39.9 C
Jalandhar
Friday, May 30, 2025
spot_img

ਸ਼ਹੇ ਸ਼ਬ ਬਰਾਮਦ ਹਮਹ ਜਲਵਾ ਜੋਸ਼

ਸ਼ਹੇ ਸ਼ਬ ਬਰਾਮਦ ਹਮਹ ਜਲਵਾ ਜੋਸ਼

ਸਰਵਜੀਤ ਸਿੰਘ ਸੈਕਰਾਮੈਂਟੋ

ਸਿੱਖ ਇਤਿਹਾਸ ਦੀਆਂ ਕਈ ਤਾਰੀਖਾਂ ਬਾਰੇ ਵਿਦਵਾਨਾਂ ਵਿੱਚ ਮਤਭੇਦ ਹਨ। ਇਸ ਦਾ ਕਾਰਨ ਇਹ ਹੈ ਕਿ ਜਿਹੜੀਆਂ ਇਤਿਹਾਸਿਕ ਘਟਨਾਵਾਂ ਦਾ ਵੇਰਵਾ ਵਦੀ-ਸੁਦੀ ਵਿੱਚ ਦਰਜ ਹੈ, ਉਨ੍ਹਾਂ ਨੂੰ ਲਿਖਣ ਵੇਲੇ ਵਦੀ-ਸੁਦੀ ਦੇ ਭੁਲੇਖੇ ਕਾਰਨ ੧੫ ਦਿਨਾਂ ਦਾ ਫਰਕ ਪੈ ਜਾਣਾ ਜਾਂ ਵਦੀ-ਸੁਦੀ ਅਤੇ ਪ੍ਰਵਿਸ਼ਟਿਆਂ ਨੂੰ ਅੰਗਰੇਜ਼ੀ ਤਾਰੀਖਾਂ ਵਿੱਚ ਬਦਲੀ ਕਰਨ ਵੇਲੇ ਹੋਈਆਂ ਉਕਾਈਆਂ ਹਨ। ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ੮ ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ੧੩ ਪੋਹ ਬਾਰੇ ਤਾਂ ਕੋਈ ਮਤਭੇਦ ਨਹੀਂ ਹੈ, ਪਰ ਇਸ ਇਤਿਹਾਸਿਕ ਘਟਨਾ ਦੇ ਸਾਲ ਬਾਰੇ ਜਰੂਰ ਮਤਭੇਦ ਹਨ। ਕਈ ਵਿਦਵਾਨਾਂ ਦਾ ਮੱਤ ਹੈ ਕਿ ਇਹ ਸਾਕਾ ਸੰਮਤ ੧੭੬੧ ਬਿਕ੍ਰਮੀ (1704 ਈ:) ਵਿੱਚ ਵਾਪਰਿਆ ਸੀ ਅਤੇ ਕਈਆਂ ਦਾ ਮੰਨਣਾ ਹੈ ਕਿ ਇਹ ਸੰਮਤ ੧੭੬੨ ਬਿਕ੍ਰਮੀ (1705 ਈ:) ਵਿੱਚ ਵਾਪਰਿਆ ਸੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ, ਦੇਸ਼-ਵਿਦੇਸ਼ ਦੀਆਂ ਅਖ਼ਬਾਰਾਂ ਵਿੱਚ, ਪੋਹ ਮਹੀਨੇ ਦੇ ਇਤਿਹਾਸ ਨੂੰ ਮੁੱਖ ਰੱਖ ਕੇ ਛਪੇ ਲੇਖਾਂ ਵਿੱਚ, ਵੱਖ-ਵੱਖ ਲੇਖਕਾਂ ਵੱਲੋਂ ਵੱਖ-ਵੱਖ ਸਾਲ ਦਰਜ ਕੀਤੇ ਗਏ ਹਨ। ਇਕ ਅਖ਼ਬਾਰ ਵਿੱਚ ਇਕ ਲੇਖਕ ਨੇ ਤਾਂ 1704 ਈ: ਲਿਖਿਆ ਹੈ ਅਤੇ ਉਸੇ ਅਖ਼ਬਾਰ ਵਿੱਚ ਦੂਜੇ ਲੇਖਕ ਨੇ 1705 ਈ:।

ਡਾ ਹਰੀ ਰਾਮ ਗੁਪਤਾ ਲਿਖਦੇ ਹਨ, “They Chose a mud-built double storied house with a large open compound. One of its two owners offered his portion. The Guru and his Sikh hurried into it. It took Place in the evening on December 21, 1704″. (History of the Sikhs- Volume 1, Page 293) 1704 ਈ: ਮੁਤਾਬਕ ਸੰਮਤ ੧੭੬੧ ਬਿਕ੍ਰਮੀ ਬਣਦਾ ਹੈ, ਪਰ 21 ਦਸੰਬਰ ਤਾਰੀਖ ਠੀਕ ਨਹੀਂ ਕਿਉਂਕਿ 1704 ਈ: ਜੂਲੀਅਨ ਦੀ 6 ਦਸੰਬਰ ਹੈ। ਇਸੇ ਕਿਤਾਬ ਦੇ ਪੰਨਾ 295 ਉੱਪਰ ਡਾ ਹਰੀ ਰਾਮ ਗੁਪਤਾ ਲਿਖਦਾ ਹੈ, “In a few hours on a single day, the 39th birthday of the Guru”. ਇਸ ਹਿਸਾਬ ਨਾਲ ਇਹ 1705 ਈ: ਬਣਦਾ ਹੈ। “It was the seventh day of the moon-lit-half month (magh shudi 7 samvat 1761).” (Page 296) ਹੁਣ ਇੱਥੇ ਸੰਮਤ ੧੭੬੧ ਬਿਕ੍ਰਮੀ ਤਾਂ ਠੀਕ ਹੈ ਪਰ ਮਹੀਨਾ ਗ਼ਲਤ ਹੈ। ਮਾਘ ਸੁਦੀ ੭, ਨੂੰ ੨੩ ਮਾਘ/20 ਜਨਵਰੀ 1705 ਈ: ਬਣਦੀ ਹੈ। ਇੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਡਾ: ਹਰੀ ਰਾਮ ਗੁਪਤਾ ਵੀ ਤਾਰੀਖਾਂ ਵਿੱਚ ਉਲਝ ਗਿਆ ਹੈ।

ਡਾ: ਗੰਡਾ ਸਿੰਘ ਜੀ ਲਿਖਦੇ ਹਨ, ‘ਗੁਰੂ ਜੀ ਨੇ ਕਿਹਾ ਕਿ ਕੁਝ ਦਿਨ ਹੋਰ ਕੱਢੋ, ਪਰ ਜਦ ਕੁਝ ਬਣਦਾ ਨਾ ਡਿੱਠਾ ਅਤੇ ਬਹੁਤ ਸਾਰੇ ਸਿੱਖਾਂ ਦਾ ਵੀ ਇਹ ਵਿਚਾਰ ਹੋ ਗਿਆ ਤਾਂ ਅੰਤ ਗੁਰੂ ਜੀ ਨੇ ਇਨ੍ਹਾਂ ਸਾਰਿਆਂ ਦੀ ਸਲਾਹ ਮੰਨ ਕੇ ਆਨੰਦਗ੍ਹੜ ਛੱਡ ਦੇਣ ਦਾ ਫੈਸਲਾ ਕਰ ਲਿਆ। ਇਸੇ ੬-੭ ਪੋਹ, ਸੰਮਤ ੧੭੬੨ ਬਿਕਰਮੀ/ 5-6 ਦਸੰਬਰ, ਸਨ 1705, ਦੀ ਰਾਤ ਨੂੰ ਆਨੰਦਪੁਰ ਖਾਲੀ ਕਰ ਦਿੱਤਾ …ਪੋਹ ਸੁਦੀ ਦੂਜ, ੭ ਪੋਹ ਨੂੰ ਸ਼ਾਹੀ ਟਿੱਬੀ ਅਤੇ ਸਰਸਾ ਨਦੀ ਪਰ ਘਮਸਾਨ ਦੀ ਲੜਾਈ ਹੋਈ’। (ਸ਼੍ਰੀ ਗੁਰ ਸੋਭਾ, ਪੰਨਾ 29) [ਨੋਟ- ਪੋਹ ਸੁਦੀ ਦੂਜ ਨੂੰ 7 ਪੋਹ ਨਹੀਂ 8 ਪੋਹ ਸੀ]

ਡਾ: ਸੁਖਦਿਆਲ ਸਿੰਘ, ‘ਸ਼੍ਰੋਮਣੀ ਸਿੱਖ ਇਤਿਹਾਸ’ ਵਿੱਚ ਲਿਖਦੇ ਹਨ, ‘ਇਸ ਤਰ੍ਹਾਂ ੬-੭ ਪੋਹ ਸੰਮਤ ੧੭੬੨ ਬਿ: ਮੁਤਾਬਕ 5-6 ਦਸੰਬਰ 1705 ਈ: ਦੀ ਰਾਤ ਨੂੰ ਗੁਰੂ ਸਾਹਿਬ ਆਨੰਦਪੁਰ ਸਾਹਿਬ ਨੂੰ ਖਾਲੀ ਕਰਕੇ ਰੋਪੜ ਦੀ ਤਰਫ ਨੂੰ ਰਵਾਨਾ ਹੋ ਗਏ’। (ਪੰਨਾ 273) ਆਪਣੀ ਇਕ ਹੋਰ ਲਿਖਤ, ‘ਗੁਰੂ ਗੋਬਿੰਦ ਸਿੰਘ (ਯਾਤਰਾ ਅਸਥਾਨ, ਪਰੰਪਰਾਵਾਂ ਅਤੇ ਯਾਦ ਚਿੰਨ) ਇਕ ਸਰਵੇਖਣ’ ਵਿੱਚ ਡਾ: ਸੁਖਦਿਆਲ ਸਿੰਘ, ਸਾਲ 1704 ਈ: ਲਿਖਦੇ ਹਨ। (ਪੰਨਾ 49-62)

ਡਾ: ਹਰਜਿੰਦਰ ਸਿੰਘ ਦਿਲਗੀਰ, ‘ਸਿੱਖ ਤਵਾਰੀਖ’ (1469-1708) ਵਿੱਚ ਲਿਖਦੇ ਹਨ, ‘10 ਦਸੰਬਰ 1705 ਦੇ ਦਿਨ ਗੁਰੂ ਸਾਹਿਬ ਮੁਸਲਮਾਨਾਂ ਦੇ ਪੀਰਾਂ ਵਾਲੇ ਹਰੇ ਰੰਗ ਦੇ (ਮੁਸਲਮਾਨ ਇਨ੍ਹਾਂ ਹਰੇ ਕੱਪੜਿਆ ਨੂੰ ਨੀਲ ਬਸਤਰ ਕਹਿੰਦੇ ਸਨ) ਪਹਿਨ ਕੇ ਅਜਮੇਰ ਦੇ ਕਾਜ਼ੀ ਚਰਾਗ ਦੀਨ ਤੇ ਚਾਰ ਹੋਰ ਮੁਸਲਮਾਣ ਮੁਰੀਦਾਂ ਨਾਲ ਮਾਛੀਵਾੜਾ ਤੋਂ ਦੀਨਾ ਕਾਂਗੜ ਵੱਲ ਚੱਲ ਪਏ।’ (ਪੰਨਾ 337)

ਡਾ: ਤਰਲੋਚਨ ਸਿੰਘ, ‘ਸੰਖੇਪ ਜੀਵਨ ਗੁਰੂ ਗੋਬਿੰਦ ਸਿੰਘ’ ਵਿੱਚ ਲਿਖਦੇ ਹਨ, ‘ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ੭ ਪੋਹ ਸੁਦੀ ਦੂਜ ਸੰਮਤ ੧੭੬੨ ਬਿ: (6 ਦਸੰਬਰ 1705 ਈ:) ਤੋਂ ਪੂਰੀ ਤਿਆਰੀ ਕਰ ਕੇ ਕੂਚ ਕਰ ਦਿੱਤਾ।’ (ਪੰਨਾ 47) [ਨੋਟ- ੭ ਪੋਹ/6 ਦਸੰਬਰ ਨੂੰ ਪੋਹ ਸੁਦੀ ਦੂਜ ਨਹੀਂ, ਪੋਹ ਸੁਦੀ ਏਕਮ ਸੀ]

ਸ਼੍ਰੋਮਣੀ ਕਮੇਟੀ ਦੀ ਵੈੱਬ ਸਾਈਟ ਉੱਪਰ ਵੀ 1705 ਈ: ਭਾਵ ਸੰਮਤ ੧੭੬੨ ਬਿ: ਹੀ ਦਰਜ ਹੈ, Sri Guru Gobind Singh Ji’s two younger sons, Zorawar Singh (b. 1696) and Fateh Singh (b.1699), and his mother, Mata Gujari, were after the evacuation of Anandpur betrayed by their old servant and escort, Gangu, to the faujdar of Sirhind, who had the young children executed on 13 December 1705U. (SGPC.net) [ਨੋਟ-13 ਦਸੰਬਰ ਨੂੰ 14 ਪੋਹ ਸੀ]

ਸੰਮਤ ੧੭੬੨ ਬਿ: (1705 ਈ:) ਲਿਖਣ ਵਾਲਿਆਂ ਦਾ ਵਸੀਲਾ ਭੱਟ ਵਹੀਆਂ ਹਨ, ‘ਜੀਵਨ ਸਿੰਘ ਬੇਟਾ ਆਗਿਆ ਕਾ ਪੋਤਾ ਦੁੱਲੇ ਕਾ… ਬਾਸੀ ਦਿੱਲੀ, ਮੁਹੱਲਾ ਦਿਲਵਾਲੀ ਸਿੱਖਾਂ, ਸੌ ਸਿੱਖਾਂ ਕੇ ਗੈਲ ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਸੁਦੀ ਦੂਜ ਵੀਰਵਾਰ ਕੇ ਦਿਹੁੰ ਸਰਸਾ ਨਦੀ ਤੇ ਤੀਰ ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ…ਰਾਣੇ ਕੀ ਫੌਜ ਗੈਲ ਦਸ ਘੜੀ ਜੂਝ ਕੇ ਮਰਾ’ (ਡਾ: ਦਿਲਗੀਰ, ਸਿੱਖ ਤਵਾਰੀਖ 1469-1708, ਪੰਨ 333)

ਸੰਮਤ ਸਤਰਾਂ ਸੈ ਬਾਸਠ ਜੇਠ ਦਿਹੁੰ ਪਾਂਚ ਗਏ ਅਨੰਦਪੁਰ ਗਾਮ ਕੋ ਚਵ੍ਹਾਂ-ਦਿਸ਼ਾ ਸੇ ਘੇਰ ਲਿਆ।… ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਦਿਹੁੰ ਪਾਂਚ ਗਏ ਦੱਖਨ ਦਿਸ਼ਾ ਸੇ ਸ਼ਾਹੀ ਕਾਜ਼ੀ ਬਾਦਸ਼ਾਹੀ ਪਰਵਾਨਾ ਲੈ ਕੇ ਕਿਲਾ ਅਨੰਦ ਗਢ ਆਇ ਗਿਆ’ (ਪਿਆਰਾ ਸਿੰਘ ਪਦਮ, ਗੁਰੂ ਕੀਆਂ ਸਾਖੀਆਂ ਪੰਨਾ 152)

ਸਾਰੇ ਹਵਾਲੇ ਵੇਖ ਕੇ ਤਾਂ ਇਹ ਮੰਨਣ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿ ਇਹ ਇਤਿਹਾਸਿਕ ਵਾਕਿਆ, ਸੰਮਤ 1762 ਬਿਕ੍ਰਮੀ (1705 ਈ:) ਵਿੱਚ ਹੀ ਵਾਪਰਿਆ ਹੋਵੇਗਾ ਪਰ

ਸਾਰੇ ਇਤਿਹਾਸਕਾਰ ਇਸ ਗੱਲ ’ਤੇ ਵੀ ਸਹਿਮਤ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ, ਬਾਦਸ਼ਾਹ ਔਰੰਗਜ਼ੇਬ ਨੂੰ ਫ਼ਾਰਸੀ ਵਿੱਚ ਇਕ ਪੱਤਰ ਲਿਖਿਆ ਸੀ ਜਿਸ ਨੂੰ ‘ਜ਼ਫਰਨਾਮਾ’ ਭਾਵ ਜਿੱਤ ਦਾ ਪੱਤਰ ਕਿਹਾ ਜਾਂਦਾ ਹੈ। ਗੁਰੂ ਸਾਹਿਬ ਨੇ ਇਸ ਪੱਤਰ ਵਿੱਚ ਚਮਕੌਰ ਦੀ ਜੰਗ, ਸਾਕਾ ਸਰਹਿੰਦ ਅਤੇ ਉਸ ਦੇ ਅੱਗੜ-ਪਿੱਛੜ ਦੇ ਹਾਲਤ ਦਾ ਬੜੀ ਬਰੀਕੀ ਅਤੇ ਬੇਬਾਕੀ ਨਾਲ ਵਰਣਨ ਕੀਤਾ ਹੈ। ਉਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਇਕ ਥਾਂ ਲਿਖਦੇ ਹਨ  ‘‘ਚਰਾਗਿ ਜਹਾਂ ਚੂੰ ਸ਼ੁਦਹ ਬੁਰਕਾਹ ਪੋਸ਼ ਸ਼ਹੇ ਸ਼ਬ ਬਰਾਮਦ ਹਮਹ ਜਲਵਾ ਜੋਸ਼ ੪੨’’

ਭਾਵ (ਜਦ) ਸੰਸਾਰ ਦਾ ਦੀਪਕ (ਸੂਰਜ) ਪਰਦੇ ਵਿੱਚ ਆ ਗਿਆ (ਭਾਵ ਡੁੱਬ ਗਿਆ) (ਤਦ) ਰਾਤ ਦਾ ਸੁਆਮੀ (ਚੰਦ੍ਰਮਾ) ਬਹੁਤ ਪ੍ਰਕਾਸ਼ ਨਾਲ ਨਿਕਲ ਆਇਆ। (ਡਾ. ਰਤਨ ਸਿੰਘ ਜੱਗੀ)

ਡਾ: ਸੁਖਦਿਆਲ ਸਿੰਘ, ‘ਜਫਰਨਾਮਾ, ਇਤਿਹਾਸਕ ਅਤੇ ਰਾਜਨੀਤਿਕ ਸੰਦਰਭ ਵਿੱਚ’, ਲਿਖਦੇ ਹਨ, ‘ਸੂਰਜ ਦੇ ਛਿਪਣ ਦਾ ਜ਼ਿਕਰ ਦਰਸਾਉਂਦਾ ਹੈ ਕਿ ਦਿਨ ਖ਼ਤਮ ਹੋ ਗਿਆ ਸੀ ਰਾਤ ਪੈ ਗਈ ਸੀ ਕਿਉਂਕਿ ਚੰਦ੍ਰਮਾ ਦੇ ਪੂਰੀ ਸਜ-ਧਜ ਨਾਲ ਚੜ੍ਹਨ ਦਾ ਜ਼ਿਕਰ ਹੈ। ਇਹ ਰਾਤ ਜਾਂ ਤਾਂ ਚੌਦਸ ਦੀ ਹੋਵੇਗੀ ਤੇ ਜਾਂ ਪੂਰਨਮਾਸ਼ੀ ਦੀ। ਕਈਆਂ ਨੇ ਇਸ ਰਾਤ ਨੂੰ ਤਰੌਦਸੀ (ਚਾਨਣੇ ਪੱਖ ਦੀ ਤੇਰਵੀਂ ਰਾਤ) ਕਿਹਾ ਹੈ ਪਰ ਤਰੌਦਸ ਨੂੰ ਚੰਦਰਮਾ ਪੂਰੀ ਸਜ-ਧਜ ਵਾਲਾ ਨਹੀਂ ਹੁੰਦਾ’। (ਪੰਨਾ 115)

ਹੁਣ ਜੇ ਅਸੀਂ ਉਪਰੋਕਤ ਵਰਣਨ ਸੰਮਤ ੧੭੬੨ ਬਿ: (1705 ਈ:) ਦੇ ਪੋਹ ਮਹੀਨੇ ਵਿਚ ਚੰਦ ਦੀ ਦਿਸ਼ਾ ਵੇਖੀਏ ਤਾਂ ੬ ਪੋਹ (5 ਦਸੰਬਰ 1705 ਈ: ਜੂਲੀਅਨ) ਦਿਨ ਬੁੱਧਵਾਰ ਨੂੰ, ਪੋਹ ਦੀ ਮੱਸਿਆ ਸੀ। ਇਸ ਮੁਤਾਬਕ ੭ ਪੋਹ ਨੂੰ, ਪੋਹ ਸੁਦੀ ਏਕਮ ਸੀ।  ੭ ਪੋਹ ਦਿਨ ਵੀਰਵਾਰ ਨੂੰ, ਚੰਦ 6:27 PM ’ਤੇ ਛਿਪ ਗਿਆ ਸੀ। ਸ਼ੁਕਰਵਾਰ, 8 ਪੋਹ ਨੂੰ ਪੋਹ ਸੁਦੀ ਦੂਜ ਸੀ ਅਤੇ ਚੰਦ 7.32 PM ’ਤੇ ਛਿਪ ਗਿਆ ਸੀ। ਸਪਸ਼ਟ ਹੈ ਚੰਦ ਦੀ ਇਹ ਦਿਸ਼ਾ, ‘ਸ਼ਹੇ ਸ਼ਬ ਬਰਾਮਦ ਹਮਹ ਜਲਵਾ ਜੋਸ਼’ ਵਾਕ ’ਤੇ ਪੂਰੀ ਨਹੀਂ ਢੁੱਕਦੀ।

ਆਓ, ਹੁਣ ਸੰਮਤ ੧੭੬੧ ਬਿ: (1704 ਈ:) ਵਿਚ ਚੰਦ ਦੀ ਦਿਸ਼ਾ ਵੇਖੀਏ। ਇਸ ਸਾਲ ੧ ਪੋਹ (30 ਨਵੰਬਰ, 1704 ਈ: ਜੂਲੀਅਨ) ਦਿਨ ਵੀਰਵਾਰ ਨੂੰ ਮੱਘਰ ਦੀ ਪੁੰਨਿਆ ਸੀ।  ੨ ਪੋਹ ਨੂੰ, ਪੋਹ ਵਦੀ ਏਕਮ ਸੀ।  ੮ ਪੋਹ ਸੰਮਤ ੧੭੬੧ ਬਿ: (7 ਦਸੰਬਰ) ਦਿਨ ਵੀਰਵਾਰ ਨੂੰ ਪੋਹ ਵਦੀ ੭ ਸੀ। ਇਸ ਦਿਨ ਚੰਦ 11:47 PM ’ਤੇ ਚੜ੍ਹਿਆ ਸੀ। ਸ਼ੁੱਕਰਵਾਰ ਬਾਅਦ ਦੁਪਹਿਰ, 12:18 PM ’ਤੇ ਛਿਪਿਆ ਸੀ ਭਾਵ ਅੱਧੀ ਰਾਤ ਤੋਂ ਸੂਰਜ ਚੜ੍ਹਨ ਵੇਲੇ ਤਾਈਂ ਚੰਦ ਦੀ ਪੂਰੀ ਰੌਸ਼ਨੀ ਸੀ। ਚੰਦ ਦੀ ਇਹ ਦਿਸ਼ਾ ‘ਸ਼ਹੇ ਸ਼ਬ ਬਰਾਮਦ ਹਮਹ ਜਲਵਾ ਜੋਸ਼’ ਵਾਕ ’ਤੇ ਪੂਰੀ ਢੁੱਕਦੀ ਹੈ। ਇਸ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਸਾਕਾ ਸਰਹਿੰਦ ਸੰਮਤ ੧੭੬੧ ਬਿਕ੍ਰਮੀ (1704 ਈ:) ਵਿੱਚ ਵਾਪਰਿਆ ਹੋਵੇਗਾ। ਕੀ ਸਾਡੇ ਇਤਿਹਾਸਕਾਰ ਬਹੁਤ ਹੀ ਅਹਿਮ ਦਿਹਾੜਿਆਂ, ਚਮਕੌਰ ਦੀ ਜੰਗ ਅਤੇ ਸਾਕਾ ਸਰਹਿੰਦ ਦੇ ਲਿਖੇ ਜਾਂਦੇ ਵੱਖ-ਵੱਖ ਸੰਮਤ ੧੭੬੧ ਅਤੇ ੧੭੬੨ ਬਿਕ੍ਰਮੀ (1704 ਅਤੇ 1705 ਈ:) ਬਾਰੇ ਸਹੀ ਫ਼ੈਸਲਾ ਲੈਣ ਵੱਲ ਧਿਆਨ ਦੇਣਗੇ ?

Related Articles

4,987FansLike
0FollowersFollow
0SubscribersSubscribe

DONATION

- Advertisement -spot_img

Latest Articles