ਤਿਉਹਾਰਾਂ ਦਾ ਰੁੱਤਾਂ ਅਤੇ ਕੈਲੰਡਰ ਨਾਲ ਸੰਬੰਧ
ਹਰ ਦੇਸ਼ ’ਚ ਪ੍ਰਾਚੀਨ ਕਾਲ ਤੋਂ ਕੁਝ ਐਸੇ ਮੌਸਮੀ ਤਿਉਹਾਰ ਮਨਾਏ ਜਾਂਦੇ ਹਨ ਜੋ ਕਿਸੇ ਖ਼ਾਸ ਰੁੱਤ ਦੀ ਵਿਦਾਇਗੀ ਅਤੇ ਨਵੀਂ ਰੁੱਤ ਦੀ ਆਮਦ ਜਾਂ ਚਾਲੂ ਸਾਲ ਦੀ ਵਿਦਾਇਗੀ ਅਤੇ ਨਵੇਂ ਸਾਲ ਦੀ ਆਮਦ ਦੀ ਖੁਸ਼ੀ ’ਚ ਮਨਾਏ ਜਾਂਦੇ ਹਨ। ਜਿਵੇਂ ਦਿਨ-ਬਦਿਨ ਦਿਨਾਂ ਦੀ ਲੰਬਾਈ ਘੱਟ ਤੋਂ ਘੱਟ ਅਤੇ ਰਾਤ ਦੀ ਲੰਬਾਈ ਵੱਧ ਤੋਂ ਵੱਧ ਹੋ ਜਾਣ ਤੋਂ ਬਾਅਦ ਦਿਨਾਂ ਦੀ ਲੰਬਾਈ ਵਧਣੀ ਸ਼ੁਰੂ ਹੁੰਦੀ ਹੈ। ਉਸ ਦੀ ਖ਼ੁਸ਼ੀ ’ਚ ਲੋੜ੍ਹੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਸਾਲ ਦੇ ਅੰਤਮ ਦਿਨ; ਹੋਲੀ ਮਨਾਈ ਜਾਂਦੀ ਹੈ।
ਲੋਹੜੀ : ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਅਨੁਸਾਰ ਲੋੜ੍ਹੀ ਦਾ ਤਿਉਹਾਰ ਮਾਘ ਦੀ ਸੰਕ੍ਰਾਂਤਿ ਤੋਂ ਪਹਿਲੀ ਰਾਤ ਨੂੰ ਮਨਾਇਆ ਜਾਂਦਾ ਹੈ। ‘ਵੈਦਿਕਧਰਮ’ ਰਸਾਲੇ ਦੇ ਹਵਾਲੇ ਨਾਲ ਉਨ੍ਹਾਂ ਲਿਖਿਆ ਕਿ ਲੋੜ੍ਹੀ ਦਾ ਮੂਲ ‘ਤਿਲ-ਰੋੜੀ’ ਹੈ, ਜਿਸ ਤੋਂ ਤਿਲੋੜੀ ਹੋਇਆ ਅਰ ਇਸ ਦਾ ਰੂਪਾਂਤਰ ਲੋੜ੍ਹੀ ਹੈ। ਲੋੜ੍ਹੀ ਵਾਲੇ ਦਿਨ ਤਿਲ ਅਤੇ ਰੋੜੀ ਹਵਨ ਕੀਤੇ ਅਤੇ ਖਾਧੇ ਜਾਂਦੇ ਹਨ।
ਵਿਕੀਪੀਡੀਏ ’ਤੇ ਪਾਏ ਪੰਜਾਬੀ ’ਚ ਇੱਕ ਲੇਖ ਮੁਤਾਬਕ ਲੋੜ੍ਹੀ ਉੱਤਰੀ ਭਾਰਤ, ਖ਼ਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸੰਬੰਧਿਤ ਇੱਕ ਮਸ਼ਹੂਰ ਤਿਉਹਾਰ ਹੈ। ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫਸਲਾਂ ਦੇ ਪ੍ਰਫੁਲਿਤ ਹੋਣ ਦਾ ਤਿਉਹਾਰ ਹੈ। ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਪੰਜਾਬ ਵਿੱਚ ਪ੍ਰਚਲਿਤ ਲੋੜ੍ਹੀ ਕਿਸੇ ਸਮੇਂ ਸੂਰਜ ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਦੀਆਂ ਕਿਰਨਾਂ ਧਰਤੀ ’ਤੇ ਤ੍ਰਿਛੀਆਂ ਪੈਣ ਕਾਰਨ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਅਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋੜ੍ਹੀ ਦੀ ਅੱਗ ਬਾਲ਼ੀ ਜਾਂਦੀ ਸੀ। ਲੋਕ-ਮਨ ਦੀ ਇਹ ਪ੍ਰਵਿਰਤੀ, ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ। ਵਿਕੀਪੀਡੀਏ ’ਤੇ ਅੰਗਰੇਜ਼ੀ ’ਚ ਲਿਖੇ ਲੇਖ ਮੁਤਾਬਕ ਲੋੜ੍ਹੀ ਸਰਦੀਆਂ ਦੇ ਸੰਕ੍ਰਮਣ (Winter Solstice) ਤੋਂ ਬਾਅਦ ਲੰਬੇ ਦਿਨਾਂ ਦੀ ਆਮਦ ਦਾ ਜਸ਼ਨ ਹੈ। ਲੋਕ-ਕਥਾਵਾਂ ਦੇ ਅਨੁਸਾਰ ਪੁਰਾਤਨ ਸਮੇਂ ਵਿੱਚ ਲੋੜ੍ਹੀ ਰਵਾਇਤੀ ਮਹੀਨੇ ਦੇ ਅੰਤ ਵਿੱਚ ਮਨਾਈ ਜਾਂਦੀ ਸੀ ਜਦੋਂ ਸਰਦੀਆਂ ਦਾ ਸੰਕ੍ਰਮਣ ਹੁੰਦਾ ਹੈ। ਇਹ ਉਹਨਾਂ ਦਿਨਾਂ ਦਾ ਜਸ਼ਨ ਮਨਾਉਂਦਾ ਹੈ ਜਦੋਂ ਸੂਰਜ ਆਪਣੀ ਉੱਤਰ ਵੱਲ ਯਾਤਰਾ ’ਤੇ ਅੱਗੇ ਵਧਦਾ ਹੈ {ਅਤੇ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ}। ਲੋੜ੍ਹੀ ਤੋਂ ਅਗਲੇ ਦਿਨ ਨੂੰ ਮਕਰ ਸੰਕ੍ਰਾਂਤੀ {ਮਾਘ ਮਹੀਨੇ ਦੀ ਸੰਗਰਾਂਦ} ਵਜੋਂ ਮਨਾਇਆ ਜਾਂਦਾ ਹੈ। ਇਸ ਹਿਸਾਬ ਨਾਲ ਲੋੜ੍ਹੀ ਪੋਹ ਮਹੀਨੇ ਦੇ ਆਖ਼ਰੀ ਦਿਨ ਭਾਵ 29 ਜਾਂ 30 ਪੋਹ ਦੀ ਰਾਤ ਨੂੰ ਮਨਾਈ ਜਾਂਦੀ ਹੈ ਅਤੇ ਅਗਲੇ ਦਿਨ ੧ ਮਾਘ ਨੂੰ ਮਾਘੀ ਦਾ ਮੇਲਾ ਹੁੰਦਾ ਹੈ। ਅੱਜ ਕੱਲ੍ਹ ਬਿਕ੍ਰਮੀ ਕੈਲੰਡਰ ’ਚ ਪੋਹ ਮਹੀਨੇ ਦਾ ਆਖ਼ਰੀ ਦਿਨ 13 ਜਨਵਰੀ ਨੂੰ ਹੁੰਦਾ ਹੈ ਅਤੇ 14 ਜਨਵਰੀ ਨੂੰ ੧ ਮਾਘ ਹੁੰਦਾ ਹੈ ਜਦੋਂ ਕਿ ਸਰਦੀਆਂ ਦਾ ਸੰਕ੍ਰਮਣ (Winter Solstice) ਤਕਰੀਬਨ 22 ਦਸੰਬਰ ਨੂੰ ਹੋ ਚੁੱਕਾ ਹੁੰਦਾ ਹੈ, ਜਿਸ ਦਿਨ ਤੋਂ ਸੂਰਜ ਆਪਣੀ ਉੱਤਰ ਵੱਲ ਯਾਤਰਾ ਸ਼ੁਰੂ ਕਰਦਾ ਹੈ ਅਤੇ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ। ਵਿਕੀਪੀਡੀਆ ਦੇ ਉਕਤ ਲੇਖ ਮੁਤਾਬਕ ਲੋੜ੍ਹੀ 22 ਦਸੰਬਰ ਨੂੰ ਮਨਾਉਣੀ ਚਾਹੀਦੀ ਸੀ ਪਰ ਅੱਜ ਕੱਲ੍ਹ 22 ਦਿਨ ਪਿੱਛੋਂ 13 ਜਨਵਰੀ ਨੂੰ ਲੋੜ੍ਹੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਫ਼ਰਕ ਦਾ ਕਾਰਨ ਬਿਕ੍ਰਮੀ ਕੈਲੰਡਰ ਦੇ (ਸੂਰਜੀ ਸਿਧਾਂਤ) ਸਾਲ ਦੀ ਲੰਬਾਈ 365.258756 ਦਿਨ ਹੈ, ਜੋ ਰੁੱਤੀ ਸਾਲ ਦੀ ਲੰਬਾਈ 365.242196 ਦਿਨ ਨਾਲੋਂ 0.01656 ਦਿਨ ਵੱਧ ਹੈ। ਇਸ ਦਾ ਅਸਰ ਇਹ ਹੈ ਕਿ ਸਾਲ ਦਾ ਆਰੰਭ 0.01656 ਦਿਨ ਪ੍ਰਤੀ ਸਾਲ ਦੇ ਹਿਸਾਬ ਨਾਲ ਅੱਗੇ ਪੈਂਦਾ ਜਾ ਰਿਹਾ ਹੈ ਅਤੇ ਇਸ ਦੇ ਸਿੱਟੇ ਵਜੋਂ ਹੁਣ ਤੱਕ ਤਕਰੀਬਨ 24 ਦਿਨ ਦਾ ਫ਼ਰਕ ਪੈ ਚੁੱਕਾ ਹੈ; ਇਹ ਤੱਥ ਹਿੰਦੂ ਪੰਚਾਂਗਾਂ ਤੋਂ ਵੀ ਭਲੀਭਾਂਤ ਤਸਦੀਕ ਹੁੰਦਾ ਹੈ। ਕੁਰਾਲੀ (ਚੰਡੀਗੜ੍ਹ) ਤੋਂ ਛਪ ਰਹੀ ‘ਸ਼੍ਰੀ ਮਾਰਤੰਡ ਪੰਚਾਂਗ’ ਅਨੁਸਾਰ 1 ਜਨਵਰੀ 2022 ਦਾ ਆਇਨਅੰਸ਼ 24º, 9 ਮਿੰਟ 37 ਸਕਿੰਟ ਹੈ; 1 ਜਨਵਰੀ 2023 ਦਾ ਆਇਨਅੰਸ਼ 24º, 10 ਮਿੰਟ 31 ਸਕਿੰਟ ਹੈ ਅਤੇ 1 ਜਨਵਰੀ 2024 ਦਾ ਆਇਨਅੰਸ਼ 24º, 11 ਮਿੰਟ 27 ਸਕਿੰਟ ਹੈ। ਆਈਨਅੰਸ਼ ਦਾ ਹੌਲ਼ੀ ਹੌਲ਼ੀ ਵਧ ਰਿਹਾ ਇਹ ਅੰਕੜਾ ਸੂਰਜ ਅਤੇ ਚੰਦਰਮਾ ਦੀ ਗੁਰੂਤਾ ਖਿੱਚ ਦੇ ਕਾਰਨ ਸਮਰਾਤਾਂ (Equinoxes) ਦਾ ਹੌਲ਼ੀ ਹੌਲ਼ੀ ਪੱਛਮ ਵੱਲ ਖਿਸਕਣ (Precession of the Equinoxes) ਦੇ ਕਾਰਨ ਹੈ। ਸੂਰਜ ਦੁਆਲੇ ਪੂਰਾ ਚੱਕਰ ਕੱਟਣ ਲਈ ਧਰਤੀ 360º ਦਾ ਸਫਰ ਇੱਕ ਸਾਲ ਭਾਵ 365 ਦਿਨਾਂ ’ਚ ਤੈਅ ਕਰਦੀ ਹੈ ਤਾਂ 24º ਦਾ ਸਫ਼ਰ ਤੈਅ ਕਰਨ ਲਈ ਲਗਭਗ 24 ਦਿਨ ਦਾ ਸਮਾਂ ਲੱਗਦਾ ਹੈ। ਇਸ ਤੋਂ ਸਾਫ਼ ਹੋ ਗਿਆ ਕਿ ਹੁਣ ਤੱਕ ਬਿਕ੍ਰਮੀ ਕੈਲੰਡਰ ਦਾ ਰੁੱਤਾਂ ਨਾਲੋਂ 24 ਦਿਨਾਂ ਦਾ ਫ਼ਰਕ ਪੈ ਚੁੱਕਾ ਹੈ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਅੱਜ ਤੋਂ 10,000 ਸਾਲ ਬਾਅਦ ਮੌਜੂਦਾ ਬਿਕ੍ਰਮੀ ਕੈਲੰਡਰ (ਦ੍ਰਿਕ ਗਣਿਤ) ’ਚ ਲੋੜ੍ਹੀ ਦਾ ਤਿਉਹਾਰ 29 ਪੋਹ ਸੰਮਤ 12079; 29 ਮਈ 12023 ਸੀਈ ਨੂੰ ਆਵੇਗਾ।
ਗੁਰੂ ਕਾਲ ਵਾਲੇ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਜਿਸ ਬਾਰੇ ਕਿਹਾ ਜਾਂਦਾ ਹੈ ਕਿ ਜੋ ਕੈਲੰਡਰ ਗੁਰੂ ਕਾਲ ’ਚ ਪ੍ਰਚਲਿਤ ਸੀ ਉਸ ਨੂੰ ਅਸੀਂ ਕਿਉਂ ਛੱਡੀਏ ? ਉਸ ਮੁਤਾਬਕ 29 ਪੋਹ ਸੰੰਮਤ 12079; 25 ਜੂਨ 12023 ਸੀਈ ਨੂੰ ਆਵੇਗਾ। ਮਈ-ਜੂਨ ਦੇ ਮਹੀਨਿਆਂ ’ਚ ਸਰਦੀ ਦੀ ਬਜਾਏ ਅੰਤਾਂ ਦੀ ਗਰਮੀ ਪੈਂਦੀ ਹੋਵੇਗੀ; ਤਾਂ ਕੀ ਉਸ ਸਮੇਂ ਵੀ ਅੱਜ ਵਾਙ ਅੱਗ ਬਾਲ਼ ਕੇ ਲੋੜ੍ਹੀ ਮਨਾਈ ਜਾਵੇਗੀ ਜਾਂ ਏਸੀ ਹਾਲਾਂ ’ਚ ਮਨਾਈ ਜਾਵੇਗੀ ? ਇਸ ਲਈ ਨਾ ਹੀ ਹਿੰਦੂਆਂ ਵੱਲੋਂ 1964 ’ਚ ਸੋਧਿਆ ਮੌਜੂਦਾ ਦ੍ਰਿਕ ਗਣਿਤ ਵਾਲਾ ਬਿਕ੍ਰਮੀ ਕੈਲੰਡਰ ਅਤੇ ਨਾ ਹੀ ਗੁਰੂ ਕਾਲ ’ਚ ਪ੍ਰਚਲਿਤ ਸੂਰਜੀ ਸਿਧਾਂਤ ਵਾਲਾ ਬਿਕ੍ਰਮੀ ਕੈਲੰਡਰ ਮੌਸਮੀ ਤਿਉਹਾਰ ਮਨਾਉਣ ਲਈ ਤਰਕ ਸੰਗਤ ਹੈ।
ਗੁਗਲ ਉੱਤੇ ਪਾਏ ਇੱਕ ਲੇਖ ’ਚ ਪੁਸ਼ਕਰ ਭਟਨਾਗਰ ਅਨੁਸਾਰ ਸ੍ਰੀ ਰਾਮ ਚੰਦਰ ਜੀ ਦੇ ਜਨਮ ਦੀ ਮਿਤੀ ਅਤੇ ਸਮਾਂ 10 ਜਨਵਰੀ, 5114 ਈਸਵੀ ਪੂਰਵ ਨੂੰ ਦੁਪਹਿਰ 12:30 ਵਜੇ ਨਿਰਧਾਰਿਤ ਕੀਤਾ ਗਿਆ। ਸ੍ਰੀ ਰਾਮ ਜੀ ਦੇ ਜਨਮ ਦੀ ਮਿਤੀ ਨੂੰ ਪਲੈਨੇਟੇਰੀਅਮ ਸਾਫਟਵੇਅਰ ਦੀ ਵਰਤੋਂ ਕਰਕੇ ਸਹੀ ਢੰਗ ਨਾਲ ਗਿਣਿਆ ਜਾ ਸਕਦਾ ਹੈ। ਜੇਕਰ ਰਾਮ ਜੀ ਦਾ ਜਨਮ ਉਕਤ ਤਰੀਕ ਨੂੰ ਹੋਇਆ ਸੀ, ਤਾਂ ਰਾਮ ਨੌਮੀ ਮਾਰਚ ਦੇ ਅੰਤ-ਅਪ੍ਰੈਲ ਦੇ ਅੱਧ ਦੇ ਆਸ ਪਾਸ ਕਿਉਂ ਮਨਾਈ ਜਾਂਦੀ ਹੈ ? ਇਸ ਦਾ ਜਵਾਬ ਵੀ ਉਸੇ ਲੇਖ ’ਚ ਦਿੱਤਾ ਹੈ ਕਿ ਇਕੂਨਿਕਸ ਦੀ ਪੂਰਬਾਇਣੀ ਗਤੀ (Precession of Equinox) ਦੇ ਕਾਰਨ ਹਰ 72 ਸਾਲਾਂ ’ਚ ਇੱਕ ਦਿਨ ਦਾ ਫ਼ਰਕ ਪੈ ਜਾਂਦਾ ਹੈ। ਇਸ ਤਰ੍ਹਾਂ 5114+2023 = ਲਗਭਗ 7,200-ਸਾਲ ਦੀ ਮਿਆਦ ’ਚ ਇਹ 10 ਜਨਵਰੀ ਤੋਂ 15 ਅਪ੍ਰੈਲ ਦੇ ਵਿਚਕਾਰ ਲਗਭਗ 100 ਦਿਨਾਂ ਦਾ ਫ਼ਰਕ ਪੈ ਗਿਆ।
ਜੋ ਵੀਰ ਕਹਿੰਦੇ ਹਨ ਕਿ ਵੈਸਾਖੀ ਤਾਂ ਹਰ ਸਾਲ ੧ ਵੈਸਾਖ ਨੂੰ ਹੀ ਆਉਂਦੀ ਹੈ, ਮਾਰਚ ਅਪ੍ਰੈਲ ਖਿਸਕ ਰਹੇ ਹਨ; ਉਹ ਜ਼ਰਾ ਸੋਚਣ ਕਿ ਜਦੋਂ ਮਾਰਚ ਅਪ੍ਰੈਲ ਖਿਸਕਦੇ ਸਨ; ਪੋਪ ਗ੍ਰੈਗਰੀ ਨੇ ਤਦੋਂ ਅਕਤੂਬਰ 1582 ’ਚ ਹੀ 10 ਦਿਨ ਦੀ ਸੋਧ ਨਾਲ਼ ਸਹੀ ਕਰ ਲਏ ਸਨ ਪਰ ਤੁਸੀਂ ਅੱਜ ਤੱਕ ਬੇਖ਼ਬਰ ਕਿਉਂ ? ਜੇ ਤੁਸੀਂ ਹਿੰਦੂ ਭਰਾਵਾਂ ਵੱਲੋਂ ਬਿਕ੍ਰਮੀ ਕੈਲ਼ੰਡਰ ਸੰਨ 1964 ’ਚ ਕੀਤੀ ਸੋਧ ਨੂੰ ਬਿਨਾਂ ਹੀਲ ਹੁਜ਼ਤ ਪ੍ਰਵਾਨ ਕਰ ਲਿਆ ਹੈ ਤਾਂ ਕਿਸੇ ਹਿੰਦੂ ਭਰਾ ਵੱਲੋਂ ਉਕਤ ਲੇਖ ਤੋਂ ਹੀ ਸੇਧ ਲੈ ਲਵੋ ਕਿ ਤੁਹਾਡਾ ਬਿਕ੍ਰਮੀ ਕੈਲੰਡਰ ਬਹੁਤ ਤੇਜੀ ਨਾਲ ਰੁੱਤਾਂ ਦਾ ਸਾਥ ਛੱਡ ਰਿਹਾ ਹੈ, ਇਸ ਲਈ ਸੰਨ 1999 ’ਚ ਕੀਤੀ ਸੋਧ ਨੂੰ ਪ੍ਰਵਾਨ ਕਰਕੇ ਸਮੇਂ ਦੇ ਹਾਣੀ ਬਣਿਆ ਜਾਣਾ ਚਾਹੀਦਾ ਹੈ।
ਹੋਲੀ ਅਤੇ ਹੋਲਾ ਮਹੱਲਾ :- ਭਾਰਤ ’ਚ ਪੁਰਾਤਨ ਸਮੇਂ ਤੋਂ ਫੱਗਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਹੋਲੀ ਦਾ ਤਿਉਹਾਰ ਇੱਕ ਦੂਸਰੇ ’ਤੇ ਰੰਗ ਪਾ ਕੇ ਬੜੇ ਚਾਅ ਅਤੇ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ। ਸਿੱਖ ਧਰਮ ’ਚ ਹੋਲੀ ਦੀ ਥਾਂ ਇੱਕ ਦਿਨ ਪਿੱਛੋਂ ਹੋਲਾ ਮਹੱਲਾ ਮਨਾਉਣਾ ਸ਼ੁਰੂ ਕੀਤਾ। ਹੋਲੇ ਮਹੱਲੇ ਨੂੰ ਤਿਉਹਾਰ ਦੇ ਤੌਰ ’ਤੇ ਕਦੋਂ ਮਨਾਇਆ ਜਾਣਾ ਸ਼ੁਰੂ ਕੀਤਾ ਗਿਆ; ਇਸ ਦੀ ਸਿੱਖਾਂ ਕੋਲ਼ ਕੋਈ ਪ੍ਰਮਾਣਿਕ ਤਾਰੀਖ਼ ਨਹੀਂ ਹੈ। ਇਸ ਸੰਬੰਧੀ ਸਿੱਖ ਇਤਿਹਾਸ ’ਚ ਵੱਖ ਸੰਮਤ ਦਰਜ ਹਨ, ਜਿਨ੍ਹਾਂ ਦਾ ਸੰਖੇਪ ਵੇਰਵਾ ਇੱਥੇ ਦਿੱਤਾ ਜਾ ਰਿਹਾ ਹੈ :-
- ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਰਚਿਤ ਮਹਾਨ ਕੋਸ਼ ਵਿੱਚ (ਹੋਲਗੜ੍ਹ ਸਿਰਲੇਖ ਹੇਠ) ਦਰਜ ਹੈ:- ਅਨੰਦਪੁਰ ਦਾ ਇੱਕ ਕਿਲਾ। ਇਸੇ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਲਾ ਕੇ ਸੰਮਤ ੧੭੫੭, ਚੇਤ ਬਦੀ ੧ [ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ – ਸ਼ੁੱਕਰਵਾਰ, ੧੭ ਚੇਤ ਸੰਮਤ ੧੭੫੭; 14 ਮਾਰਚ 1701 ਜੂਲੀਅਨ] ਨੂੰ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ। ਬਹੁਤੇ ਲੇਖਕ ਆਪਣੀਆਂ ਲਿਖਤਾਂ ਵਿੱਚ ਇਹੀ ਤਰੀਖ਼ਾਂ ਲਿਖਦੇ ਹਨ।
- ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ’ਚ (ਮਹੱਲਾ ਸਿਰਲੇਖ ਹੇਠ) ਅਤੇ ਗੁਰਮਤਿ ਮਾਰਤੰਡ (ਭਾਗ ਪਹਿਲਾ ਪੰਨਾ 110 ’ਤੇ ਸ਼ਸਤਰ ਵਿੱਦਿਆ ਸਿਰਲੇਖ ਦੇ ਫੁੱਟ ਨੋਟ) ਦੋਵਾਂ ਹੀ ਪੁਸਤਕਾਂ ਵਿੱਚ ਕੇਵਲ ਚੇਤ ਵਦੀ ੧ ਨੂੰ ਹੋਲਾ ਮਹੱਲਾ ਹੁੰਦਾ ਹੈ; ਲਿਖਣ ਤੋਂ ਇਲਾਵਾ ਹੋਰ ਕੋਈ ਵੀ ਸੰਨ ਜਾਂ ਸੰਮਤ ਨਹੀਂ ਲਿਖਿਆ।
- ਡਾ: ਵਣਜਾਰਾ ਬੇਦੀ ਅਨੁਸਾਰ ਹੋਲੇ ਮਹੱਲੇ ਦਾ ਤਿਉਹਾਰ ਚੇਤ ਵਦੀ ੧, ਸੰਮਤ ੧੭੪੨, 1 ਮਾਰਚ 1686 ਤੋਂ ਪਉਂਟਾ ਸਾਹਿਬ ਵਿਖੇ ਮਨਾਉਣਾ ਸ਼ੁਰੂ ਕਰ ਦਿੱਤਾ ਸੀ।
- ਡਾ: ਹਰਜਿੰਦਰ ਸਿੰਘ ਦਿਲਗੀਰ ਸਿੱਖ ਤਵਾਰੀਖ਼ ਭਾਗ ਪਹਿਲਾ ਦੇ ਪੰਨਾਂ ਨੰ: 301 ’ਤੇ ਲਿਖਦੇ ਹਨ: 3 ਮਾਰਚ 1683 ਦੇ ਦਿਨ ਗੁਰੂ ਸਾਹਿਬ ਨੇ ਚੱਕ ਨਾਨਕੀ ਵਿੱਚ ਹੋਲਾ ਮਹੱਲਾ ਮਨਾਇਆ। ਅੱਗੇ ਜਾ ਕੇ ਪੰਨਾ ਨੰ: 326 ’ਤੇ ਲਿਖਦੇ ਹਨ ‘‘ਗੁਰੂ ਸਾਹਿਬ ਨੇ 3 ਮਾਰਚ ਸੰਨ 1702 ਦੇ ਦਿਨ ਇੱਕ ਨਵਾਂ ਤਿਉਹਾਰ ‘ਹੋਲਾ ਮਹੱਲਾ’ ਮਨਾਇਆ’’। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇੱਕੋ ਲੇਖਕ ਇੱਕ ਹੀ ਪੁਸਤਕ ’ਚ ਇੱਕ ਹੀ ਘਟਨਾ ਦੇ 19 ਸਾਲ ਦੇ ਵਕਫ਼ੇ ਨਾਲ ਦੋ ਸੰਮਤ ਲਿਖ ਰਿਹਾ ਹੈ ਤਾਂ ਕਿਹੜੀ ਤਾਰੀਖ਼ ਨੂੰ ਸੱਚ ਮੰਨਿਆ ਜਾਵੇ ?
- ਗੁਰੂ ਕੀਆਂ ਸਾਖੀਆਂ ਸੰਪਾਦਨਾ ਪ੍ਰੋ: ਪਿਆਰਾ ਸਿੰਘ ਪਦਮ ਨੇ ਸਾਖੀ ਨੰ: 37 (ਪੰਨਾ ਨੰ: 92) ਵਿੱਚ ਕੇਵਲ ਚੇਤ ਵਦੀ ੧ ਲਿਖਿਆ ਹੈ, ਕੋਈ ਸੰਮਤ ਨਹੀਂ ਲਿਖਿਆ। ਇਸ ਸਾਖੀ ਵਿੱਚ ਲਿਖਿਆ ਹੈ ਹੋਲੀਆਂ ਤੋਂ ਅਗਲੇ ਦਿਨ ਚੇਤਰ ਵਦੀ ਏਕਮ ਕੇ ਦਿਹੁੰ ਪਿਛਲੇ ਪਹਰ ਸ਼ਸਤਰ ਵਿਦਿਆ ਦੇ ਕਰਤੱਵ ਅਤੇ ਘੋੜ-ਦੌੜ ਹੋਈ। ਸਿੱਖਾਂ ਕੇ ਪੂਛਨੇ ਸੇ ਇਸ ਦਿਹੁੰ ਕਾ ਨਾਮ ‘ਹੋਲਾ ਮਹੱਲਾ’ ਰੱਖਾ। ਇਹ ਦਿਹੁੰ ਹਰ ਸਾਲ ਚੱਕ ਨਾਨਕੀ ਮੇਂ ਮਨਾਇਆ ਜਾਨਾ ਲਾਗਾ।
- ਸੂਰਜ ਪ੍ਰਕਾਸ਼ ਦੇ ਕਰਤਾ ਕਵੀ ਸੰਤੋਖ ਸਿੰਘ ਅਤੇ ਜੀਵਨ ਬ੍ਰਿਤਾਂਤ ਗੁਰੂ ਗੋਬਿੰਦ ਸਿੰਘ ਜੀ ਦੇ ਕਰਤਾ ਪ੍ਰੋ: ਸਾਹਿਬ ਸਿੰਘ ਨੇ ਕੋਈ ਸੰਮਤ ਜਾਂ ਤਾਰੀਖ਼ ਨਹੀਂ ਲਿਖੀ
ਸੋ ਉਪਰੋਕਤ ਵਿਚਾਰ ਤੋਂ ਬਾਅਦ ਸਾਡੇ ਕੋਲ਼ ਜੋ ਸੰਨ ਅਤੇ ਸੰਮਤ ਮਿਲਦੇ ਹਨ ਉਹ ਇਸ ਤਰ੍ਹਾਂ ਹਨ :
(ੳ) ਸੰਮਤ ੧੭੩੯ ਬਿਕ੍ਰਮੀ/ ਸੰਨ 1683 ਜੂਲੀਅਨ (ਅ) ਸੰਮਤ ੧੭੪੨ ਬਿਕ੍ਰਮੀ/ ਸੰਨ 1686 (ੲ) ਸੰਮਤ ੧੭੫੭ ਬਿਕ੍ਰਮੀ/ ਸੰਨ 1701 ਜੂਲੀਅਨ (ਸ) ਸੰਮਤ ੧੭੫੮ ਬਿਕ੍ਰਮੀ/ ਸੰਨ 1702 ਜੂਲੀਅਨ।
ਉਕਤ ਸਾਰੀਆਂ ਤਾਰੀਖ਼ਾਂ ਵਿੱਚੋਂ ਕਿਹੜੀ ਠੀਕ ਹੈ ਅਤੇ ਕਿਹੜੀ ਗ਼ਲਤ, ਇਸ ਦਾ ਨਿਰਣਾ ਕਿਵੇਂ ਕੀਤੇ ਜਾਵੇ ? ਇਸ ਲਈ ਠੀਕ ਗ਼ਲਤ ਦੇ ਚੱਕਰ ’ਚ ਪੈਣ ਦੀ ਥਾਂ ਇਹ ਵਿਚਾਰਨਾ ਜ਼ਰੂਰੀ ਹੈ ਕਿ ਭਾਰਤੀ ਸਭਿਆਚਾਰ ’ਚ ਕਿਹੜੇ ਕਿਹੜੇ ਤਿਉਹਾਰ ਕਿਹੜੀਆਂ ਕਿਹੜੀਆਂ ਰੁੱਤਾਂ ਵਿੱਚ ਮਨਾਏ ਜਾਂਦੇ ਹਨ; ਇਸ ਯੁਕਤੀ ਨਾਲ ਹੋਲੀ ਸਿਆਲ ਰੁੱਤ ਤੋਂ ਪਿੱਛੋਂ ਬਸੰਤ ਰੁੱਤ ਦੀ ਆਮਦ ਦਾ ਸੁਨੇਹਾ ਦੇਣ ਵਾਲਾ ਤਿਉਹਾਰ ਹੈ।
ਬਿਕ੍ਰਮੀ ਚੰਦਰ ਸਾਲ ’ਚ ਵਦੀ ਅਤੇ ਸੁਦੀ ਦੋ-ਦੋ ਪੱਖਾਂ ਦੇ 12 ਮਹੀਨੇ ਹੁੰਦੇ ਹਨ ਜਿਸ ਦਾ ਪਹਿਲਾ ਮਹੀਨਾ ਚੇਤ ਅਤੇ ਅਖੀਰਲਾ ਫੱਗਣ ਹੁੰਦਾ ਹੈ ਅਤੇ ਹੋਲੀ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਈ ਜਾਂਦੀ ਹੈ। ਪੰਜਾਬ ਦੇ ਨਿਯਮਾਂ ਅਨੁਸਾਰ ਚੇਤ ਦਾ ਮਹੀਨਾ ਦੋ ਭਾਗਾਂ ’ਚ ਵੰਡਿਆ ਜਾਂਦਾ ਹੈ ਭਾਵ ਪਹਿਲਾ ਅੱਧਾ ਭਾਗ (ਵਦੀ ਪੱਖ) ਪਿਛਲੇ ਸਾਲ ਵਿੱਚ ਰਹਿ ਜਾਂਦਾ ਹੈ ਅਤੇ ਦੂਸਰਾ ਅੱਧਾ ਭਾਗ (ਸੁਦੀ ਪੱਖ) ਨਵੇਂ ਸਾਲ ਵਿੱਚ ਆ ਜਾਂਦਾ ਹੈ (ਨੋਟ : ਦੁਨੀਆਂ ਦਾ ਐਸਾ ਕੋਈ ਹੋਰ ਕੈਲੰਡਰ ਨਹੀਂ, ਜਿਸ ਦਾ ਅੱਧਾ ਮਹੀਨਾ ਪਿਛਲੇ ਸਾਲ ’ਚ ਆਉਂਦਾ ਹੋਵੇ ਅਤੇ ਅੱਧਾ ਅਗਲੇ ਨਵੇਂ ਸਾਲ ’ਚ)। ਨਵਾਂ ਸਾਲ ਚੇਤ ਸੁਦੀ ੧ ਤੋਂ ਸ਼ੁਰੂ ਹੁੰਦਾ ਹੈ, ਪਰ ਇਹ ਹਮੇਸ਼ਾਂ ਅਜਿਹਾ ਨਹੀਂ ਸੀ ਹੁੰਦਾ। ਉੱਤਰੀ ਭਾਰਤ ਵਿੱਚ, ਹਾਲਾਂਕਿ ਮਹੀਨੇ ਪੂਰਨਮੰਤੇ (ਪੂਰਨਮਾਸ਼ੀ ’ਤੇ ਪੂਰੇ ਹੋਣ ਵਾਲੇ ਮਹੀਨੇ) ਸਨ ਪਰ ਚੇਤ ਦਾ ਮਹੀਨਾ ਵੰਡਿਆ ਨਹੀਂ ਸੀ ਜਾਂਦਾ ਅਤੇ ਸਾਲ ਫ਼ੱਗਣ ਸੁਦੀ ੧੫ ਯਾਨੀ ਪੂਰਨਮਾਸ਼ੀ ਨੂੰ ਖ਼ਤਮ ਹੋਇਆ ਕਰਦਾ ਸੀ ਅਤੇ ਚੇਤ ਵਦੀ ੧ ਤੋਂ ਨਵਾਂ ਸਾਲ ਸ਼ੁਰੂ ਹੁੰਦਾ ਸੀ। ਕੈਲੰਡਰ ਸੁਧਾਰ ਕਮੇਟੀ ਦੀ ਰਿਪੋਰਟ, ਭਾਰਤ ਸਰਕਾਰ, 1955, ਪੰ: 161 ਵਿੱਚ ਵੀ ਇਹੋ ਤੱਥ ਇਸ ਤਰ੍ਹਾਂ ਸਪਸ਼ਟ ਕੀਤਾ ਗਿਆ ਹੈ, ‘ਹਿੰਦੀ ਕਲੰਡਰ ਵਿੱਚ ਨਾਗਰਕ ਮਨੋਰਥਾਂ ਲਈ ਪੁੰਨਿਆਂ ਨੂੰ ਖ਼ਤਮ ਹੋਣ ਵਾਲੇ ਮਹੀਨੇ ਵਰਤੇ ਜਾਂਦੇ ਹਨ – ਕਿਉਂਕਿ ਇਹ ਮਹੀਨੇ ਗੌਣਮਾਨ ਹਨ ਇਸ ਲਈ ਮਹੀਨੇ ਦਾ ‘ਵਦੀ’ ਵਾਲਾ ਅੱਧਾ ਭਾਗ ਪਹਿਲੋਂ ਆਉਂਦਾ ਹੈ ਇਸ ਪਿੱਛੋਂ ਸੁਦੀ ਵਾਲਾ ਅੱਧ ਆਉਂਦਾ ਹੈ। ਇਸ ਲਈ ਸਾਲ ਦਾ ਆਖਰੀ ਦਿਨ ਪੁੰਨਿਆਂ ਦਾ ਹੁੰਦਾ ਹੈ ਅਤੇ ਪ੍ਰਾਚੀਨ ਭਾਰਤੀ ਰਵਾਇਤ ਅਨੁਸਾਰ ਇਹ ਫਾਲਗੁਨੀ ਪੂਰਣਿਮਾਂ (ਜਾਂ ਹੋਲੀ ) ਹੁੰਦੀ ਹੈ।’
ਤੁਜ਼ਕ-ਏ-ਜਹਾਂਗੀਰੀ ਵਿੱਚ ਅੰਕਤ ਹੈ ਕਿ ਸਾਲ ਦੇ ਆਖਰੀ ਦਿਨ ਹੋਲੀ ਹੁੰਦੀ ਹੈ:- “Thursday is the Holi, which in their belief is the last day of the year.” – Tuuzk-I-Jahangiri or Memoirs of Jahangir, Translated by Alexander Rogers and Henry Beveridge, first published 1909-1914, reprint 1989 Low Price Publications, Delhi.
ਹੋਲਾ ਮਹੱਲਾ ਹੋਲੀ ਤੋਂ ਇੱਕ ਦਿਨ ਪਿੱਛੋਂ ਮਨਾਏ ਜਾਣ ਕਾਰਨ ਇਹ ਨਵੇਂ ਸਾਲ ਦਾ ਪਹਿਲਾ ਦਿਨ ਹੁੰਦਾ ਹੈ। ਨਾਨਕਸ਼ਾਹੀ ਸੰਮਤ ’ਚ ਪਹਿਲਾ ਮਹੀਨਾ ਚੇਤ ਦਾ ਹੁੰਦਾ ਹੈ ਅਤੇ ਸਾਡੇ ਸਾਰੇ ਇਤਿਹਾਸਕ ਦਿਹਾੜੇ ਅਤੇ ਗੁਰ ਪੁਰਬਾਂ ਦੇ ਦਿਨ ਨਿਸ਼ਚਿਤ ਕਰਨ ਲਈ ਕੈਲੰਡਰ ਕਮੇਟੀ ਨੇ ਚੰਦਰ ਤਿੱਥਾਂ ਦੀ ਬਜਾਏ ਸੂਰਜੀ ਤਾਰੀਖ਼ਾਂ (ਪ੍ਰਵਿਸ਼ਟਿਆਂ) ਨੂੰ ਪ੍ਰਮੁਖਤਾ ਦਿੱਤੀ। ਹੋਲੇ ਮਹੱਲੇ ਦੀ ਤਾਰੀਖ਼ ਸੰਬੰਧੀ ਅਨਿਸ਼ਚਿਤਤਾ ਹੋਣ ਦੀ ਸੂਰਤ ਵਿੱਚ ਨਾਨਕਸ਼ਾਹੀ ਕੈਲੰਡਰ ਵਿੱਚ ਹੋਲਾ ਮਹੱਲਾ ਚੇਤ ਵਦੀ ੧ ਦੀ ਥਾਂ ਪ੍ਰਵਿਸ਼ਟਾ ੧ ਚੇਤ/14 ਮਾਰਚ (ਨਵਾਂ ਸਾਲ) ਨਿਸ਼ਚਿਤ ਕੀਤਾ ਗਿਆ, ਜਿਸ ਪਿੱਛੇ ਹੇਠ ਲਿਖੇ ਕੁਝ ਕਾਰਨ ਹਨ :
(1) ਚੰਦਰ ਸਾਲ ਦੇ ਅਖੀਰਲੇ ਦਿਨ ਫ਼ੱਗਣ ਸੁਦੀ ਪੁੰਨਿਆਂ ਨੂੰ ਹਿੰਦੂ ਹੋਲੀ ਮਨਾਉਂਦੇ ਹਨ। ਹੋਲਾ ਮਹੱਲਾ ਕਿਉਂਕਿ ਹੋਲੀ ਤੋਂ ਇਕ ਦਿਨ ਬਾਅਦ ਵਿੱਚ ਮਨਾਇਆ ਜਾਂਦਾ ਹੈ ਇਸ ਲਈ ਕੁਦਰਤੀ ਹੈ ਕਿ ਹੋਲਾ ਮਹੱਲਾ ਚੇਤ ਦੇ ਪਹਿਲੇ ਦਿਨ ਚੇਤ ਵਦੀ ੧ ਭਾਵ ਨਵੇਂ ਚੰਦਰਮਾਂ ਸਾਲ ਦੇ ਸ਼ੁਰੂ ਵਿੱਚ ਮਨਾਇਆ ਜਾਂਦਾ ਸੀ ਕਿਉਂਕਿ ਨਾਨਕਸ਼ਾਹੀ ਕੈਲੰਡਰ ਦਾ ਨਵਾਂ ਸਾਲ ੧ ਚੇਤ ਤੋਂ ਸ਼ੁਰੂ ਹੁੰਦਾ ਹੈ, ਇਸ ਲਈ ਹੋਲਾ ਮਹੱਲਾ ਨਵੇਂ ਸਾਲ ਦੇ ਸ਼ੁਰੂਆਤੀ ਦਿਨ ੧ ਚੇਤ/14 ਮਾਰਚ ਨੂੰ ਹੀ ਮਨਾਇਆ ਜਾਣਾ ਸਹੀ ਹੈ।
(2) ਦਿਲਚਸਪ ਇਤਫ਼ਾਕ ਹੈ ਕਿ 1998 ਈਸਵੀ ਵਿਚ, ਜਿਸ ਸਾਲ ਬਿਕ੍ਰਮੀ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਲੈਣ ਤੋਂ ਬਾਅਦ ਪਹਿਲੀ ਵਾਰ 1999 ਦੀ ਵੈਸਾਖੀ ਤੋਂ ਲਾਗੂ ਕਰਨ ਲਈ ਨਾਨਕਸ਼ਾਹੀ ਕੈਲੰਡਰ ਪ੍ਰਕਾਸ਼ਤ ਕੀਤਾ ਗਿਆ, ਉਸ ਸਾਲ ਸੰਮਤ ੨੦੫੫ ਨੂੰ ਚੇਤ ਵਦੀ ੧ ਅਤੇ ਚੇਤ ੧; ਦੋਵੇਂ ਇੱਕੋ ਹੀ ਦਿਨ 14 ਮਾਰਚ ਨੂੰ ਆਏ ਸਨ, ਜਿਸ ਦਿਨ ਹੋਲਾ ਮਹੱਲਾ ਮਨਾਇਆ ਗਿਆ ਸੀ।
(3) ਇਹ ਇਕ ਹੋਰ ਇਤਫ਼ਾਕ ਹੈ ਕਿ ਪ੍ਰਚਲਿਤ ਧਾਰਨਾ ਅਨੁਸਾਰ ਪਹਿਲਾ ਹੋਲਾ ਮਹੱਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਜਿਸ ਦਿਨ ਮਨਾਇਆ ਗਿਆ ਉਸ ਦਿਨ ਚੇਤ ਵਦੀ ੧, ੧੭੫੭ ਬਿਕ੍ਰਮੀ ਵਾਲੇ ਦਿਨ 14 ਮਾਰਚ, 1701 ਜੂਲੀਅਨ ਹੀ ਸੀ।
(4) ਗੁਰਬਾਣੀ ਵਿੱਚ ਦਰਜ ਰੁੱਤੀ ਸਲੋਕ ਅਨੁਸਾਰ ਚੇਤ ਅਤੇ ਵੈਸਾਖ ਦੋ ਮਹੀਨੇ ਬਸੰਤ ਰੁੱਤ ਦੇ ਹੁੰਦੇ ਹਨ, ‘‘ਰੁਤਿ ਸਰਸ ਬਸੰਤ ਮਾਹ; ਚੇਤੁ ਵੈਸਾਖ ਸੁਖ ਮਾਸੁ ਜੀਉ ॥’’ (ਮਹਲਾ ੫/੯੨੭) ਜਿਸ ਤਰ੍ਹਾਂ ਕਿ ਉੱਪਰ ਲਿਖਿਆ ਜਾ ਚੁੱਕਾ ਹੈ ਕਿ ਹੋਲੀ ਇੱਕ ਮੌਸਮੀ ਤਿਉਹਾਰ ਹੈ, ਜੋ ਹਿਮਕਰ ਰੁੱਤ ਦੀ ਸਮਾਪਤੀ ਅਤੇ ਬਸੰਤ ਰੁੱਤ ਦੀ ਸ਼ੁਰੂਆਤ ਦਾ ਇੱਕ ਸੁਨੇਹਾ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਹੋਲਾ ਮਹੱਲਾ ੧ ਚੇਤ ਨੂੰ ਮਨਾਏ ਜਾਣ ਦਾ ਭਾਵ ਹੈ ਕਿ ਇਹ ਹਮੇਸ਼ਾਂ ਹੀ ਬਸੰਤ ਰੁੱਤ ਦੇ ਸ਼ੁਰੂਆਤੀ ਵਾਲੇ ਦਿਨ ਮਨਾਇਆ ਜਾਇਆ ਕਰੇਗਾ ਜਦੋਂ ਕਿ ਚੇਤ ਵਦੀ ੧ ਕਦੀ 11 ਦਿਨ ਪਹਿਲਾਂ ਅਤੇ ਕਦੀ 18-19 ਦਿਨ ਪਿੱਛੋਂ ਆਉਂਦੀ ਹੈ ਜਦੋਂ ਕਿ ਖਗੋਲ ਵਿਗਿਆਨ ਅਨੁਸਾਰ ਰੁੱਤਾਂ ਹਮੇਸ਼ਾਂ ਹੀ ਖ਼ਾਸ ਦਿਨ ਤੋਂ ਸ਼ੁਰੂ ਹੁੰਦੀਆਂ ਹਨ, ਨਾ ਕਿ ਹਰ ਸਾਲ ਬਦਲਵੇਂ ਦਿਨ।
(5) ਸੰਨ 2029 ਈ: ’ਚ ਚੇਤ ਦੇ ਦੋ ਮਹੀਨੇ ਹੋਣਗੇ। ਉਸ ਸਾਲ ਫੱਗਣ ਸੁਦੀ ਪੂਰਨਮਾਸ਼ੀ 28 ਫ਼ਰਵਰੀ ਨੂੰ ਆਵੇਗੀ, ਜਿਸ ਦਿਨ ਹਿੰਦੂਆਂ ਦੀ ਹੋਲੀ ਹੋਵੇਗੀ। ਅਗਲੇ ਦਿਨ 1 ਮਾਰਚ ਨੂੰ ਚੇਤ ਵਦੀ ੧ ਹੋਵੇਗੀ ਪਰ ਮਲਮਾਸ ਹੋਣ ਕਰਕੇ ਹੋਲਾ ਮਹੱਲਾ ਉਸ ਦਿਨ ਨਹੀਂ ਮਨਾਇਆ ਜਾਵੇਗਾ। ਇਕ ਮਹੀਨੇ ਦੀ ਉਡੀਕ ਪਿੱਛੋਂ ਚੇਤ ਸੁਦੀ ਪੂਰਨਮਾਸ਼ੀ ਅਤੇ ਚੇਤ ਵਦੀ ੧; ਦੋਵੇਂ ਹੀ ਇੱਕੇ ਦਿਨ 30 ਮਾਰਚ ਨੂੰ ਆਉਣਗੀਆਂ ਅਤੇ ਅਗਲੇ ਦਿਨ 31 ਮਾਰਚ ਨੂੰ ਚੇਤ ਵਦੀ ੨ ਹੋਵੇਗੀ। ਸਭ ਨੂੰ ਯਾਦ ਹੋਵੇਗਾ ਕਿ 2019 ਈ: ’ਚ ਵੀ ਚੇਤ ਸੁਦੀ ਪੂਰਨਮਾਸ਼ੀ ਅਤੇ ਚੇਤ ਵਦੀ ੧; ਦੋਵੇਂ ਹੀ ਇੱਕੋ ਦਿਨ ਇਕੱਠੀਆਂ 21 ਮਾਰਚ ਨੂੰ ਆਈਆਂ ਸਨ ਤਾਂ ਉਸ ਵੇਲੇ ਸ੍ਰੋਮਣੀ ਕਮੇਟੀ ਅਤੇ ਨਿਹੰਗ ਸਿੰਘਾਂ ਵਿਚਕਾਰ ਹੋਲੇ ਮਹੱਲੇ ਦੇ ਦਿਨ ’ਤੇ ਟਕਰਾਅ ਪੈਦਾ ਹੋ ਗਿਆ ਸੀ। ਸ੍ਰੋਮਣੀ ਕਮੇਟੀ ਨੇ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ 21 ਮਾਰਚ ਨੂੰ ਮਨਾਇਆ ਪਰ ਨਿਹੰਗ ਸਿੰਘ ਕਹਿੰਦੇ ਅਸੀਂ ਤਾਂ ਰਵਾਇਤ ਅਨੁਸਾਰ ਪੂਰਨਮਾਸ਼ੀ ਤੋਂ 1 ਦਿਨ ਪਿੱਛੋਂ ਹੋਲਾ ਮਹੱਲਾ ਮਨਾਉਂਦੇ ਆ ਰਹੇ ਹਾਂ, ਇਸ ਲਈ (ਬਹੁਤ ਹੀ ਸਮਝਾਉਣ ਬੁਝਾਉਣ ਦੇ ਬਾਵਜੂਦ) ਉਨ੍ਹਾਂ ਨੇ ਚੇਤ ਵਦੀ ੨/ 22 ਮਾਰਚ ਨੂੰ ਹੋਲਾ ਮਹੱਲਾ ਮਨਾਇਆ। ਸ੍ਰੋਮਣੀ ਕਮੇਟੀ ਅਤੇ ਨਿਹੰਗ ਸਿੰਘ ਹੁਣੇ ਹੀ ਫ਼ੈਸਲਾ ਕਰ ਲੈਣ ਕਿ 2029 ਸੀਈ ’ਚ ਹੋਲਾ ਮਹੱਲਾ ਕਿਹੜੇ ਦਿਨ ਮਨਾਉਣਾ ਹੈ ? ਕਿਉਂਕਿ ਹੋਲੀ ਤੋਂ 1 ਦਿਨ ਪਿੱਛੋਂ ਆਉਣ ਵਾਲੀ ਚੇਤ ਵਦੀ ੧ ਮਲਮਾਸ ’ਚ ਆਵੇਗੀ ਤੇ ਉਸ ਤੋਂ ਅਗਲੀ ਚੇਤ ਵਦੀ ੧, ਪੂਰਨਮਾਸ਼ੀ ਵਾਲੇ ਦਿਨ 30 ਮਾਰਚ ਨੂੰ ਆਵੇਗੀ, ਪਰ ਜੇ ਹੋਲਾ ਮਹੱਲਾ ਨਵੇਂ ਸਾਲ ਦੇ ਅਰੰਭਕ ਦਿਨ ੧ ਚੇਤ ਨੂੰ ਮਨਾ ਲਿਆ ਜਾਵੇ ਤਾਂ ਨਾ ਕਦੀ ਮਲਮਾਸ ਦਾ ਚੱਕਰ ਪਵੇਗਾ ਅਤੇ ਨਾ ਹੀ ਦੋ ਤਿੱਥਾਂ ਇੱਕੋ ਦਿਨ ਆਉਣ ਦਾ ਚੱਕਰ ਰਹੇਗਾ, ਪਰ ਅਸੀਂ ਇਨ੍ਹਾਂ ਚੱਕਰਾਂ ’ਚੋਂ ਨਿਕਲਣਾ ਨਹੀਂ ?
(6) ਬੀਤੇ ਸਮੇਂ ਦੇ ਰਿਸ਼ੀ ਅਤੇ ਪੁਰਾਤਨ ਵਿਦਵਾਨ, ਜਿਨ੍ਹਾਂ ਨੇ ਬਿਕ੍ਰਮੀ ਕੈਲੰਡਰ ਵਿੱਚ ਰੁੱਤਾਂ ਮੁਤਾਬਕ ਤਿਉਹਾਰ ਨਿਸ਼ਚਿਤ ਕੀਤੇ, ਉਨ੍ਹਾਂ ਅਨੁਸਾਰ ਇਨ੍ਹਾਂ ਤਿਉਹਾਰਾਂ ਦਾ ਕਦੇ ਵੀ ਦੂਜੀਆਂ ਰੁੱਤਾਂ ਵਿੱਚ ਜਾਣ ਦਾ ਅਰਥ ਨਹੀਂ ਸੀ, ਪਰ ਬਿਕ੍ਰਮੀ ਕੈਲੰਡਰ ’ਚ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ 1469 ਤੋਂ 1539 ਤੱਕ 16-17 ਚੇਤ ਨੂੰ ਦਿਨ ਰਾਤ ਬਰਾਬਰ ਹੁੰਦੇ ਸਨ ਅਤੇ ਅੱਜ ਕੱਲ੍ਹ 7-8 ਚੇਤ ਨੂੰ ਦਿਨ ਰਾਤ ਬਰਾਬਰ ਹੁੰਦੇ ਹਨ ਇਸ ਲਈ ਹੁਣ ਤੱਕ ਰੁੱਤਾਂ ਦਾ 9 ਦਿਨਾਂ ਦਾ ਫ਼ਰਕ ਪੈ ਚੁੱਕਾ ਹੈ। ਜੇ ਅਸੀਂ ਅਜੇ ਵੀ ਐਸੇ ਚੱਕਰਾਂ ’ਚ ਰਹੇ ਤਾਂ ਇੱਕ ਦਿਨ ਸਾਡੇ ਸਾਰੇ ਤਿਉਹਾਰ ਅਢੁੱਕਵੀਆਂ ਰੁੱਤਾਂ ’ਚ ਆਉਣਗੇ।
ਸੋ ਸਿੱਖ ਧਰਮ ’ਚ ਹੋਲੇ ਮਹੱਲੇ ਦਾ ਵਿਸ਼ੇਸ਼ ਮਹੱਤਵ ਨਵੇਂ ਸਾਲ ਅਤੇ ਬਸੰਤ ਰੁੱਤ ਨੂੰ ‘ਜੀ ਆਇਆਂ’ ਕਹਿਣ ਲਈ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ, ‘‘ਚੇਤਿ ਗੋਵਿੰਦੁ ਅਰਾਧੀਐ; ਹੋਵੈ ਅਨੰਦੁ ਘਣਾ ॥’’ (ਬਾਰਹਮਾਹਾ ਮਹਲਾ ੫/੧੩੩) ਤੋਂ ਸੇਧ ਲੈਂਦੇ ਹੋਏ ਪ੍ਰਭੂ ਦੀ ਅਰਾਧਨਾ ਕਰਕੇ ਅਧਿਆਤਮਿਕ ਤੌਰ ’ਤੇ ਪਉੜੀ ਦਰ ਪਉੜੀ ‘‘ਫਲਗੁਣਿ, ਅਨੰਦ ਉਪਾਰਜਨਾ; ਹਰਿ ਸਜਣ ਪ੍ਰਗਟੇ ਆਇ ॥ ਸੰਤ ਸਹਾਈ ਰਾਮ ਕੇ; ਕਰਿ ਕਿਰਪਾ ਦੀਆ ਮਿਲਾਇ ॥ ਸੇਜ ਸੁਹਾਵੀ ਸਰਬ ਸੁਖ; ਹੁਣਿ ਦੁਖਾ ਨਾਹੀ ਜਾਇ ॥ ਇਛ ਪੁਨੀ ਵਡਭਾਗਣੀ; ਵਰੁ ਪਾਇਆ ਹਰਿ ਰਾਇ ॥ ਮਿਲਿ ਸਹੀਆ ਮੰਗਲੁ ਗਾਵਹੀ; ਗੀਤ ਗੋਵਿੰਦ ਅਲਾਇ ॥ ਹਰਿ ਜੇਹਾ ਅਵਰੁ ਨ ਦਿਸਈ; ਕੋਈ ਦੂਜਾ ਲਵੈ ਨ ਲਾਇ ॥ ਹਲਤੁ ਪਲਤੁ ਸਵਾਰਿਓਨੁ; ਨਿਹਚਲ ਦਿਤੀਅਨੁ ਜਾਇ ॥ ਸੰਸਾਰ ਸਾਗਰ ਤੇ ਰਖਿਅਨੁ; ਬਹੁੜਿ ਨ ਜਨਮੈ ਧਾਇ ॥ ਜਿਹਵਾ ਏਕ, ਅਨੇਕ ਗੁਣ; ਤਰੇ, ਨਾਨਕ ! ਚਰਣੀ ਪਾਇ ॥ ਫਲਗੁਣਿ, ਨਿਤ ਸਲਾਹੀਐ; ਜਿਸ ਨੋ ਤਿਲੁ ਨ ਤਮਾਇ ॥੧੩॥’’ (ਬਾਰਹਮਾਹਾ ਮਹਲਾ ੫/੧੩੬) ਵਾਲੀ ਸਥਿਤੀ ’ਤੇ ਪਹੁੰਚਣ ਦੇ ਉਪਰਾਲੇ ’ਚ ਲੱਗੇ ਰਹਿਣਾ ਹੈ, ਉੱਥੇ ਚੜ੍ਹਦੀ ਕਲਾ ਦੇ ਪ੍ਰਤੀਕ ਹੋਲਾ ਮਹੱਲੇ ਦਾ ਤਿਉਹਾਰ ਮੰਨਾ ਕੇ ਰੂਹਾਨੀਅਤ ਸਿੱਖਿਆ ਅਤੇ ਸਰੀਰਕ ਸ਼ਸਤਰ ਵਿੱਦਿਆ ਦੇ ਅਭਿਆਸ ਰਾਹੀਂ ਸੰਤ ਸਿਪਾਹੀ ਦੀ ਅਵਸਥਾ ਹਾਸਲ ਕਰਨ ਦੇ ਆਹਰ ਲੱਗਣਾ ਹੈ।