17.2 C
Jalandhar
Tuesday, December 3, 2024
spot_img

ਸਿੱਖ ਇਤਿਹਾਸ ਵਿੱਚ ਮਿਤੀ ਪਰਿਵਰਤਨ ਦੀ ਸਮੱਸਿਆ

ਸਿੱਖ ਇਤਿਹਾਸ ਵਿੱਚ ਮਿਤੀ ਪਰਿਵਰਤਨ ਦੀ ਸਮੱਸਿਆ

ਲੇਖਕ: ਪਾਲ ਸਿੰਘ ਪੁਰੇਵਾਲ (ਅੰਗਰੇਜੀ ਭਾਸ਼ਾ )

ਪੰਜਾਬੀ ਭਾਸ਼ਾ ਅਨੁਵਾਦ: ਕਿਰਪਾਲ ਸਿੰਘ ਬਠਿੰਡਾ

 ਇਤਿਹਾਸ ਵਿੱਚ ਤਾਰੀਖ਼ਾਂ ਦੀ ਸ਼ੁੱਧਤਾ ਦੀ ਖ਼ਾਸ ਮਹੱਤਤਾ ਹੈ। ਤਾਰੀਖ਼ਾਂ ਤੋਂ ਬਿਨਾਂ ਇਤਿਹਾਸ; ਮਿਥਿਹਾਸ ’ਚ ਬਦਲ ਜਾਂਦਾ ਹੈ ਅਤੇ ਗਲਤ ਤਾਰੀਖ਼ਾਂ ਘਟਨਾਵਾਂ ਦੇ ਕ੍ਰਮ ਦੀ ਪੂਰੀ ਗੜਬੜ ਦਾ ਕਾਰਨ ਬਣ ਸਕਦੀਆਂ ਹਨ।

ਕੁਝ ਵਿਦਵਾਨ ਲੇਖਕਾਂ ਅਤੇ ਵਿਦਵਾਨਾਂ ਨੇ ਸਭ ਤੋਂ ਵੱਧ ਗਲਤੀਆਂ ਬਿਕ੍ਰਮੀ ਅਤੇ ਹਿਜਰੀ ਕੈਲੰਡਰਾਂ ਤੋਂ ਸਾਂਝੇ ਕੈਲੰਡਰ (CE) ’ਚ ਤਬਦੀਲ ਕਰਦੇ ਸਮੇਂ ਕੀਤੀਆਂ ਹਨ। ਇੱਕ ਕੇਸ ਵਿੱਚ ਇੱਕ ਖਗੋਲ-ਵਿਗਿਆਨਕ ਘਟਨਾ ਲਈ ਇੱਕ ਤਾਰੀਖ਼ ਨਿਰਧਾਰਿਤ ਕੀਤੀ ਗਈ ਹੈ ਜੋ ਉਸ ਮਿਤੀ ਨੂੰ ਹੋ ਹੀ ਨਹੀਂ ਸਕਦੀ। ਮਿਤੀਆਂ ਵਿੱਚ ਤਰੁੱਟੀਆਂ ਹੇਠ ਲਿਖੀਆਂ ਕਿਸਮਾਂ ਦੀਆਂ ਹਨ :

  1. ਤਾਰੀਖ਼ ਵਿੱਚ ਸ਼ਾਮਲ ਤੱਤ ਸਵੈ-ਵਿਰੋਧੀ ਹਨ; ਜਿਵੇਂ ਕਿ ਹਫ਼ਤੇ ਦਾ ਦਿਨ ਜਾਂ ਤਿਥੀ ਜਾਂ ਨਛੱਤਰ ਤਾਰੀਖ਼ ਦੇ ਦੂਜੇ ਤੱਤਾਂ ਨਾਲ ਮੇਲ ਨਹੀਂ ਖਾਂਦੇ।
  2. ਸਾਂਝੇ ਕੈਲੰਡਰ ਦੀ ਤਬਦੀਲ ਕੀਤੀ ਮਿਤੀ ਦਾ ਗਲਤ ਹੋਣਾ।
  3. ਛਪਾਈ ਦੀਆਂ ਗਲਤੀਆਂ। ਆਮ ਤੌਰ ’ਤੇ ਭਾਰਤੀ ਲੇਖਕਾਂ ਅਤੇ ਪ੍ਰਿੰਟਰਾਂ ਨੇ ਇਸ ਪੱਖੋਂ ਬੇਪਰਵਾਹੀ ਦਿਖਾਈ ਹੈ।
  4. ਇੱਕੋ ਰਚਨਾ ’ਚ ਜਾਂ ਇੱਕੋ ਲੇਖਕ ਦੀਆਂ ਇੱਕ ਤੋਂ ਵੱਧ ਰਚਨਾਵਾਂ ’ਚ ਦਿੱਤੀਆਂ ਇੱਕੋ ਘਟਨਾ ਦੀਆਂ ਵੱਖ-ਵੱਖ ਤਾਰੀਖ਼ਾਂ ਹਨ।
  5. ਇਤਿਹਾਸਕਾਰਾਂ ’ਚ ਮੂਲ ਮਿਤੀ; ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦੀ ਜਨਮ ਮਿਤੀ ਬਾਰੇ ਮਤਭੇਦ ਹਨ।

ਸਾਡੇ ਸਾਰੇ ਇਤਿਹਾਸਕ ਸਰੋਤਾਂ ਵਿੱਚ ਦਰਜ ਮਿਤੀਆਂ; ਕਿਸੇ ਇੱਕ ਹੇਠਲੇ ਕੈਲੰਡਰ ਵਿੱਚੋਂ ਲਈਆਂ ਗਈਆਂ ਹਨ :

(ੳ) ਬਿਕ੍ਰਮੀ ਸੰਵਤ (BK)

(ਅ) ਹਿਜਰੀ ਸੰਮਤ (AH)

(ੲ) ਜੂਲੀਅਨ ਕੈਲੰਡਰ, ਭਾਵ ਸੰਨ 1752 ਤੱਕ ਦਾ ਕੈਲੰਡਰ ਜਾਂ ਗ੍ਰੀਗੋਰੀਅਨ ਕੈਲੰਡਰ, ਭਾਵ ਸੰਨ 1752 ਤੋਂ ਬਾਅਦ ਦਾ ਕੈਲੰਡਰ, ਇਸ ਨੂੰ ਈਸਵੀ ਕੈਲੰਡਰ ਜਾਂ ਸਾਂਝਾ ਕੈਲੰਡਰ CE ਵੀ ਕਿਹਾ ਜਾਂਦਾ ਹੈ।

ਹਰੇਕ ਕੇਸ ਵਿੱਚ ਤਾਰੀਖ਼ਾਂ ਦੀ ਵਿਆਖਿਆ ਜਾਂ ਤਬਦੀਲੀ ਦੀਆਂ ਆਪਣੀਆਂ ਵਿਲੱਖਣ ਸਮੱਸਿਆਵਾਂ ਹਨ। ਸਮੱਸਿਆਵਾਂ ਦੀ ਵਿਆਖਿਆ ਕਰਨ ਤੋਂ ਪਹਿਲਾਂ ਇਨ੍ਹਾਂ ਕੈਲੰਡਰਾਂ ਬਾਰੇ ਇੱਕ ਸੰਖੇਪ ਜਾਣਕਾਰੀ ਇੱਥੇ ਪ੍ਰਦਾਨ ਕੀਤੀ ਗਈ ਹੈ ਕਿਉਂਕਿ ਤਾਰੀਖ਼ਾਂ ਦੇ ਪਰਿਵਰਤਨ ਦੀਆਂ ਸਮੱਸਿਆਵਾਂ ਨੂੰ ਸਮਝਣ ਵਿੱਚ ਮਦਦ ਕਰਨ ਲਈ ਇਹ ਜ਼ਰੂਰੀ ਹੈ।

ਬਿਕ੍ਰਮੀ ਸੰਵਤ

ਬਿਕ੍ਰਮੀ ਸੰਵਤ ਚੰਦਰ-ਸੂਰਜੀ [ਮਿਸ਼ਰਤ ਕੈਲੰਡਰ] ਹੈ, ਜਿਸ ਦਾ ਚੰਦਰ ਸਾਲ ਚੇਤ ਸੁਦੀ ੧ ਨੂੰ ਸ਼ੁਰੂ ਹੁੰਦਾ ਹੈ ਅਤੇ ਸੂਰਜੀ ਸਾਲ ੧ ਵੈਸਾਖ ਤੋਂ। ਚੰਦਰ ਅਤੇ ਸੂਰਜੀ ਸਾਲਾਂ ਦੇ ਮਹੀਨਿਆਂ ਦੇ ਨਾਂ ਇੱਕੋ ਜਿਹੇ ਹਨ; ਜਿਵੇਂ ਚੇਤ, ਵੈਸਾਖ, ਜੇਠ, ਹਾੜ, ਸਾਵਣ, ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ ਅਤੇ ਫੱਗਣ।

1469 ਈਸਵੀ ਤੋਂ 1752 ਈਸਵੀ ਤੱਕ ਦੇ ਸਾਲਾਨਾ ਸਮੇਂ ਦੌਰਾਨ ਚੇਤ ਸੁਦੀ ੧ ਦੇ ਬਰਾਬਰ; ਸਭ ਤੋਂ ਪਹਿਲੀ ਤਾਰੀਖ਼ 27 ਫ਼ਰਵਰੀ ਸੀ ਅਤੇ ਅਜੋਕੇ ਸਮੇਂ ’ਚ ਆਖਰੀ ਤਾਰੀਖ਼ 14 ਅਪ੍ਰੈਲ ਹੈ।

ਚੇਤ ਸੁਦੀ ੧ ਲਈ CE ਤਾਰੀਖ਼ਾਂ ਦੀ ਮਿਆਦ ਸੀਮਾ

1469 ਤੋਂ 1752  CE = 27 ਫ਼ਰਵਰੀ [1503 CE ’ਚ] ਤੋਂ 29 ਮਾਰਚ ਜੂਲੀਅਨ [1701 CE ’ਚ]

1753 ਤੋਂ 2000  CE 11 ਮਾਰਚ [1766 CE ’ਚ] ਤੋਂ 14 ਅਪ੍ਰੈਲ ਗ੍ਰੇਗੋਰੀਅਨ [1983 CE ’ਚ]।

ਬਿਕ੍ਰਮੀ ਸਾਲ ਦੇ ਸ਼ੁਰੂ ਹੋਣ ਦੀ ਮਿਤੀ ਤੋਂ ਲੈ ਕੇ 31 ਦਸੰਬਰ ਤੱਕ ਸਾਂਝਾ ਕੈਲੰਡਰ ਬਿਕ੍ਰਮੀ ਕੈਲੰਡਰ ਤੋਂ 57 ਸਾਲ ਅੱਗੇ ਹੁੰਦਾ ਹੈ, ਪਰ 1 ਜਨਵਰੀ ਤੋਂ ਬਿਕ੍ਰਮੀ ਸਾਲ ਦੀ ਆਖਰੀ ਮਿਤੀ ਤੱਕ 56 ਸਾਲ ਦਾ ਅੰਤਰ ਹੁੰਦਾ ਹੈ।

ਚੰਦਰ ਸਾਲ; ਚੇਤ ਸੁਦੀ ੧ ਤੋਂ ਸ਼ੁਰੂ ਹੁੰਦਾ ਹੈ, ਭਾਵ ਚੇਤ ਮਹੀਨੇ ਦੀ ਮੱਸਿਆ ਤੋਂ ਇੱਕ ਦਿਨ ਪਿੱਛੋਂ। ਚੰਦਰ ਸਾਲ ਸੂਰਜੀ ਸਾਲ ਨਾਲੋਂ ਲਗਭਗ 11 ਦਿਨ ਛੋਟਾ ਹੁੰਦਾ ਹੈ। ਇਸ ਦੇ ਨਤੀਜੇ ਵਜੋਂ ਅਗਲੇ ਚੰਦਰ ਸਾਲ ਦੀ ਸ਼ੁਰੂਆਤ ਸੂਰਜੀ ਸਾਲ ਤੋਂ ਲਗਭਗ 11 ਦਿਨ ਪਹਿਲਾਂ ਹੁੰਦੀ ਹੈ ਪਰ ਜਦੋਂ ਇੱਕੋ ਬਿਕ੍ਰਮੀ ਸੂਰਜੀ ਮਹੀਨੇ ਵਿੱਚ ਦੋ ਵਾਰ ਮੱਸਿਆ ਆ ਜਾਵੇ ਤਾਂ ਉਸ ਚੰਦਰ ਸਾਲ ਵਿੱਚ ਉਸੇ ਨਾਮ ਦਾ ਇੱਕ ਵਾਧੂ ਚੰਦਰਮਾ ਮਹੀਨਾ ਹੋਰ ਜੋੜਿਆ ਜਾਂਦਾ ਹੈ। ਇਸ ਵਾਧੂ ਮਹੀਨੇ ਨੂੰ ਲੌਂਦ ਦਾ ਮਹੀਨਾ ਜਾਂ ਮਲ ਮਾਸ (intercalary month) ਕਿਹਾ ਜਾਂਦਾ ਹੈ। ਜਦੋਂ ਵੀ ਸਾਲ ਵਿੱਚ ਮਲ ਮਾਸ ਹੁੰਦਾ ਹੈ ਤਾਂ ਅਗਲੇ ਚੰਦਰ ਸਾਲ ਦੀ ਸ਼ੁਰੂਆਤ 18 ਜਾਂ 19 ਦਿਨਾਂ ਬਾਅਦ ਹੁੰਦੀ ਹੈ। ਇਹ ਸੁਨਿਸ਼ਚਿਤ ਕਰਦਾ ਹੈ ਕਿ ਉਹੀ ਚੰਦਰਮਾ ਤਾਰੀਖ਼ ਤਕਰੀਬਨ ਇੱਕ ਮਹੀਨੇ ਦੇ ਅੰਦਰ ਅੱਗੇ-ਪਿੱਛੇ ਉਤਰਾਅ-ਚੜ੍ਹਾਅ ਰਹੇਗੀ, ਪਰ ਕਦੇ ਵੀ ਇਸ ਤੋਂ ਅੱਗੇ ਨਹੀਂ ਭਟਕਦੀ। ਇਸ ਤਰ੍ਹਾਂ ਚੰਦਰ ਸਾਲ; ਸੂਰਜੀ ਸਾਲ ਨਾਲ ਕਦਮ ਮਿਲਾਉਂਦਾ ਰਹਿੰਦਾ ਹੈ। ਔਸਤਨ 19 ਸਾਲਾਂ ਦੀ ਮਿਆਦ ਵਿੱਚ 7   ਮਲ ਮਾਸ ਮਹੀਨੇ ਹੁੰਦੇ ਹਨ। ਮਲ ਮਾਸ ਦੀ ਉਦਾਹਰਨ 2050 ਬਿਕ੍ਰਮੀ ਸੰਮਤ (1993-94 CE) ਵਿੱਚ ਭਾਦੋਂ ਦਾ ਮਹੀਨਾ ਸੀ। [2075 ਬਿਕ੍ਰਮੀ (2018-19 CE) ’ਚ ਜੇਠ ਦੇ ਦੋ ਮਹੀਨੇ ਸਨ ਅਤੇ 2077 ਬਿਕ੍ਰਮੀ (2020-21 CE) ’ਚ ਅੱਸੂ ਦੇ ਦੋ ਮਹੀਨੇ ਸਨ। ਇਸੇ ਤਰ੍ਹਾਂ 2080 ਬਿਕ੍ਰਮੀ (2023-23 CE) ’ਚ ਸਾਵਣ ਦੇ ਦੋ ਮਹੀਨੇ ਹੋਣਗੇ]

ਕਦੇ ਕਦਾਈਂ ਐਸਾ ਵੀ ਹੁੰਦਾ ਹੈ ਕਿ ਬਿਕ੍ਰਮੀ ਸੂਰਜੀ ਮਹੀਨੇ ਵਿੱਚ ਕੋਈ ਮੱਸਿਆ ਨਹੀਂ ਆਉਂਦੀ। ਤਦੋਂ ਚੰਦਰਮਾ ਮਹੀਨਾ ਛੱਡ ਦਿੱਤਾ ਜਾਂਦਾ ਹੈ ਅਤੇ ਇਸ ਨੂੰ ਕ੍ਖਸ਼ੈਅ (क्षशै) ਮਹੀਨਾ ਨਾਂ ਦਿੱਤਾ ਗਿਆ ਹੈ। ਇਸ ਸਾਲ ’ਚ ਚੰਦਰਮਾ ਦੇ 11 ਮਹੀਨੇ ਹੋਣਗੇ ਅਤੇ ਇੱਕ ਮਹੀਨਾ ਮਲ ਮਾਸ (intercalary month) ਹੁੰਦਾ ਹੈ; ਇਉਂ ਸਾਲ ਵਿੱਚ ਕੁੱਲ ਮਹੀਨੇ ਫਿਰ ਵੀ 12 ਰਹਿੰਦੇ ਹਨ।

ਚੰਦਰਮਾ ਮਹੀਨਾ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ‘ਚਾਨਣਾ ਪੱਖ (ਸੁਦੀ) ਅਤੇ ਹਨ੍ਹੇਰਾ ਪੱਖ (ਵਦੀ)’। ਮੱਸਿਆ ਤੋਂ ਲੈ ਕੇ ਪੂਰਨਮਾਸ਼ੀ ਤੱਕ ਚੰਦਰਮਾ ਵਧਦਾ ਜਾਂਦਾ ਹੈ, ਜਿਸ ਨੂੰ ਚਾਨਣਾ ਜਾਂ ਸੁਦੀ ਜਾਂ ਸ਼ੁਕਲ ਪੱਖ ਵਜੋਂ ਜਾਣਿਆ ਜਾਂਦਾ ਹੈ। ਸੁਦੀ ੧ ਤੋਂ ਸੁਦੀ ੧੫ ਤੱਕ 15 ਸੁਦੀ (ਚੰਦਰ) ਤਿਥਾਂ ਹਨ। ਸੁਦੀ ੧੫; ਪੂਰਨਮਾਸ਼ੀ ਦਾ ਦਿਨ ਹੈ ਅਤੇ ਸਾਰੀ ਰਾਤ ਪੂਰਾ ਚੰਦਰਮਾ ਵਿਖਾਈ ਦਿੰਦਾ ਹੈ। ਪੂਰਨਮਾਸ਼ੀ ਤੋਂ ਬਾਅਦ ਚੰਦਰਮਾ ਦਾ ਆਕਾਰ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਮੱਸਿਆ ਵਾਲੇ ਦਿਨ ਬਿਲਕੁਲ ਵਿਖਾਈ ਨਹੀਂ ਦਿੰਦਾ। ਇਸ ਨੂੰ ਹਨ੍ਹੇਰਾ ਜਾਂ ਵਦੀ ਜਾਂ ਕ੍ਰਿਸ਼ਨਾ ਪੱਖ ਕਿਹਾ ਜਾਂਦਾ ਹੈ।  15 ਵਦੀ ਤਿਥਾਂ ਹਨ, ਜਿਨ੍ਹਾਂ ਵਿੱਚ ਵਦੀ 15; ਮੱਸਿਆ ਦਾ ਦਿਨ ਹੈ। ਚੰਦਰਮਾ ਦੇ ਹਰ ਦਿਨ ਨੂੰ ਤਿਥੀ ਕਿਹਾ ਜਾਂਦਾ ਹੈ। ਸੂਰਜ ਚੜ੍ਹਨ ਸਮੇਂ ਤੋਂ ਮੌਜੂਦਾ ਤਿਥੀ; ਉਸ ਦਿਨ ਨਾਲ ਜੁੜੀ ਹੋਈ ਹੈ। ਇੱਕ ਤਿਥੀ ਦੀ ਲੰਬਾਈ 20 ਘੰਟਿਆਂ ਤੋਂ 26 ਘੰਟੇ 47 ਮਿੰਟ ਤੱਕ ਹੁੰਦੀ ਹੈ ਤਾਹੀਓਂ ਕਦੇ-ਕਦਾਈਂ ਇੱਕੋ ਤਿਥੀ ਲਗਾਤਾਰ ਦੋ ਦਿਨ ਸੂਰਜ ਚੜ੍ਹਨ ਸਮੇਂ ਤੱਕ ਰਹਿੰਦੀ ਹੈ। ਇਹ ਤਿਥੀ; ਲਗਾਤਾਰ 2 ਤਾਰੀਖ਼ਾਂ ਨਾਲ ਜੁੜੀ ਹੋਵੇਗੀ [ਮਿਸਾਲ ਵਜੋਂ 8 ਜਨਵਰੀ 2023, ਦਿਨ ਐਤਵਾਰ ਨੂੰ ਵੀ ਮਾਘ ਵਦੀ ਦੂਜ ਸੀ ਅਤੇ ਅਗਲੇ ਦਿਨ ਸ਼ਨੀਵਾਰ 9 ਜਨਵਰੀ ਨੂੰ ਵੀ ਮਾਘ ਵਦੀ ਦੂਜ ਰਹੀ] । ਦੂਸਰੇ ਪਾਸੇ, ਇੱਕ ਤਿਥੀ ਸੂਰਜ ਚੜ੍ਹਨ ਤੋਂ ਠੀਕ ਬਾਅਦ ਸ਼ੁਰੂ ਹੋ ਸਕਦੀ ਹੈ, ਜੋ ਅਗਲੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਖ਼ਤਮ ਹੋ ਸਕਦੀ ਹੈ। ਇਹ ਤਿਥੀ ਕਿਸੇ ਵੀ ਦਿਨ; ਸੂਰਜ ਚੜ੍ਹਨ ਸਮੇਂ ਨਹੀਂ ਰਹਿੰਦੀ ਤਾਹੀਓਂ ਜੰਤਰੀਆਂ ’ਚ ਵੀ ਨਹੀਂ ਦਿਖਾਈ ਜਾਂਦੀ। ਇਸ ਨੂੰ ਕ੍ਖਸ਼ੈਅ ਜਾਂ ਘਟੀ ਹੋਈ ਤਿਥੀ; ਨਾਂ ਦਿੱਤਾ ਜਾਂਦਾ ਹੈ। ਅਸਲ ਵਿੱਚ ਇਹ ਦੋਵੇਂ ਤਿਥੀਆਂ ਇੱਕੋ ਤਾਰੀਖ਼ ’ਚ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ। [ਮਿਸਾਲ ਵਜੋਂ 20 ਜਨਵਰੀ 2023, ਦਿਨ ਸ਼ੁਕਰਵਾਰ ਨੂੰ ਮਾਘ ਵਦੀ ੧੩ ਅਤੇ ੧੪; ਦੋਵੇਂ ਤਿਥੀਆਂ ਸਨ, ਜਿਨ੍ਹਾਂ ’ਚੋ ਮਾਘ ਵਦੀ 14 ਕ੍ਖਸ਼ੈਅ ਹੋ ਗਈ ਭਾਵ ਇਹ ਤਿਥ ਜੰਤਰੀਆਂ ’ਚ ਵਿਖਾਈ ਨਹੀਂ ਜਾਂਦੀ ਅਤੇ ਅਗਲੇ ਦਿਨ ਸ਼ਨੀਵਾਰ 21 ਜਨਵਰੀ ਨੂੰ ਮੱਸਿਆ ਸੀ। ਐਸਾ ਤਕਰੀਬਨ ਹਰ ਮਹੀਨੇ ’ਚ ਹੀ ਹੋ ਜਾਂਦਾ ਹੈ। ਅਗਲੇ ਪਿਛਲੇ ਸਾਲਾਂ ਦੀਆਂ ਜੰਤਰੀਆਂ ਵੇਖੀਆਂ ਜਾਣ ਤਾਂ ਪਤਾ ਲੱਗਦਾ ਹੈ ਕਿ ਬਿਕ੍ਰਮੀ ਸੰਮਤ ੨੦੫੧ (ਸੰਨ 1995) ’ਚ ਪੋਹ ਸੁਦੀ ੭ ਲਗਾਤਾਰ ਦੋ ਦਿਨ 7 ਅਤੇ 8 ਜਨਵਰੀ 1995 ਨੂੰ ਸੀ ਅਤੇ ਅਗਾਂਹ ਬਿਕ੍ਰਮੀ ਸੰਮਤ ੨੧੦੭ (ਸੰਨ 2051) ’ਚ ਪੋਹ ਸੁਦੀ ੭ ਕ੍ਖਸ਼ੈਅ ਹੋਵੇਗੀ। ਤਦੋਂ 18 ਜਨਵਰੀ 2051 ਨੂੰ ਪੋਹ ਸੁਦੀ ੬; ਅਤੇ 19 ਜਨਵਰੀ ਨੂੰ ਪੋਹ ਸੁਦੀ ੮; ਹੋਵੇਗੀ। ਅਜਿਹੇ ਦੁਚਿਤੇ ਸਾਲਾਂ ’ਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਕਿਹੜੀ ਪੋਹ ਸੁਦੀ ੭ ਨੂੰ ਮਨਾਇਆ ਜਾ ਸਕਦਾ ਹੈ ?]

ਬਿਕ੍ਰਮੀ ਸੰਮਤ ੧੭੪੧ (1685 ਈ:) ਤੋਂ  ਸੰਮਤ ੨੧੯੦ (2134 ਈ:) ਤੱਕ, ਉਨ੍ਹਾਂ ਸਾਲਾਂ ਦਾ ਵੇਰਵਾ ਜਿਨ੍ਹਾਂ ਅੰਦਰ ਜਾਂ ਤਾਂ ਪੋਹ ਸੁਦੀ ੭ ਕ੍ਖਸ਼ੈਅ ਹੋ ਗਈ ਜਾਂ ਲਗਾਤਾਰ ਦੋ ਦਿਨ ਆਉਂਦੀ ਰਹੀ ਅਤੇ ਅੱਗੇ ਤੋਂ ਆਵੇਗੀ, ਦਾ ਚਿੱਤਰ।

ਸੂਰਜੀ ਸਾਲ ੧ ਵੈਸਾਖ ਤੋਂ ਸ਼ੁਰੂ ਹੁੰਦਾ ਹੈ ਜਦੋਂ ਸੂਰਜ ਭਾਰਤੀ ਨਿਸ਼ਚਿਤ ਰਾਸ਼ੀਆਂ ਦੀ ਆਪਣੀ ਸਾਲਾਨਾ ਯਾਤਰਾ ਪੂਰੀ ਕਰਕੇ ਪਹਿਲੀ ਰਾਸ਼ੀ ਮੇਖ ਵਿੱਚ ਪ੍ਰਵੇਸ਼ ਕਰਦਾ ਹੈ। ਨਵਾਂ ਮਹੀਨਾ ਉਸ ਦਿਨ ਤੋਂ ਸ਼ੁਰੂ ਹੁੰਦਾ ਹੈ, ਜਿਸ ਦਿਨ ਸੂਰਜ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ’ਚ ਜਾਂਦਾ ਹੈ ਕਿਉਂਕਿ ਬਿਕ੍ਰਮੀ ਕੈਲੰਡਰ ’ਚ ਦਿਨ ਦੀ ਪਰਿਭਾਸ਼ਾ ਸੂਰਜ ਚੜ੍ਹਨ ਤੋਂ ਅਗਲੇ ਦਿਨ ਸੂਰਜ ਚੜ੍ਹਨ ਤੱਕ ਦੀ ਹੁੰਦੀ ਹੈ, ਇਸ ਲਈ ਜੇ ਰਾਸ਼ੀ ਅੱਧੀ ਰਾਤ ਤੋਂ ਬਾਅਦ ਬਦਲਦੀ ਹੈ ਤਾਂ ਭਾਵੇਂ CE ਦੀ ਤਾਰੀਖ਼ ਬਦਲ ਗਈ ਹੈ, ਪਰ ਇਹ ਫਿਰ ਵੀ ਪਿਛਲੀ CE ਦੀ ਤਾਰੀਖ਼ ਨੂੰ ਬਦਲੀ ਮੰਨੀ ਜਾਂਦੀ ਹੈ [ਜਿਵੇਂ ਕਿ ਸ਼੍ਰੀ ਮਾਰਤੰਡ ਪੰਜਾਂਗ ਅਨੁਸਾਰ ਸੂਰਜ ਤਾਂ 15 ਮਾਰਚ 2023 ਨੂੰ ਸਵੇਰੇ 6.34 ਵਜੇ ਮੀਨ ਰਾਸ਼ੀ ’ਚ ਪ੍ਰਵੇਸ਼ ਕਰ ਜਾਵੇਗਾ ਜਦੋਂ ਕਿ ਚੰਡੀਗੜ੍ਹ ’ਚ ਸੂਰਜ ਸਵੇਰੇ 6.38 ਵਜੇ ਚੜ੍ਹੇਗਾ ਕਿਉਂਕਿ ਰਾਸ਼ੀ ਸੂਰਜ ਚੜ੍ਹਨ ਤੋਂ ਪਹਿਲਾਂ ਬਦਲ ਜਾਵੇਗੀ ਇਸ ਕਾਰਨ ਪੰਜਾਬ ’ਚ ਚੇਤ ੧, 14 ਮਾਰਚ ਨੂੰ ਮੰਨਿਆ ਜਾਵੇਗਾ ਜਿਸ ਨੂੰ ਅਸੀਂ ਸੰਗਰਾਂਦ ਆਖਦੇ ਹਾਂ, ਪਰ ਜਿਨ੍ਹਾਂ ਸਥਾਨਾਂ ’ਤੇ ਸੂਰਜ 6.34 ਵਜੇ ਤੋਂ ਪਹਿਲਾਂ ਚੜ੍ਹ ਜਾਵੇਗਾ, ਉੱਥੇ ਸੰਗਰਾਂਦ 15 ਮਾਰਚ ਨੂੰ ਮੰਨੀ ਜਾਵੇਗੀ। ਇਸ ਤਰ੍ਹਾਂ ਕੇਵਲ ਸੂਰਜ ਚੜ੍ਹਨ ਦੇ ਸਮੇਂ ’ਚ ਕੇਵਲ 1 ਜਾਂ 2 ਮਿੰਟ ਦੇ ਫ਼ਰਕ ਨਾਲ ਇੱਕੋ ਦੇਸ਼ ਜਾਂ ਕਈ ਵਾਰ ਇੱਕੋ ਸੂਬੇ ’ਚ ਸੰਗਰਾਂਦ ਵੱਖ ਵੱਖ ਦਿਨਾਂ ਨੂੰ ਲਿਖੀ ਜਾਂਦੀ ਹੈ। ਹੈ ਨਾ ਇਹ ਗੋਰਖ ਧੰਧਾ ?  ਜਿਸ ਕਾਰਨ ਇਤਿਹਾਸਕ ਤਾਰੀਖ਼ਾਂ ਲਿਖਣ ਅਤੇ ਤਬਦੀਲ ਕਰਨ ’ਚ ਭਾਰੀ ਮੁਸ਼ਕਲਾਂ ਖੜ੍ਹੀਆ ਹੋ ਜਾਂਦੀਆਂ ਹਨ]। ਬਿਕ੍ਰਮੀ ਸੂਰਜੀ ਸਾਲ ਦੀ ਸ਼ੁਰੂਆਤ (ਵਿਸਾਖੀ ਜਾਂ ਵੈਸਾਖ ਦੀ ਪਹਿਲੀ ਤਾਰੀਖ਼) CE ਦੀਆਂ ਤਾਰੀਖ਼ਾਂ ਵਿੱਚ ਤਬਦੀਲੀ ਹੇਠ ਲਿਖੇ ਅਨੁਸਾਰ ਹੈ :

1469 ਈਸਵੀ ਤੋਂ 1752 ਈਸਵੀ (ਜੂਲੀਅਨ) 27 ਮਾਰਚ ਤੋਂ 30 ਮਾਰਚ

1753 CE ਤੋਂ 1970 CE (ਗ੍ਰੇਗੋਰੀਅਨ) 9 ਅਪ੍ਰੈਲ ਤੋਂ 13 ਅਪ੍ਰੈਲ

[1940 CE ਤੋਂ 2000 CE (ਗ੍ਰੇਗੋਰੀਅਨ) 12 ਅਪ੍ਰੈਲ ਤੋਂ 14 ਅਪ੍ਰੈਲ ਤੱਕ]

ਹੁਣ ਕੁਝ ਤਾਰੀਖ਼ਾਂ ਦੀ ਜਾਂਚ ਕਰੀਏ

  1. ਪ੍ਰੋ: ਸਾਹਿਬ ਸਿੰਘ ਜੀ ਆਪਣੀ ਪੁਸਤਕ ਜੀਵਨ ਬ੍ਰਿਤਾਂਤ ਗੁਰੂ ਨਾਨਕ ਦੇਵ ਜੀ (ਪੰਜਾਬੀ) ਦੇ ਪੰਨਾ 206 ’ਤੇ ਲਿਖਦੇ ਹਨ, ‘ਸੰਨ 1530 ਵਿੱਚ ਹਿਜਰੀ ਸਾਲ ਦਾ ਰਜ਼ਬ ਦਾ ਮਹੀਨਾ ਮਈ ਮਹੀਨੇ ਵਿੱਚ ਆਇਆ ਸੀ। ਗੁਰੂ ਨਾਨਕ ਦੇਵ ਜੀ ਮਾਰਚ 1530 ਵਿੱਚ ਸ਼ਿਵਰਾਤਰੀ ਦੇ ਮੇਲੇ ਵਿੱਚ ਗਏ ਸਨ।’ ਵੈਸੇ ਇਹ ਤਾਰੀਖ਼ਾਂ ਬਿਲਕੁਲ ਗਲਤ ਹਨ। ਨਾ ਤਾਂ ਮਾਰਚ 1530 ਈਸਵੀ ਵਿੱਚ ਸ਼ਿਵਰਾਤਰੀ ਦਾ ਮੇਲਾ ਲੱਗਿਆ ਸੀ ਅਤੇ ਨਾ ਹੀ ਮਈ 1530 ਈਸਵੀ ਵਿੱਚ ਰਜ਼ਬ ਦਾ ਮਹੀਨਾ ਸੀ। ਸ਼ਿਵਰਾਤਰੀ ਦਾ ਮੇਲਾ ਉਸ ਸਾਲ 28 ਜਨਵਰੀ ਨੂੰ ਸੀ ਅਤੇ ਮਈ ਦੇ ਮਹੀਨੇ ਵਿੱਚ ਰਜ਼ਬ ਨਹੀਂ ਬਲਕਿ ਰਮਜ਼ਾਨ ਅਤੇ ਸ਼ਵਾਲ ਦੇ ਮਹੀਨੇ ਸਨ।

ਇਹੀ ਲੇਖਕ ਆਪਣੀ ਕਿਤਾਬ ਸਿੱਧ ਗੋਸਟਿ ਦੇ ਪੰਨਾ 12 ’ਤੇ ਉਸੇ ਘਟਨਾ ਦੀ ਤਾਰੀਖ਼ ਵਜੋਂ ‘ਫੱਗਣ ਸੰਵਤ 1587 (ਮਾਰਚ 1530)’ ਦਿੰਦਾ ਹੈ। ਵੈਸੇ ਫੱਗਣ 1587 ਬਿ: ਜਨਵਰੀ/ਫ਼ਰਵਰੀ 1531 ਈਸਵੀ ’ਚ ਬਦਲਿਆ ਸੀ ਅਤੇ ਉਸ ਸਾਲ ਮੇਲਾ 16 ਫ਼ਰਵਰੀ ਨੂੰ ਸੀ। ਪ੍ਰੋਫ਼ੈਸਰ ਸਾਹਿਬ ਦਾ ਉਸ ਤਾਰੀਖ਼ ਦੇ ਪਰਿਵਰਤਨ ’ਚ ਇੱਕ ਸਾਲ ਦਾ ਫ਼ਰਕ ਹੈ। ਇਹ ਕਹਾਣੀ ਦਾ ਅੰਤ ਨਹੀਂ ਹੈ; ਇਸੇ ਕਿਤਾਬ ਦੇ ਪੰਨਾ 36 ’ਤੇ ਉਹ ਲਿਖਦੇ ਹਨ, ‘ਇਉਂ ਪ੍ਰਤੀਤ ਹੁੰਦਾ ਹੈ ਕਿ ਸਿੱਧਾਂ ਨਾਲ ਗੋਸਟ ਫ਼ਰਵਰੀ/ਮਾਰਚ 1539 ਈ: ਵਿਚ ਹੋਇਆ ਸੀ’। ਵੈਸੇ 1539 ਈ: ਵਿੱਚ ਮੇਲਾ 17 ਫ਼ਰਵਰੀ ਨੂੰ ਸੀ ਪਰ ਇੱਥੇ ਉਹ ਆਪਣੇ ਵੱਲੋਂ ਲਿਖੀ ਤਾਰੀਖ਼ ਨਾਲੋਂ 9 ਸਾਲਾਂ ਦਾ ਫ਼ਰਕ ਪਾ ਰਹੇ ਹਨ ! ਸ਼ਾਇਦ ਇਹ ਛਾਪੇ ਦੀ ਤਰੁਟੀ ਵੀ ਹੋਵੇ।

ਇਹੀ ਲੇਖਕ ਗੁਰੂ ਨਾਨਕ ਦੇਵ ਜੀ ਦੁਆਰਾ ਸੂਰਜ ਗ੍ਰਹਿਣ ਮੇਲੇ ’ਤੇ ਕੁਰੂਕਸ਼ੇਤਰ ਦੀ ਯਾਤਰਾ ਦੀ ਮਿਤੀ 14 ਸਤੰਬਰ 1515 ਈ: ਲਿਖਦੇ ਹਨ ਪਰ ਉਸ ਦਿਨ ਕੋਈ ਸੂਰਜ ਗ੍ਰਹਿਣ ਨਹੀਂ ਹੋਇਆ ਸੀ। ਉਸ ਸਾਲ ਅਗਸਤ ਵਿੱਚ ਸੂਰਜ ਗ੍ਰਹਿਣ ਸੀ, ਜੋ ਭਾਰਤ ਵਿੱਚ ਨਜ਼ਰ ਨਹੀਂ ਆਇਆ। ਜੀਵਨ ਬ੍ਰਿਤਾਂਤ ਗੁਰੂ ਨਾਨਕ ਦੇਵ ਜੀ ਪੁਸਤਕ ਵਿੱਚ ਅਜਿਹੀਆਂ ਕਈ ਗ਼ਲਤੀਆਂ ਵਿਖਾਈ ਦੇ ਰਹੀਆਂ ਹਨ।

  1. ਬਹੁਤੇ ਲੇਖਕਾਂ ਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ; ਹਾੜ ਵਦੀ ੧, ਸੰਮਤ ੧੬੫੨ ਬਿ. (ਚੰਦਰ)/ ੨੧ ਹਾੜ (ਸੂਰਜੀ) ੧੬੫੨ ਬਿਕ੍ਰਮੀ ਲਿਖਿਆ ਹੈ। ਇਸ ਤਾਰੀਖ਼ ਵਿੱਚ ਵੀ ਵਿਰੋਧਾਭਾਸ ਹੈ। ਹਾੜ ਵਦੀ ੧, ੧੪ ਹਾੜ ਨੂੰ ਸੀ, ਨਾ ਕਿ ੨੧ ਹਾੜ ਨੂੰ, ਅਤੇ ੨੧ ਹਾੜ ਨੂੰ ਇਹ ਹਾੜ ਵਦੀ ੭ ਸੀ, ਨਾ ਕਿ ਹਾੜ ਵਦੀ ੧; ੨੧ ਹਾੜ/ਹਾੜ ਵਦੀ ੭ ਦੇ ਬਰਾਬਰ CE ਤਾਰੀਖ਼ 19 ਜੂਨ 1595 ਸੀ, ਅਤੇ ੧੪ ਹਾੜ/ਹਾੜ ਵਦੀ ੧ ਨੂੰ ਇਹ 12 ਜੂਨ 1595 ਹੈ। ਡਾ: ਗੰਡਾ ਸਿੰਘ ਆਪਣੀ ਨਾਨਕਸ਼ਾਹੀ ਜੰਤਰੀ (ਉਰਦੂ) ਵਿੱਚ ਗੁਰੂ ਜੀ ਦੀ ਜਨਮ ਮਿਤੀ 19 ਜੂਨ ਤਾਰੀਖ਼ ਸਹੀ ਦੱਸਦਾ ਹੈ, ਪਰ ਇਹੀ ਲੇਖਕ ਪ੍ਰਿੰਸੀਪਲ ਤੇਜਾ ਸਿੰਘ ਨਾਲ ਮਿਲ ਕੇ ਲਿਖੀ ਆਪਣੀ ਕਿਤਾਬ ਸਿੱਖ ਇਤਿਹਾਸ (ਪੰਜਾਬੀ ਅਨੁਵਾਦ: ਡਾ. ਭਗਤ ਸਿੰਘ) ’ਚ ਜਨਮ ਮਿਤੀ ਵਜੋਂ 14 ਜੂਨ 1595 ਈਸਵੀ ਦਰਜ ਕੀਤੀ ਹੈ। ਇਹ ਮਿਤੀ ਸਵਦੇਸ਼ੀ ਕੈਲੰਡਰ ਦੀ ਮਿਤੀ ਵਿੱਚ ਬਦਲੀਏ ਤਾਂ ੧੬ ਹਾੜ/ਹਾੜ ਵਦੀ ੩ ਬਣ ਜਾਂਦੀ ਹੈ, ਜੋ ਕਿ ਬਾਕੀ ਸਾਰੇ ਲੇਖਕਾਂ ਦੁਆਰਾ ਦਿੱਤੀਆਂ ਤਾਰੀਖ਼ਾਂ ਨਾਲ ਮੇਲ ਨਹੀਂ ਖਾਂਦੀ। ਇਤਿਹਾਸਕਾਰਾਂ ਨੂੰ ਇਹ ਫ਼ੈਸਲਾ ਕਰਨਾ ਹੋਵੇਗਾ ਕਿ ੨੧ ਹਾੜ ਜਾਂ ਹਾੜ ਵਦੀ ੧ ’ਚੋਂ ਕਿਹੜੀ ਤਾਰੀਖ਼ ਨੂੰ ਸਹੀ ਮੰਨਣਾ ਹੈ।
  2. ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਾਲ ’ਤੇ ਵੀ ਲੇਖਕ ਵੰਡੇ ਹੋਏ ਹਨ। ਕੁਝ 1761 ਬਿਕ੍ਰਮੀ ਲਿਖਦੇ ਹਨ ਅਤੇ ਕੁਝ 1762 ਬਿਕ੍ਰਮੀ, ਪਰ ਪੋਹ ੮ ’ਤੇ ਬਹੁਤੇ ਸਹਿਮਤ ਹਨ। [ਡਾ: ਹਰੀ ਚੰਦ ਗੁਪਤਾ ਸਮੇਤ ਨਵੀਨ ਯੁੱਗ ਦੇ] ਬਹੁਤੇ ਲੇਖਕ ੮ ਪੋਹ ਸੰਮਤ ੧੭੬੧ ਦੇ ਬਰਾਬਰ ਦੀ ਤਾਰੀਖ਼ 22 ਦਸੰਬਰ 1704 ਲਿਖਦੇ ਹਨ. ਜੋ ਗਲਤ ਹੈ। ੮ ਪੋਹ ਸੰਮਤ ੧੭੬੧ ਦੇ ਬਰਾਬਰ ਦੀ ਸਹੀ ਤਾਰੀਖ਼ 7 ਦਸੰਬਰ 1704 ਈਸਵੀ (ਜੂਲੀਅਨ) ਸੀ, ਪਰ ਕੈਲੰਡਰਾਂ ਸੰਬੰਧੀ ਪੂਰੀ ਜਾਣਕਾਰੀ ਨਾ ਹੋਣ ਕਰਕੇ ਇਨ੍ਹਾਂ ਇਤਿਹਾਸਕਾਰਾਂ ਨੇ ਇਤਿਹਾਸ ਲਿਖਣ ਸਮੇਂ ਦੀਆਂ ਜੰਤਰੀਆਂ ਵੇਖ ਕੇ ੮ ਪੋਹ ਦੇ ਬਰਾਬਰ ਆਉਣ ਵਾਲੀ 22 ਦਸੰਬਰ ਲਿਖ ਦਿੱਤੀ। [22 ਦਸੰਬਰ 1705 ਨੂੰ ੨੩ ਪੋਹ, ਪੋਹ ਸੁਦੀ ੭ ਬਿਕ੍ਰਮੀ ਸੰਮਤ ੧੭੬੧ ਬਣਦਾ ਹੈ, ਜਿਸ ਨਾਲ ਕੋਈ ਵੀ ਇਤਿਹਾਸਕਾਰ ਸਹਿਮਤ ਨਹੀਂ ਅਤੇ ਨਾ ਹੀ ਇਹ ਤਾਰੀਖ਼ ਦੱਸਣ ਵਾਲਾ ਕੋਈ ਇਤਿਹਾਸਕ ਸੋਮਾ ਮਿਲਦਾ ਹੈ।]

 ਮਿਤੀ ੮ ਪੋਹ ੧੭੬੨ ਬਿ. 7 ਦਸੰਬਰ, ਪੋਹ ਸੁਦੀ ੨; ਸੰਨ 1705 ਵਿੱਚ ਬਦਲਦੀ ਹੈ। ਆਮ ਤੌਰ ’ਤੇ ਸੁਦੀ ੨ ਨੂੰ ਚੰਦਰਮਾ ਬਹੁਤ ਪਤਲਾ ਹੁੰਦਾ ਹੈ, ਜੋ ਜ਼ਫ਼ਰਨਾਮੇ ਦੇ ਹੇਠ ਲਿਖੇ ਇਸ ਪਾਠ ਨਾਲ ਮੇਲ ਨਹੀਂ ਖਾਂਦੀ :

ਚਰਾਗ਼ਿ ਜਹਾਂ ਚੂੰ ਸ਼ੁਦਹ ਬੁਰਕਹ ਪੋਸ਼   ਸ਼ਹੇ ਸ਼ਬ ਬਰਾਮਦ ਹਮਹ ਜਲਵਹ ਜੋਸ਼ ੪੨ ਅਨੁਵਾਦ : (ਜਦ) ਸੰਸਾਰ ਦਾ ਦੀਪਕ (ਸੂਰਜ) ਪਰਦੇ ਪਿੱਛੇ ਹੋ ਗਿਆ (ਭਾਵ ਡੁੱਬ ਗਿਆ, ਤਦ) ਰਾਤ ਦਾ ਸੁਆਮੀ (ਚੰਦ੍ਰਮਾ) ਬਹੁਤ ਪ੍ਰਕਾਸ਼ ਨਾਲ ਨਿਕਲ ਆਇਆ।

ਹਰ ਆਂ ਕਸ ਕਉਲੇ ਕੁਰਾਂ ਆਯਦਸ਼ ਕਿ ਯਜ਼ਦਾਂ ਬਰੋ ਰਹਿਨੁਮਾ ਆਯਦਸ਼ ੪੩ ਅਨੁਵਾਦ: ਹਰ ਉਹ ਆਦਮੀ ਜੋ ਕੁਰਾਨ ਦੀ ਕਸਮ ਖਾਂਦਾ ਹੈ, ਪਰਮਾਤਮਾ ਉਸ ਦਾ ਪਥ-ਪ੍ਰਦਰਸ਼ਨ ਕਰਦਾ ਹੈ।

  ਪੇਚੀਦਹ ਮੂਏ ਰੰਜੀਦਹ ਤਨ ਕਿ ਬੇਰੂੰ ਖ਼ੁਦ ਆਵੁਰਦ ਦੁਸ਼ਮਨ ਸ਼ਿਕਨ   ੪੪ ਅਨੁਵਾਦ : (ਪਰ ਕੁਰਾਨ ਦੀਆਂ ਝੂਠੀਆਂ ਕਸਮਾਂ ਖਾਣ ਵਾਲਿਆਂ ਤੋਂ) ਨਾ ਮੇਰਾ ਕੁੰਡਲੀਦਾਰ ਨਾਗ (ਖ਼ਾਲਸਾ) ਮਰਿਆ, ਨਾ ਮੇਰੇ ਸਰੀਰ ਨੂੰ ਕੋਈ ਦੁਖ ਹੀ ਪਹੁੰਚਾ ਸਕੇ।  (ਪਰਮਾਤਮਾ) ਵੈਰੀ ਨੂੰ ਮਾਰ ਕੇ ਮੈਨੂੰ ਖ਼ੁਦ ਬਾਹਰ ਲੈ ਆਉਂਦਾ ਹੈ।

ਭਾਰਤੀ ਸਟੈਂਡਰਡ ਟਾਈਮ ਅਨੁਸਾਰ ਚਮਕੌਰ ਸਾਹਿਬ ਦੇ ਅਕਸ਼ਾਂਸ਼ ਅਤੇ ਲੰਬਕਾਰ ਲਈ ਉਪਰੋਕਤ ਦੋ ਤਾਰੀਖ਼ਾਂ ਨੂੰ ਸੂਰਜ ਅਤੇ ਚੰਦਰਮਾ ਦੇ ਚੜ੍ਹਨ ਅਤੇ ਡੁੱਬਣ ਦੇ ਸਮੇਂ ਹੇਠ ਲਿਖੇ ਅਨੁਸਾਰ ਹਨ :

ਸੂਰਜ ਚੜ੍ਹਨ – 7 ਦਸੰਬਰ, 1704 ਸਵੇਰੇ 7:17 ਵਜੇ

ਸੂਰਜ ਡੁੱਬਣ – 7 ਦਸੰਬਰ, 1704 ਸ਼ਾਮ 5:26 ਵਜੇ

ਚੰਦਰਮਾ ਚੜ੍ਹਨ ਦਾ ਸਮਾਂ -7 ਦਸੰਬਰ, 1704 ਰਾਤ 11:43 ਵਜੇ

     ਬਨਾਮ

ਸੂਰਜ ਚੜ੍ਹਨ – 7 ਦਸੰਬਰ, 1705 ਸਵੇਰੇ 7:17 ਵਜੇ

ਸੂਰਜ ਡੁੱਬਣ – 7 ਦਸੰਬਰ, 1705 ਸ਼ਾਮ 5:26 ਵਜੇ

ਚੰਦਰਮਾ ਡੁੱਬਣ ਦਾ ਸਮਾਂ- 7 ਦਸੰਬਰ, 1705 ਸ਼ਾਮ 7:28 ਵਜੇ

ਹੁਣ, 7 ਦਸੰਬਰ 1705 ਨੂੰ ਪੋਹ ਸੁਦੀ ੨ ਸੀ ਅਤੇ ਚੰਦਰਮਾ ਛਿਪਣ ਦਾ ਸਮਾਂ ਸ਼ਾਮ 7:28 ਵਜੇ ਸੀ ਜਦੋਂ ਕਿ 7 ਦਸੰਬਰ 1704 ਈਸਵੀ ਨੂੰ ਚੰਦਰਮਾ ਦੇ ਚੜ੍ਹਨ ਦਾ ਸਮਾਂ ਲਗਭਗ ਅੱਧੀ ਰਾਤ ਸੀ।  ਜੇ 1705 CE ਲਿਖਣ ਵਾਲੇ ਇਤਿਹਾਸਕਾਰਾਂ ਨੂੰ ਸਹੀ ਮੰਨ ਲਿਆ ਜਾਵੇ ਤਾਂ ਗੁਰੂ ਜੀ ਨੇ ਹਨ੍ਹੇਰੇ ’ਚ 2 ਵਜੇ ਰਾਤ ਨੂੰ ਗੜ੍ਹੀ ਛੱਡ ਦਿੱਤੀ ਜਦੋਂ ਚੰਦਰਮਾ ਡੁੱਬ ਗਿਆ ਸੀ, ਪਰ ਜ਼ਫ਼ਰਨਾਮੇ ’ਚ ਗੁਰੂ ਜੀ ਦੀ ਆਪਣੀ ਲਿਖਤ ਅਨੁਸਾਰ ਜਦੋਂ ਚੰਦਰਮਾ ਚੜ੍ਹਿਆ ਉਸ ਵੇਲੇ ਗੜ੍ਹੀ ਛੱਡੀ। ਇਹ ਤਾਰੀਖ਼ 7 ਦਸੰਬਰ, 1704 ਈਸਵੀ/ ਪੋਹ 8, 1761 ਈ: ਬਣਦੀ ਹੈ। ਹੋਰ ਵੇਖੋ ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ’ਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ੧੩ ਪੋਹ ਦਿਨ ਮੰਗਲਵਾਰ ਲਿਖਦੇ ਹਨ। ਅਸਲ ਵਿੱਚ ੧੩ ਪੋਹ ਸੰਮਤ ੧੭੬੧/1704 ਈ: ਨੂੰ ਮੰਗਲਵਾਰ ਸੀ ਜਦੋਂ ਕਿ ਸੰਮਤ ੧੭੬੨/1705 ਈ: ਨੂੰ ੧੩ ਪੋਹ ਬੁੱਧਵਾਰ ਸੀ, ਇਸ ਲਈ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੰਮਤ ੧੭੬੧/1704 ਈ: ਨੂੰ ਹੋਈ ਵਧੇਰੇ ਸਿੱਧ ਹੁੰਦੀ ਹੈ। ਹੁਣ ਇਹ ਸਿੱਖ ਇਤਿਹਾਸਕਾਰਾਂ ਨੇ ਫ਼ੈਸਲਾ ਕਰਨਾ ਹੈ ਕਿ ਉਨ੍ਹਾਂ ਨੇ ਇਤਿਹਾਸ ਨੂੰ ਸਹੀ ਮੰਨਣਾ ਹੈ ਜਾਂ ਗੁਰੂ ਜੀ ਦੁਆਰਾ ਰਚਿਤ ਜ਼ਫ਼ਰਨਾਮੇ ਨੂੰ ?

੮ ਪੋਹ ੧੭੬੧ ਬਿਕ੍ਰਮੀ ਦੀ ਮਿਤੀ ਇੱਕ ਹੋਰ ਵੇਰੀਏਬਲ ਪੇਸ਼ ਕਰਦੀ ਹੈ। ਇਹ ਇਤਿਹਾਸਕਾਰਾਂ ਲਈ ਮਾਲਵਾ ਦੇਸ਼ ਵਿੱਚ ਗੁਰੂ ਜੀ ਦੇ ਨਿਵਾਸਾਂ ਦਾ ਲੇਖਾ-ਜੋਖਾ ਕਰਨ ਲਈ ਇੱਕ ਵਾਧੂ ਸਾਲ ਉਪਲਬਧ ਕਰਵਾਉਂਦਾ ਹੈ.. ਸ਼ਾਇਦ, ਉਹ ਤਲਵੰਡੀ ਸਾਬੋ (ਦਮਦਮਾ ਸਾਹਿਬ) ਵਿੱਚ 1 ਸਾਲ 9 ਮਹੀਨੇ ਠਹਿਰੇ ਹੋਣ, ਜੋ ਆਮ ਤੌਰ ’ਤੇ 9 ਮਹੀਨੇ ਠਹਿਰਣ ਦਾ ਜ਼ਿਕਰ ਕੀਤਾ ਗਿਆ ਹੈ। ਪਰ ਇਹ ਇਤਿਹਾਸਕਾਰਾਂ ਦੇ ਦੇਖਣ ਲਈ ਹੈ, ਨਾ ਕਿ ਮੇਰੇ ਖੇਤਰ ਵਿੱਚ।

  1. ਖ਼ਾਲਸੇ ਦੀ ਸਾਜਣਾ ਦੀ ਮਿਤੀ ਬਹੁਤੇ ਲੇਖਕਾਂ ਨੇ ਵੈਸਾਖ ੧, ੧੭੫੬ ਬਿਕ੍ਰਮੀ ਅਨੁਸਾਰ ਸਾਂਝੇ ਸਾਲ CE ਦੀ ਮਿਤੀ 30 ਮਾਰਚ, 1699 ਦਿੱਤੀ ਹੈ, ਜੋ ਪੰਜਾਬ ਦੀਆਂ ਜੰਤਰੀਆਂ ਮੁਤਾਬਕ ਗ਼ਲਤ ਹੈ। ਡਾ. ਗੰਡਾ ਸਿੰਘ ਨੇ ਕੰਨੂੰਪਿਲੇ ਦੀ ਜੰਤਰੀ ਤੋਂ ਤਾਰੀਖ਼ 30 ਮਾਰਚ ਲਿਖ ਦਿੱਤੀ ਪਰ ਉਨ੍ਹਾਂ ਨੇ ਉਹ ਨੋਟ ਨਹੀਂ ਪੜ੍ਹਿਆ ਕਿ ਇਹ ਟੇਬਲ ਤਾਮਿਲਨਾਡੂ ’ਚ ਪ੍ਰਚਲਿਤ ਨਿਯਮਾਂ ਅਨੁਸਾਰ ਹੈ, ਬਾਕੀ ਖੇਤਰਾਂ ਲਈ ਉੱਥੋਂ ਦੇ ਲਾਗੂ ਨਿਯਮਾਂ ਮੁਤਾਬਕ ਇਤਿਹਾਸਕਾਰ ਸਹੀ ਤਾਰੀਖ਼ ਲਿਖ ਲੈਣ। ਤਾਮਿਲਨਾਡੂ ’ਚ ਆਰੀਆ ਸਿਧਾਂਤ ਅਤੇ ਦਿਨ ਛਿਪਣ (Sunset) ਨਿਯਮ ਲਾਗੂ ਹੈ ਜਦੋਂ ਕਿ ਪੰਜਾਬ ’ਚ ਸੂਰਜੀ ਸਿਧਾਂਤ ਅਤੇ ਸੂਰਜ ਚੜ੍ਹਨ (Sunrise) ਦਾ ਨਿਯਮ ਲਾਗੂ ਹੈ, ਜਿਸ ਮੁਤਾਬਕ ਸਹੀ CE ਤਾਰੀਖ਼ 29 ਮਾਰਚ, 1699 CE (ਜੂਲੀਅਨ), ਬੁੱਧਵਾਰ ਹੈ। ਰਤਨ ਸਿੰਘ ਭੰਗੂ ਦਿਨ ਨੂੰ ਬੁੱਧਵਾਰ ਦੱਸਦਾ ਹੈ, ਪਰ ਉਸ ਦੁਆਰਾ ਦਿੱਤਾ ਗਿਆ ਸਾਲ 1752 ਬਿਕ੍ਰਮੀ ਗ਼ਲਤ ਸੰਮਤ ਹੈ [ਕਿਉਂਕਿ ਵੈਸੇ ੧੭੫੬ ਬਿਕ੍ਰਮੀ ਬਣਦਾ ਹੈ]। (ਜਿਵੇਂ ਕਿ ਸੈਨਾਪਤ ਦੁਆਰਾ ਸ਼੍ਰੀ ਗੁਰ ਸੋਭਾ ਵਿੱਚ ਹਵਾਲਾ ਦਿੱਤਾ ਗਿਆ ਹੈ – ਡਾ. ਗੰਡਾ ਸਿੰਘ ਦੁਆਰਾ ਸੰਪਾਦਿਤ)।
  2. ਗਤ ਵਰਸ਼ ਦੀ ਸਮੱਸਿਆ (ਪੂਰਾ ਸਾਲ) ਅਤੇ ਵਰਤਮਾਨ (ਮੌਜੂਦਾ) ਸਾਲ

ਕੁਝ ਜਨਮ ਸਾਖੀਆਂ ’ਚ ਗੁਰੂ ਨਾਨਕ ਦੇਵ ਜੀ ਦਾ ਜਨਮ ਸਾਲ ਅਤੇ ਜੋਤੀ ਜੋਤ (ਅਨਾਦੀ ਪ੍ਰਕਾਸ਼ ਵਿੱਚ ਅਭੇਦ ਹੋਣ) ਦਾ ਸਾਲ ਕ੍ਰਮਵਾਰ ੧੫੨੫ ਬਿਕ੍ਰਮੀ ਅਤੇ ੧੫੯੫ ਬਿਕ੍ਰਮੀ ਦੱਸਿਆ ਗਿਆ ਹੈ। ਇਹ ਸਾਲ CE ਵਿੱਚ ਬਦਲ ਕੇ ਕ੍ਰਮਵਾਰ 1468 ਅਤੇ 1538 ਬਣ ਗਏ। ਇਤਿਹਾਸਕਾਰ ੧੫੨੫ ਬਿਕ੍ਰਮੀ ਅਤੇ ੧੫੯੫ ਬਿਕ੍ਰਮੀ ਨੂੰ ਮੌਜੂਦਾ ਸਾਲਾਂ ਦੀ ਬਜਾਇ ਗਤ ਸਾਲਾਂ ਵਜੋਂ ਵਿਆਖਿਆ ਕਰਦੇ ਹਨ। ਨਤੀਜੇ ਵਜੋਂ, ਉਹ ਦਲੀਲ ਦਿੰਦੇ ਹਨ ਕਿ ਮਿਤੀ ਨੂੰ ਰਿਕਾਰਡ ਕਰਨ ਦੇ ਮੌਜੂਦਾ ਢੰਗ ਵਿੱਚ, ਸਾਲ ੧੫੨੬ ਬਿਕ੍ਰਮੀ ਅਤੇ ੧੫੯੬ ਬਿਕ੍ਰਮੀ ਹੈ; ਪਰ ਸਵਾਲ ਇਹ ਹੈ ਕਿ ਕੀ ਸਿਰਫ਼ ਇਹੀ ਗਤ ਫਾਰਮੈਟ ਵਿੱਚ ਦਰਜ ਕੀਤੀ ਗਈ ਤਾਰੀਖ਼ ਹੈ ?, ਇਹ ਜਵਾਬ ਨਹੀਂ ਹੋਣਾ ਚਾਹੀਦਾ। ਹੋਰ ਵੀ ਕਈ ਤਾਰੀਖ਼ਾਂ ਨੂੰ ਉਸੇ ਕੋਨ ਤੋਂ ਦੇਖਣਾ ਪਵੇਗਾ।

  1. ਸੈਨਾਪਤ ਦੁਆਰਾ ਸ੍ਰੀ ਗੁਰ ਸੋਭਾ (ਡਾ. ਗੰਡਾ ਸਿੰਘ ਦੁਆਰਾ ਸੰਪਾਦਿਤ) ਪੰਨਾ 35 ’ਤੇ ਹੁਸੈਨੀ ਲੜਾਈ ਦੀ ਮਿਤੀ ੨੩ ਫੱਗਣ ੧੭੫੨ ਬਿਕ੍ਰਮੀ (20 ਮਾਰਚ 1696) ਦਰਜ ਕੀਤੀ ਗਈ ਹੈ। ਇਹ ੨੩ ਫ਼ੱਗਣ ਦੀ ਤਾਰੀਖ਼ 19 ਫ਼ਰਵਰੀ 1696 ਈਸਵੀ ਵਿੱਚ ਬਦਲਦੀ ਹੈ ਅਤੇ ਇੱਕ ਮਹੀਨੇ ਦਾ ਫ਼ਰਕ ਪਾਉਂਦੀ ਹੈ। ਇਸ ਤੋਂ ਪਹਿਲੇ ਪੰਨੇ ’ਤੇ ਉਹ ੨੨ ਚੇਤ ੧੭੪੭ ਬਿਕ੍ਰਮੀ, 20 ਮਾਰਚ, 1691 ਦੇ ਤੌਰ ’ਤੇ ਹੁਸੈਨੀ ਯੁੱਧ ਦੀ ਤਾਰੀਖ਼ ਦਿੰਦਾ ਹੈ। ਦੋਵਾਂ ਤਾਰੀਖ਼ਾਂ ਵਿਚਕਾਰ ਟਕਰਾਅ ਸਪਸ਼ਟ ਹੈ। ਇਹ ਇੱਕ ਸਾਲ ਵਿੱਚ ੨੩ ਫੱਗਣ ਲਈ 20 ਮਾਰਚ ਅਤੇ ਦੂਜੇ ਵਿੱਚ ੨੨ ਚੇਤ ਲਈ 20 ਮਾਰਚ ਨਹੀਂ ਹੋ ਸਕਦਾ।
  2. (ੳ) ਸੈਨਾਪਤ ਦੁਆਰਾ ਸ੍ਰੀ ਗੁਰ ਸੋਭਾ (ਡਾ: ਗੰਡਾ ਸਿੰਘ ਦੁਆਰਾ ਸੰਪਾਦਿਤ) ਦੇ ਪੰਨਾ 158 ’ਤੇ ਹਿਜਰੀ ਮਿਤੀ 12 ਸਫ਼ਰ 1094 ਏ.ਐੱਚ. ਨੂੰ 3 ਜਨਵਰੀ 1683 ਵਿੱਚ ਬਦਲਿਆ ਗਿਆ ਹੈ ਜਦਕਿ ਸਹੀ ਰੂਪਾਂਤਰ 31 ਜਨਵਰੀ 1683 ਹੈ। ਇਤਿਹਾਸ ਦੇ ਇੱਕ ਮਾਹਰ ਨੂੰ ਅਜਿਹੀਆਂ ਗ਼ਲਤੀਆਂ ਨਜ਼ਰ ਆਉਂਦੀਆਂ ਹਨ, ਪਰ ਇੱਕ ਆਮ ਆਦਮੀ ਲਈ ਇਸ ਗ਼ਲਤੀ ਦਾ ਨੋਟਿਸ ਲੈਣਾ ਕਈ ਵਾਰ ਅਸੰਭਵ ਹੋ ਜਾਂਦਾ ਹੈ। ਜਿੱਥੇ ‘1’ ਨੂੰ ਪ੍ਰਿੰਟ ਵਿੱਚ ਛੱਡ ਦਿੱਤਾ ਗਿਆ ਹੈ, ਉੱਥੇ ਕਿਵੇਂ ਹੋ ਸਕਦਾ ਹੈ ਕਿ ਕੋਈ ‘3’ ਦੀ ਥਾਂ ‘31’ ਪੜ੍ਹੇ ?

(ਅ) ਡਾ. ਗੰਡਾ ਸਿੰਘ ਦੁਆਰਾ ਸੰਪਾਦਿਤ ਹੁਕਮਨਾਮੇ (ਪੰਜਾਬੀ) ਪੰਨਾ 47 ’ਤੇ ਹੁਕਮਨਾਮੇ 41 ਦੀ ਮਿਤੀ ਅੱਸੂ ਵਦੀ ੧੦ ਸੰਵਤ ੧੭੪੯ ਬਿ. 9 ਅਕਤੂਬਰ 1792 ਈ: ਅਤੇ ਇਸੇ ਹੁਕਮਨਾਮੇ ਲਈ ਪੰਨਾ 141 ’ਤੇ ਮਿਤੀ ਅਸੂ ਵਦੀ ੧੦ ਸੰਮਤ ੧੭੪੯ ਬਿ: / 25 ਦਸੰਬਰ 1692 ਈ. ਦਿੱਤੀ ਗਈ ਹੈ। ਪ੍ਰਿੰਟਿੰਗ ਗ਼ਲਤੀਆਂ ਲਈ ਕਾਪੀ ਦੀ ਸਹੀ ਢੰਗ ਨਾਲ ਪਰੂਫ਼ ਰੀਡਿੰਗ ਨਹੀਂ ਕੀਤੀ ਗਈ ਹੈ ਅਤੇ ਅਗਲੇ ਐਡੀਸ਼ਨ ਵਿੱਚ ਵੀ ਗ਼ਲਤੀ ਨੂੰ ਠੀਕ ਨਹੀਂ ਕੀਤਾ ਗਿਆ ਹੈ।

ਇੱਥੇ ਬਹੁਤ ਸਾਰੀਆਂ ਚੀਜ਼ਾਂ ਗ਼ਲਤ ਹਨ। ਪਹਿਲੀ ਤਾਰੀਖ਼ ਸਾਲ 1792 ’ਚ 100 ਸਾਲ ਦੀ ਗ਼ਲਤੀ ਹੈ। ਵੈਸੇ 1692 ਈ: ਚਾਹੀਦਾ ਸੀ, ਸੰਭਵ ਤੌਰ ’ਤੇ ਪ੍ਰਿੰਟਿੰਗ ਜਾਂ ਟਾਈਪੋਗ੍ਰਾਫਿਕਲ ਗ਼ਲਤੀ ਹੈ; ਪਰ 9 ਅਕਤੂਬਰ ਯਕੀਨੀ ਤੌਰ ’ਤੇ ਗ਼ਲਤ ਹੈ। ਅੱਸੂ ਵਦੀ ੧੦, ੧੭੪੯ ਬਿਕ੍ਰਮੀ ਤੋਂ ਸਾਂਝੇ ਸਾਲ ਦਾ ਸਹੀ ਰੂਪਾਂਤਰ 25 ਸਤੰਬਰ, 1692 ਹੈ, ਇਸ ਲਈ ਦੂਜੇ ਸੈੱਟ ’ਚ, ਜੇ ਦਸੰਬਰ ਨੂੰ ਸਤੰਬਰ ਵਿੱਚ ਬਦਲਿਆ ਜਾਂਦਾ ਹੈ ਤਾਂ ਪਰਿਵਰਤਨ ਸਹੀ ਹੋ ਜਾਂਦਾ ਹੈ। ਸ਼ਾਇਦ ਇਹ ਵੀ ਇੱਕ ਟਾਈਪ ਦੀ ਗ਼ਲਤੀ ਹੈ।

ਦੂਜੇ ਐਡੀਸ਼ਨ ਬਾਰੇ ਵਾਈਸ-ਚਾਂਸਲਰ ਵੱਲੋਂ ਨੋਟ ‘-ਇਸ (ਕਿਤਾਬ) ਦਾ ਦੂਜਾ ਐਡੀਸ਼ਨ ਫੋਟੋ ਆਫਸੈੱਟ ਪ੍ਰਕਿਰਿਆ ਦੁਆਰਾ ਛਾਪਿਆ ਜਾ ਰਿਹਾ ਹੈ ਤਾਂ ਜੋ ਗ਼ਲਤੀ ਲਈ ਕੋਈ ਥਾਂ ਨਾ ਬਚੇ’ ਪੜ੍ਹਨ ਨੂੰ ਦਿਲਚਸਪ ਬਣਾਉਂਦਾ ਹੈ, ਪਰ ਉਹਨਾਂ ਸਾਰੀਆਂ ਗ਼ਲਤੀਆਂ ਬਾਰੇ ਕੀ, ਜੋ ਉੱਥੇ ਪਹਿਲੇ ਐਡੀਸ਼ਨ ਵਿੱਚ ਹਨ।

ਹਿਜਰੀ ਕੈਲੰਡਰ

ਹਿਜਰੀ ਕੈਲੰਡਰ ਸ਼ੁੱਧ ਚੰਦਰ ਕੈਲੰਡਰ ਹੈ। ਹਿਜਰੀ ਸੰਮਤ ਦੀ ਸ਼ੁਰੂਆਤ 16 ਜੁਲਾਈ 622 ਈ. ਨੂੰ ਹੋਈ। ਇਸ ਕੈਲੰਡਰ ਦੀ ਵਰਤੋਂ ਸਾਂਝੇ ਕੈਲੰਡਰ (CE) ਕੈਲੰਡਰ ਦੇ ਨਾਲ ਮੁਸਲਿਮ ਦੇਸ਼ਾਂ ਵਿੱਚ ਹੋ ਰਹੀ ਹੈ। ਇਸ ਨੂੰ ਰੁੱਤਾਂ ਦੇ ਨਾਲ ਕਦਮ ਮਿਲਾਉਣ ਲਈ ਕੋਈ ਅੰਤਰ-ਕਾਲਰੀ (ਵਾਧੂ) ਮਹੀਨਾ ਨਹੀਂ ਜੋੜਿਆ ਜਾਂਦਾ।  ਸਾਲ ਦੇ 12 ਮਹੀਨਿਆਂ ਵਿੱਚ ਪ੍ਰਤੀ ਮਹੀਨਾ 30 ਜਾਂ 29 ਦਿਨ ਹੋ ਸਕਦੇ ਹਨ। ਕੋਈ ਵੀ ਮਹੀਨਾ 29 ਤੋਂ ਘੱਟ ਜਾਂ 30 ਦਿਨਾਂ ਤੋਂ ਵੱਧ ਨਹੀਂ ਹੋ ਸਕਦਾ। ਚੰਦਰਮਾ ਮਹੀਨਾ, ਧਾਰਮਿਕ ਉਦੇਸ਼ਾਂ ਲਈ, ਸ਼ਾਮ ਦੇ ਅਸਮਾਨ ਵਿੱਚ ਨਵੇਂ ਚੰਦ ਤੋਂ ਬਾਅਦ ਚੰਦਰਮਾ ਦੀ ਪਹਿਲੀ ਦਿੱਖ ਦੇ ਸਮੇਂ ਸ਼ੁਰੂ ਹੁੰਦਾ ਹੈ; ਹਾਲਾਂਕਿ ਮਹੀਨੇ ਦੇ ਪਹਿਲੇ ਦਿਨ ਨੂੰ ਅਗਲੀ ਸਵੇਰ ਤੋਂ ਸ਼ੁਰੂ ਕਰਨਾ ਮੰਨਿਆ ਜਾਂਦਾ ਹੈ।

ਹਿਜਰੀ ਸਾਲ ਸਿਰਫ਼ ਚੰਦਰ ਸਾਲ ਹੋਣ ਕਾਰਨ ਇਸ ਦਾ ਸਾਲ ਈਸਵੀ ਸਾਲ ਨਾਲੋਂ 10 ਤੋਂ 12 ਦਿਨ ਛੋਟਾ ਹੁੰਦਾ ਹੈ। ਇਸ ਲਈ, ਤਿਉਹਾਰਾਂ ਦੀਆਂ ਤਾਰੀਖ਼ਾਂ ਜੋ ਇਸ ਕੈਲੰਡਰ ਦੇ ਅਨੁਸਾਰ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ ਉਹ ਸਾਂਝੇ ਸਾਲ ਦੇ ਹਰੇਕ ਅਗਲੇ ਸਾਲ ਵਿੱਚ 10 ਤੋਂ 12 ਦਿਨ ਪਹਿਲਾਂ ਆ ਜਾਂਦੀਆਂ ਹਨ। ਇਸ ਤਰ੍ਹਾਂ 33 ਈਸਵੀ ਸਾਲਾਂ ਵਿੱਚ ਲਗਭਗ 34 ਹਿਜਰੀ ਸਾਲ ਹਨ।

ਚੰਦਰਮਾਂ ਦੀ ਪਹਿਲੀ ਦਿੱਖ ਦੀ ਬਜਾਇ ਮਹੀਨੇ ਦੀ ਔਸਤ ਲੰਬਾਈ ਦੇ ਆਧਾਰ ’ਤੇ ਇਕ ਹੋਰ ਕਿਸਮ ਦਾ ਹਿਜਰੀ ਕੈਲੰਡਰ ਵੀ ਵਰਤਿਆ ਜਾਂਦਾ ਹੈ। ਇਸ ਵਿੱਚ ਹਰ ਮਹੀਨੇ ਦੇ ਦਿਨਾਂ ਦੀ ਗਿਣਤੀ ਨਿਸ਼ਚਿਤ ਹੁੰਦੀ ਹੈ। ਪਹਿਲਾ ਮਹੀਨਾ; ਮੁਹੱਰਮ ਤੋਂ ਸ਼ੁਰੂ ਹੋ ਕੇ, ਮਹੀਨਿਆਂ ਦੇ ਬਦਲਵੇਂ ਰੂਪ ਵਿੱਚ 30 ਅਤੇ 29 ਦਿਨ ਹੁੰਦੇ ਹਨ :

  1. ਮੁਹੱਰਮ = 30 ਦਿਨ,
  2. ਸਫ਼ਰ = 29 ਦਿਨ,
  3. ਰੱਬੀ-ਉਲ-ਅੱਵਲ = 30 ਦਿਨ,
  4. ਰੱਬੀ-ਉਲ-ਸਾਨੀ = 29 ਦਿਨ,
  5. ਜ਼ਮਾਦੀ-ਉਲ-ਅੱਵਲ =30 ਦਿਨ,
  6. ਜ਼ਮਾਦੀ-ਉਲ-ਸਾਨੀ = 29 ਦਿਨ,
  7. ਰਜ਼ਬ = 30 ਦਿਨ,
  8. ਸ਼ਾਬਾਨ = 29 ਦਿਨ,
  9. ਰਮਜ਼ਾਨ = 30 ਦਿਨ,
  10. ਸ਼ੱਵਾਲ = 29 ਦਿਨ,
  11. ਜ਼ਿਲਕਾਦਾ = 30 ਦਿਨ
  12. ਜ਼ਿਲਹੱਜਾ = 29 ਦਿਨ (ਲੀਪ ਦੇ ਸਾਲ ’ਚ 30 ਦਿਨ)

ਹਿਜਰੀ ਸਾਲ ਦੇ 354 ਦਿਨ ਹੁੰਦੇ ਹਨ। ਲੀਪ ਸਾਲਾਂ ਦੇ ਅਖੀਰਲੇ ਮਹੀਨੇ ਵਿੱਚ 30 ਦਿਨ ਅਤੇ ਸਾਲ ਵਿੱਚ 355 ਦਿਨ ਹੁੰਦੇ ਹਨ।  30 ਸਾਲਾਂ ਦੇ ਚੱਕਰ ਵਿੱਚ 11 ਲੀਪ ਸਾਲ ਹੁੰਦੇ ਹਨ। ਇਸ ਤਰ੍ਹਾਂ 30 ਹਿਜਰੀ ਸਾਲਾਂ ਵਿੱਚ 10631 ਦਿਨ ਬਣਦੇ ਹਨ। ਇਸ ਸਕੀਮ ਦੀ ਵਰਤੋਂ ਦੇ ਨਤੀਜੇ ਵਜੋਂ ਕੈਲੰਡਰ ਲਗਭਗ 2500 ਸਾਲਾਂ ਵਿੱਚ ਚੰਦਰਮਾਂ ਦੀਆਂ ਤਿੱਥਾਂ ਤੋਂ 1 ਦਿਨ ਦਾ ਫ਼ਰਕ ਪਾ ਜਾਵੇਗਾ। ਇਤਿਹਾਸਕਾਰ ਇਸ ਕੈਲੰਡਰ ਦੀ ਵਰਤੋਂ ਕਰਦੇ ਹਨ।

 ਤਾਰੀਖ਼ਾਂ ਦਾ ਸਾਂਝੇ ਕੈਲੰਡਰ ਵਿੱਚ ਬਦਲਣਾ

ਜੇਕਰ ਪਰਿਵਰਤਨ ਸਹੀ ਢੰਗ ਨਾਲ ਕੀਤਾ ਜਾਂਦਾ ਹੈ ਤਾਂ ਇਹ ਵੱਧ ਤੋਂ ਵੱਧ 1 ਦਿਨ ਜਾਂ 2 ਦਿਨ ਦਾ ਫ਼ਰਕ ਹੋ ਸਕਦਾ ਹੈ; ਪਰ ਜੇ ਹਫ਼ਤੇ ਦਾ ਦਿਨ ਵੀ ਅਸਲ ਤਾਰੀਖ਼ ਨਾਲ ਦਿੱਤਾ ਗਿਆ ਹੈ ਤਾਂ ਬਦਲੀ ਹੋਈ ਤਾਰੀਖ਼ ਨੂੰ ਸਹੀ ਮਿਤੀ ’ਤੇ ਪਹੁੰਚਣ ਲਈ ਉਸ ਦਿਨ ਵਾਲੀ ਤਾਰੀਖ਼ ਦੀ ਚੋਣ ਕੀਤੀ ਜਾ ਸਕਦੀ ਹੈ।

ਆਓ ਹੁਣ ਹਿਜਰੀ ਤੋਂ ਸਾਂਝੇ ਕੈਲੰਡਰ ਵਿੱਚ ਬਦਲੀਆਂ 2 ਤਾਰੀਖ਼ਾਂ ਨੂੰ ਵੇਖੀਏ। ਸਰੋਤ Ma’asire Alamgiri (Persian) by Must’aad Khan’ ਮਾਸਿਰ ਆਲਮਗਿਰੀ (ਫਾਰਸੀ) ਲੇਖਕ ਮੁਸਤਆਦ ਖਾਨ; ਜਿਸ ਨੂੰ ਫੌਜਾ ਸਿੰਘ ਦੁਆਰਾ ਸੰਪਾਦਿਤ ਅਤੇ ਪੰਜਾਬੀ ਵਿੱਚ ਅਨੁਵਾਦ ਦਰਸ਼ਨ ਸਿੰਘ ਆਵਾਰਾ ਨੇ ਕੀਤਾ ਹੈ :

  1. ਪੰਨਾ 6 ‘- ਜੋਤਸ਼ੀਆਂ ਨੇ ਸ਼ੁੱਕਰਵਾਰ, 1 ਜ਼ਿਲਕਿਦਾਹ 1068 ਏ.ਐੱਚ. (21 ਜੁਲਾਈ 1658- ਇੱਕ ਸ਼ੁਭ ਦਿਨ ਵਜੋਂ-’ ਦੀ ਭਵਿੱਖਬਾਣੀ ਕੀਤੀ ਸੀ।

21 ਜੁਲਾਈ 1658 ਈਸਵੀ (ਜੂਲੀਅਨ) ਨੂੰ ਬੁੱਧਵਾਰ ਸੀ, ਇਸ ਲਈ ਸਹੀ ਮਿਤੀ 23 ਜੁਲਾਈ 1658 CE ਜੂਲੀਅਨ ਸੀ।

  1. ਪੰਨਾ 476 ਔਰੰਗਜ਼ੇਬ ਦੀ ਮੌਤ ਦੀ ਤਾਰੀਖ਼ ਸ਼ੁੱਕਰਵਾਰ, 28 ਜ਼ਿਲਕਿਦਾਹ 1118 ਏ.ਐੱਚ. (20 ਫ਼ਰਵਰੀ 1707 ਈ.) ਦੱਸਦੀ ਹੈ।

ਆਮ ਤੌਰ ’ਤੇ 20 ਫ਼ਰਵਰੀ ਦੀ ਤਾਰੀਖ਼ ਦਾ ਭਾਰਤੀ ਲੇਖਕਾਂ ਦੁਆਰਾ ਹਵਾਲਾ ਦਿੱਤਾ ਜਾਂਦਾ ਹੈ। ਸ਼ਾਇਦ ਇਸ ਦਾ ਸਰੋਤ ਜਾਦੂ ਨਾਥ ਸਰਕਾਰ ਹੈ, ਪਰ ਭਾਰਤ ਦਾ ਇਤਿਹਾਸ ਆਕਸਫੋਰਡ ਵਿਨਸੈਂਟ ਸਮਿਥ, 21 ਫ਼ਰਵਰੀ ਨੂੰ ਸਹੀ ਦੱਸਦਾ ਹੈ [ਕਿਉਂਕਿ ਉਸ ਤਾਰੀਖ਼ ਨੂੰ ਦਿਨ ਸ਼ੁੱਕਰਵਾਰ ਸੀ]।

ਸਾਂਝਾ ਕੈਲੰਡਰ (CE)

ਈਸਵੀ ਕੈਲੰਡਰ ਨੂੰ ਆਮ ਤੌਰ ’ਤੇ CE ਜਾਂ BCE (AD ਜਾਂ BC) ਦੇ ਰੂਪ ਵਿੱਚ ਸੰਖੇਪ ਕੀਤਾ ਗਿਆ ਹੈ ਕਿਉਂਕਿ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਇਸ ਕੈਲੰਡਰ ਨੂੰ ਅਪਣਾਇਆ ਗਿਆ ਜਾਂ ਸਮਾਨੰਤਰ ਵਰਤਿਆ ਜਾ ਰਿਹਾ ਹੈ, ਇਸ ਲਈ ਹੁਣ ਸਾਂਝੇ ਕੈਲੰਡਰ ਵਜੋਂ ਜਾਣਿਆ ਜਾਂਦਾ ਹੈ।  1582 ਈਸਵੀ ਤੋਂ ਪਹਿਲਾਂ ਇਸ ਨੂੰ ਜੂਲੀਅਨ ਕੈਲੰਡਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ; ਜਿਸ ਦੇ ਲੀਪ ਸਾਲ ਦਾ ਨਿਯਮ ਸੀ : ‘ਜੇ ਕੋਈ ਸਾਲ ਬਿਨਾਂ ਬਾਕੀ ਬਚੇ 4 ਨਾਲ ਪੂਰਾ ਵੰਡਿਆ ਜਾਂਦਾ ਤਾਂ ਇਹ ਲੀਪ ਸਾਲ ਹੁੰਦਾ ਸੀ ਲਾਗੂ ਸੀ। ਇਸ ਦੇ ਇੱਕ ਸਾਲ ਵਿੱਚ ਔਸਤਨ 365.25 ਦਿਨ ਹੁੰਦੇ ਹਨ। ਰੁੱਤੀ ਸਾਲ ਦੀ ਲੰਬਾਈ 365.2422 ਦਿਨ ਤੋਂ ਇਹ ਲੰਬਾਈ ਥੋੜ੍ਹੀ ਜ਼ਿਆਦਾ ਹੋਣ ਕਾਰਨ, ਜੂਲੀਅਨ ਕੈਲੰਡਰ ਵਿੱਚ ਸਾਲ ਦੀ ਸ਼ੁਰੂਆਤ ਹਰ ਸਾਲ ਬਸੰਤ ਸਮਰਾਤ (Equinox) ਤੋਂ ਥੋੜ੍ਹੀ ਪਹਿਲਾਂ ਹੋ ਜਾਂਦੀ ਸੀ। ਸਾਲ 325 ਈਸਵੀ ਵਿੱਚ ਬਸੰਤ ਸਮਰਾਤ (ਦਿਨ ਅਤੇ ਰਾਤ ਬਰਾਬਰ) 21 ਮਾਰਚ ਨੂੰ ਹੋਇਆ ਸੀ, ਪਰ ਜੂਲੀਅਨ ਸਾਲ ਦੀ ਸ਼ੁਰੂਆਤ ਹੌਲੀ-ਹੌਲੀ ਅੱਗੇ ਵਧਣ ਕਾਰਨ 1582 ਈਸਵੀ ਨੂੰ ਬਸੰਤ ਸਮਰਾਤ (Equinox) 10 ਦਿਨ ਪਹਿਲਾਂ 11 ਮਾਰਚ ਨੂੰ ਹੋਇਆ। ਇਸ ਤਰ੍ਹਾਂ ਕੈਲੰਡਰ ਰੁੱਤਾਂ ਦਾ ਸਾਥ ਛੱਡ ਰਿਹਾ ਸੀ।

ਪੋਪ ਗ੍ਰੈਗਰੀ ਨੇ ਆਪਣੇ ਖਗੋਲ-ਵਿਗਿਆਨੀ ਦੀ ਸਿਫ਼ਾਰਸ਼ ’ਤੇ ਜੂਲੀਅਨ ਕੈਲੰਡਰ ਵਿੱਚ ਸੁਧਾਰ ਕਰਦਿਆਂ ਲੀਪ ਸਾਲ ਦੇ ਨਿਯਮਾਂ ’ਚ ਤਬਦੀਲੀ ਕੀਤੀ ਕਿ 4 ਨਾਲ ਪੂਰੀ ਤਰ੍ਹਾਂ ਵੰਡੇ ਜਾਣ ਵਾਲੇ ਸਾਲ ਲੀਪ ਸਾਲ ਹੋਣਗੇ, ਪਰ ਸਦੀ ਦੇ ਸਾਲ ਤਾਂ ਹੀ ਲੀਪ ਸਾਲ ਹੋਣਗੇ ਜੇ ਇਹ 400 ’ਤੇ ਪੂਰੀ ਪੂਰੀ ਵੰਡੀ ਜਾਵੇ। ਲੀਪ ਸਾਲ ਦੇ ਨਿਯਮਾਂ ’ਚ ਸੋਧ ਕਰਕੇ ਪੋਪ ਨੇ ਹੁਕਮ ਦਿੱਤਾ ਕਿ 5 ਅਕਤੂਬਰ 1582 ਦਿਨ ਸ਼ੁੱਕਰਵਾਰ ਨੂੰ 15 ਅਕਤੂਬਰ ਮਨੋਨੀਤ ਕੀਤਾ ਜਾਵੇ। ਇਸ ਸੋਧ ਨਾਲ ਸਾਲ 1582 ਦੇ 355 ਦਿਨ ਸੀ ਕਿਉਂਕਿ ਅਕਤੂਬਰ ਮਹੀਨੇ ਦੇ ਕੇਵਲ 21 ਦਿਨ ਰਹਿ ਗਏ। [ਲੀਪ ਸਾਲ ਦੇ ਨਿਯਮਾਂ ਦੀ ਇਸ ਤਬਦੀਲੀ ਨਾਲ ਜਿੱਥੇ ਪਹਿਲਾਂ ਜੂਲੀਅਨ ਕੈਲੰਡਰ ਦੇ 400 ਸਾਲਾਂ ’ਚ 100 ਲੀਪ ਸਾਲ ਬਣ ਜਾਂਦੇ ਸਨ ਹੁਣ ਸੋਧ ਪਿੱਛੋਂ 400 ਸਾਲਾਂ ’ਚ 97 ਲੀਪ ਦੇ ਸਾਲ ਹੋਣਗੇ, ਜਿਸ ਨਾਲ ਸਾਲ ਦੀ ਔਸਤਨ ਲੰਬਾਈ ਰੁੱਤੀ ਸਾਲ ਦੇ ਬਹੁਤ ਹੀ ਨੇੜੇ  ਆ ਗਈ ਭਾਵ 365.2425 ਦਿਨ ਹੈ। ਨਵੇਂ ਕੈਲੰਡਰ ਨੂੰ ਗਰੈਗੋਰੀਅਨ ਕੈਲੰਡਰ ਕਿਹਾ ਜਾਂਦਾ ਹੈ, ਜੋ ਤਕਰੀਬਨ 3300 ਸਾਲਾਂ ’ਚ ਕੇਵਲ ਇੱਕ ਦਿਨ ਦਾ ਹੀ ਫ਼ਰਕ ਪਾਉਂਦਾ ਹੈ ਜਦੋਂ ਕਿ ਜੂਲੀਅਨ ਕੈਲੰਡਰ 128 ਸਾਲਾਂ ’ਚ ਹੀ ਇੱਕ ਦਿਨ ਦਾ ਫ਼ਰਕ ਪਾ ਜਾਂਦਾ ਸੀ।]

ਇਸ ਬਦਲਾਅ ਨੂੰ ਕੁਝ ਦੇਸ਼ਾਂ ਨੇ ਤੁਰੰਤ ਲਾਗੂ ਕੀਤਾ, ਪਰ ਇੰਗਲੈਂਡ ਅਤੇ ਅਮਰੀਕਾ ਨੇ ਜੂਲੀਅਨ ਕੈਲੰਡਰ ਦੀ ਵਰਤੋਂ ਜਾਰੀ ਰੱਖੀ। ਜਦੋਂ ਦੋ ਕੈਲੰਡਰਾਂ ਵਿੱਚ ਅੰਤਰ ਵਧ ਕੇ 11 ਦਿਨ ਹੋ ਗਿਆ ਤਾਂ ਉਨ੍ਹਾਂ ਨੇ ਸਤੰਬਰ 1752 ਵਿੱਚ ਗ੍ਰੈਗੋਰੀਅਨ ਕੈਲੰਡਰ ਲਾਗੂ ਕੀਤਾ। ਇਸ ਲਈ 3 ਸਤੰਬਰ 1752 ਦਿਨ ਵੀਰਵਾਰ ਨੂੰ 14 ਸਤੰਬਰ ਵਜੋਂ ਮਨੋਨੀਤ ਕੀਤਾ ਗਿਆ, ਇਸ ਤਰ੍ਹਾਂ ਇਸ ਸਾਲ ’ਚ 11 ਤਾਰੀਖ਼ਾਂ ਘਟ ਗਈਆਂ।  ਜੂਲੀਅਨ ਤੋਂ ਗ੍ਰੈਗੋਰੀਅਨ ਕੈਲੰਡਰ ਵਿੱਚ ਤਬਦੀਲੀ ਦੇ ਕਾਰਨ ਦੂਸਰੇ ਕੈਲੰਡਰਾਂ ਦੇ ਸਾਲਾਂ ਦੀ ਸ਼ੁਰੂਆਤ ਤਬਦੀਲੀ ਤੋਂ ਬਾਅਦ ਸਾਂਝੇ ਕੈਲੰਡਰ ਦੇ ਸੰਬੰਧ ਵਿੱਚ 10 ਜਾਂ 11 ਦਿਨਾਂ ਬਾਅਦ ਹੋਣ ਲੱਗੀ।

ਬਹੁਤੇ ਭਾਰਤੀ ਇਤਿਹਾਸਕਾਰ 1752 ਈਸਵੀ ਵਿੱਚ ਤਬਦੀਲੀ ਦੀ ਵਰਤੋਂ ਕਰਕੇ ਤਾਰੀਖ਼ਾਂ ਨੂੰ ਬਦਲ ਰਹੇ ਹਨ ਜਦੋਂ ਕਿ ਦੂਸਰੇ 1582 ਈਸਵੀ ਵਿੱਚ ਤਬਦੀਲੀ ਦੀ ਵਰਤੋਂ ਕਰਦੇ ਹਨ। ਇਸ ਲਈ (5 ਅਕਤੂਬਰ 1582 CE ਜੂਲੀਅਨ ਤੋਂ 2 ਸਤੰਬਰ 1752 CE ਜੂਲੀਅਨ) ਵਿਚਕਾਰ ਜੇਕਰ ਕੋਈ 1582 ਈਸਵੀ ਅਤੇ ਦੂਜਾ 1752 ਵਿੱਚ ਤਬਦੀਲੀ ਦੀ ਚੋਣ ਕਰਦਾ ਹੈ ਤਾਂ ਇੱਕੋ ਘਟਨਾ ਲਈ ਦੋ ਇਤਿਹਾਸਕਾਰਾਂ ਦੁਆਰਾ ਦਿੱਤੀਆਂ ਤਾਰੀਖ਼ਾਂ ਵਿਚਕਾਰ 10 ਜਾਂ 11 ਦਿਨਾਂ ਦਾ ਅੰਤਰ ਹੋ ਸਕਦਾ ਹੈ। ਉਲਝਣ ਤੋਂ ਬਚਣ ਲਈ ਕੁਝ ਲੇਖਕਾਂ ਦੁਆਰਾ ਦੋ ਤਬਦੀਲੀਆਂ ਕਰਨ ਵਾਲੀਆਂ ਤਾਰੀਖ਼ਾਂ ਲਈ, ‘ਪੁਰਾਣੀ ਸ਼ੈਲੀ (OS)’ ਜਾਂ ‘ਨਵੀਂ ਸ਼ੈਲੀ (NS)’ ਮਿਤੀ ਦੇ ਨਾਲ ਦਿੱਤੀ ਗਈ ਹੈ।

ਸਮੱਸਿਆ ਦੇ ਕਾਰਨ

ਇਨ੍ਹਾਂ ਤਰੁਟੀਆਂ ਦਾ ਮੁੱਖ ਕਾਰਨ ਪਿਛਲੇ ਸਮੇਂ ਲਈ ਵਿਸਤ੍ਰਿਤ ਜੰਤਰੀਆਂ ਦੀ ਉਪਲਬਧਤਾ ਦੀ ਘਾਟ ਸੀ। ਇਤਿਹਾਸਕਾਰਾਂ ਅਤੇ ਵਿਦਵਾਨਾਂ ਨੂੰ ਈਸਵੀ ਕੈਲੰਡਰ ਦੇ ਸੰਬੰਧ ਵਿਚ ਬਿਕ੍ਰਮੀ ਅਤੇ ਹਿਜਰੀ ਸਾਲਾਂ ਦੀ ਸ਼ੁਰੂਆਤ ਬਾਰੇ ਉਪਲਬਧ ਘੱਟ ਜਾਣਕਾਰੀ ਤੋਂ ਕੰਮ ਲੈਣਾ ਪਿਆ। ਬਿਕ੍ਰਮੀ ਅਤੇ ਈਸਵੀ ਕੈਲੰਡਰਾਂ ਦੇ ਚੰਗੇ ਗਿਆਨ ਨਾਲ ਕੋਈ ਵੀ ਇੱਕ ਦਿਨ ਦੀ ਸ਼ੁੱਧਤਾ ਨਾਲ ਇੱਕ ਕੈਲੰਡਰ ਦੀਆਂ ਤਾਰੀਖ਼ਾਂ ਨੂੰ ਦੂਜੇ ਵਿੱਚ ਬਦਲ ਸਕਦਾ ਹੈ। ਹਾਲਾਂਕਿ, ਬਿਕ੍ਰਮੀ ਕੈਲੰਡਰ ਦੀਆਂ ਚੰਦਰ ਤਾਰੀਖ਼ਾਂ ਦੇ ਮਾਮਲੇ ਵਿੱਚ ਸਮੱਸਿਆ ਅਧਿਕਾ ਮਾਸ ਜਾਂ ਮਲਮਾਸ ਜਾਂ ਲੌਂਦ ਮਹੀਨਿਆਂ (ਅੰਤਰਕਾਲਰੀ ਮਹੀਨਿਆਂ) ਕਾਰਨ ਵਧ ਜਾਂਦੀ ਹੈ। ਜੇ ਕਿਸੇ ਖ਼ਾਸ ਸਾਲ ਵਿੱਚ ਵਾਪਰਨ ਵਾਲੇ ਸਹੀ ਮਲਮਾਸ ਮਹੀਨਾ ਪਤਾ ਨਹੀਂ ਹੈ ਤਾਂ ਤਬਦੀਲ ਤਾਰੀਖ਼ਾਂ ’ਚ ਇੱਕ ਮਹੀਨੇ ਦਾ ਫ਼ਰਕ ਹੋ ਸਕਦਾ ਹੈ।

ਡਾ: ਗੰਡਾ ਸਿੰਘ ਨੇ ਇਨ੍ਹਾਂ ਸਮੱਸਿਆਵਾਂ ਨੂੰ ਮਹਿਸੂਸ ਕਰਦੇ ਹੋਏ, ਸਿੱਖ ਇਤਿਹਾਸ ਵਿਚ ਆਪਣੇ ਖੋਜ ਪ੍ਰੋਜੈਕਟਾਂ ’ਤੇ ਕੰਮ ਕਰਦੇ ਹੋਏ, ਈਸਵੀ ਕੈਲੰਡਰ ਦੇ ਸੰਬੰਧ ਵਿਚ ਸੂਰਜੀ ਬਿਕ੍ਰਮੀ ਸਾਲਾਂ ਦੀ ਸ਼ੁਰੂਆਤ ਦੀ ਗਣਨਾ ਕਰਨ ਦੇ ਤਰੀਕੇ ਨਾਲ ਧਿਆਨ ਦੇਣ ਯੋਗ ਯਤਨ ਕੀਤਾ। ਇਨ੍ਹਾਂ ਤਾਰੀਖ਼ਾਂ ਲਈ ਉਸ ਨੇ ਹਿਜਰੀ ਕੈਲੰਡਰ ਦੀਆਂ ਤਾਰੀਖ਼ਾਂ ਅਤੇ ਬਿਕ੍ਰਮੀ ਕੈਲੰਡਰ ਦੇ ਚੰਦਰ ਮਹੀਨਿਆਂ ਦੀਆਂ ਤਿਥੀਆਂ ਦਿੱਤੀਆਂ।

ਉਸ ਨੇ ਉਰਦੂ ਭਾਸ਼ਾ ਵਿੱਚ ‘ਮੁਖਤਾਸਿਰ ਨਾਨਕਸ਼ਾਹੀ ਜੰਤਰੀ’ ਨਾਮਕ ਆਪਣਾ ਟੇਬਲ ਪ੍ਰਕਾਸ਼ਿਤ ਕੀਤਾ, ਜਿਸ ਵਿੱਚ ਉਸ ਨੇ ਅੰਤਰਕਾਲਰੀ (ਮਲਮਾਸ) ਮਹੀਨਿਆਂ ਦੀ ਇੱਕ ਸਾਰਣੀ ਵੀ ਦਿੱਤੀ ਹੈ। ਇੱਥੇ ਇਹ ਕਹਿਣਾ ਕਾਫ਼ੀ ਹੋਵੇਗਾ ਕਿ ਮੁੱਖ ਸਾਰਣੀ ਵਿੱਚ ਅਸ਼ੁੱਧੀਆਂ ਹਨ, ਅਤੇ ਅੰਤਰ-ਕਾਲਰੀ ਮਹੀਨਿਆਂ ਦੀ ਸਾਰਣੀ ਬਹੁਤੀ ਸਹੀ ਨਹੀਂ ਹੈ। ਇਸ ਤੋਂ ਇਲਾਵਾ ਕਿਉਂਕਿ ਵੈਸਾਖ ੧ (ਬਿਕ੍ਰਮੀ ਸੂਰਜੀ ਸਾਲ ਦੀ ਸ਼ੁਰੂਆਤ) ਲਈ ਸੰਬੰਧਿਤ ਮਿਤੀਆਂ ਹਰ ਸਾਲ ਲਈ ਦਿੱਤੀਆਂ ਜਾਂਦੀਆਂ ਹਨ, ਇਸ ਲਈ ਜੰਤਰੀ ਤਾਰੀਖ਼ਾਂ ਦੇ ਵਿਆਪਕ ਸਪੈਕਟ੍ਰਮ (spectrum) ਨਾਲ ਕੰਮ ਕਰਨ ਵਾਲੇ ਖੋਜ ਕਰਤਾਵਾਂ ਲਈ ਬਹੁਤ ਮਦਦਗਾਰ ਨਹੀਂ ਹੋ ਸਕਦੀ।

ਇਸ ਪੇਪਰ ਦੇ ਲੇਖਕ ਦੁਆਰਾ 1469 ਈਸਵੀ ਤੋਂ 1968 ਈਸਵੀ (ਬਿਕ੍ਰਮੀ ੧੫੨੫/੨੬ ਤੋਂ ਬਿਕ੍ਰਮੀ ੨੦੨੪/੨੫, ਹਿਜਰੀ 873/74 ਤੋਂ 1387/88) ਲਈ ਪੰਜ ਸੌ ਸਾਲ ਦੀ ਜੰਤਰੀ, ਰੋਜ਼ਾਨਾ ਆਧਾਰ ’ਤੇ ਸੂਰਜੀ ਸਿਧਾਂਤ ਅਨੁਸਾਰ ਗਣਨਾ ਕੀਤੀ ਗਈ, ਜਿਸ ਨਾਲ ਇਤਿਹਾਸ ਦੀਆਂ ਤਾਰੀਖ਼ਾਂ ਨੂੰ ਇੱਕ ਕੈਲੰਡਰ ਤੋਂ ਦੂਜੇ ਕੈਲੰਡਰ ਵਿੱਚ ਬਿਨਾਂ ਕਿਸੇ ਗਣਨਾ ਦੇ ਬਦਲਣ ਦੀ ਸਹੂਲਤ ਹੈ।  1960 CE ਤੋਂ 2000 CE ਲਈ ਦ੍ਰਿਕ ਗਣਿਤ (ਆਧੁਨਿਕ) ਤਰੀਕਿਆਂ ਦੇ ਅਨੁਸਾਰ ਗਣਨਾ ਨਾਲ ਕੈਲੰਡਰ ਵੀ ਪ੍ਰਦਾਨ ਕੀਤਾ ਗਿਆ ਹੈ। [ਅਗਸਤ 2022 ’ਚ ਸਿੰਘ ਬ੍ਰਦਰਜ਼ ਅੰਮ੍ਰਿਤਸਰ ਨੇ ‘ਨਾਨਕਸ਼ਾਹੀ ਕੈਲੰਡਰ-632 ਸਾਲਾ (1469 ਤੋਂ 2100 CE) ਜੰਤਰੀ ਵੀ ਛਾਪ ਦਿੱਤੀ ਹੈ] ਇਹ ਕੰਮ ਖੋਜ ਕਰਤਾਵਾਂ, ਇਤਿਹਾਸਕਾਰਾਂ, ਵਿਦਿਆਰਥੀਆਂ, ਬੁਲਾਰਿਆਂ ਅਤੇ ਆਮ ਲੋਕਾਂ ਲਈ ਕਿਸੇ ਵੀ ਦਿੱਤੇ ਗਏ ਕੈਲੰਡਰ ਵਿੱਚ ਕਿਸੇ ਵਿਸ਼ੇਸ਼ ਘਟਨਾ ਦੀ ਮਿਤੀ ਨਿਰਧਾਰਿਤ ਕਰਨ ਲਈ ਬਹੁਤ ਲਾਭਦਾਇਕ ਸਾਬਤ ਹੋ ਸਕਦਾ ਹੈ।

ਸਿੱਟੇ

ਬਿਕ੍ਰਮੀ ਅਤੇ ਹਿਜਰੀ ਕੈਲੰਡਰਾਂ ’ਚ ਦਿੱਤੀਆਂ ਮੂਲ ਤਾਰੀਖ਼ਾਂ ਦੀ ਸਟੀਕਤਾ ਦੀ ਜਾਂਚ ਕਰਨ ਦੀ ਸਮੱਸਿਆ; ਵਿਸਤ੍ਰਿਤ ਪੰਚਾਂਗਾਂ ਦੀ ਉਪਲਬਧਤਾ ਦੀ ਘਾਟ ਅਤੇ ਇਤਿਹਾਸਕਾਰਾਂ ਦੁਆਰਾ ਇਸ ਖੇਤਰ ਵਿੱਚ ਮੁਹਾਰਤ ਦੀ ਘਾਟ ਕਾਰਨ ਅਤੇ ਕੁਝ ਹੱਦ ਤੱਕ ਲੇਖਕਾਂ ਦੀ ਲਾਪਰਵਾਹੀ ਕਾਰਨ ਸੀ। ਇਸ ਲੇਖਕ ਦੀ ਜੰਤਰੀ 500 ਸਾਲਾ [ਨਵੀਂ ਜੰਤਰੀ 1469-2100 ਸੀਈ 632 ਸਾਲ] 1469 ਈਸਵੀ ਤੋਂ ਬਾਅਦ ਦੀ ਮਿਆਦ ਲਈ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਬਹੁਤ ਮਦਦਗਾਰ ਹੋ ਸਕਦੀ ਹੈ।

ਨੋਟ: 500/632 ਸਾਲਾ ਜੰਤਰੀਆਂ ’ਚ-

  1. 2 ਸਤੰਬਰ 1752 ਤੱਕ ਦੀਆਂ ਸਾਂਝੇ ਕੈਲੰਡਰ ਦੀਆਂ ਸਾਰੀਆਂ ਤਾਰੀਖ਼ਾਂ ਜੂਲੀਅਨ ਕੈਲੰਡਰ ਵਿੱਚ ਹਨ ਅਤੇ 14 ਸਤੰਬਰ ਤੋਂ ਬਾਅਦ ਸਾਰੀਆਂ ਤਾਰੀਖ਼ਾਂ ਗ੍ਰੀਗੋਰੀਅਨ ਕੈਲੰਡਰ ਵਿੱਚ ਹਨ।
  2. CEJ ਸਾਂਝਾ ਕੈਲੰਡਰ ਜੂਲੀਅਨ ਨੂੰ ਦਰਸਾਉਂਦਾ ਹੈ।
  3. BK ਦਾ ਅਰਥ ਹੈ ਬਿਕ੍ਰਮੀ ਸੰਵਤ
  4. ਹਿਜਰੀ ਕੈਲੰਡਰ ਲਈ AH

 (ਇਹ ਹਥਲਾ ਪੇਪਰ ਮਾਰਚ 1996 ਵਿੱਚ ‘ਪ੍ਰੋਸੀਡਿੰਗਜ਼ ਆਫ਼ ਦਾ ਪੰਜਾਬ ਹਿਸਟਰੀ ਕਾਨਫਰੰਸ, 27ਵੇਂ ਸੈਸ਼ਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪ੍ਰਕਾਸ਼ਤਿ ਹੋਇਆ ਸੀ)

Related Articles

4,987FansLike
0FollowersFollow
0SubscribersSubscribe

DONATION

- Advertisement -spot_img

Latest Articles