ਅੱਖੀਂ ਡਿੱਠਾ ਨਗਰ ਕੀਰਤਨ
ਕਮਲਜੀਤ ਸਿੰਘ
ਸਕੂਲ ਵਿੱਚ ਪੜ੍ਹਦੇ ਸਮੇਂ ਅਕਸਰ ਲੇਖ ਲਿਖਿਆ ਕਰਦੇ ਸੀ ‘ਅੱਖੀਂ ਡਿੱਠਾ ਮੇਲਾ/ਮੈਚ’ ਜਿਸ ਵਿੱਚ ਰੱਜ ਕੇ ਝੂਠ ਲਿਖਿਆ ਕਰਦੇ ਸੀ। ਕੱਲ ਜਦੋਂ ਮੈਂ ਬਰਨਾਲਾ ਸ਼ਹਿਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਾਂ ਵਾਲਾ ਨਗਰ ਕੀਰਤਨ ਵੇਖਿਆ ਤਦ ਇਹ ਲਿਖਣ ਨੂੰ ਦਿਲ ਕੀਤਾ ਕਿ ਇਸ ਵਾਰੀ ਝੂਠ ਨਹੀਂ ਬਲਕਿ ਸੱਚ-ਲੱਚ ਲਿਖਾਂ।
ਮੇਰੇ ਫੇਸਬੁੱਕ ਵਾਲੇ ਦੋਸਤ ਅਕਸਰ ਹੀ ਲਿਖਦੇ ਹੁੰਦੇ ਨੇ ਕਿ ਸਿੱਖ ਕੌਮ ਨੂੰ ਲੰਗਰਾਂ ਦੀ ਕੌਮ ਬਣਾ ਦਿੱਤਾ ਹੈ। ਸਿੱਖ ਜੋ ਕਦੇ ਜੰਗਾਂ ਵਿੱਚ ਲੜਦੇ ਸੀ ਅੱਜ ਕੱਲ ਲੰਗਰਾਂ ਵਿੱਚ ਰੌਲਾ ਪਾਉਣ ਅਤੇ ਵੋਟਾਂ ਵਿੱਚ ਲੜਨ ਜੋਗੇ ਹੀ ਰਹਿ ਗਏ ਹਨ। ਲੰਗਰ ਲਗਾਉਣਾ ਗ਼ਲਤ ਗੱਲ ਨਹੀਂ ਹੈ, ਮੈਂ ਖੁਦ ਲੰਗਰਾਂ ਵਿੱਚ ਮੌਕਾ ਮਿਲਣ ’ਤੇ ਸੇਵਾ ਕਰਦਾ ਹਾਂ ਪਰ ਗੁਰੂ ਗ੍ਰੰਥ ਸਾਹਿਬ ਤੋਂ ਵੀ ਕੁਝ ਸਿੱਖਣਾ ਜ਼ਰੂਰੀ ਹੈ। ਬਹੁਤੇ ਲੋਕ ਅਜਿਹੇ ਪ੍ਰੋਗਰਾਮਾਂ ਵਿੱਚ ਸਿਰਫ ਲੰਗਰਾਂ ਲਈ ਹੀ ਜਾਂਦੇ ਹਨ ਅਤੇ ਕੱਲ 07 ਮਈ ਨੂੰ ਬਰਨਾਲਾ ਵਿੱਚ ਵੀ ਇਹੋ ਕੁਝ ਹੀ ਹੋ ਰਿਹਾ ਸੀ।
ਬਰਨਾਲਾ ਸਹਿਰ ਵਿੱਚ ਪਹੁੰਚਣ ਤੋਂ ਇੱਕ ਕਿੱਲੋਮੀਟਰ ਪਹਿਲਾਂ ਹੀ ਮੈਂ ਨਗਰ ਕੀਰਤਨ ਵਿੱਚ ਜਾ ਰਲਿਆ। ਸਭ ਤੋਂ ਅੱਗੇ 30-35 ਮੋਟਰ ਸਾਇਕਲਾਂ ਉਪਰ ਮੁੰਡੇ ਜਾ ਰਹੇ ਸੀ ਜਿਨ੍ਹਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਦੇ ਸਿਰ ’ਤੇ ਦਸਤਾਰਾਂ ਦੀ ਜਗ੍ਹਾ ਰੁਮਾਲ ਬੰਨ੍ਹੇ ਹੋਏ ਸੀ। ਜੈਕਾਰੇ ਲਗਾਏ ਜਾ ਰਹੇ ਸੀ। ਉਸ ਪਿੱਛੇ ਪੰਜਾਬ ਪੁਲਿਸ ਦੀ ਗੱਡੀ ਅਤੇ 10-15 ਮੋਟਰ-ਸਾਇਕਲਾਂ ਉੱਪਰ ਵੀ ਪੰਜਾਬ ਪੁਲਿਸ ਦੇ ਜਵਾਨ ਸਨ। ਉਹਨਾਂ ਤੋਂ ਬਾਅਦ ਫਿਰ ਮੋਟਰ ਸਾਇਕਲਾਂ ’ਤੇ ਮੁੰਡੇ ਸੀ ਜਿਨ੍ਹਾਂ ਵਿੱਚ ਦਸਤਾਰ ਵਾਲਾ ਟਾਵਾਂ ਟਾਵਾਂ ਸੀ।
ਇਹ ਮੋਟਰ-ਸਾਇਕਲਾਂ ਸਕੂਟਰਾਂ ਵਾਲੇ ਨੌਜਵਾਨ 90% ਮੰਡੀਰ ਸੀ, ਇਹੋ ਜਿਹੇ ਮੌਕੇ ’ਤੇ ਜਿੱਥੇ ਪੁਲਿਸ ਦੀ ਰੋਕ ਟੋਕ ਵੀ ਨਹੀਂ ਹੁੰਦੀ ਉੱਥੇ ਇਹ ਜ਼ਿਆਦਾ ਹੁੰਦੇ ਹਨ। ਇਸ ਮੰਡੀਰ ਵਿੱਚੋਂ ਸਿੱਖੀ ਫੈਲਾਉਣ ਦੀ ਕੋਈ ਸੋਚ ਨਹੀਂ ਹੁੰਦੀ ਕਿਉਂਕਿ ਇਹ ਖੁਦ ਵਾਲ ਜੈੱਲਾਂ ਲਾ ਕੇ ਖੜ੍ਹੇ ਕਰਦੇ ਹਨ।
ਮੈਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਮੈਂ ਸੜਕ ਦੇ ਕਿਨਾਰੇ ਆਪਣੇ ਦੋਸਤਾਂ ਨਾਲ ਖੜ੍ਹਾ ਸੀ ਅਤੇ ਇੱਕ ਸਕੂਟਰ ਉੱਪਰ ਤਿੰਨ ਮੁੰਡੇ ਜੋ ਤਿੰਨੇ ਹੀ ਮੋਨੇ ਸਨ ਅਤੇ ਸਿਰ ’ਤੇ ਰੁਮਾਲ ਬੰਨੇ ਹੋਏ ਸੀ, ਉਹਨਾ ਵਿੱਚੋਂ ਅੱਗੇ ਵਾਲਾ ਉੱਚੀ ਆਵਾਜ਼ ਵਿੱਚ ਬੋਲ ਰਿਹਾ ਸੀ ‘ਰਾਜ ਕਰੇਗਾ ਖਾਲਸਾ।’ ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਰੋਕਦਾ ਉਹ ਅੱਗੇ ਲੰਘ ਗਿਆ। ਹੁਣ ਤੁਸੀਂ ਦੱਸੋ ਉਹ ਮੁੰਡਾ ਜਿਸ ਦੇ ਨੇੜੇ ਤੇੜੇ ਵੀ ਸਿੱਖੀ ਨਹੀਂ ਦਿਸ ਰਹੀ ਉਹ ਖ਼ਾਲਸਾ ਰਾਜ ਦੀਆਂ ਗੱਲਾਂ ਕਰਦਾ ਹੈ ਅਤੇ ਉਸ ਨੂੰ ਸ਼ਾਇਦ ਇਹ ਵੀ ਪਤਾ ਨਾ ਹੋਵੇ ਕਿ ‘ਖਾਲਸਾ’ ਸ਼ਬਦ ਕਿੱਥੋਂ ਲਿਆ ਗਿਆ ਹੈ।
ਮੈਂ ਉੱਥੇ ਹੀ ਖੜ੍ਹਾ ਸੀ ਤਦ ਉਸ ਤੋਂ ਬਾਅਦ ਹੋਰ ਗੱਡੀਆਂ ਆਈਆਂ। ਪਹਿਲਾਂ ਪੰਜਾਬ ਪੁਲਿਸ ਦੀਆਂ ਜਿਪਸੀਆਂ, ਪਿੱਛੇ ਕਾਰ ਸੇਵਾ ਵਿੱਚੋਂ ਖਰੀਦੀਆਂ ਕਾਰਾਂ, ਜਿਨ੍ਹਾਂ ਵਿੱਚ ਪੰਜ ਪਿਆਰੇ ਅਤੇ ਨਗਾਰਾ ਸੀ। ਉਸ ਤੋਂ ਬਾਅਦ ਪਾਲਕੀ ਵਾਲੀ ਗੱਡੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਸਨ ਅਤੇ ਅਗਲੀ ਗੱਡੀ ਗੁਰੂ ਜੀ ਦੇ ਸ਼ਸਤਰਾਂ ਵਾਲੀ ਬੱਸ ਸੀ। ਇਸ ਬੱਸ ਵਿੱਚ ਸਪੀਕਰ ਲੱਗੇ ਹੋਏ ਸੀ ਜਿਨ੍ਹਾਂ ਵਿੱਚ ਸ਼ਸਤਰਾਂ ਬਾਰੇ ਦੱਸਿਆ ਜਾ ਰਿਹਾ ਸੀ। ਇਹਨਾਂ ਸਪੀਕਰਾਂ ਦੀ ਆਵਾਜ਼ ਮੁਸ਼ਕਲ ਨਾਲ 20-25 ਫੁੱਟ ਤੱਕ ਜਾਂਦੀ ਹੋਵੇਗੀ ਪਰ ਪਿਛਲੀਆਂ ਗੱਡੀਆਂ ਵਿੱਚ ਲੱਗੇ ਸਪੀਕਰ, ਜਿਨ੍ਹਾਂ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਸੀ ਉਹ ਪਾਲਕੀ ਵਾਲੀ ਗੱਡੀ ਤੋਂ ਵੀ ਅੱਗੇ ਤੱਕ ਜਾ ਰਹੀ ਸੀ। ਜੇਕਰ ਇਹ ਯਾਤਰਾ ਸ਼ਸਤਰਾਂ ਕਰਕੇ ਹੈ ਤਾਂ ਇਸ ਵਿੱਚ ਬਾਕੀ ਸਪੀਕਰਾਂ ਦਾ ਕੀ ਕੰਮ?। ਅਗਰ ਸਪੀਕਰਾਂ ਰਾਹੀਂ ਬਾਣੀ ਪੜ੍ਹੀ ਜਾ ਰਹੀ ਹੈ ਤਾਂ ਉਸ ਨੂੰ ਸੁਣਨ ਦੀ ਬਜਾਏ ਲੋਕ ਬੱਸ ਵੱਲ ਭੱਜ ਭੱਜ ਕੇ ਜਾ ਰਹੇ ਸਨ ਕਿਉਂਕਿ ਉਹ ਸੋਚ ਰਹੇ ਸੀ ਕਿ ਉਸ ਬੱਸ ਨੂੰ ਹੱਥ ਲਗਾ ਕੇ ਮੱਥਾ ਟੇਕਣ ਨਾਲ ਪਾਪ ਧੋਤੇ ਜਾਣਗੇ ਕਿਉਂਕਿ ਸਾਡੀ ਸੋਚ ਹੀ ਇਹੋ ਜਹੀ ਬਣਾ ਦਿੱਤੀ ਗਈ ਹੈ। ਇਸ ਪਿੱਛੋਂ ਕਾਫਲੇ ਵਿੱਚ ਐੱਸ. ਜੀ. ਪੀ. ਸੀ. , ਫਾਇਰ ਬ੍ਰੀਗੇਡ, ਪੰਜਾਬ ਪੁਲਿਸ ਦੀਆਂ ਬਹੁਤ ਸਾਰੀਆਂ ਗੱਡੀਆਂ ਸਨ। ਆਦਿ।
ਸਾਡੇ ਗੁਰੂਆਂ ਨੇ ਸਾਨੂੰ ਹਥਿਆਰ ਚੁੱਕ ਕੇ ਜ਼ੁਲਮ ਵਿਰੁੱਧ ਲੜਨਾ ਸਿਖਾਇਆ ਹੈ ਪਰ ਅੱਜ ਕੌਮ ਦੇ ਪਹਿਰੇਦਾਰ ਹਥਿਆਰਾਂ ਨੂੰ ਸ਼ੀਸ਼ਿਆਂ ਵਿੱਚ ਬੰਦ ਕਰਕੇ ਲੋਕਾਂ ਨੂੰ ਏਦਾਂ ਦਰਸ਼ਨ ਕਰਵਾ ਰਹੇ ਹਨ ਜਿਵੇਂ ਇਹਨਾਂ ਦੇ ਦਰਸ਼ਨ ਕਰਨ ਨਾਲ ਲੋਕ ਪਵਿੱਤਰ ਹੋ ਜਾਣਗੇ। ਉੱਪਰੋਂ ਸਾਡੇ ਸਿੱਖ ਵੀ ਇਹ ਕਹਿ ਰਹੇ ਹਨ ਕਿ ਜਿਸ ਰਸਤੇ ਉੱਪਰੋਂ ਇਹ ਸ਼ਸ਼ਤਰ ਲੰਘ ਰਹੇ ਹਨ ਉਹ ਰਸਤੇ ਵੀ ਪਵਿੱਤਰ ਹੀ ਹੋ ਜਾਣਗੇ। ਜੇਕਰ ਏਦਾਂ ਹੀ ਹੈ ਤਾਂ ਸ੍ਰੀ ਅਮਿ੍ਰਤਸਰ ਸਾਹਿਬ, ਜਿੱਥੇ ਏਨੇ ਗੁਰੂਆਂ ਦੇ ਚਰਨ ਪਏ ਅਤੇ ਸਿੱਖ ਧਰਮ ਦਾ ਸਭ ਤੋਂ ਪਵਿੱਤਰ ਸਹਿਰ ਹੈ, ਉੱਥੇ ਰਹਿਣ ਅਤੇ ਸਰੋਵਰ ਵਿੱਚ ਇਸ਼ਨਾਨ ਕਰਨ ਵਾਲੇ ਸਾਰੇ ਪਵਿੱਤਰ ਹੁੰਦੇ ਅਤੇ ਉੱਥੋਂ ਦੇ ਜਥੇਦਾਰ ਪਵਿੱਤਰ ਹੁੰਦੇ ਅਤੇ ਗ਼ਲਤ ਕੰਮ ਨਾ ਕਰਦੇ। ਜੇਕਰ ਦਰਸ਼ਨ ਨਾਲ ਹੀ ਪਵਿੱਤਰ ਹੋਇਆ ਜਾ ਸਕਦਾ ਹੈ ਤਾਂ ਗੁਰੂ ਘਰਾਂ ਵਿੱਚ ਸਪੀਕਰ ਲਗਾ ਕੇ ਗੁਰਬਾਣੀ ਪਾਠ ਅਤੇ ਵਿਚਾਰਾਂ ਕਰਨ ਦਾ ਕੀ ਫਾਇਦਾ? ਸਿੱਖੀ ਵਿੱਚ ਗੁਰਬਾਣੀ ਅਤੇ ਹਥਿਆਰਾਂ ਦੀ ਬਹੁਤ ਮਹੱਤਤਾ ਹੈ ਪਰ ਸਾਡੀ ਕੌਮ ਦੇ ਆਗੂਆਂ ਨੇ ਇਹਨਾਂ ਦੋਵਾਂ ਨੂੰ ਫੈਲਾਉਣ ਦੀ ਬਜਾਏ ਲੋਕਾਂ ਵਿੱਚ ਗ਼ਲਤ ਰੀਤੀ ਰਿਵਾਜਾਂ ਨੂੰ ਪ੍ਰਚੱਲਤ ਕਰ ਦਿੱਤਾ।
ਜੇਕਰ ਕੌਮ ਦੇ ਆਗੂ ਇਹਨਾਂ ਸ਼ਸਤਰਾਂ ਨੂੰ ਏਦਾਂ ਵਿਖਾਉਣ ਦੀ ਬਜਾਏ ਇਨ੍ਹਾਂ ਰਾਹੀਂ ਯੁਧ ਦਾ ਅਭਿਆਸ ਕਰਨ ਲਈ ਸਿੱਖ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਅਤੇ ਗੁਰਬਾਣੀ ਦੀ ਚੰਗੀ ਸਿੱਖਿਆ ਦਿੱਤੀ ਜਾਵੇ ਤਾਂ ਸ਼ਾਇਦ ਪੂਰੀ ਲੁਕਾਈ ਹੀ ਪਵਿੱਤਰ ਹੋ ਜਾਵੇ, ਪਰ ਆਗੂਆਂ ਨੂੰ ਖ਼ਤਰਾ ਹੈ ਕਿ ਜੇਕਰ ਏਦਾਂ ਕੀਤਾ ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਹੀ ਭਾਂਡਾ ਭੰਨਿਆ ਜਾਵੇਗਾ ਅਤੇ ਉਹਨਾਂ ਹੱਥੋਂ ਚੌਧਰ ਖੁੱਸ ਜਾਵੇਗੀ।
2-3 ਕਿਲੋਮੀਟਰ ਦੀ ਸੜਕ ਯਾਤਰਾ ਵਿੱਚ ਫਰੂਟੀਆਂ, ਕੇਲੇ, ਲੱਡੂ, ਬਦਾਨਾ, ਜਲ ਦੀਆਂ ਛਬੀਲਾਂ ਅਤੇ ਹੋਰ ਵੀ ਬੜਾ ਕੁਝ ਚੱਲ ਰਿਹਾ ਸੀ। ਲੋਕ ਪਹਿਲਾਂ ਖਾਣ ਵਾਲੀਆਂ ਚੀਜਾਂ ਫੜ੍ਹਦੇ ਅਤੇ ਬਾਅਦ ਵਿੱਚ ਫੇਰ ਉਸ ਢਾਈ ਕਰੋੜ ਦੀ ਬੱਸ ਵੱਲ ਭੱਜ ਲੈਂਦੇ, ਜਿਵੇਂ ਉਸ ਵਿੱਚੋਂ ਕੋਈ ਰੱਬੀ ਫ਼ੁਰਮਾਨ ਦਿੱਤਾ ਜਾ ਰਿਹਾ ਹੋਵੇ। ਰੱਬੀ ਫੁਰਮਾਨ ਵੀ ਦਿੱਤਾ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸਾਨੂੰ ਸਿੰਘ ਬਣਾਇਆ ਸੀ ਪਰ ਅਸੀਂ ਉਹਨਾਂ ਦੀਆਂ ਉਮੀਦਾਂ ’ਤੇ ਖਰੇ ਨਾ ਉੱਤਰ ਸਕੇ ਅਤੇ 300 ਸਾਲ ਵਿੱਚ ਹੀ ਖ਼ਤਮ ਕਰ ਲਿਆ ਆਪਣੀ ਵੱਖਰੀ ਪਹਿਚਾਣ ਨੂੰ।
ਅੰਤ ਵਿੱਚ ਇਸ ਪੂਰੀ ਯਾਤਰਾ ਨੂੰ ਵੇਖ ਕੇ ਇਹੀ ਸਮਝਿਆ ਜਾ ਸਕਦਾ ਹੈ ਕਿ ਜਿਸ ਨੂੰ ਅੱਜ-ਕੱਲ ਲੋਕ ਨਗਰ ਕੀਰਤਨ ਕਹਿੰਦੇ ਹਨ, ਪੁਰਾਣੇ ਸਮੇਂ ਵਿੱਚ ਉਸ ਨੂੰ ਜਲੂਸ ਕਿਉਂ ਕਿਹਾ ਜਾਂਦਾ ਸੀ………