ਸੇਵਾ ਵਿਖੇ,
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ (ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ)
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ (ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ)
ਭਾਈ ਯੋਗੇਸ਼ਵਰ ਸਿੰਘ ਜੀ (ਇੰਚਾਰਜ ਸਿੱਖ ਇਤਿਹਾਸ ਰਿਸਰਚ ਬੋਰਡ, ਸ੍ਰੋ. ਗੁ. ਪ੍ਰ. ਕ., ਸ੍ਰੀ ਅੰਮ੍ਰਿਤਸਰ)
ਭਾਈ ਅਮਰਜੀਤ ਸਿੰਘ ਚਾਵਲਾ ਜੀ (ਇੰਨਚਾਰਜ ਕੈਲੰਡਰ ਕਮੇਟੀ, ਸ੍ਰੋ. ਗੁ. ਪ੍ਰ. ਕ. ਸ੍ਰੀ ਅੰਮ੍ਰਿਤਸਰ)
ਵਿਸ਼ਾ: ਅਕਾਲੀ ਫੂਲਾ ਸਿੰਘ ਜੀ ਦੀ ਸ਼ਹਾਦਤ ਅਤੇ ਸ: ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਜਨਮ ਮਿਤੀ ਦੀਆਂ ਅਸਲ ਤਾਰੀਖ਼ਾਂ ਅਤੇ ਹਵਾਲਿਆਂ ਸੰਬੰਧੀ ਬੇਨਤੀ।
ਬੇਨਤੀ ਹੈ ਕਿ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਵਸ ਅਤੇ ਸ: ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜਨਮ ਦਿਨ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ ਜਾਂਦੇ ਨਾਨਕਸ਼ਾਹੀ ਕੈਲੰਡਰਾਂ ’ਚ ਸੰਮਤ ੫੫੩ ਤੋਂ ਪਹਿਲਾਂ ਦਰਜ ਨਹੀਂ ਹੁੰਦੇ ਸਨ, ਪਰ ਸੰਮਤ ੫੫੩, ੫੫੪ ਅਤੇ ੫੫੫ ਦੇ ਨਾਨਕਸ਼ਾਹੀ ਕੈਲੰਡਰ ਵਿਚ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਵਸ ਤਾਂ ਹਰ ਸਾਲ ਹੀ ੧ ਚੇਤ / 14 ਮਾਰਚ ਦਰਜ ਹੁੰਦਾ ਆਇਆ ਹੈ ਪਰ ਸ: ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਜਨਮ ਮਿਤੀ ਸੰਮਤ ੫੫੩ ਅਤੇ ੫੫੪ ਵਿਚ ੫ ਜੇਠ / 18 ਮਈ ਸੀ, ਜਦੋਂ ਕਿ ਸੰਮਤ ੫੫੫ ’ਚ ੫ ਜੇਠ / 19 ਮਈ ਹੈ। ਇਸ ਤੋਂ ਜਾਪਦਾ ਹੈ ਕਿ ਇਸ ਦਿਹਾੜੇ ਲਈ ਕੈਲੰਡਰ ’ਚ ਤਾਰੀਖ਼ਾਂ ਨਿਸ਼ਚਿਤ ਕਰਨ ਸਮੇਂ ਪ੍ਰਵਿਸ਼ਟਾ ੫ ਨੂੰ ਮੁੱਖ ਰੱਖਿਆ ਹੈ। ਸੰਮਤ ੫੫੫ ਦਾ ਕੈਲੰਡਰ ਤਿਆਰ ਕਰਨ ਵਾਲੇ ਭਾਈ ਜਸਵਿੰਦਰ ਸਿੰਘ ਜੋਗਾ ਜੀ ਨੂੰ ਜਦੋਂ ਫੋਨ ’ਤੇ ਪੁੱਛਿਆ ਗਿਆ ਕਿ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਸ਼ਹੀਦੀ ਦਿਵਸ ਲਈ ਪ੍ਰਵਿਸ਼ਟਾ ੧ ਚੇਤ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ ਜਾਂ ਗ੍ਰੈਗੋਰੀਅਨ ਕੈਲੰਡਰ ਦੀ ਤਾਰੀਖ਼ 14 ਮਾਰਚ ਨੂੰ ਤਾਂ ਉਨ੍ਹਾਂ ਦੱਸਿਆ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ 14 ਮਾਰਚ ਸੰਨ 1823 ਨੂੰ ਹੋਈ ਸੀ, ਇਸ ਵਾਸਤੇ ਸ਼ਹੀਦੀ ਦਿਵਸ ਲਈ 14 ਮਾਰਚ ਰੱਖਿਆ ਜਾਵੇਗਾ; ਪ੍ਰਵਿਸ਼ਟਾ ਭਾਵੇਂ ਜਿਹੜਾ ਮਰਜੀ ਹੋਵੇ।
ਜ਼ਰਾ ਸੋਚੋ 14 ਮਾਰਚ ਸੰਨ 1823 ਨੂੰ ੩ ਚੇਤ ਬਿਕ੍ਰਮੀ ਸੰਮਤ ੧੮੭੯ ਸੀ, ਪਰ ਅੱਜ ਕੱਲ੍ਹ 14 ਮਾਰਚ, ੧ ਚੇਤ ਨੂੰ ਹੁੰਦੀ ਹੈ ਅਤੇ ਸੰਨ 2027 ’ਚ 14 ਮਾਰਚ, ੩੦ ਫ਼ੱਗਣ ਬਿਕ੍ਰਮੀ ਸੰਮਤ ੨੦੮੩ ਨੂੰ ਹੋਵੇਗੀ।
ਆਪ ਜੀ ਨੂੰ ਸਵਾਲ ਹੈ ਕਿ
- ਤੁਸੀਂ ਤਾਂ ੩ ਚੇਤ ਨੂੰ ਦਰਕਿਨਾਰ ਕਰਕੇ 14 ਮਾਰਚ ਅਪਣਾਈ ਹੋਈ ਹੈ, ਫਿਰ ਵੀ ਝੂਠਾ ਦਾਅਵਾ ਕਰਦੇ ਹੋ ਕਿ ਅਸੀਂ ਉਹ ਕੈਲੰਡਰ ਕਿਉਂ ਛੱਡੀਏ, ਜਿਸ ਦੀ ਵਰਤੋਂ ਗੁਰੂ ਸਾਹਿਬ ਜੀ ਨੇ ਕੀਤੀ ਸੀ। ਕੀ ਤੁਹਾਡੇ ਕੋਲ ਇੱਕ ਵੀ ਸਬੂਤ ਹੋ, ਜਿਸ ਤੋਂ ਜਾਪੇ ਕਿ ਗੁਰੂ ਸਾਹਿਬ ਜੀ ਨੇ ਜਨਵਰੀ, ਫ਼ਰਵਰੀ, ਮਾਰਚ ਆਦਿਕ ਅੰਗਰੇਜੀ ਮਹੀਨਿਆਂ ਦਾ ਨਾਮ ਵਰਤਿਆ ਹੋਵੇ ?
- ਕੀ ਕਾਰਨ ਹੈ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦਾ ਤਾਂ ਸਮਾਂ ਲੰਘਣ ਤੋਂ ਬਾਅਦ ਵੀ ਨਾਨਕਸ਼ਾਹੀ ਕੈਲੰਡਰ ਦਾ ਪ੍ਰਵਿਸ਼ਟਾ ਬਦਲਿਆ ਜਾਂਦਾ ਹੈ ਪਰ ਗ੍ਰੈਗੋਰੀਅਨ ਕੈਲੰਡਰ ਦੀ ਤਾਰੀਖ਼ ਹਰ ਸਾਲ ਹੀ 14 ਮਾਰਚ ਸਥਿਰ ਰਹਿੰਦੀ ਹੈ। ਪਰ ਸ: ਜੱਸਾ ਸਿੰਘ ਰਾਮਗੜ੍ਹੀਏ ਦੇ ਜਨਮ ਦਿਨ ਦਾ ਪ੍ਰਵਿਸ਼ਟਾ ਹਰ ਸਾਲ ੫ ਜੇਠ ਸਥਿਰ ਰਹੇਗਾ ਭਾਵੇਂ ਕਿ ਗ੍ਰੈਗੋਰੀਅਨ ਕੈਲੰਡਰ ਦੀ ਤਾਰੀਖ਼ ਬਦਲਦੀ ਰਹੇ।
- ਇਹ ਤਾਂ ਇੱਕ ਉਦਾਹਰਨ ਹੈ। ਇਸੇ ਤਰ੍ਹਾਂ ਕੈਲੰਡਰ ਵਿਚ ਇਤਿਹਾਸਕ ਤਾਰੀਖ਼ਾਂ ਨਿਸ਼ਚਿਤ ਕਰਨ ਵਾਸਤੇ ਕੁਝ ਦਿਹਾੜਿਆਂ ਲਈ ਪ੍ਰਵਿਸ਼ਟਿਆਂ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ; ਕੁਝ ਲਈ ਚੰਦ੍ਰਮਾਂ ਦੀਆਂ ਤਿਥਾਂ ਅਤੇ ਕੁਝ ਕੁ ਲਈ ਅੰਗਰੇਜੀ ਤਾਰੀਖ਼ਾਂ ਪ੍ਰਮੁੱਖ ਹੁੰਦੀਆਂ ਹਨ। ਸ: ਸਰਬਜੀਤ ਸਿੰਘ ਸੈਕਰਾਮੈਂਟੋ ਦੇ ਪੱਤਰ ਦੇ ਜਵਾਬ ’ਚ ਸ਼੍ਰੋਮਣੀ ਕਮੇਟੀ ਲਿਖਤੀ ਤੌਰ ’ਤੇ ਮੰਨ ਚੁੱਕੀ ਹੈ ਕਿ ਤਾਰੀਖ਼ਾਂ ਨਿਸ਼ਚਿਤ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਤਿੰਨ ਕੈਲੰਡਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਦੱਸਿਆ ਜਾਵੇ ਕਿ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖ਼ਾਂ ਨਿਸ਼ਚਿਤ ਕਰਨ ਦੇ ਕੀ ਨਿਯਮ ਬਣਾਏ ਗਏ ਹਨ, ਜਿਨ੍ਹਾਂ ਮੁਤਾਬਕ ਫੈਸਲਾ ਕੀਤਾ ਜਾਂਦਾ ਹੈ ਕਿ ਕਿਹੜੇ- ਕਿਹੜੇ ਦਿਹਾੜੇ, ਕੈਲੰਡਰ ਦੀ ਕਿਹੜੀ- ਕਿਹੜੀ ਪੱਧਤੀ ’ਚ ਦਰਜ ਕੀਤੇ ਜਾਣੇ ਹਨ ?
- ਕੈਲੰਡਰ ’ਚ ਦਰਜ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖ਼ਾਂ ਕਿਹੜੇ ਕਿਹੜੇ ਮੁੱਢਲੇ ਹਵਾਲਿਆਂ ਵਿੱਚ ਮਿਲਦੀਆਂ ਹਨ ਅਤੇ ਉਨ੍ਹਾਂ ਹਵਾਲਿਆਂ ਵਿੱਚ ਵਰਤੇ ਗਏ ਤਿੰਨੇ ਕੈਲੰਡਰਾਂ ਦੀਆਂ ਵੱਖ ਵੱਖ ਕਿਹੜੀਆਂ ਤਾਰੀਖ਼ਾਂ ਹਨ ?
ਅੰਤ ’ਚ ਮੇਰੇ ਵੱਲੋਂ ਸੁਝਾਅ ਹੈ ਕਿ ਕਿਉਂ ਨਾ ਤਿੰਨਾਂ ਦੀ ਬਜਾਏ ਸਾਰੇ ਦਿਹਾੜਿਆਂ ਲਈ ਇੱਕ ਹੀ ਕੈਲੰਡਰ (ਨਾਨਕਸ਼ਾਹੀ) ਅਪਣਾਅ ਲਿਆ ਜਾਵੇ ਜਿਸ ਨਾਲ ਦਿਹਾੜੇ ਅੱਗੇ ਪਿੱਛੇ ਹੋਣ ਵਾਲੀਆਂ ਐਸੀਆਂ ਮੁਸ਼ਕਲਾਂ ਆਪਣੇ ਆਪ ਹੀ ਹੱਲ ਹੋ ਜਾਣ।
ਪੰਥਕ ਹਿਤ ਵਿੱਚ ਕਿਰਪਾਲ ਸਿੰਘ ਬਠਿੰਡਾ
ਮਿਤੀ: ੨੨ ਵੈਸਾਖ ਨਾਨਕਸ਼ਾਹੀ ਸੰਮਤ ੫੫੫ / 5 ਮਈ 2023 ਈਸਵੀ