Female Future
ਅੱਜ ਦੀਆਂ ਬੱਚੀਆਂ ਤੇ ਔਰਤਾਂ ਦੇ ਮਨਾਂ ਵਿਚ ਝਾਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783
ਰੋਜ਼ ਚੈਕਅੱਪ ਕਰਵਾਉਣ ਆ ਰਹੇ ਬੱਚੇ ਮੇਰੇ ਲਈ ਇਕ ਵਧੀਆ ਸਰੋਤ ਹਨ – ਨਵੀਂ ਜਾਣਕਾਰੀ ਇੱਕਠੀ ਕਰਨ ਲਈ ! ਰੋਜ਼ ਦੋ ਸੌ ਦੇ ਕਰੀਬ ਵੱਖੋ ਵੱਖ ਉਮਰ ਦੇ ਬੱਚਿਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਏਨੀ ਜਾਣਕਾਰੀ ਵੱਧ ਜਾਂਦੀ ਹੈ ਕਿ ਪੁੱਛੋ ਨਾ ! ਉਨ੍ਹਾਂ ਦੀ ਸੋਚ ਵਿਚਲਾ ਅੰਤਰ, ਉਨ੍ਹਾਂ ਦੀਆਂ ਬਦਲਦੀਆਂ ਤਮੰਨਾਵਾਂ, ਤਾਂਘਾਂ ਤੇ ਉਨ੍ਹਾਂ ਨੂੰ ਪੂਰਾ ਕਰਨ ਦੇ ਤਰੀਕੇ, ਆਦਿ ਬਹੁਤ ਕੁੱਝ ਹੈ ਜੋ ਕਦੇ ਕਦੇ ਕੁੱਝ ਸੋਚਣ ਉੱਤੇ ਮਜਬੂਰ ਕਰਦੇ ਹਨ ਤੇ ਕਦੇ ਆਉਣ ਵਾਲੇ ਸਮੇਂ ਵਿਚ ਝਾਤ ਮਰਵਾ ਦਿੰਦੇ ਹਨ।
ਵਿਸ਼ਵ ਪੱਧਰ ਉੱਤੇ ਇਕ ਨਵਾਂ ਰੁਝਾਨ ਵੇਖਣ ਵਿਚ ਆ ਰਿਹਾ ਹੈ ਕਿ ਜਿਵੇਂ ਜਿਵੇਂ ਔਰਤਾਂ ਪੜ੍ਹ ਲਿਖ ਕੇ ਅਗਾਂਹ ਆ ਰਹੀਆਂ ਹਨ ਤੇ ਉੱਚੀਆਂ ਪਦਵੀਆਂ ਹਾਸਲ ਕਰ ਰਹੀਆਂ ਹਨ, ਉਨ੍ਹਾਂ ਦਾ ਘਰ ਵਸਾਉਣ ਦਾ ਸੁਫ਼ਨਾ ਪਹਿਲੇ ਨੰਬਰ ਤੋਂ ਤਿਲਕ ਕੇ ਹੇਠਾਂ ਜਾ ਚੁੱਕਿਆ ਹੈ।
ਕੌਤੂਹਲਵਸ਼ ਮੈਂ ਹਰ ਚੈਕਅੱਪ ਕਰਵਾਉਣ ਆਈ ਜਵਾਨ ਹੋ ਰਹੀ ਬੱਚੀ ਨੂੰ ਇੱਕੋ ਸਵਾਲ ਪੁੱਛਦੀ ਰਹੀ ਕਿ ਉਹ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦੀ ਹੈ ਤੇ ਵਿਆਹ ਬਾਰੇ ਉਸ ਦੇ ਕੀ ਵਿਚਾਰ ਹਨ?
ਘਰੇਲੂ ਹਿੰਸਾ ਦੇ ਅੰਕੜੇ ਭਾਵੇਂ ਕੁੱਝ ਵੀ ਸਾਹਮਣੇ ਆ ਰਹੇ ਹੋਣ ਪਰ ਬਹੁ ਗਿਣਤੀ ਔਰਤਾਂ ਦੇ ਮਨਾਂ ਉੱਤੇ ਇਸ ਦੇ ਡੂੰਘੇ ਰਿਸਦੇ ਜ਼ਖ਼ਮ ਉਕਰੇ ਪਏ ਹਨ ਤੇ ਲਗਭਗ 90 ਪ੍ਰਤੀਸ਼ਤ ਔਰਤਾਂ ਇਸ ਕਿਸਮ ਦੀ ਹਿੰਸਾ ਦੀਆਂ ਕਦੇ ਨਾ ਕਦੇ ਸ਼ਿਕਾਰ ਜ਼ਰੂਰ ਹੋ ਚੁੱਕੀਆਂ ਹਨ ਤੇ ਕੁੱਝ ਰੁਜ਼ਾਨਾ ਇਸ ਨੂੰ ਸਹਿ ਰਹੀਆਂ ਹਨ। ਅਜਿਹੀਆਂ ਮਾਵਾਂ ਦੀਆਂ ਬੱਚੀਆਂ ਦਾ ਵਿਆਹ ਪ੍ਰਤੀ ਵਤੀਰਾ ਨਕਾਰਾਤਮਤਕ ਹੋਣਾ ਹੀ ਹੋਇਆ।
ਏਸੇ ਲਈ ਮੇਰੇ ਵਾਸਤੇ ਇਹ ਬਹੁਤੀ ਹੈਰਾਨੀ ਦੀ ਗੱਲ ਨਹੀਂ ਸੀ ਕਿ ਛੇ ਮਹੀਨੇ ਦੀ ਇਸ ਪੁੱਛ ਗਿੱਛ ਦੌਰਾਨ ਕਿਸੇ ਵੀ ਬੱਚੀ ਨੇ ਮੈਨੂੰ ਵਿਆਹ ਪ੍ਰਤੀ ਖਿੱਚ ਨਹੀਂ ਵਿਖਾਈ। ਵਿਆਹ ਕਰਨ ਤੋਂ ਪਹਿਲਾਂ ਕੋਈ ਪੜ੍ਹ ਲਿਖ ਕੇ ਡਾਕਟਰ, ਕੋਈ ਨਰਸ, ਕੋਈ ਇੰਜੀਨੀਅਰ, ਕੋਈ ਟੀਚਰ, ਕੋਈ ਤੈਰਾਕ, ਕੋਈ ਬੈਡਮਿੰਟਨ ਪਲੇਅਰ ਬਣਨਾ ਚਾਹੁੰਦੀ ਸੀ, ਕੋਈ ਫੌਜ ਵਿਚ ਜਾਣਾ ਚਾਹੁੰਦੀ ਸੀ ਤੇ ਕੋਈ ਪਾਇਲਟ ਬਣਨ ਦੀ ਸ਼ੌਕੀਨ ਸੀ।
ਮੈਂ ਇਹ ਜ਼ਰੂਰ ਦੱਸ ਦਿਆਂ ਕਿ ਰਾਜਿੰਦਰਾ ਹਸਪਤਾਲ ਲਿਆਉਣ ਵਾਲੀਆਂ ਜ਼ਿਆਦਾਤਰ ਬੱਚੀਆਂ ਪਿੰਡਾਂ ਦੀਆਂ ਹੁੰਦੀਆਂ ਹਨ, ਪਰ ਚੰਗੇ ਘਰਾਂ ਦੀਆਂ ਸ਼ਹਿਰੀ ਬੱਚੀਆਂ ਵੀ ਇਨ੍ਹਾਂ ਵਿਚ ਸ਼ਾਮਲ ਸਨ।
ਪਿੰਡ ਦੀਆਂ ਕੁੜੀਆਂ ਦੀ ਉੱਚੀ ਉਡਾਨ ਦੇ ਸੁਫ਼ਨੇ ਮੈਨੂੰ ਬਹੁਤ ਜ਼ਿਆਦਾ ਚੰਗੇ ਲੱਗੇ। ਸਾਰੀ ਉਮਰ ਝਿੜਕਾਂ ਖਾ ਖਾ ਕੇ ਚੁੱਲੇ ਵਿਚ ਵੜ੍ਹ ਕੇ, ਇਕ ਬੰਧੂਆ ਮਜ਼ਦੂਰ ਦੀ ਜ਼ਿੰਦਗੀ ਬਿਤਾ ਦੇਣ ਨਾਲੋਂ ਪੜ੍ਹ ਲਿਖ ਕੇ ਆਪਣੀ ਬਣਦੀ ਇੱਜ਼ਤ ਹਾਸਲ ਕਰਨ ਦੀ ਚਾਹ !
ਇਨ੍ਹਾਂ ਬੱਚੀਆਂ ਵਿੱਚੋਂ ਕਈਆਂ ਦੀਆਂ ਮਾਵਾਂ ਵੀ ਆਪਣੀਆਂ ਬੱਚੀਆਂ ਦੀ ਸੋਚ ਦੀ ਸਹਿਮਤੀ ਭਰ ਰਹੀਆਂ ਸਨ।
ਮਨੋਵਿਗਿਆਨੀਆਂ ਅਨੁਸਾਰ ਜਿਸ ਤਰ੍ਹਾਂ ਇਨਸਾਨੀ ਮਨ; ਦੋਸਤੀਆਂ ਭਾਲਦਾ ਹੈ ਤੇ ਆਪਣੇ ਬਾਰੇ ਹਮੇਸ਼ਾ ਚੰਗਾ ਸੁਣਨਾ ਲੋਚਦਾ ਹੈ, ਇਸੇ ਤਰ੍ਹਾਂ ਇਨਸਾਨੀ ਮਨ; ਜ਼ਿੰਮੇਵਾਰੀਆਂ ਤੋਂ ਮੁਕਤ ਹੋ ਕੇ ਉਤਾਂਹ ਉਡਾਰੀ ਮਾਰਨ ਨੂੰ ਵੀ ਤਰਲੋਮੱਛੀ ਹੁੰਦਾ ਰਹਿੰਦਾ ਹੈ।
ਇਹ ਬਦਲਾਓ, ਉਸੇ ਦੂਜੀ ਤਰ੍ਹਾਂ ਦੀ ਸੋਚ ਅਨੁਸਾਰ ਹੀ ਦਿਸਣ ਲੱਗਿਆ ਹੈ। ਹੁਣ ਤਕ ਦੇ ਇਤਿਹਾਸ ਵਿਚ ਝਾਤ ਮਾਰੀਏ ਤਾਂ ਹਮੇਸ਼ਾ ਮਰਦ ਹੀ ਇਸ ਪਾਸੇ ਵੱਲ ਤੁਰਦਾ ਰਿਹਾ ਹੈ। ਰਿਸ਼ੀਆਂ, ਮੁਨੀਆਂ, ਗੁਰੂਆਂ, ਪੀਰਾਂ, ਪੈਗੰਬਰਾਂ, ਵੱਡੇ ਦਾਨੀਆਂ, ਮਹਾਂਪੁਰਖਾਂ ਵਿੱਚੋਂ ਕਈ ਵਿਆਹ ਕਰਵਾ ਕੇ ਤੇ ਕਈ ਵਿਆਹ ਕਰਵਾਏ ਬਗ਼ੈਰ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਪਹਿਲ ਦੇ ਕੇ ਘਰ ਬਾਰ ਸਾਂਭਣ ਤੇ ਬੱਚੇ ਪਾਲਣ ਦੀ ਜ਼ਿੰਮੇਵਾਰੀ ਵਹੁਟੀ ਉੱਤੇ ਛੱਡ ਕੇ ਜਾਂ ਮਾਪਿਆਂ ਨੂੰ ਰੋਂਦੇ ਕੁਰਲਾਉਂਦੇ ਛੱਡ ਕੇ ਆਪੋ ਆਪਣਾ ਮਕਸਦ ਹਾਸਲ ਕਰਦੇ ਰਹੇ ਹਨ ਤੇ ਸਦੀਆਂ ਤਕ ਲਈ ਆਪਣੇ ਨਾਮ ਦੀ ਛਾਪ ਬਣਾ ਗਏ ਹੋਏ ਹਨ।
ਔਰਤ ਨੂੰ ਇਹ ਗੁਰ ਕੁੱਝ ਦੇਰ ਬਾਅਦ ਸਮਝ ਆਈ ਹੈ ਕਿ ਸਿਰਫ ਘਰ ਬਾਰ ਦੀ ਜ਼ਿੰਮੇਵਾਰੀ ਤੱਕ ਹੀ ਜ਼ਿੰਦਗੀ ਸੀਮਤ ਨਹੀਂ ਹੁੰਦੀ ਬਲਕਿ ਇਸ ਇੱਕੋ ਬੇਸ਼ਕੀਮਤੀ ਇਨਸਾਨੀ ਜੂਨ ਨੂੰ ਰੱਜ ਕੇ ਜੀਣ ਤੇ ਕੁੱਝ ਹਾਸਲ ਕਰਨ ਲਈ ਵੀ ਵਰਤਣਾ ਚਾਹੀਦਾ ਹੈ।
ਜ਼ਰੂਰੀ ਗੱਲ ਇਹ ਹੈ ਕਿ ਵਿਆਹ ਦੀ ਜ਼ਿੰਮੇਵਾਰੀ ਛੱਡ ਕੇ, ਭਾਵੇਂ ਮੁੰਡਾ ਹੋਵੇ ਜਾਂ ਕੁੜੀ, ਜਿਸਮਾਨੀ ਤਾਂਘਾਂ ਨੂੰ ਛਿੱਕੇ ਨਹੀਂ ਟੰਗ ਸਕੇ। ਇਸੇ ਲਈ ਵਿਆਹ ਦੀ ਜ਼ਿੰਮੇਵਾਰੀ ਤੋਂ ਮੁਕਤ ਰਹਿਣ ਦੇ ਬਾਵਜੂਦ ‘ਲਿਵ-ਇਨ ਰਿਲੇਸ਼ਨਸ਼ਿਪ’ ਯਾਨੀ ਬਿਨਾਂ ਵਿਆਹ ਕੀਤੇ ਇੱਕਠੇ ਰਹਿਣ ਦਾ ਰੁਝਾਨ ਵਧਣ ਲੱਗ ਪਿਆ ਹੈ। ਇਸ ਵਿਚ ਦੋਵੇਂ ਧਿਰਾਂ ਆਪੋ ਆਪਣਾ ਮਕਸਦ ਪੂਰਾ ਕਰ ਕੇ ਆਪਣਾ ਨਾਂ ਚਮਕਾਉਂਦੀਆਂ ਰਹਿੰਦੀਆਂ ਹਨ। ਪਿੱਛੇ ਘਰ ਦੀ ਕੋਈ ਜ਼ਿੰਮੇਵਾਰੀ ਨਹੀਂ ! ਪਰ ਅਖ਼ੀਰ ਜਿਸਮਾਨੀ ਲੋੜਾਂ ਖ਼ਾਤਰ ਇਸ ਬੇਨਾਮ ਰਿਸ਼ਤੇ ਵਿਚ ਬੱਝ ਜਾਂਦੇ ਹਨ ਜਿਸ ਵਿਚ ਸੰਤਾਨ ਦਾ ਤਾਂ ਸਵਾਲ ਹੀ ਨਹੀਂ ਉਠਦਾ ਕਿਉਂਕਿ ਨਾ ਮਾਂ ਤੇ ਨਾ ਹੀ ਪਿਓ ਆਪਣਾ ਕੰਮਕਾਰ; ਉਨ੍ਹਾਂ ਨੂੰ ਪਾਲਣ ਪਿੱਛੇ ਤਿਆਗਣਾ ਚਾਹੁੰਦਾ ਹੈ। ਸੋ, ਇੰਜ ਹੀ ਅੱਧੀ ਜ਼ਿੰਦਗੀ ਟਪਾ ਲੈਂਦੇ ਹਨ ! ਕਈ ਸਾਰੀ ਉਮਰ ਕੁਆਰੇ ਹੀ ਲੰਘਾ ਦਿੰਦੇ ਹਨ।
ਔਸਤਨ ਕੁੜੀਆਂ ਦੀ ਵਿਆਹ ਦੀ ਉਮਰ ਸੰਨ 1981 ਵਿਚ ਵਧ ਕੇ 23 ਵਰ੍ਹੇ ਹੋ ਗਈ ਸੀ ਜੋ ਪਹਿਲਾਂ 16 ਜਾਂ 18 ਹੁੰਦੀ ਸੀ। ਸੰਨ 2012 ਵਿਚ ਇਹ ਔਸਤਨ ਉਮਰ 30 ਵਰ੍ਹੇ ਦੇ ਨੇੜੇ ਤੇੜੇ ਲੱਗ ਚੁੱਕੀ ਹੈ ਕਿਉਂਕਿ ਬਹੁ ਗਿਣਤੀ ਸ਼ਹਿਰੀ ਕੁੜੀਆਂ ਵਿਆਹ ਨੂੰ ਪਹਿਲ ਦੇਣੋਂ ਹਟ ਚੁੱਕੀਆਂ ਹਨ ਤੇ ਆਪਣੇ ਪੇਸ਼ੇ ਨੂੰ ਪਹਿਲ ਦੇਣ ਲੱਗ ਪਈਆਂ ਹਨ। ਇਹ ਅਸਰ ਦੁਨੀਆਂ ਦੇ ਲਗਭਗ ਹਰ ਹਿੱਸੇ ਵਿਚ ਵੇਖਣ ਨੂੰ ਮਿਲ ਰਿਹਾ ਹੈ। ਕਿਸੇ ਮੁਲਕ ਵਿਚ ਕੁੱਝ ਘਟ ਤੇ ਕਿਤੇ ਵੱਧ !
ਮੈਡੀਕਲ ਕਾਨਫਰੰਸਾਂ ਵਿਚ ਜਾਂਦੇ ਹੋਏ ਕਈ ਚੋਟੀ ਦੀਆਂ ਦਿਲ ਦੀ ਸਰਜਰੀ ਕਰਨ ਵਾਲੀਆਂ ਤੇ ਜਿਗਰ ਸਪੈਸ਼ਲਿਸਟ ਔਰਤ ਡਾਕਟਰਾਂ ਨਾਲ ਮੁਲਾਕਾਤ ਹੁੰਦੀ ਰਹਿੰਦੀ ਹੈ। ਇਨ੍ਹਾਂ ਵਿੱਚੋਂ ਬਹੁਤੀਆਂ ਵਿਸ਼ਵ ਪ੍ਰਸਿੱਧੀ ਹਾਸਲ ਕਰ ਚੁੱਕੀਆਂ ਹਨ ਤੇ ਕਈ ਡਾਕਟਰੀ ਕਿਤਾਬਾਂ ਵੀ ਲਿਖ ਚੁੱਕੀਆਂ ਹਨ, ਜੋ ਸਪੈਸ਼ਲਿਸਟ ਬਣਨ ਵਾਲੇ ਵਿਦਿਆਰਥੀ ਹੁਣ ਅੱਗੋਂ ਪੜ੍ਹ ਰਹੇ ਹਨ।
ਉਨ੍ਹਾਂ ਵਿੱਚੋਂ ਕੋਈ ਪੰਜਾਹ ਟੱਪ ਚੁੱਕੀ ਤੇ ਕੋਈ ਸੱਠ ਸਾਲ ਦੀ ਉਮਰ ਤੇ ਕੋਈ 70 ਸਾਲਾਂ ਤੋਂ ਵੀ ਉੱਪਰ ਦੀ ਹੈ, ਪਰ ਹਨ ਸਾਰੀਆਂ ਚੁਸਤ-ਦਰੁਸਤ ਤੇ ਸਿਹਤਮੰਦ। ਬਾਕੀ ਮਰਦ ਡਾਕਟਰਾਂ ਨਾਲ ਬਹਿ ਕੇ ਇੱਕ ਦੋ ਪੈੱਗ ਸ਼ਰਾਬ ਦੇ ਪੀ ਲੈਣੇ ਵੀ ਉਨ੍ਹਾਂ ਲਈ ਆਮ ਜਿਹੀ ਗੱਲ ਹੈ। ਉਨ੍ਹਾਂ ਵਿੱਚੋਂ ਇਕ ਵੀ ਵਿਆਹੀ ਨਹੀਂ ਹੋਈ ਤੇ ਸਭ ਆਪੋ ਆਪਣੀ ਜ਼ਿੰਦਗੀ ਨੂੰ ਭਰਪੂਰ ਜੀਅ ਰਹੀਆਂ ਹਨ ਤੇ ਖ਼ੁਸ਼ ਹਨ।
ਕਾਨਫਰੰਸ ਤੋਂ ਬਾਅਦ ਦੇ ਰਾਤ ਦੇ ਖਾਣੇ ਦੌਰਾਨ ਉਨ੍ਹਾਂ ਵਿੱਚੋਂ ਇਕ ਨਾਲ ਮੇਰੀ ਗੱਲਬਾਤ ਹੋਈ ਤਾਂ ਉਸ ਆਪਣਾ ਦਿਲ ਫਰੋਲਿਆ ‘‘ਜਦੋਂ ਮੈਂ ਜਵਾਨ ਸੀ ਤਾਂ ਉਦੋਂ ਵਿਆਹ ਇਕ ਜ਼ਰੂਰੀ ਬੰਧਨ ਮੰਨਿਆ ਜਾਂਦਾ ਸੀ, ਪਰ ਮੈਂ ਇਸ ਦਾ ਪੂਰਾ ਡਟ ਕੇ ਵਿਰੋਧ ਕੀਤਾ ਕਿ ਮੈਂ ਆਪਣੀ ਜ਼ਿੰਦਗੀ ਨੂੰ ਇਕ ਮਕਸਦ ਦਿੱਤਾ ਹੋਇਆ ਹੈ ਤੇ ਮੈਂ ਇਸ ਜ਼ਿੰਮੇਵਾਰੀ ਨੂੰ ਨਹੀਂ ਚੁੱਕਣਾ। ਹੁਣ ਤੱਕ ਮੈਂ 10, 000 ਤੋਂ ਵੱਧ ਦਿਲ ਦੇ ਅਪਰੇਸ਼ਨ ਕਰ ਚੁੱਕੀ ਹੋਈ ਹਾਂ ਤੇ ਸਫਲ ਡਾਕਟਰ ਵਜੋਂ ਵਿਦੇਸ਼ਾਂ ਵਿਚ ਵੀ ਜਾਣੀ ਜਾਂਦੀ ਹਾਂ, ਮੇਰੇ ਉੱਤੇ ਕੋਈ ਰੋਕਣ ਟੋਕਣ ਵਾਲਾ ਨਹੀਂ ਭਾਵੇਂ ਰਾਤ ਦੋ ਵਜੇ ਅਪਰੇਸ਼ਨ ਕਰ ਕੇ ਹਸਪਤਾਲੋਂ ਮੁੜਾਂ ਤੇ ਭਾਵੇਂ ਸਵੇਰੇ ਚਾਰ ਵਜੇ ! ਆਮ ਲੋਕਾਂ ਤੋਂ ਮੈਂ ਉਦੋਂ ਹੀ ਆਪਣੇ ਆਪ ਨੂੰ ਕਟ ਲਿਆ ਸੀ। ਉਨ੍ਹਾਂ ਦਾ ਕੰਮ ਹੁੰਦਾ ਹੈ ਵਿਹਲੇ ਬਹਿ ਕੇ ਦੂਜੇ ਵਿਚ ਨੁਕਸ ਕੱਢ ਕੇ ਆਪਣੇ ਦਿਲ ਦੀ ਭੜਾਸ ਕੱਢਦੇ ਰਹਿਣਾ। ਮੇਰੇ ਕੋਲ ਅਜਿਹਾ ਵਿਹਲਾ ਸਮਾਂ ਨਹੀਂ। ਮੈਂ ਤਾਂ ਆਪਣੀ ਜ਼ਿੰਦਗੀ ਦਾ ਹਰ ਪਲ ਦਿਲ ਦੇ ਰੋਗੀਆਂ ਤੇ ਨਵੀਆਂ ਖੋਜਾਂ ਵੱਲ ਲਾਇਆ ਹੋਇਆ ਹੈ ਤੇ ਭਰਪੂਰ ਅਨੰਦ ਮਾਣ ਰਹੀ ਹਾਂ।’’
ਇਹ ਦੱਸਣ ਵਿਚ ਮੈਨੂੰ ਸੰਕੋਚ ਨਹੀਂ ਕਿ ਕਿਸੇ ਅਮੀਰ ਆਦਮੀ ਦੇ ਘਰ ਜਾ ਕੇ ਚੈੱਕਅੱਪ ਕਰਨ ਦੀ ਉਸ ਦੀ ਫੀਸ ਹੀ 25, 000 ਰੁਪੀਏ ਹੈ। ਆਮ ਬੰਦਾ ਤਾਂ ਉਸ ਦੇ ਨੇੜੇ ਤੇੜੇ ਵੀ ਫਟਕ ਨਹੀਂ ਸਕਦਾ ! ਉਸ ਨੇ ਆਪਣਾ ਘੇਰਾ ਆਪਣੇ ਆਪ ਹੀ ਸੀਮਤ ਕਰ ਲਿਆ ਹੋਇਆ ਹੈ। ਅਤਿ ਦੇ ਅਮੀਰ ਭਾਰਤੀ ਵੀ ਉਸ ਨੂੰ ਆਪਣਾ ਜਹਾਜ਼ ਭੇਜ ਕੇ ਜਾਂ ਜ਼ਹਾਜ਼ ਦੀ ਟਿਕਟ ਭੇਜ ਕੇ ਚੈੱਕਅੱਪ ਕਰਨ ਲਈ ਬੁਲਵਾਉਂਦੇ ਹਨ। ਵਿਦੇਸ਼ਾਂ ਵਿਚ ਲੈਕਚਰ ਦੇਣ ਲਈ ਵੀ ਉਸ ਨੂੰ ਭਾਰੀ ਰਕਮ ਮਿਲਦੀ ਹੈ।
ਉਸ ਅਨੁਸਾਰ ਪੈਸਾ ਖਾਣ ਖਰਚਣ ਦੀ ਚੀਜ਼ ਹੈ। ਅੱਗੇ ਨਿਆਣਿਆਂ ਲਈ ਇੱਕਠੇ ਕਰਨ ਲਈ ਨਹੀਂ। ਜੋ ਬਾਕੀ ਮਰਨ ਬਾਅਦ ਰਹਿ ਗਿਆ ਉਹ ਪਹਿਲਾਂ ਹੀ ਦਾਨ ਕਰਨ ਲਈ ਕਹਿ ਚੁੱਕੀ ਹੋਈ ਹੈ।
ਇੰਜ ਹੀ ਉਹ ਬਥੇਰੀਆਂ ਔਰਤਾਂ ਜੋ ਉੱਚੇ ਅਹੁਦਿਆਂ ਉੱਤੇ ਬਹਿ ਵੱਡੀਆਂ ਕੰਪਨੀਆਂ ਚਲਾ ਰਹੀਆਂ ਹਨ ਜਾਂ ਉੱਚ ਪੱਧਰੀ ਇੰਜੀਨੀਅਰ ਹਨ, ਉਨ੍ਹਾਂ ਵਿੱਚੋਂ ਵੀ ਕਈ ਇੱਕਲਾ ਰਹਿਣਾ ਪਸੰਦ ਕਰ ਚੁੱਕੀਆਂ ਹਨ ਤੇ ਵਿਆਹ ਨਹੀਂ ਕਰਵਾਉਣਾ ਚਾਹੁੰਦੀਆਂ !
ਉਹ ਸਭ ਸੱਸ ਸਹੁਰਾ, ਬੱਚੇ, ਪਤੀ ਆਦਿ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਸਿਰਫ ਆਪਣੇ ਕੈਰੀਅਰ ਅਤੇ ਆਪਣੇ ਮਕਸਦ ਤਕ ਸੀਮਤ ਹੋ ਚੁੱਕੀਆਂ ਹਨ ਤੇ ਆਪਣਾ ਸਾਰਾ ਸਮਾਂ ਉਸੇ ਵੱਲ ਲਾ ਰਹੀਆਂ ਹਨ।
ਅਗਾਂਹਵਧੂ ਸੋਚ ਵਾਲੀਆਂ ਕਈ ਭਰ ਜਵਾਨ ਔਰਤਾਂ ਜਿਨ੍ਹਾਂ ਨੇ ਹਾਲੇ ਹੋਰ ਉਚਾਈਆਂ ਛੂਹਣੀਆਂ ਹਨ, ਪਤੀ ਦੇ ਹੁਕਮਾਂ ਤਹਿਤ ‘ਘਰ ਸਾਂਭਣ ਵਾਲੀ’ ਬਣ ਕੇ ਰਹਿਣ ਨੂੰ ਤਿਆਰ ਨਹੀਂ। ਕੁੱਝ ਤਾਂ ਪਹਿਲਾਂ ਹੀ ਸ਼ਰਤਾਂ ਤਹਿ ਕਰ ਲੈਂਦੀਆਂ ਹਨ ਕਿ ਉਨ੍ਹਾਂ ਨੇ ਵਿਆਹ ਤੋਂ ਬਾਅਦ ਛੇਤੀ ਬੱਚਾ ਵੀ ਨਹੀਂ ਕਰਨਾ ਤੇ ਨਾ ਹੀ ਆਪਣਾ ਕੰਮ ਛੱਡਣਾ ਹੈ।
ਅਜਿਹੀਆਂ ਕਈ ਜ਼ਿਆਦਾ ਪੜ੍ਹੀਆਂ ਲਿਖੀਆਂ ਤੇ ਨਾਮਣਾ ਖੱਟ ਚੁੱਕੀਆਂ 30 ਵਰ੍ਹਿਆਂ ਤੋਂ ਵੱਧ ਉਮਰ ਦੀਆਂ ਔਰਤਾਂ ਆਪਣੇ ਜਿੰਨਾ ਹੀ ਨਾਮਵਰ, ਪੈਸੇ ਵਾਲਾ ਤੇ ਹਮਉਮਰ ਸਾਥੀ ਦੀ ਭਾਲ ਕਰਦਿਆਂ ਕਈ ਵਾਰ ਸਾਰੀ ਉਮਰ ਅਣਵਿਆਹੀਆਂ ਰਹਿ ਜਾਂਦੀਆਂ ਹਨ ਤੇ ਕਈ ਵਾਰ ਵੱਡੀ ਉਮਰ ਦੇ ਦੁਹਾਜੂ ਨਾਲ ਮਜਬੂਰੀ ਵਿਚ ਵਿਆਹ ਕਰਵਾਉਂਦੀਆਂ ਹਨ। ਇਨ੍ਹਾਂ ਵਿੱਚੋਂ ਕੁੱਝ ਕੁ ਵਿਆਹ ਹੀ ਸਫਲ ਹੁੰਦੇ ਹਨ, ਬਾਕੀ ਤਾਂ ਬਸ ਸਮਾਂ ਕੱਢਣ ਦੀ ਗੱਲ ਹੁੰਦੀ ਹੈ।
ਕੰਮ ਦਾ ਦਬਾਓ ਤੇ ਮਰਜ਼ੀ ਦੇ ਕੱਪੜੇ ਪਾਉਣ ਦੀ ਖੁੱਲ, ਦੇਰ ਰਾਤ ਤਕ ਬਿਨਾਂ ਰੋਕ ਟੋਕ ਕੰਮ ਕਰਨ ਦੀ ਹੋੜ ਤੇ ਅੱਧ ਰਾਤ ਵੀ ਆਪਣੀ ਮਰਜ਼ੀ ਨਾਲ ਕਲੱਬਾਂ ਵਿਚ ਨੱਚਣਾ ਵੀ ਕੁੱਝ ਕੁ ਕੰਮਕਾਜੀ ਔਰਤਾਂ ਨੂੰ ਵਿਆਹ ਤੋਂ ਪਰ੍ਹਾਂ ਧੱਕ ਰਿਹਾ ਹੈ।
ਮਤਲਬ ਇਹ ਹੋਇਆ ਕਿ ਸਿਰਫ ਕੰਮ ਦੀ ਪਹਿਲ ਸਦਕਾ ਹੀ ਨਹੀਂ ਬਲਕਿ ਆਪਣੇ ਢੰਗ ਨਾਲ, ਬਿਨਾਂ ਕਿਸੇ ਬੰਦਸ਼ ਦੇ ਆਪਣੀ ਜ਼ਿੰਦਗੀ ਜੀਊਣ ਲਈ ਵੀ ਬਥੇਰੀਆਂ ਕੁੜੀਆਂ ਵਿਆਹ ਨੂੰ ਪਹਿਲ ਦੇਣੋਂ ਹਟ ਰਹੀਆਂ ਹਨ ਤੇ ਵਿਆਹੁਤਾ ਜ਼ਿੰਦਗੀ ਵਿਚ ਘਰ ਅੰਦਰ ਤੜ ਕੇ ਨਹੀਂ ਰਹਿਣਾ ਚਾਹੁੰਦੀਆਂ ਤੇ ਨਾ ਹੀ ਮਰਦ ਨੂੰ ਉੱਚਾ ਹੱਥ ਰੱਖਣ ਦੇਣਾ ਚਾਹੁੰਦੀਆਂ ਹਨ।
ਕੁੱਝ ਚੋਟੀ ਦੀਆਂ ਅਣਵਿਆਹੀਆਂ ਔਰਤਾਂ ਆਪੋ ਆਪਣੀਆਂ ਕੰਪਨੀਆਂ ਵਿਚ ਹੇਠਾਂ ਕੰਮ ਕਰ ਰਹੇ ਮਰਦਾਂ ਉੱਤੇ ਹੁਕਮ ਚਲਾ ਕੇ ਵੀ ਖ਼ੁਸ਼ੀ ਮਹਿਸੂਸ ਕਰਦੀਆਂ ਹਨ।
ਕੁੱਝ ‘ਸਿੰਗਲ ਮਦਰ’ ਬਣ ਕੇ ਇਹ ਜਤਾਉਣ ਦੀ ਕੋਸ਼ਿਸ਼ ਕਰਦੀਆਂ ਹਨ ਕਿ ਔਰਤ; ਮਰਦ ਤੋਂ ਬਿਨਾਂ ਕਿਤੇ ਵੀ ਅਧੂਰੀ ਨਹੀਂ ਬਲਕਿ ਮਰਦ ਤੋਂ ਬਗ਼ੈਰ ਵੀ ਭਰਪੂਰ ਜ਼ਿੰਦਗੀ ਜੀਅ ਸਕਦੀ ਹੈ।
ਕਿਤੇ ਨਾ ਕਿਤੇ ਘਰੇਲੂ ਹਿੰਸਾ ਦੇ ਵਧਦੇ ਅੰਕੜੇ ਵੀ ਕੁੱਝ ਔਰਤਾਂ ਨੂੰ ਵਿਆਹ ਨਾ ਕਰਨ ਉੱਤੇ ਮਜਬੂਰ ਕਰ ਦਿੰਦੇ ਹਨ।
ਇਹ ਨਹੀਂ ਹੈ ਕਿ ਇੱਕਲੀਆਂ ਔਰਤਾਂ ਦੇ ਦਰਪੇਸ਼ ਕੋਈ ਔਕੜਾਂ ਨਹੀਂ ਆਉਂਦੀਆਂ ਪਰ ਉਹ ਹੌਲੀ ਹੌਲੀ ਉਨ੍ਹਾਂ ਔਕੜਾਂ ਦਾ ਸਾਹਮਣਾ ਕਰਨਾ ਸਿਖ ਰਹੀਆਂ ਹਨ ਤੇ ਬਹੁ ਗਿਣਤੀ ਪੂਰੀ ਤਾਕਤ ਨਾਲ ਉਨ੍ਹਾਂ ਨਾਲ ਜੂਝਦੀਆਂ ਵੀ ਹਨ ਤੇ ਅੰਤ ਸਮੇਂ ਤਕ ਹਾਰ ਵੀ ਨਹੀਂ ਮੰਨਦੀਆਂ।
ਇਹ ਨਵਾਂ ਵਧਦਾ ਜਾਂਦਾ ਰੁਝਾਨ ਤੇ ਛੋਟੀਆਂ ਬੱਚੀਆਂ ਦਾ ਆਪਣੇ ਕੈਰੀਅਰ ਨੂੰ ਸਥਾਪਤ ਕਰਨ ਨੂੰ ਪਹਿਲ ਦੇਣੀ, ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਸ਼ੁਰੂਆਤ ਤਾਂ ਚਿਰਾਂ ਤੋਂ ਹੋ ਚੁੱਕੀ ਤੇ ਔਰਤ ਸਫਲ ਸਾਬਤ ਵੀ ਹੋ ਚੁੱਕੀ ਹੈ।
ਇਸ ਦੇ ਨਾਲ ਨਾਲ ਇਕ ਹੋਰ ਗੱਲ ਧਿਆਨਯੋਗ ਹੈ, ਜੋ ਵੱਖ ਜ਼ਿਕਰ ਮੰਗਦੀ ਹੈ, ਉਹ ਹੈ: ‘ਲਿਵ ਇਨ ਰਿਲੇਸ਼ਨਸ਼ਿਪ’ ਦਾ ਆਮ ਹੋਣਾ। ਇਹ ਭਾਰਤੀ ਸੱਭਿਆਚਾਰ ਨੂੰ ਕਿਸ ਪਾਸੇ ਵੱਲ ਮੋੜ ਕੇ ਲੈ ਜਾਏਗਾ, ਇਸ ਵਿਚ ਕੋਈ ਲੁਕਾ ਨਹੀਂ। ਨਾਜਾਇਜ਼ ਔਲਾਦਾਂ ਦਾ ਅੱਗੋਂ ਕੀ ਕਰਨਾ ਹੈ, ਇਸ ਬਾਰੇ ਵੀ ਗ਼ੌਰ ਕਰਨਾ ਪਵੇਗਾ।
ਮੇਰਾ ਇਹ ਲੇਖ ਲਿਖਣ ਦਾ ਮਕਸਦ ਸੀ ਕਿ ਵਿਆਹ ਨੂੰ ਸਿਰਫ ਔਰਤ ਉੱਤੇ ਦਬਾਓ ਪਾਉਣ ਦਾ ਜ਼ਰੀਆ ਸਮਝਣਾ ਛੱਡ ਕੇ ਜੇ ਵੇਲੇ ਸਿਰ ਉਸ ਨੂੰ ਬਰਾਬਰੀ ਦਾ ਦਰਜਾ ਨਾ ਦਿੱਤਾ ਗਿਆ ਤੇ ਉਸ ਉੱਤੇ ਬੰਦਸ਼ਾਂ ਖ਼ਤਮ ਨਾ ਕੀਤੀਆਂ ਗਈਆਂ ਤਾਂ ਵਿਆਹ ਹੌਲੀ ਹੌਲੀ ਸਕੈਂਡੀਨੇਵੀਆ ਦੇਸ ਵਾਂਗ ਕਿਤੇ ਖ਼ਤਮ ਹੋਣ ਵੱਲ ਨੂੰ ਹੀ ਨਾ ਤੁਰ ਪੈਣ ਤੇ ਕਿਤੇ ਅੱਗੋਂ ਪੁਸ਼ਤ ਤੋਰਨ ਲਈ ਕੋਈ ਤਿਆਰ ਹੀ ਨਾ ਹੋਵੇ ! ਹਾਲੇ ਵੀ ਵੇਲਾ ਜੇ ਸੰਭਲ ਜਾਈਏ !