(ਮਿੰਨੀ ਕਹਾਣੀ)
ਅਸਲੀ ਤਸਕਰ ਕੌਣ ?
– ਸੁਖਵਿੰਦਰ ਕੌਰ ‘ਹਰਿਆਓ’, ਸਕੱਤਰ ਮਾਲਵਾ ਲਿਖਾਰੀ ਸਭਾ (ਸੰਗਰੂਰ)
ਨੇਤਾ ਜੀ ਨੇ ਥਾਣੇ ਖ਼ਬਰ ਪਹੁੰਚਾਈ ਕਿ ਫਟਾ-ਫਟ ਇਲਾਕੇ ਦੇ ਨਸ਼ੇ ਦੇ ਸਾਰੇ ਤਸਕਰਾਂ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਕਾਬੂ ਕਰੋ ਤੇ ਨਸ਼ੇ ਨੂੰ ਕਬਜੇ ਵਿੱਚ ਲੈ ਲਵੋ। ਥਾਣੇਦਾਰ ਨੇ ਗੁਦਾਮ ਵਿਚ ਪਈਆਂ ਭੁੱਕੀ ਦੀਆਂ ਬੋਰੀਆਂ, ਸ਼ਰਾਬ ਦੀਆਂ ਬੋਤਲਾਂ ਤੇ ਅਫ਼ੀਮ ਦਾ ਟਰੱਕ ਭਰ ਲਿਆ। ਅਮਲੀਆਂ ਤੇ ਤਸਕਰਾਂ ਨੂੰ ਕੁੱਝ ਦਿਨ ਥਾਣੇ ਵਿੱਚ ਰੱਖਣ ਤੋਂ ਬਾਅਦ ਸਿਫਾਰਸ਼ ਆਦਿ ਨਾਲ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ। ਕਾਸਟੇਬਲ ਨੇ ਕਿਹਾ: ‘ਹਜੂਰ ! ਇਹ ਨਸ਼ੇ ਦੇ ਭਰੇ ਟਰੱਕ ਦਾ ਕੀ ਕਰੀਏ।’
ਥਾਣੇਦਾਰ ਨੇ ਮੁੱਛਾਂ ’ਤੇ ਹੱਥ ਫੇਰਦਿਆਂ ਕਿਹਾ: ‘ਜਾਵੋ, ਇਹਨੂੰ ਨੇਤਾ ਧਰਮ ਚੰਦ ਜੀ ਦੀ ਕੋਠੀ ਪਹੁੰਚਾ ਦੇਵੋ। ਉਹਨਾਂ ਸੁਨੇਹਾ ਘੱਲਿਆ ਐ ਕਿ ਅੱਗੇ ਆ ਰਹੀਆਂ ਚੋਣਾਂ ਲਈ ਭੁੱਕੀ, ਸ਼ਰਾਬ ਦੇ ਲੰਗਰ ਲਾਏ ਜਾਣਗੇ। ਉਹਨਾਂ ਨੂੰ ਮਾਲ ਦੀ ਸਖ਼ਤ ਜਰੂਰਤ ਹੈ।’
ਕਾਸਟੇਬਲ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਨਸ਼ੇ ਦੇ ਅਸਲੀ ਤਸਕਰ ਕੌਣ ਹਨ ? ਉਹ ਜੋ ਨਸ਼ਾ ਵੇਚਦੇ ਹਨ ਜਾਂ ਉਹ ਜੋ ਸ਼ਰੇਆਮ ਨਸ਼ੇ ਦੇ ਲੰਗਰ ਲਾਉਂਦੇ ਹਨ ?