ ਪਰਿਵਾਰ ’ਚ ਹੱਸਦਾ ਖੇਡਦਾ, ਅਨੰਦ ਮਾਣਦਾ ਹੈ, ਪਰ ਪਿਓ ਤਾਂ ਵੇਚਾਰਾ ਪੁੱਤਰ ਦੀਆਂ ਕੋਝੀਆਂ ਕਰਤੂਤਾਂ ਕਾਰਨ ਇਹ ਦਿਨ ਦੇਖਣ ਤੋਂ ਵਾਂਝਾ ਹੀ, ਆਪਣਾ ਸੁਖਾਲਾ ਜੀਵਨ ਭੋਗਣ ਤੋਂ ਪਹਿਲਾਂ ਹੀ ਜ਼ਹਾਨ ਤੋਂ ਉੱਠ ਗਿਆ ਸੀ।