22.5 C
Jalandhar
Thursday, March 28, 2024
spot_img

ਸਤਿਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਵਿਸਾਖ ਵਿੱਚ ਕਿਉਂ ਮਨਾਉਣਾ ਜ਼ਰੂਰੀ  ?, ਬਾਰੇ ਇਤਿਹਾਸਕ ਤੱਥ

ਸਤਿਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਵਿਸਾਖ ਵਿੱਚ ਕਿਉਂ ਮਨਾਉਣਾ ਜ਼ਰੂਰੀ  ?, ਬਾਰੇ ਇਤਿਹਾਸਕ ਤੱਥ

ਡਾ. ਓਅੰਕਾਰ ਸਿੰਘ (ਪੀ. ਐੈਚ. ਡੀ.)

ਦਰਅਸਲ ਸਿੱਖੀ ਦਾ ਇਹ ਬੂਟਾ ਜਦੋਂ ਮੌਲਣ ਲੱਗਾ ਤਾਂ ਇਸ ਦੇ ਦੋਖੀਆਂ ਨੇ ਮੁੱਢ ਤੋਂ ਹੀ ਬਹੁਤ ਸਾਰੇ ਭਰਮ ਭੁਲੇਖੇ ਖੜ੍ਹੇ ਕਰਕੇ ਇਸ ਨੂੰ ਮਸਲ ਦੇਣ ਦੀਆਂ ਕੋਸ਼ਿਸ਼ਾਂ ਆਰੰਭ ਦਿੱਤੀਆਂ ਸਨ। ਨਿਰੰਕਾਰ ਰੂਪ ਗੁਰੂ ਨਾਨਕ ਜੀ ਵੱਲੋਂ ਪ੍ਰਗਟਾਏ ਸੱਚ ਨੂੰ ਕੂੜ ਦੇ ਹਨ੍ਹੇਰੇ ਨਾਲ ਮਿਟਾਉਣ ਦੇ ਯਤਨ ਨਾਲੋਂ ਨਾਲ ਹੀ ਆਰੰਭ ਹੋ ਗਏ ਸਨ। ਕੂੜਿਆਰਾਂ ਵੱਲੋਂ ਕੀਤੇ ਬੱਜਰ ਕਰਮਾਂ ਵਿੱਚੋਂ ਇੱਕ ਦਾ ਆਰੰਭ ਗੁਰੂ ਘਰ ਦੇ ਮਸੰਦ ਬਾਬਾ ਹੰਦਾਲ ਦੀ ਸੰਤਾਨ ਅਤੇ ਉਸ ਦੇ ਪੈਰੋਕਾਰ ਨਿਰੰਜਨੀਆਂ ਵੱਲੋਂ, ਭਾਈ ਬਾਲੇ ਦਾ ਫ਼ਰਜ਼ੀ ਪਾਤਰ ਘੜ੍ਹ ਕੇ ਇੱਕ ਜਨਮ-ਸਾਖੀ ਲਿਖੀ ਗਈ, ਜਿਸ ਨੂੰ ਬਾਲੇ ਵਾਲੀ ਜਨਮ ਸਾਖੀ ਵੀ ਕਿਹਾ ਜਾਂਦਾ ਹੈ। ਨਿਰੰਕਾਰੀ ਜੋਤ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਅਤੇ ਵਿਚਾਰਧਾਰਾ ਨੂੰ ਧੁੰਧਲਾਉਣ ਲਈ, ਇੱਕ ਗਿਰੋਹ ਸਿਰਜ ਕੇ ਪੂਰੀ ਵਿਉਂਤਬੰਦੀ ਨਾਲ ਇਸ ਨੂੰ ਸਿੱਖ ਜਗਤ ਅੰਦਰ ਗਹਿਰਾ ਧੱਸ ਦਿੱਤਾ ਗਿਆ। ਸਤਿਗੁਰੂ ਨਾਨਕ ਸਾਹਿਬ ਜੀਓ ਦੇ ਜੀਵਨ ’ਤੇ ਬਹੁਤ ਕੋਝੀਆਂ ਊਜਾਂ ਲਗਾਈਆਂ ਗਈਆਂ। ਉਨ੍ਹਾਂ ਨੂੰ ਇੱਕ ਜਾਦੂਗਰ ਵਾਂਗ ਦਰਸਾਉਣ ਦਾ ਮੰਦ-ਯਤਨ ਕੀਤਾ ਗਿਆ। ਇਨ੍ਹਾਂ ਯਤਨਾਂ ਦੇ ਐਸੇ ਵਿਸ਼ੈਲੇ ਨਤੀਜੇ ਨਿਕਲੇ, ਜਿਨ੍ਹਾਂ ਦੀ ਭਰਪਾਈ ਸਿੱਖ ਜਗਤ ਸਦੀਆਂ ਤੱਕ ਨਹੀਂ ਕਰ ਸਕਿਆ। ਇਹ ਬਹੁਤਾ ਗੰਭੀਰ ਅਤੇ ਵਿਸ਼ਾਲ ਵਿਸ਼ਾ ਹੈ ਇਸ ’ਤੇ ਕਦੀ ਫਿਰ ਚਰਚਾ ਕਰਾਂਗੇ। ਇਹ ਹਥਲਾ ਸੰਖੇਪ ਉਪਰਾਲਾ ਸਿਰਫ਼ ਸੱਚੇ ਪਾਤਿਸ਼ਾਹ ਜੀ ਦੇ ਪ੍ਰਕਾਸ਼ ਸੰਬੰਧੀ ਸੱਚ ਨੂੰ ਉਜਾਗਰ ਕਰਨਾ ਹੈ। ਸਾਹਿਬ ਜੀ ਦੇ ਜਨਮ-ਦਿਹਾੜੇ ਸੰਬੰਧੀ ਦੋਖੀਆਂ ਵੱਲੋਂ ਉਸ ਸਮੇਂ ਖੜ੍ਹੇ ਕੀਤੇ ਗਏ ਬਹੁਤ ਸਾਰੇ ਵਹਿਮਾਂ-ਭਰਮਾਂ ਵਿੱਚੋਂ ਇੱਕ ਦਾ ਜ਼ਿਕਰ ਪ੍ਰਸਿੱਧ ਇਤਿਹਾਸਕਾਰ ਸ. ਕਰਮ ਸਿੰਘ ਜੀ ਹਿਸਟੋਰੀਅਨ ਨੇ ਆਪਣੀ ਪੁਸਤਕ ‘ਕੱਤਕ ਕਿ ਵਿਸਾਖ’ ਵਿੱਚ ਕੀਤਾ ਹੈ। ਬ੍ਰਾਹਮਣਾਂ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਭਾਦਰੋਂ ਜਾਂ ਕੱਤਕ ਵਿੱਚ ਜਨਮ ਲੈਣ ਵਾਲਾ ਬਾਲਕ ਅਸ਼ੁਭ ਹੁੰਦਾ ਹੈ। ਲੋਕੀਂ ਇਸ ਭਰਮ ਵਿੱਚ ਉਲਝ ਕੇ ਭਾਦਰੋਂ ਜਾਂ ਕੱਤਕ ਵਿੱਚ ਜਨਮ ਲੈਣ ਵਾਲੇ ਬਾਲਕ ਨੂੰ ਘਰੋਂ ਕੱਢ ਦਿੰਦੇ ਸਨ। ਬਹੁਤ ਸਾਰੇ ਤਾਂ ਉਸ ਨੂੰ ਘਰੋਂ ਕੱਢ ਕੇ ਬ੍ਰਾਹਮਣ ਨੂੰ ਦਾਨ ਕਰ ਦਿੰਦੇ ਅਤੇ ਫਿਰ ਮੁੱਲ ਦੇ ਕੇ ਉਸ ਪਾਸੋਂ ਵਾਪਸ ਲੈ ਲੈਂਦੇ। ਇਸ ਤਰ੍ਹਾਂ ਕਰਨ ਨਾਲ ਉਸ ਬਾਲਕ ਦੀ ਅਸ਼ੁਭਤਾ ਖ਼ਤਮ ਹੋ ਗਈ, ਮੰਨ ਲਈ ਜਾਂਦੀ ਸੀ। ਭਾਈ ਬਾਲਾ ਵਾਲੀ ਜਨਮ ਸਾਖੀ ਦੇ ਸਿਰਜਕਾਂ ਵੱਲੋਂ ਇਸੇ ਬ੍ਰਾਹਮਣੀ-ਭਰਮ ਅਧੀਨ ਸਤਿਗੁਰੂ ਨਾਨਕ ਸਾਹਿਬ ਜੀ ਦਾ ਜਨਮ ਵੀ ਵਿਸਾਖ ਦੀ ਬਜਾਏ ਕੱਤਕ ਵਿੱਚ ਹੋਣ ਦਾ ਭੁਲੇਖਾ ਖੜ੍ਹਾ ਕੀਤਾ ਗਿਆ। ਇਹ ਸਿੱਧ ਕਰਨ ਦਾ ਯਤਨ ਕੀਤਾ ਗਿਆ ਕਿ ਇਹ ਬਾਲਕ ਅਸ਼ੁੱਭ ਹੈ ਕਿਉਂਕਿ ਇਸ ਦਾ ਜਨਮ ਕੱਤਕ ਵਿੱਚ ਹੋਇਆ ਹੈ। ਇਸ ਲੇਖ ਦਾ ਇਹੋ ਮੁੱਖ ਮਕਸਦ ਹੈ ਕਿ ਸਤਿਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼; ਕੱਤਕ ਵਿੱਚ ਨਹੀਂ ਸਗੋਂ ਵਿਸਾਖ ਵਿੱਚ ਹੋਇਆ ਅਤੇ ਇਸ ਨੂੰ ਅਸੀਂ ਮਿਲਦੇ ਇਤਿਹਾਸਕ ਹਵਾਲਿਆਂ ਨਾਲ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਲਗਭਗ ਸਾਰੇ ਇਤਿਹਾਸਕ ਤੱਥਾਂ ਤੋਂ ਇਹ ਗੱਲ ਭਲੀ-ਭਾਂਤ ਸਪਸ਼ਟ ਹੁੰਦੀ ਹੈ ਕਿ ਸਤਿਗੁਰੂ ਜੀ ਦਾ ਪ੍ਰਕਾਸ਼ ਵੈਸਾਖ਼ ਸੁਦੀ ੩, ਸੰਮਤ ੧੫੨੬; ਜਿਸ ਦੀ ਅੰਗਰੇਜ਼ੀ ਤਾਰੀਖ਼ 15 ਅਪ੍ਰੈਲ, 1469 (ਜੂਲੀਅਨ), ੨੦ ਵੈਸਾਖ ਸੰਮਤ ੧੫੨੬ ਬਣਦੀ ਹੈ, ਨੂੰ ਹੋਇਆ। (ਸ. ਪਾਲ ਸਿੰਘ ਜੀ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਵਿੱਚ ਇਹ ੧ ਵਿਸਾਖ (14 ਅਪ੍ਰੈਲ ਨਿਸ਼ਚਿਤ ਕੀਤੀ ਹੈ) ਆਓ ਸੱਚ ਜਾਣਨ ਲਈ ਇਸ ਸੰਬੰਧੀ ਪ੍ਰਾਪਤ ਕੁੱਝ ਵਿਸ਼ੇਸ਼ ਤੱਥਾਂ ’ਤੇ ਨਜ਼ਰਸਾਨੀ ਕਰੀਏ :

ਸਭ ਨਾਲੋਂ ਪਹਿਲਾਂ ਅਸੀਂ ਗੁਰਮੁਖੀ ਦੀ ਅਣਮੋਲ ਇਤਿਹਾਸਕ ਹੱਥ ਲਿਖਤ ਸਾਖੀ ‘ਮਹਲੁ ਪਹਿਲੇ ਕੀ’, ਜਿਸ ਨੂੰ ਲਿਖਣ ਵਾਲੇ ਸਾਖੀਕਾਰ ਭਾਈ ਸ਼ੀਹਾਂ ਉੱਪਲ, ਜੋ ਸਤਿਗੁਰੂ ਨਾਨਕ ਸਾਹਿਬ ਜੀ ਦੇ ਅਨਿਨ ਸਿੱਖ ਸਨ, ਦਾ ਹਵਾਲਾ ਦੇ ਰਹੇ ਹਾਂ। ਇਹ ਜਨਮ ਸਾਖੀ ਸਤਿਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਲਗਭਗ 30 ਸਾਲ ਬਾਅਦ ਲਿਖੀ ਗਈ। ਇਸ ਨੂੰ ਸ. ਸ. ਪਦਮ (ਪ੍ਰੋਫ਼ੈਸਰ ਸੰਤ ਸਿੰਘ ਪਦਮ) ਨੇ ਸੰਪਾਦਿਤ ਕੀਤਾ ਅਤੇ ਸਿੰਘ ਬਰਦਰਜ਼ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਬਾਰੇ ਇਉਂ ਲਿਖਿਆ ਹੋਇਆ ਹੈ ਸੰਮਤ ੧੫੨੬ ਬਾਬਾ ਨਾਨਕੁ ਜਨਮਿਆ ਵੈਸਾਖ ਦਿਨ ਤੀਜ ਚਾਨਣੀ ਰਾਤਿ ਅੰਮ੍ਰਿਤ ਵੇਲਾ ਪਹਰੁ ਰਾਤਿ ਰਹਿੰਦੀ ਜਨਮੁ ਲਇਆ

ਇਸ ਤੋਂ ਬਾਅਦ ‘ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ’, ਜਿਸ ਦੀ ਹੱਥ ਲਿਖਤ ਕਾਪੀ ਇੰਡੀਆ ਆਫ਼ਿਸ ਲਾਇਬ੍ਰੇਰੀ ਲੰਡਨ ਵਿੱਚ ਸਾਂਭੀ ਹੋਈ ਹੈ ਅਤੇ ਉਸ ਦਾ ਨੰਬਰ ਬੀ-40 ਅਤੇ ਜਿਸ ਨੂੰ ਡਾ. ਪਿਆਰ ਸਿੰਘ ਜੀ ਨੇ ਸੰਪਾਦਿਤ ਕੀਤਾ ਅਤੇ ਪਹਿਲੀ ਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਨਵੰਬਰ 1974 ਵਿੱਚ ਛਾਪਿਆ ਗਿਆ। ਇਸ ਵਿੱਚ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸੰਬੰਧੀ ਇਹ ਸਤਰਾਂ ਦਰਜ ਹਨ ਸੰਮਤ ੧੫੨੬ ਬਾਬਾ ਨਾਨਕੁ ਜਨਮਿਆ ਵੈਸਾਖ ਦਿਨ ਤੀਜੈ ਚਾਨਣੀ ਰਾਤਿ ਅੰਮ੍ਰਿਤ ਵੇਲੈ ਪਹਰੁ ਰਾਤਿ ਰਹਿੰਦੀ (ਕਉੁ) ਜਨਮਿਆ….’

‘ਪੁਰਾਤਨ ਜਨਮ ਸਾਖੀ’, ਜਿਸ ਨੂੰ H.T. Cole Brook ਵਾਲੀ ਜਨਮ ਸਾਖੀ ਵੀ ਕਿਹਾ ਜਾਂਦਾ ਹੈ। ਇਸ ਦੀ ਹੱਥ-ਲਿਖਤ ਵੀ ਇੰਡੀਆ ਆਫ਼ਿਸ, ਲੰਡਨ ਦੀ ਲਾਇਬ੍ਰੇਰੀ ਵਿੱਚ ਇੰਦਰਾਜ ਨੰਬਰ ਬੀ-6 ’ਤੇ ਸਾਂਭੀ ਹੋਈ ਹੈ। ਇਸ ਨੂੰ ਭਾਈ ਵੀਰ ਸਿੰਘ ਜੀ ਨੇ ਸੰਪਾਦਿਤ ਕਰਕੇ ਨਵੰਬਰ 1989 ਵਿੱਚ ਖਾਲਸਾ ਸਮਾਚਾਰ, ਹਾਲ ਬਾਜ਼ਾਰ, ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕਰਵਾਇਆ। ਇਸੇ ਜਨਮ ਸਾਖੀ ਲੜੀ ਦੀਆਂ ਤਿੰਨ ਹੋਰ ਹੱਥ ਲਿਖਤਾਂ ਨੂੰ ਪ੍ਰਸਿੱਧ ਵਿਦਵਾਨ ਡਾ. ਰਤਨ ਸਿੰਘ ਜੱਗੀ ਨੇ ਆਪਣੀ ਪੁਸਤਕ ‘ਪੁਰਾਤਨ ਜਨਮਸਾਖੀ ਦਾ ਵਿਸ਼ਲੇਸ਼ਣਾਤਮਕ ਅਧਿਐੈਨ’ ਰਾਹੀਂ ਸੰਪਾਦਿਤ ਕੀਤਾ ਅਤੇ ਇਸ ਨੂੰ ਪੈਪਸੂ ਬੁੱਕ ਡਿਪੂ, ਪਟਿਆਲਾ ਨੇ ਛਾਪਿਆ। ਪਹਿਲੀ ਹੱਥ-ਲਿਖਤ ਦੀ ਕਾਪੀ ਨਿਰਮਲੇ ਸੰਤ ਗਿਆਨੀ ਚੰਦਾ ਸਿੰਘ ਰਿਖੀਕੇਸ਼ ਵਾਲਿਆਂ ਕੋਲ ਪਈ ਹੈ। ਦੂਸਰੀ ਹੱਥ ਲਿਖਤ ਪੰਜਾਬ ਹਿਸਟੋਰੀਕਲ ਸਟੱਡੀਜ਼ ਡਿਪਾਰਟਮੈਂਟ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਨੰਬਰ 2665 ’ਤੇ ਸੁਰੱਖਿਅਤ ਹੈ। ਤੀਸਰੀ ਹੱਥ ਲਿਖਤ ਸੈਂਟ੍ਰਲ ਪਬਲਿਕ ਲਾਇਬ੍ਰੇਰੀ ਪਟਿਆਲਾ ਵਿੱਚ ਨੰਬਰ 2913 ’ਤੇ ਸੁਰੱਖਿਅਤ ਹੈ। ਇਨ੍ਹਾਂ ਸਾਰੀਆਂ ਪੋਥੀਆਂ ਵਿੱਚ ਸੱਚੇ ਪਾਤਿਸ਼ਾਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸੰਬੰਧੀ ਇਹ ਸਤਰਾਂ ਅੰਕਿਤ ਹਨ ‘…. ਸੰਮਤ ੧੫੨੬ ਬਾਬਾ ਨਾਨਕੁ ਜਨਮਿਆ ਵੈਸਾਖ ਮਾਹਿ ਤ੍ਰਿਤੀਆ, ਚਾਂਦਨੀ ਰਾਤਿ, ਅੰਮ੍ਰਿਤ ਵੇਲਾ, ਪਹਰੁ ਰਾਤਿ ਰਹਿੰਦੀ ਕਉੁ ਜਨਮਿਆ…….’

ਇਵੇਂ ਹੀ ਡਾ. ਪਿਆਰ ਸਿੰਘ ਜੀ ਨੇ ਜਨਮ ਸਾਖੀਆਂ ਸੰਬੰਧੀ ਆਪਣੀ ਪੁਸਤਕ ‘ਆਦਿ ਸਾਖੀਆਂ’ ਨੂੰ ਸੰਪਾਦਿਤ ਕੀਤਾ, ਜੋ ਕਿ 1969 ਵਿੱਚ ਪਹਿਲੀ ਵਾਰੀ ਲਾਹੌਰ ਬੁੱਕ ਸ਼ਾਪ, ਲੁਧਿਆਣਾ ਵੱਲੋਂ ਛਾਪੀ ਗਈ। ਇਸ ਵਿੱਚ ਉਨ੍ਹਾਂ ਨੇ ਤਿੰਨ ਹੱਥ ਲਿਖਤਾਂ ਨੂੰ ਆਧਾਰ ਬਣਾਇਆ। ਪਹਿਲੀ ਹੱਥ-ਲਿਖਤ ਮਹਾਰਾਜਾ ਪਟਿਆਲਾ ਦੇ ਨਿੱਜੀ ਲਾਇਬ੍ਰੇਰੀ ਵਿੱਚ ਸੁਰੱਖਿਅਤ ਹੈ, ਜੋ ਸੰਨ 1701 ਵਿੱਚ ਲਿਖੀ ਮੰਨੀ ਜਾਂਦੀ ਹੈ। ਦੂਸਰੀ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਦੀ ਨਿੱਜੀ ਲਾਇਬ੍ਰੇਰੀ ਵਿਚਲੀ ਹੱਥ ਲਿਖਤ ਹੈ ਅਤੇ ਤੀਸਰੀ ਸਿੱਖ ਰੈਫਰੈਂਸ ਲਾਇਬ੍ਰੇਰੀ, ਅੰਮ੍ਰਿਤਸਰ ਵਿਚਲੀ ਹੱਥ-ਲਿਖਤ ਪੋਥੀ ਨੰਬਰ 5465 ਹੈ। ਇਸ ਵਿੱਚ ਸੱਚੇ ਪਾਤਿਸ਼ਾਹ ਜੀ ਦੇ ਪ੍ਰਕਾਸ਼ ਸੰਬੰਧੀ ਇਸ ਤਰ੍ਹਾਂ ਉਲੇਖ ਕੀਤਾ ਗਿਆ ਹੈ ‘…. ਕਲਜੁਗ ਵਿਚਿ ਬਾਬਾ ਨਾਨਕ ਹੋਇ ਜਨਮਿਆ ਪਾਰਬ੍ਰਹਮ ਕਾ ਭਗਤ ਸੰਮਤ ੧੫੨੬ ਬਾਬਾ ਨਾਨਕੁ ਜਨਮਿਆ ਪਾਰਬ੍ਰਹਮ ਕਾ ਭਗਤੁ ਵੈਸਾਖ ਮਾਹਿ ਦਿਨ ਤੀਜੇ ਪਹਰ ਰਾਤਿ ਰਹਦੀ (ਕਉੁ) ਜਨਮਿਆ….’

ਭਾਈ ਮਿਹਰਬਾਨ ਜੀ, ਜੋ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪੋਤਰੇ ਅਤੇ ਸਤਿਗੁਰੂ ਅਰਜਨ ਦੇਵ ਜੀ ਦੇ ਭਤੀਜੇ ਸਨ, ਦੁਆਰਾ ਲਿਖੀ ਗਈ ‘ਜਨਮ ਸਾਖੀ ਸੱਚ-ਖੰਡ ਪੋਥੀ’, ਜਿਸ ਨੂੰ ਭਾਰਤ ਸਰਕਾਰ ਦੀ ਮਨਜ਼ੂਰੀ ਨਾਲ ਖਾਲਸਾ ਕਾਲਜ, ਅੰਮ੍ਰਿਤਸਰ ਨੇ ਛਪਵਾਇਆ ਅਤੇ ਇਸ ਦੀ ਹੱਥ-ਲਿਖਤ ਵੀ ਖਾਲਸਾ ਕਾਲਜ, ਅੰਮ੍ਰਿਤਸਰ ਦੀ ਲਾਇਬ੍ਰੇਰੀ ਵਿੱਚ ਸੁਰੱਖਿਅਤ ਹੈ। ਇਸ ਨੂੰ ‘ਮਿਹਰਬਾਨ ਵਾਲੀ ਜਨਮ ਸਾਖੀ’ ਵੀ ਕਿਹਾ ਜਾਂਦਾ ਹੈ। ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸੰਬੰਧੀ ਇਉਂ ਵਰਣਨ ਕੀਤਾ ਹੋਇਆ ਹੈ ‘… ਤਬ ਗੁਰੂ ਬਾਬਾ ਨਾਨਕੁ ਕਾਲੂ ਕੈ ਘਰਿ ਤ੍ਰਿਪਤਾ ਕੈ ਉੁਦਰਿ, ਬੇਦੀ ਕੈ ਬੰਸਿ ਖੱਤ੍ਰੀ ਕੈ ਜਨਮਿ ਪੰਜਾਬ ਕੀ ਧਰਤੀ ਚਾਹਲਾ ਵਾਲੇ, ਸੰਮਤ ੧੫੨੬ ਵੈਸਾਖ ਮਾਸਿ ਥਿਤਿ ਤ੍ਰਿਤੀਏੇ ਚਾਂਨਣੀ ਕਉੁ, ਪਹਰੁ ਰਾਤਿ ਪਿਛਲੀ ਰਹਤੀ ਕਉੁ ਅੰਮ੍ਰਿਤ ਵੇਲਾ ਜਨਮੁ ਲਇਆ…’

ਭਾਈ ਮਨੀ ਸਿੰਘ ਜੀ ਦੁਆਰਾ ਲਿਖੀ ਮੰਨੀ ਜਾਂਦੀ ਜਨਮ ਸਾਖੀ, ਜਿਸ ਦੇ ਹੱਥ ਲਿਖਤ ਖਰੜੇ ਦੀ ਕਾਪੀ ਨੂੰ ਡਾ. ਕਿਰਪਾਲ ਸਿੰਘ ਜੀ ਨੇ ਆਪਣੀ ਪੁਸਤਕ ‘ਜਨਮ ਸਾਖੀ ਪਰੰਪਰਾ’ ਵਿੱਚ ਅੰਕਿਤ ਕੀਤਾ ਹੈ ਅਤੇ ਇਸ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ 1969 ਵਿਚ ਪ੍ਰਕਾਸ਼ਿਤ ਕੀਤਾ ਹੈ, ਵਿੱਚ ਸਤਿਗੁਰੂ ਜੀ ਦੇ ਪ੍ਰਕਾਸ਼ ਸੰਬੰਧੀ ਇਉਂ ਲਿਖਿਆ ਹੋਇਆ ਹੈ ‘… ਸੰਮਤ ੧੫੨੬ ਸੁਭ ਦਿਨ ਮਾਹ ਵਿਸਾਖ ਸਾਖ ਸ਼ੁਕਲ ਤੀਜ ਸਵਾ ਪਹਰੁ ਰਾਤ ਰਹਿੰਦੀ ਸੁਭ ਮਾਸ ਸੁਭ ਨਿਖਤ੍ਰ ਸੁਭ ਵਾਰ ਸੁਭ ਸੁ ਥਿਤ ਸੁਭ ਮਹੂਰਤ ਸੁਭ ਘੜੀ ਮਾਤਾ ਤ੍ਰਿਪਤਾ ਅਰ ਪਿਤਾ ਕਾਲੂ ਕੇ ਗ੍ਰਹਿ ਆਣ ਅਵਤਾਰ ਧਾਰਿਆ…’

ਭਾਈ ਬਾਲੇ ਵਾਲੀ ਜਨਮ ਸਾਖੀ, ਜਿਸ ਦੀ ਇੱਕ ਹੱਥ ਲਿਖਤ ਸੰਗਰੂਰ ਵਿਖੇ ਰਾਓ ਉੱਤਮ ਸਿੰਘ ਜੀ ਦੇ ਗ੍ਰਹਿ ਵਿਖੇ ਮੌਜੂਦ ਹੈ, ਦੇ ਪੱਤਰਾ ਨੰਬਰ 5 ਉੱਤੇ ਭੀ ਸਤਿਗੁਰੂ ਜੀ ਦੇ ਪ੍ਰਕਾਸ਼ ਦਿਵਸ ਸੰਬੰਧੀ ਇਹ ਪੰਕਤੀਆਂ ਦਰਜ ਹਨ ‘… ਵੈਸਾਖ ਤ੍ਰਿਤੀਆ ਚਾਨਣ ਕੋ ਗੁਰੂ ਬਾਬੇ ਨਾਨਕ ਜਨਮ ਲੀਆ ਸਵਾ ਪਹਿਰ ਰਾਤਿ ਪਿਛਲੀ ਰਂਹਿਦੀ ਕੋ ਅੰਮ੍ਰਿਤ ਵੇਲੇ ਜਨਮ ਲੀਆ ਸੰਮਤ ੧੫ ਸੈ ਛਬੀ੧੫੨੬ ਬੈਸਾਖ ਦੀ ਤ੍ਰਿਤੀਆ ਕੇ ਦਿਨ ਅੰਮ੍ਰਿਤ ਵੇਲੇ ਪਹਿਰੁ ਰਾਤਿ ਪਿਛਲੀ ਰਹਿਣ ਕੋ ਜਨਮਿਆ

‘ਵੈਰੋਵਾਲ ਵਾਲੀ ਜਨਮ ਸਾਖੀ’, ਜਿਸ ਦਾ ਜ਼ਿਕਰ ਸ. ਕਰਮ ਸਿੰਘ ਜੀ ਹਿਸਟੋਰੀਅਨ ਨੇ ਆਪਣੀ ਪੁਸਤਕ, ‘ਕੱਤਕ ਕਿ ਵਿਸਾਖ’ ਵਿੱਚ ਕੀਤਾ ਹੈ; ਇਸ ਦੀ ਹੱਥ ਲਿਖਤ ਪੋਥੀ ਵੈਰੋਵਾਲ ਦੇ ਮੰਜੀ ਨਸ਼ੀਨਾਂ (ਭਾਈ ਮਾਣਕ ਚੰਦ ਜੀ ਮੁਰਗਾਈ ਦੀ ਸੰਤਾਨ) ਪਾਸ ਹੈ। ਜਿਸ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਬਾਰੇ ਇਉਂ ਲਿਖਿਆ ਹੋਇਆ ਹੈ ‘….ਤਲਵੰਡੀ ਰਾਇ ਭੋਇ ਭਟੀ ਕੀ ਬਾਬੇ ਨਾਨਕ ਜਨਮ ਲਇਆ ਕਾਲੂ ਖਤਰੀ ਜਾਤ ਵੇਦੀ ਕੇ ਘਰ ਜਨਮ ਲਿਆ ਸੰਮਤ ੧੫੨੬, ਕਲਜੁਗ ਵਿਚ ਬਾਬਾ ਨਾਨਕ ਨਾਉੁਂ ਧਰਾਇਆ ਆਪਣਾ ਪੰਥ ਚਲਾਇਆ ਵੈਸਾਖ ਮਹਿ ਤੇ ਦਿਨ ਤੀਜ ਚਾਨਣੀ ਰਾਤਿ ਅੰਮ੍ਰਿਤ ਵੇਲਾ ਪਹਿਰ ਰਾਤ ਰਹਿੰਦੀ ਜਨਮਿਆ…’

ਸਰੂਪ ਦਾਸ ਭੱਲਾ, ਜੋ ਗੁਰੂ ਅਮਰਦਾਸ ਜੀ ਦੀ ਅੰਸ-ਬੰਸ ਵਿੱਚੋਂ ਸਨ ਅਤੇ ਜਿਨ੍ਹਾਂ ਦੁਆਰਾ ਲਿਖਿਆ ਮਹਿਮਾ ਪ੍ਰਕਾਸ਼ (ਛੰਦਬਧ) ਦਾ ਹੱਥ-ਲਿਖਤ ਖਰੜਾ ਭਾਸ਼ਾ ਵਿਭਾਗ, ਪਟਿਆਲਾ ਦੀ ਲਾਇਬ੍ਰੇਰੀ ਵਿੱਚ ਸੁਰੱਖਿਅਤ ਹੈ, ਇਹ ਸੰਨ 1776 ਦੀ ਕ੍ਰਿਤ ਮੰਨੀ ਜਾਂਦੀ ਹੈ, ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਬਾਰੇ ਹੇਠ ਲਿਖੇ ਅਨੁਸਾਰ ਪੰਕਤੀਆਂ ਦਰਜ ਹਨ :

ਹਰਿ ਭਇਓ ਅਵਤਾਰ ਨਿਰੰਜਨੀ ਸੰਤ ਰੂਪ ਤਨ ਤਾਰ

ਕਾਰਨ ਤਾਰਨ ਜਗਤ ਕੋ ਕਰ ਹੈ ਭਗਤਿ ਪਰਚਾਰ

ਧੰਨ ਦੇਸ ਧੰਨ ਨਗਰ ਸੋ, ਧੰਨ ਬਰਨ ਕੁਲ ਸੋਇ

ਧੰਨ ਸਮਾ ਧੰਨ ਮਾਤ ਪਿਤਾ, ਸੰਤ ਜਨਮ ਗ੍ਰਿਹਿ ਹੋਇ

ਸੰਮਤ ਬਿਕ੍ਰਮ ਨਿਰਪ ਕੋ, ਪੰਦਰਹ ਸਹਸ ਪਚੀਸ

ਵੈਸਾਖ ਸੁਦੀ ਥਿਤ ਤੀਜ ਕੋ, ਧਰਉ ਸੰਤ ਬਪ ਈਸ

ਮਹਿਮਾ ਪ੍ਰਕਾਸ਼ (ਵਾਰਤਕ), ਜਿਸ ਦਾ ਜ਼ਿਕਰ ਪ੍ਰੋਫ਼ੈਸਰ ਪਿਆਰਾ ਸਿੰਘ ਪਦਮ ਨੇ ਆਪਣੀ ਪੁਸਤਕ ‘ਗੁਰ ਨਾਨਕ ਸਾਗਰ’, ਜੋ ਕਿ ਉਨ੍ਹਾਂ ਵੱਲੋਂ 1993 ਵਿੱਚ ਛਾਪੀ ਗਈ, ਵਿੱਚ ਕੀਤਾ ਹੈ। ਇਸ ਦਾ ਹੱਥ ਲਿਖਤ ਖਰੜਾ ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਡੇਹਰਾਦੂਨ ਵਿਖੇ ਸੁਰੱਖਿਅਤ ਹੈ, ਉਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਬਾਰੇ ਇਉਂ ਲਿਖਿਆ ਹੋਇਆ ਹੈ ਸ੍ਰੀ ਪਾਰਬ੍ਰਹਮ ਅਬਿਨਾਸ਼ੀਜਗਤ ਕੇ ਉੁਧਾਰਨੇ ਕੇ ਨਮਿਤ, ਸਰਬ ਕਲਾ ਸੰਪੂਰਨ, ਭਗਤਿ ਬੈਰਾਗ ਜੋਗ ਗਿਆਨ ਸੰਜੁਗਤ, ਸਰਬ ਉੁਪਮਾ ਸੰਪੰਨ, ਸੰਬਤ ੧੫੨੬, ਮਾਸ ਬੈਸਾਖ ਤੀਜ, ਚਾਂਦਨੀ ਰਾਤ, ਅੰਮ੍ਰਿਤ ਵੇਲੇ ਪਹਰ ਰਾਤਿ ਰਹਿੰਦੀ ਤਲਵੰਡੀ ਰਾਇ ਭੋਇ ਭਟੀ ਦੇ ਵਿਚ ਕਾਲੂ ਬੇਦੀ ਕੇ ਘਰਿ ਅਉੁਤਾਰ ਲੀਆ …’

ਸਤਿਗੁਰੂ ਨਾਨਕ ਸਾਹਿਬ ਜੀ ਦੀ ਦਸਵੀਂ ਪੀੜ੍ਹੀ ਵਿੱਚੋਂ ਬਾਬਾ ਸੁਖਬਾਸੀ ਜੀ ਨੇ ‘ਨਾਨਕ ਬੰਸ ਪ੍ਰਕਾਸ਼ ਗ੍ਰੰਥ’ ਦੀ ਰਚਨਾ ਕੀਤੀ, ਜਿਸ ਨੂੰ ਸ. ਗੁਰਮੁਖ ਸਿੰਘ ਜੀ ਨੇ ਸੰਪਾਦਤ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ 1986 ਵਿੱਚ ਛਾਪਿਆ, ਇਸ ਵਿੱਚ ਵੀ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ, ਵਿਸਾਖ ਸੁਦੀ 3 ਦਾ ਹੀ ਦਰਜ ਕੀਤਾ ਹੋਇਆ ਹੈ। ਇਸ ਦਾ ਹੱਥ-ਲਿਖਤ ਖਰੜਾ ਸੈਂਟਰਲ ਪਬਲਿਕ ਲਾਇਬ੍ਰੇਰੀ, ਪਟਿਆਲਾ ਵਿੱਚ ਨੰਬਰ 2919 ’ਤੇ ਸੁਰੱਖਿਅਤ ਹੈ। ਇਸ ਪੁਸਤਕ ਦੇ ਪੰਨਾ 43 ’ਤੇ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਬਾਰੇ ਇਉਂ ਲਿਖਿਆ ਹੋਇਆ ਹੈ :

ਸ੍ਰੀ ਸਤਿਗੁਰ ਅਵਿਤਾਰ ਕੋ ਸਮਾ ਪਹੁਚਓ ਆਇ

ਬੇਦੀ ਸਭ ਉੁਜਲ ਰਹੇ ਈਸ ਭਕਤਿ ਅਧਿਕਾਇ54  

ਸੰਬਤਿ ਬਿਕ੍ਰਮ ਨ੍ਰਿਪਤ ਕੋ ਪੰਦ੍ਰਹਿ ਸਤਿ ਖਟਿ ਬੀਸਿ

ਅਖਯ ਤੀਜਿ ਤਿਥ ਮਾਸ ਬਰਿ, ਮਾਧਵ ਪ੍ਰਗਟੇ ਈਸ5        

ਰਿਤੁ ਬਸੰਤਿ ਸੋਭਾ ਘਨੀ, ਪੁਹਪ ਭਮ੍ਰ ਗੁੰਜਾਰ

ਏਕ ਜਾਮ ਰਜਨੀ ਰਹਿਤ, ਆਵਰ ਭਾਵਿ ਮੁਰਾਰ56 

ਸੁਕਲ ਪਖਿ ਉੁਤਪਤਿ ਭਏੇ, ਆਤਮ ਰਾਮ ਅਨੰਤਿ

ਦਰਸਨ ਦੀਨੋ ਮਾਤ ਕੋ, ਜਪਹਿ ਸਕਲ ਜਿਹ ਸੰਤਿ57        

ਇਸ ਦਾ ਅਰਥ ਹੈ ਕਿ ਸੰਮਤ ੧੫੨੬ ਵਿੱਚ ਵਿਸਾਖ (ਮਾਧਵ) ਸੁਦੀ 3 ਚਾਨਣੇ (ਸ਼ੁਕਲ) ਪੱਖ ਵਿੱਚ ਜਦੋਂ ਬੜਾ ਸੁਹਾਵਣਾ ਮੌਸਮ ਸੀ ਅਤੇ ਭੰਵਰੇ ਗੂੰਜਾਂ ਪਾਉਂਦੇ ਸਨ ਅਤੇ ਰਾਤ ਦਾ ਇੱਕ ਪਹਿਰ ਰਹਿੰਦਾ ਸੀ, ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ।

ਭਾਈ ਗੁਲਾਬ ਸਿੰਘ ਰਚਿਤ ‘ਗੁਰ ਰਤਨਾਵਲੀ’ (ਜਿਸ ਦਾ ਰਚਨਾ ਕਾਲ 1581 ਈਸਵੀ ਮੰਨਿਆ ਜਾਂਦਾ ਹੈ) ਵਿੱਚ ਵੀ ਗੁਰੂ ਨਾਨਕ ਪਾਤਿਸ਼ਾਹ ਹਜ਼ੂਰ ਦੇ ਪ੍ਰਕਾਸ਼ ਦਿਵਸ ਦੀ ਮਿਤੀ ਸੰਬੰਧੀ ਇਵੇਂ ਲਿਖਿਆ ਹੋਇਆ ਹੈ ਅਰ ਮਿਹਰਬਾਨ ਕ੍ਰਿਤ ਜਨਮ ਸਾਖੀ ਹੂੰ ਲਿਖਯੋ, ਭਾਈ ਜੀ ਕੀ ਪਹਿਲੀ ਵਾਰ ਮਾਹਿ ਐੈਸੇ ਜਾਨੀਐੈ ਸੂਰਤ ਹੂੰ ਸਿੰਘ ਕ੍ਰਿਤ ਟੀਕੇ ਮਾਹਿ ਜੈਸੇ ਲਿਖਯੋ, ਭਾਖਯੋ ਬਿਸਾਖ ਮਾਸ ਸੁਦੀ ਤੀਜ ਜਾਨੀਐੈ

ਅਜੋਕੇ ਵਿਦਵਾਨਾਂ ਵਿੱਚੋਂ ਸਿੱਖ ਧਰਮ ਦੇ ਪ੍ਰਸਿੱਧ ਵਿਦਵਾਨ ਮੈਕਾਲਿਫ਼ ਵੀ ਸਤਿਗੁਰੂ ਜੀ ਦੀ ਜਨਮ ਮਿਤੀ ਵੈਸਾਖ ਸੁਦੀ ੩, ਦੀ ਹੀ ਠੀਕ ਮੰਨਦੇ ਹਨ।  ਡਾ. ਟਰੰਪ ਅਤੇ ਡਾ. ਮੈਕਲੋਡ ਆਦਿ ਵਿਦੇਸ਼ੀ ਵਿਦਵਾਨ ਵੀ ਵੈਸਾਖ ਸੁਦੀ ੩ ਦੇ ਹੱਕ ਵਿੱਚ ਹਨ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਜੀ ਨਾਭਾ, ਪ੍ਰਿੰਸੀਪਲ ਤੇਜਾ ਸਿੰਘ, ਪ੍ਰਸਿੱਧ ਹਿਸਟੋਰੀਅਨ ਡਾ. ਗੰਡਾ ਸਿੰਘ ਜੀ, ਮਹਾਨ ਇਤਿਹਾਸਕਾਰ ਅਤੇ ਗੁਰਬਾਣੀ ਦੇ ਟੀਕਾਕਾਰ ਪ੍ਰੋ. ਸਾਹਿਬ ਸਿੰਘ ਜੀ, ਪ੍ਰਸਿੱਧ ਇਤਿਹਾਸਕਾਰ ਸ. ਕਰਮ ਸਿੰਘ ਜੀ ਹਿਸਟੋਰੀਅਨ, ਭਾਈ ਸਾਹਿਬ ਵੀਰ ਸਿੰਘ ਜੀ, ਸਿੱਖ ਇਤਿਹਾਸ ਦੇ ਲਿਖਾਰੀ ਪ੍ਰੋਫ਼ੈਸਰ ਕਰਤਾਰ ਸਿੰਘ ਜੀ, ਪ੍ਰਿੰਸੀਪਲ ਸਤਿਬੀਰ ਸਿੰਘ, ਡਾ. ਰਤਨ ਸਿੰਘ ਜੀ ਜੱਗੀ, ਇਨਸਾਈਕਲੋਪੀਡੀਆ ਦੇ ਕਰਤਾ ਡਾ. ਹਰਬੰਸ ਸਿੰਘ ਜੀ ਅਤੇ ਹੋਰ ਅਨੇਕਾਂ ਆਧੁਨਿਕ ਵਿਦਵਾਨ ਅਤੇ ਸਾਹਿਤਕਾਰ ਵੀ ਵੈਸਾਖ ਸੁਦੀ ੩, ਦੀ ਮਿਤੀ ਨੂੰ ਹੀ ਸਹੀ ਮੰਨਦੇ ਹਨ।

ਜਿਵੇਂ ਕਿ ਮੈਂ ਉਕਤ ਜ਼ਿਕਰ ਕੀਤਾ ਹੈ ਕਿ ਗੁਰੂ ਘਰ ਦੇ ਦੋਖੀ ਹੰਦਾਲੀਆਂ ਅਤੇ ਨਿਰੰਜਨੀਆਂ ਨੇ ਬਾਲੇ ਨਾਂ ਦੇ ਇੱਕ ਮਨਘੜਤ ਪਾਤਰ ਨੂੰ ਉਸਾਰ ਕੇ ਧੰਨ ਗੁਰੂ ਨਾਨਕ ਸੱਚੇ ਪਾਤਿਸ਼ਾਹ ਦੇ ਤੇਜਸੱਵੀ (ਪਰਤਾਪੀ) ਜੀਵਨ ਨੂੰ ਧੁੰਧਲਾਉਣ ਅਤੇ ਇਤਿਹਾਸ ਵਿੱਚ ਰੋਲ ਘਚੋਲਾ ਪਾਉਣ ਲਈ ਸੱਚੇ ਪਾਤਿਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ‘ਕੱਤਕ ਦੀ ਪੂਰਨਮਾਸ਼ੀ’ ਨੂੰ ਸਿੱਧ ਕਰਨ ਦਾ ਯਤਨ ਕੀਤਾ।

(ਨੋਟ : ਹੋਰ ਵਿਸਥਾਰ ਲਈ ਦੇਖੋ ਸ. ਕਰਮ ਸਿੰਘ ਹਿਸਟੋਰੀਅਨ ਦੀ ਪੁਸਤਕ ‘ਕੱਤਕ ਕਿ ਵਿਸਾਖ’ ਪੰਨਾ 123 ਅਤੇ ਸ. ਸੁਰਿੰਦਰ ਸਿੰਘ ਕੋਹਲੀ ਦੀ ਪੁਸਤਕ ਜਨਮ ਸਾਖੀ ਭਾਈ ਬਾਲਾ, ਪੰਨਾ 19)।

ਇਨ੍ਹਾਂ ਇਤਿਹਾਸਕ ਹਵਾਲਿਆਂ ਅਤੇ ਵਿਦਵਾਨਾਂ ਦੀ ਰੌਸ਼ਨੀ ਵਿਚ ਇਹ ਭਲੀ ਭਾਂਤ ਸਿੱਧ ਹੋ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਦਾ ਪ੍ਰਕਾਸ਼; ਵੈਸਾਖ ਸੁਦੀ , ੨੦ ਵੈਸਾਖ ੧੫੨੬ ਨੂੰ ਹੋਇਆ, ਜਿਸ ਦੀ ਅੰਗਰੇਜ਼ੀ ਮਿਤੀ 15 ਅਪ੍ਰੈਲ, 1469 (ਜੂਲੀਅਨ) ਬਣਦੀ ਹੈ (. ਪਾਲ ਸਿੰਘ ਜੀ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਵਿੱਚ ਇਹ ਮਿਤੀ, ਵਿਸਾਖ ਨਿਰਧਾਰਿਤ ਕੀਤੀ ਹੈ ਅਤੇ ਨਾਨਕਸ਼ਾਹੀ ਕੈਲੰਡਰ ਵਿਸਾਖ; ਹਰ ਸਾਲ ੧੪ ਅਪ੍ਰੈਲ ਨੂੰ ਆਉਂਦੀ ਹੈ ਅਤੇ ਸਾਨੂੰ ਇਸੇ ਤਾਰੀਖ਼ ਨੂੰ ਹੀ ਗੁਰ ਪੁਰਬ ਮਨਾਉਣਾ ਚਾਹੀਦਾ ਹੈ)

(ਨੋਟ: ਆਪਣੀ ਗੱਲ ਨੂੰ ਅੰਤਮ ਛੋਹ ਦੇਣ ਤੋਂ ਪਹਿਲਾਂ ਮੈਂ ਪਾਠਕਾਂ ਨਾਲ ਇਹ ਗੱਲ ਸਾਂਝੀ ਕਰਨੀ ਚਾਹਾਂਗਾ ਕਿ ਮੇਰੇ ਇਸ ਲੇਖ ਦਾ ਮੰਤਵ ਕੈਲੰਡਰ ਦੀਆਂ ਹੂਬਹੂ ਤਾਰੀਖਾਂ ਬਾਰੇ ਅੰਤਮ ਨਿਰਣਾ ਕਰਨਾ ਨਹੀਂ ਹੈ ਕੈਲੰਡਰ ਦੇ ਵਿਦਵਾਨ ਦੱਸਦੇ ਹਨ ਕਿ ਜਨਮ ਸਾਖੀ ਦੇ ਲਿਖਾਰੀਆਂ ਵੱਲੋਂ ਵਿਸਾਖ ਦੀ ਵਦੀਸੁਦੀ ਲਿਖਣ ਸਮੇਂ ਕੁੱਝ ਤਰੁਟੀਆਂ ਹੋਈਆਂ ਹਨ ਇਸ ਲਈ ਤਾਰੀਖਾਂ ਵਿੱਚ ਕੁੱਝ ਅੰਤਰ ਆਉਣਾ ਸੁਭਾਵਕ ਹੈ

ਮੇਰੇ ਇਸ ਲੇਖ ਦਾ ਮੁੱਖ ਮੰਤਵ ਇਹੀ ਹੈ ਕਿ ਸਤਿਗੁਰੂ ਹਜ਼ੂਰ ਨਾਨਕ ਪਾਤਿਸ਼ਾਹ ਦਾ ਪ੍ਰਕਾਸ਼ ਇੱਕ ਵਿਸਾਖ ਨੂੰ ਹੋਇਆ ਹੈ, ਨਾ ਕਿ ਕੱਤਕ ਦੀ ਪੂਰਨਮਾਸ਼ੀ ਨੂੰ ਇਸੇ ਕਾਰਨ ਖਾਲਸਾ ਪੰਥ ਦੀ ਸਾਜਣਾ ਵੀ ਇੱਕ ਵਿਸਾਖ (1699 ਈਸਵੀ) ਨੂੰ ਕੀਤੀ ਗਈ ਕੈਲੰਡਰ ਦੇ ਅੰਤਮ ਨਿਰਣੇ ਬਾਰੇ ਇਸ ਵਿਸ਼ੇ ਦੇ ਮਾਹਰ ਵਿਦਵਾਨ . ਪਾਲ ਸਿੰਘ ਜੀ ਪੁਰੇਵਾਲ, . ਸਰਬਜੀਤ ਸਿੰਘ ਜੀ ਸੈਕਰਾਮੈਂਟੋ ਅਤੇ . ਕਿਰਪਾਲ ਸਿੰਘ ਜੀ ਬਠਿੰਡਾ ਦੀਆਂ ਲਿਖਤਾਂ ਅਤੇ ਲੈਕਚਰਾਂ ਨੂੰ ਪਾਠਕਾਂ ਵੱਲੋਂ ਵਾਚਣਾ ਅਤੇ ਵਿਚਾਰਨਾ ਅਤਿਅੰਤ ਜ਼ਰੂਰੀ ਹੈ)

ਅਸੀਂ ਸਤਿਗੁਰੂ ਜੀ ਦੇ ਸਿੱਖ ਕਹਾਉਣ ਵਾਲੇ ਅਜੇ ਵੀ ਬਹੁਤ ਸਾਰੀਆਂ ਇਤਿਹਾਸ ਸੰਬੰਧੀ ਗੱਲਾਂ; ਵਿਚਾਰਨ ਤੋਂ ਬਗੈਰ ਹੀ ਕਰੀ ਜਾ ਰਹੇ ਹਾਂ ਜਾਂ ਅਖਵਾਈ ਜਾ ਰਹੇ ਹਾਂ, ਪਰ ਜਦੋਂ ਤੱਕ ਅਸੀਂ ਗਿਆਨ ਅਤੇ ਵਿਚਾਰ ਦੇ ਦਰਵਾਜ਼ੇ ਬੰਦ ਰੱਖ ਕੇ ਦੁਬਿਧਾ ਵਿੱਚ ਵਿਚਰਾਂਗੇ ਉਦੋਂ ਤੱਕ ਸਾਡੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੁੰਦਾ ਜਾਏਗਾ। ਦੁਬਿਧਾ ਹਮੇਸ਼ਾਂ ਕਿਸੇ ਵੀ ਕੌਮ ਅਤੇ ਇਨਸਾਨ ਵਾਸਤੇ ਬੇਅੰਤ ਹਾਨੀਕਾਰਕ ਹੋਇਆ ਕਰਦੀ ਹੈ। ਜ਼ਿੰਦਗੀ ਦਾ ਇਹੀ ਸਬਕ; ਗੁਰੂ ਨਾਨਕ ਪਾਤਿਸ਼ਾਹ ਜੀ ਨੇ ਸਾਨੂੰ ਸਿਖਾਇਆ ਹੈ। ਭਰਮਾਂ ਦਾ ਜਿਹੜਾ ਜਾਲ ਮਨੁੱਖੀ ਜੀਵਨ ਦੇ ਦੁਆਲੇ ਉਸ ਸਮੇਂ ਬੁਣਿਆ ਹੋਇਆ ਸੀ, ਉਸ ਵਿੱਚੋਂ ਸਾਨੂੰ ਕੱਢਣ ਲਈ ਹੀ ਉਨ੍ਹਾਂ ਨੇ ਸਦਾ ਸੰਘਰਸ਼ ਕੀਤਾ ਹੈ। ਤਦ ਜੰਮਣ ਤੋਂ ਲੈ ਕੇ ਮਰਨ ਤੱਕ ਮਨੁੱਖ ਦੇ ਹਰ ਕਰਮ ਉੱਤੇ ਅਖੌਤੀ ਧਰਮ-ਕਰਮਾਂ ਦਾ ਪਰਛਾਵਾਂ ਪਿਆ ਹੋਇਆ ਸੀ। ਬ੍ਰਾਹਮਣ ਅਤੇ ਰਾਜ ਦੇ ਪੈਰੋਕਾਰਾਂ ਨੇ ਰਲ਼ ਕੇ ਮਨੁੱਖਾਂ ਦਾ ਲਹੂ ਪੀਣ ਲਈ ਇੱਕ ਅਡੰਬਰ ਰਚਿਆ ਸੀ; ਵੈਸਾ ਹੀ ਸਿੱਖ ਧਰਮ ਵਿੱਚ ਖ਼ਾਸਕਰ ਪੰਜਾਬ ਅੰਦਰ ਹੁਣ ਵੀ ਬੇਈਮਾਨਾਂ ਨੇ ਮਿਲੀਭੁਗਤ ਕਰਕੇ ਇੱਕ ਲੋਟੂ-ਟੋਲਾ ਬਣਾਇਆ ਹੋਇਆ ਹੈ। ਇਸ ਦੀ ਵਿਦਵਾਨ ਇਸ ਤਰ੍ਹਾਂ ਵਿਆਖਿਆ ਕਰਦੇ ਹਨ ਕਿ ਜਦੋਂ ਸਟੇਟ ਅਤੇ ਚਰਚ ਰਲ਼ ਜਾਣ ਤਾਂ ਆਮ ਜਨਤਾ ਦੀ ਲੁੱਟ ਖਸੁੱਟ ਨੂੰ ਕੋਈ ਰੋਕ ਨਹੀਂ ਸਕਦਾ। ਯੂਰਪ ਅੰਦਰ ਵੀ ਇਹੋ ਵਰਤਾਰਾ ਵਰਤਿਆ ਸੀ। ਅਜਿਹੇ ਵਰਤਾਰੇ ਸਮੇਂ ਗੁਰੂ ਨਾਨਕ ਸਾਹਿਬ ਦੀ ਤਰ੍ਹਾਂ ਬਲਵਾਨ ਪੈਰੋਕਾਰ-ਸਿੱਖਾਂ ਨੂੰ ਫਿਰ ਤੋਂ ਮਨੁੱਖ ਜਾਤੀ ਦੇ ਭਲੇ ਲਈ ਇਕੱਤਰ ਹੋਣਾ ਹੀ ਪੈਣਾ ਹੈ।

ਬ੍ਰਾਹਮਣ ਵਾਦੀ ਮਾਫੀਏ ਵੱਲੋਂ ਉਸ ਵੇਲੇ ਮਨੁੱਖੀ ਜੀਵਨ ਦੇ ਕਿਸੇ ਵੀ ਅਵਸਰ ਨੂੰ ਲੁੱਟ-ਖਸੁੱਟ ਤੋਂ ਬਖ਼ਸ਼ਿਆ ਨਹੀਂ ਜਾਂਦਾ ਸੀ। ਇਸ ਲੁੱਟ ਖਸੁੱਟ ਲਈ ਜ਼ਾਤ ਪਾਤ ਦੀਆਂ ਐਸੀਆਂ ਮਜ਼ਬੂਤ ਦੀਵਾਰਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ ਸਨ ਕਿ ਉਨ੍ਹਾਂ ਬਾਰੇ ਸੋਚ ਕੇ ਵੀ ਮਨੁੱਖੀ ਹਿਰਦਾ ਕੰਬ ਉੱਠਦਾ ਹੈ। ਮਨੁੱਖਾਂ ਨੂੰ ਮਨੁੱਖ ਹੋਣ ਦੇ ਅਧਿਕਾਰ ਤੋਂ ਵੀ ਵਾਂਝਿਆਂ ਕਰ ਦਿੱਤਾ ਗਿਆ ਸੀ।

ਸਤਿਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਨਾਲ ਮਨੁੱਖੀ ਸਮਾਜ ਨੇ ਇੱਕ ਸੱਜਰੀ ਸਵੇਰ ਦਾ ਅਹਿਸਾਸ ਕੀਤਾ। ਆਸ ਉਮੀਦ ਦੀ ਇੱਕ ਨਵੀਂ ਕਿਰਨ ਪ੍ਰਕਾਸ਼ਮਾਨ ਹੋਈ। ਇੱਕ ਨਵੇਂ ਮਨੁੱਖੀ ਇਨਕਲਾਬ ਨੇ ਅੰਗੜਾਈ ਲਈ। ਨਿਰਮਲ ਪੰਥ ਦਾ ਗਾਡੀ ਰਾਹ ਤੁਰ ਪਿਆ, ਜਿਸ ਨੇ ਨਨਕਾਣੇ ਤੋਂ ਕੇਸਗੜ੍ਹ ਸਾਹਿਬ ਦੀ ਧਰਤੀ ਤੱਕ ਦਾ ਸਫ਼ਰ ਤਹਿ ਕੀਤਾ। ਇਨਸਾਨਾਂ ਲਈ ਇੱਕ ਸੰਜਮਮਈ ਜੀਵਨ ਦਾ ਰਸਤਾ ਸਿਰਜਿਆ ਗਿਆ, ਜਿਸ ਉੱਤੇ ਤੁਰਦਿਆਂ ਉਹ ਆਪਣੀ ਹੋਣੀ ਦੇ ਆਪ ਮਾਲਕ ਬਣੇ। ਪ੍ਰਭੂ ਦੇ ਮਿਲਾਪ ਲਈ ਹੁਣ ਕਿਸੇ ਵਿਚੋਲੇ ਦੀ ਲੋੜ ਨਾ ਰਹੀ। ਬਿਲਕੁਲ ਇੱਕ ਨਵੀਂ ਨਰੋਈ ਜੀਵਨ-ਜਾਚ ਮਨੁੱਖੀ ਸਮਾਜ ਨੂੰ ਮਿਲੀ, ਜਿਸ ਵਿੱਚ ਸਭ ਮਨੁੱਖ ਅਤੇ ਔਰਤਾਂ ਨੂੰ ਬਰਾਬਰ ਦੇ ਹੱਕਦਾਰ ਬਣਾਇਆ ਗਿਆ।

ਸਤਿਗੁਰੂ ਨਾਨਕ ਦੇਵ ਜੀ ਦਾ ਗੁਰ ਪੁਰਬ ਮਨਾਉਂਦਿਆਂ ਆਪਣੇ ਗਿਆਨ ਦੇ ਦਰਵਾਜ਼ੇ ਖੋਲ੍ਹ ਕੇ, ਸਾਨੂੰ ਜੀਵਨ ਦੇ ਹਰ ਕਦਮ ਨੂੰ ਗੁਰੂ ਦੇ ਬਖ਼ਸ਼ੇ ਹੋਏ ਸ਼ਬਦ ਦੀ ਰੌਸ਼ਨੀ ਵਿੱਚ ਵਿਚਾਰਨ ਦੀ ਲੋੜ ਹੈ। ਬਹੁਤ ਸੁਚੇਤ ਹੋ ਕੇ ਇਹ ਚਿੰਤਨ ਕਰਨ ਦੀ ਜ਼ਰੂਰਤ ਹੈ ਕਿ ਜਿਹੜੇ ਭਰਮਾਂ ਦੇ ਕਿਲ੍ਹੇ ਵਿੱਚੋਂ ਗੁਰੂ ਨਾਨਕ ਪਾਤਿਸ਼ਾਹ ਹਜ਼ੂਰ ਨੇ ਸਾਨੂੰ ਕੱਢਿਆ ਸੀ ਉਹ ਦੁਬਾਰਾ ਕਿੰਨੀ ਕਿੰਨੀ ਮਾਤਰਾ ਵਿੱਚ ਮੁੜ ਅਸੀਂ ਆਪਣੇ ਦੁਆਲੇ ਉਸਾਰੀ ਜਾ ਰਹੇ ਹਾਂ। ਸਾਹਿਬ ਜੀ ਨੇ ‘ਜਪੁ’ ਜੀ ਸਾਹਿਬ ਵਿੱਚ ਭਰਮਾਂ ਵਾਲੀ ‘ਕੂੜ ਦੀ ਕੰਧ’ ਭੰਨ ਕੇ ਸਚਿਆਰ ਮਨੁੱਖ ਬਣਾਣ ਲਈ ਹੱਲਾਸ਼ੇਰੀ ਦਿੱਤੀ। ਧੁਰ ਕੀ ਬਾਣੀ ਦੇ ਉਸ ਰੱਬੀ ਸੁਨੇਹੇ ਨੂੰ ਸੁਣਨ ਦਾ ਯਤਨ ਕਰੀਏ, ਜਿਸ ਨਾਲ ਚੜ੍ਹਦੀ ਕਲਾ ਦੇ ਨਾਲ-ਨਾਲ ਸਾਡਾ ਆਪਣਾ ਅਤੇ ਸਰਬੱਤ ਦਾ ਭਲਾ ਹੋਏਗਾ। ਭੁੱਲਾਂ ਚੁੱਕਾਂ ਲਈ ਖਿਮਾਂ। ਗੁਰੂ ਖਾਲਸਾ ਪੰਥ ਸਦ ਬਖਸ਼ਿੰਦ ਹੈ, ਜੀ।

Related Articles

[td_block_social_counter facebook="profile.php?id=100008403464211" youtube="#" style="style8 td-social-boxed td-social-font-icons" tdc_css="eyJhbGwiOnsibWFyZ2luLWJvdHRvbSI6IjM4IiwiZGlzcGxheSI6IiJ9LCJwb3J0cmFpdCI6eyJtYXJnaW4tYm90dG9tIjoiMzAiLCJkaXNwbGF5IjoiIn0sInBvcnRyYWl0X21heF93aWR0aCI6MTAxOCwicG9ydHJhaXRfbWluX3dpZHRoIjo3Njh9" manual_count_facebook="4987" instagram="#"]

DONATION

- Advertisement -spot_img

Latest Articles