26.9 C
Jalandhar
Thursday, November 21, 2024
spot_img

ਸਿੱਖ ਇਤਿਹਾਸ ਅਤੇ ਗੁਰਬਾਣੀ ’ਚ ਮਹੀਨਾ ਜੇਠ

ਸਿੱਖ ਇਤਿਹਾਸ ਅਤੇ ਗੁਰਬਾਣੀ ਮਹੀਨਾ ਜੇਠ

ਕਿਰਪਾਲ ਸਿੰਘ ਬਠਿੰਡਾ

ਪੰਜਾਬੀ ਭਾਸ਼ਾ ’ਚ ਸਾਹਿਤਕ ਤੌਰ ’ਤੇ ਜੇਠ ਦਾ ਅਰਥ ਹੈ ‘ਸਭ ਤੋਂ ਵੱਡਾ’, ਇਸੇ ਕਾਰਨ ਸਾਡੇ ਸਭਿਆਚਾਰ ’ਚ ਮਾਤਾ-ਪਿਤਾ ਦੇ ਘਰ ਪੈਦਾ ਹੋਏ ਸਭ ਤੋਂ ਪਹਿਲੇ ਬੱਚੇ ਨੂੰ ਜੇਠਾ ਪੁੱਤਰ/ਜੇਠੀ ਧੀ ਕਿਹਾ ਜਾਂਦਾ ਹੈ। ਇਨ੍ਹਾਂ ਹੀ ਅਰਥਾਂ ’ਚ ਪਤੀ ਦੇ ਵੱਡੇ ਭਰਾਵਾਂ ਨੂੰ ਔਰਤਾਂ ਵੱਲੋਂ ਜੇਠ ਆਖਿਆ ਜਾਂਦਾ ਹੈ। ਬਿਕ੍ਰਮੀ ਕੈਲੰਡਰ ਦੇ ੧੨ ਮਹੀਨਿਆਂ ਵਿੱਚੋਂ ਜੇਠ ਮਹੀਨਾ; ਦੂਜਾ ਮਹੀਨਾ ਹੈ ਅਤੇ ਉਨ੍ਹਾਂ ੪ ਵੱਡੇ ਮਹੀਨਿਆਂ (ਜੇਠ, ਹਾੜ, ਸਾਵਣ ਅਤੇ ਭਾਦੋਂ) ਵਿੱਚੋਂ ਪਹਿਲਾ ਹੈ, ਜਿਹੜੇ ਲੰਬਾਈ ਦੇ ਹਿਸਾਬ ਨਾਲ਼ ਸਭ ਤੋਂ ਵੱਡੇ ਯਾਨੀ ਕਿ ੩੧ ਜਾਂ ੩੨ ਦਿਨਾਂ ਦੇ ਹੁੰਦੇ ਹਨ। ਜੇਠ ਮਹੀਨੇ ਦਾ ਆਰੰਭ, ਜਿਸ ਨੂੰ ਸੰਗਰਾਂਦ ਕਹਿੰਦੇ ਹਨ; ਹਰ ਸਾਲ ੧੪ ਜਾਂ ੧੫ ਮਈ ਨੂੰ ਹੁੰਦਾ ਹੈ, ਜੋ ਕਿ ਬਦਲਦੀ ਰਹਿੰਦੀ ਹੈ ਅਤੇ ਜੇਠ ਦੀ ਆਖਰੀ ਤਾਰੀਖ਼ ੧੩ ਜਾਂ ੧੪ ਜੂਨ ਹੁੰਦੀ ਹੈ, ਪਰ ਨਾਨਕਸ਼ਾਹੀ ਕੈਲੰਡਰ ’ਚ ਜੇਠ; ਸਾਲ ਦਾ ਤੀਜਾ ਮਹੀਨਾ ਹੈ, ਜਿਸ ਦਾ ਆਰੰਭ ਭਾਵ ਪਹਿਲੀ ਤਾਰੀਖ਼ ਹਰ ਸਾਲ ੧੫ ਮਈ ਨੂੰ ਅਤੇ ਆਖਰੀ ਦਿਨ ੧੪ ਜੂਨ ਨੂੰ ਹੁੰਦਾ ਹੈ। ਦਿਨਾਂ ਦੀ ਗਿਣਤੀ ਵੀ ਹਰ ਸਾਲ ੩੧ ਦਿਨ ਹੁੰਦੀ ਹੈ। ਗੁਰਬਾਣੀ ’ਚ ੧੨ ਰਾਸ਼ੀਆਂ ਜਾਂ ਸੰਗਰਾਂਦਾਂ ਨਾਲ਼ ਸੰਬੰਧਿਤ ਕੋਈ ਸ਼ਬਦ ਨਹੀਂ ਹੈ ਤੇ ਨਾ ਹੀ ਇਨ੍ਹਾਂ ਬਾਰੇ ਕੋਈ ਸੰਕੇਤਿਕ ਇਸ਼ਾਰਾ ਮਿਲਦਾ ਹੈ।

ਨਾਨਕਸ਼ਾਹੀ ਕੈਲੰਡਰ ਟਰੋਪੀਕਲ ਹੋਣ ਕਾਰਨ ਇਸ ਦੇ ਮਹੀਨਿਆਂ ਦੇ ਅਰੰਭਕ ਦਿਨਾਂ ਦਾ ਕਿਸੇ ਰਾਸ਼ੀ ਤਬਦੀਲੀ ਜਾਂ ਸੰਗਰਾਂਦਾਂ ਦੀ ਕੀਤੀ ਜਾ ਰਹੀ ਪਰਿਭਾਸ਼ਾ ਨਾਲ ਕੋਈ ਸੰਬੰਧ ਨਹੀਂ ਹੈ। ਗੁਰਬਾਣੀ ’ਚ ਰੁੱਤਾਂ ਦੇ ਹਿਸਾਬ ਨਾਲ਼ ਜੇਠ ਅਤੇ ਹਾੜ ਦੋ ਮਹੀਨੇ; ਗਰਮੀ ਦੀ ਰੁੱਤ ਦੇ ਹਨ, ਜਿਨ੍ਹਾਂ ’ਚ ਧਰਤੀ ਦੇ ਉੱਤਰੀ ਅਰਧ ਗੋਲੇ ’ਚ ਰਾਤ ਨਾਲੋਂ ਦਿਨਾਂ ਦੀ ਲੰਬਾਈ ਕਾਫ਼ੀ ਵੱਧ ਹੁੰਦੀ ਹੈ ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਣ ਸਦਕਾ ਅਤਿ ਦੀ ਗਰਮੀ ਪੈਂਦੀ ਹੈ। ਗੁਰੂ ਸਾਹਿਬ ਜੀ ਨੇ ਇਨ੍ਹਾਂ ਮਹੀਨਿਆਂ ’ਚ ਪੈਣ ਵਾਲੀ ਗਰਮੀ ਦਾ ਦ੍ਰਿਸ਼ਟਾਂਤ ਦੇ ਕੇ ਮਨੁੱਖਤਾ ਨੂੰ, ਜੋ ਅਧਿਆਤਮਿਕ ਉਪਦੇਸ਼ ਦਿੱਤਾ ਹੈ, ਉਸ ਦਾ ਕਰਮਵਾਰ ਵੇਰਵਾ ਇਉਂ ਹੈ :

(ਜਿਵੇਂ) ਗਰਮੀ ਦੀ ਰੁੱਤ ਬੜੀ ਕਰੜੀ ਹੁੰਦੀ ਹੈ, ਜੇਠ ਹਾੜ ਵਿਚ ਬੜੀ ਧੁੱਪ ਪੈਂਦੀ ਹੈ (ਇਸ ਰੁੱਤੇ ਜੀਵ ਜੰਤ ਗਰਮੀ ਕਾਰਨ ਦੁਖੀ ਹੁੰਦੇ ਹਨ; ਤਿਵੇਂ ਜਿਸ) ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ ਵੱਲ ਪ੍ਰਭੂ-ਪਤੀ ਦਇਆ-ਦ੍ਰਿਸ਼ਟੀ ਨਹੀਂ ਕਰਦਾ ਉਸ ਅੰਦਰ ਪ੍ਰੇਮ ਦੀ ਅਣਹੋਂਦ ਹੁੰਦੀ ਹੈ ਤੇ ਸੜਦੀ ਰਹਿੰਦੀ ਹੈ। ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦੀ ਹੋਂਦ ਨੂੰ ਮਹਿਸੂਸ ਨਹੀਂ ਕੀਤਾ, ਉਹ ਹਾਹੁਕੇ ਲੈ ਲੈ ਮਰਦੀ ਹੈ, (ਮਾਇਆ ਦੇ) ਅਹੰਕਾਰ ਵਿਚ ਉਹ ਆਪਣਾ ਆਤਮਕ ਜੀਵਨ ਲੁਟਾ ਬੈਠਦੀ ਹੈ ਭਾਵ ਸੁਆਸ ਰੂਪ ਪੂੰਜੀ ਅਜਾਈਂ ਗਵਾ ਲੈਂਦੀ ਹੈ। ਮਾਇਆ ਮੋਹ ਵਿਚ ਫਸੀ ਹੋਈ ਪ੍ਰਭੂ-ਪਤੀ ਵੱਲੋਂ ਵਿਛੁੜੀ ਰਹਿੰਦੀ ਹੈ (ਤੇ ਦੁਖੀ ਹੁੰਦੀ ਹੈ; ਜਿਵੇਂ) ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ। (ਜਿਹੜੀ ਜੀਵ-ਇਸਤ੍ਰੀ) ਪਾਪ ਕਰਦੀ ਰਹਿੰਦੀ ਹੈ, ਉਸ ਨੂੰ ਜਮਰਾਜ ਸਦਾ ਸਜ਼ਾ ਦੇਂਦਾ ਹੈ। ਨਾਨਕ ਬੇਨਤੀ ਕਰਦਾ ਹੈ; ਹੇ ਸਭ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੇ ਪ੍ਰਭੂ ! ਮੈਂ ਤੇਰੀ ਸ਼ਰਨ ਆਇਆ ਹਾਂ (ਮੈਨੂੰ ਵਿਕਾਰਾਂ ਦੀ ਇਸ ਤਪਸ਼ ਤੋਂ ਬਚਾ ਲੈ) : ‘‘ਗ੍ਰੀਖਮ ਰੁਤਿ ਅਤਿ ਗਾਖੜੀ; ਜੇਠ ਅਖਾੜੈ ਘਾਮ ਜੀਉ ਪ੍ਰੇਮ ਬਿਛੋਹੁ ਦੁਹਾਗਣੀ; ਦ੍ਰਿਸਟਿ ਕਰੀ ਰਾਮ ਜੀਉ ਨਹ ਦ੍ਰਿਸਟਿ ਆਵੈ, ਮਰਤ ਹਾਵੈ; ਮਹਾ ਗਾਰਬਿ ਮੁਠੀਆ ਜਲ ਬਾਝੁ ਮਛੁਲੀ ਤੜਫੜਾਵੈ; ਸੰਗਿ ਮਾਇਆ ਰੁਠੀਆ ਕਰਿ ਪਾਪ, ਜੋਨੀ ਭੈ ਭੀਤ ਹੋਈ; ਦੇਇ ਸਾਸਨ ਜਾਮ ਜੀਉ ਬਿਨਵੰਤਿ ਨਾਨਕ, ਓਟ ਤੇਰੀ ! ਰਾਖੁ, ਪੂਰਨ ਕਾਮ ਜੀਉ ’’ (ਰਾਮਕਲੀ ਰੁਤੀ ਮਹਲਾ /੯੨੮)

ਭਗਤ ਨਾਮਦੇਵ ਜੀ ਆਖਦੇ ਹਨ ਜਿਸ ਤਰ੍ਹਾਂ ਚਮਕਦੀ ਹੋਈ ਧੁੱਪ ਵਿਚ (ਜੀਵ-ਜੰਤ) ਤਪਦੇ ਅਤੇ ਜਿਸਮ ਮੱਚਦਾ ਹੈ ਉਸੇ ਤਰ੍ਹਾਂ ਪ੍ਰਭੂ ਦੇ ਨਾਮ ਤੋਂ ਵਿਛੁੜ ਕੇ ਵਿਚਾਰਾ ਨਾਮਦੇਵ ਘਾਬਰਦਾ ਹੈ ਭਾਵ ਪ੍ਰਭੂ ਪ੍ਰੀਤ ਦਾ ਵਿਛੋੜਾ ਅਸਹਿ ਹੈ ‘‘ਜੈਸੇ ਤਾਪਤੇ ਨਿਰਮਲ ਘਾਮਾ ਤੈਸੇ, ਰਾਮ ਨਾਮਾ ਬਿਨੁ, ਬਾਪੁਰੋ ਨਾਮਾ ’’ (ਨਾਮਦੇਵ ਜੀ/੮੭੪)

ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਦੋ ਬਾਰਹ ਮਾਹਾਂ (ਮਾਝ ਮਹਲਾ ੫ ਅਤੇ ਤੁਖਾਰੀ ਮਹਲਾ ੧) ਵਿੱਚ ਜੇਠ ਮਹੀਨੇ ਦੀ ਰੁੱਤ ਅਤੇ ਇਸ ਰਾਹੀਂ ਦਿੱਤੇ ਉਪਦੇਸ਼ ਦੇ ਭਾਵ ਅਰਥ ਕਰਮਵਾਰ ਇਸ ਤਰ੍ਹਾਂ ਹਨ :

ਜੇਠ ਦੇ ਮਹੀਨੇ ਵਿਚ ਉਸ ਹਰੀ ਦੇ ਚਰਨਾਂ ਵਿਚ ਜੁੜਨਾ ਚਾਹੀਦਾ ਹੈ, ਜਿਸ ਵੱਡੇ ਹਰੀ ਦੇ ਅੱਗੇ ਸਾਰੇ ਜੀਵ ਸਿਰ ਨਿਵਾਂਦੇ ਹਨ। ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ (ਜਮ ਆਦਿ) ਨੂੰ ਆਗਿਆ ਨਹੀਂ ਦੇਂਦਾ ਕਿ ਬੰਨ੍ਹ ਕੇ ਅੱਗੇ ਲਾ ਲਵੇ (ਭਾਵ ਪ੍ਰਭੂ ਦੇ ਲੜ ਲੱਗਿਆਂ ਜਮਾਂ ਦਾ ਡਰ ਨਹੀਂ ਰਹਿ ਜਾਂਦਾ)। (ਲੋਕ ਹੀਰੇ ਮੋਤੀ ਲਾਲ ਆਦਿਕ ਕੀਮਤੀ ਧਨ ਇਕੱਠਾ ਕਰਨ ਲਈ ਦੌੜ-ਭੱਜ ਕਰਦੇ ਹਨ, ਪਰ ਉਸ ਧਨ ਦੇ ਚੋਰੀ ਹੋ ਜਾਣ ਦਾ ਭੀ ਤੌਖ਼ਲਾ ਰਹਿੰਦਾ ਹੈ) ਜਦੋਂ ਕਿ ਪਰਮਾਤਮਾ ਦਾ ਨਾਮ; ਹੀਰੇ ਮੋਤੀ ਵਾਙ ਕੀਮਤੀ ਧਨ ਹੈ, ਜੋ ਚੁਰਾਇਆ ਨਹੀਂ ਜਾ ਸਕਦਾ। ਪਰਮਾਤਮਾ ਦੇ ਜਿੰਨੇ ਭੀ ਕੌਤਕ ਵਰਤ ਰਹੇ ਹਨ, (ਨਾਮ-ਧਨ ਦੀ ਬਰਕਤਿ ਨਾਲ) ਉਹ ਸਾਰੇ ਮਨ ਵਿਚ ਪਿਆਰੇ ਲੱਗਦੇ ਹਨ। (ਇਹ ਭੀ ਸਮਝ ਆ ਜਾਂਦੀ ਹੈ ਕਿ) ਪ੍ਰਭੂ ਆਪ ਤੇ ਉਸ ਦੇ ਪੈਦਾ ਕੀਤੇ ਜੀਵ ਉਹੀ ਕੁਝ ਕਰਦੇ ਪਏ ਹਨ ਜੋ ਪ੍ਰਭੂ ਨੂੰ ਪਸੰਦ ਹੈ। ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ (ਆਪਣੀ ਸਿਫ਼ਤ-ਸਾਲਾਹ ਦੀ ਦਾਤਿ ਦੇ ਕੇ) ਆਪਣੇ ਬਣਾ ਲਿਆ, ਉਹਨਾਂ ਨੂੰ ਹੀ (ਜਗਤ ਵਿਚ) ਸ਼ਾਬਾਸ਼ੇ ਮਿਲਦੀ ਹੈ। (ਪਰ ਜੀਵਾਂ ਦੇ ਆਪਣੇ ਉੱਦਮ ਨਾਲ ਪਰਮਾਤਮਾ ਨਹੀਂ ਮਿਲ ਸਕਦਾ) ਜੇ ਜੀਵਾਂ ਦੇ ਆਪਣੇ ਉੱਦਮ ਨਾਲ ਮਿਲਦਾ ਹੋਵੇ, ਤਾਂ ਜੀਵ ਉਸ ਤੋਂ ਵਿਛੁੜ ਕੇ ਦੁਖੀ ਨਾ ਹੋਣ। ਹੇ ਨਾਨਕ ! (ਪ੍ਰਭੂ ਦੇ ਮਿਲਾਪ ਦਾ) ਅਨੰਦ (ਉਹੀ ਬੰਦੇ) ਮਾਣਦੇ ਹਨ, ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਏ। ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗ ਪਏ, ਉਸ ਨੂੰ ਜੇਠ ਦਾ ਗਰਮ ਮਹੀਨਾ ਵੀ ਸੁਹਾਵਣਾ ਲੱਗਦਾ ਹੈ ਕਿਉਂਕਿ ਪ੍ਰਭੂ-ਮਾਲਕ ਮਿਲ ਜਾਂਦਾ ਹੈ ‘‘ਹਰਿ, ਜੇਠਿ ਜੁੜੰਦਾ ਲੋੜੀਐ; ਜਿਸੁ ਅਗੈ ਸਭਿ ਨਿਵੰਨਿ ਹਰਿ ਸਜਣ ਦਾਵਣਿ (ਨਾਲ਼) ਲਗਿਆ; ਕਿਸੈ ਦੇਈ ਬੰਨਿ ਮਾਣਕ ਮੋਤੀ ਨਾਮੁ ਪ੍ਰਭ; ਉਨ ਲਗੈ ਨਾਹੀ ਸੰਨਿ ਰੰਗ ਸਭੇ ਨਾਰਾਇਣੈ; ਜੇਤੇ ਮਨਿ (’) ਭਾਵੰਨਿ ਜੋ ਹਰਿ ਲੋੜੇ, ਸੋ ਕਰੇ; ਸੋਈ ਜੀਅ ਕਰੰਨਿ ਜੋ, ਪ੍ਰਭਿ (ਨੇ) ਕੀਤੇ ਆਪਣੇ; ਸੇਈ ਕਹੀਅਹਿ ਧੰਨਿ ਆਪਣ ਲੀਆ ਜੇ ਮਿਲੈ; ਵਿਛੁੜਿ ਕਿਉ ਰੋਵੰਨਿ ਸਾਧੂ ਸੰਗੁ ਪਰਾਪਤੇ; ਨਾਨਕ ! ਰੰਗ ਮਾਣੰਨਿ ਹਰਿ ਜੇਠੁ ਰੰਗੀਲਾ ਤਿਸੁ ਧਣੀ; ਜਿਸ ਕੈ ਭਾਗੁ ਮਥੰਨਿ (’ਤੇ)’’ (ਮਾਝ ਬਾਰਹਮਾਹਾ/ ਮਹਲਾ /੧੩੪)

ਜੇਠ ਮਹੀਨਾ (ਉਹਨਾਂ ਲਈ) ਚੰਗਾ ਹੁੰਦਾ ਹੈ (ਜਿਨ੍ਹਾਂ ਨੂੰ) ਪ੍ਰੀਤਮ-ਕਦੇ ਨਹੀਂ ਭੁੱਲਦਾ। (ਜੇਠ ਵਿਚ ਲੋਆਂ ਪੈਣ ਨਾਲ) ਭੱਠ ਵਾਂਗ ਥਲ ਤਪਣ ਲੱਗ ਪੈਂਦੇ ਹਨ (ਇਸੇ ਤਰ੍ਹਾਂ ਕਾਮਾਦਿਕ ਵਿਕਾਰਾਂ ਦੀ ਅੱਗ ਨਾਲ ਸੰਸਾਰੀ ਜੀਵਾਂ ਦੇ ਹਿਰਦੇ ਤਪਦੇ ਹਨ, ਉਹਨਾਂ ਦੀ ਤਪਸ਼ ਅਨੁਭਵ ਕਰ ਕੇ) ਗੁਰਮੁਖਿ ਜੀਵ-ਇਸਤ੍ਰੀ (ਪ੍ਰਭੂ-ਚਰਨਾਂ ’ਚ) ਅਰਦਾਸ ਕਰਦੀ ਹੈ। ਉਸ ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲਦੀ ਹੈ, ਜੋ ਇਸ ਤਪਸ਼ ਤੋਂ ਨਿਰਾਲਾ ਆਪਣੇ ਸਦਾ-ਥਿਰ ਮਹਿਲ ’ਚ ਵੱਸਦਾ ਹੈ, ਉਸ ਅੱਗੇ ਜੀਵ-ਇਸਤ੍ਰੀ ਬੇਨਤੀ ਕਰਦੀ ਕਹਿੰਦੀ ਹੈ; ਹੇ ਪ੍ਰਭੂ ! ਮੈਂ ਤੇਰੀ ਸਿਫ਼ਤ-ਸਾਲਾਹ ਕਰਦੀ ਹਾਂ, ਤਾਂ ਕਿ ਤੈਨੂੰ ਚੰਗੀ ਲੱਗਾਂ। ਸਦਾ ਥਿਰ ਰਹਿਣ ਵਾਲੇ ਮਹਿਲ ਵਿੱਚ ਰਹਿਣ ਵਾਲੇ ਹੇ ਮਾਇਆ ਤੋਂ ਨਿਰਲੇਪ ਪ੍ਰਭੂ ! ਤੂੰ ਮੈਨੂੰ ਆਗਿਆ ਦੇਵੇਂ ਮੈਂ ਭੀ ਤੇਰੇ ਮਹਿਲ ਵਿਚ ਆ ਸਕਦੀ ਹਾਂ (ਭਾਵ ਬਾਹਰਲੀ ਤਪਸ਼ ਤੋਂ ਬਚ ਸਕਾਂ)। ਜਿੰਨਾ ਚਿਰ ਜੀਵ-ਇਸਤ੍ਰੀ ਪ੍ਰਭੂ ਤੋਂ ਵੱਖ ਰਹਿ ਕੇ (ਵਿਕਾਰਾਂ ਦੀ ਤਪਸ਼ ਨਾਲ) ਨਿਢਾਲ ਤੇ ਕਮਜ਼ੋਰ ਹੈ, ਉਤਨਾ ਚਿਰ (ਤਪਸ਼ ਰਹਿਤ ਪ੍ਰਭੂ ਦੇ) ਮਹਿਲ ਦਾ ਆਨੰਦ ਨਹੀਂ ਮਾਣ ਸਕਦੀ। ਹੇ ਨਾਨਕ ! ਜੇਠ (ਦੀ ਸਾੜਦੀ ਲੋ) ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਨੂੰ ਹਿਰਦੇ ਵਿਚ ਵਸਾ ਲੈਣ ਵਾਲੀ ਜਿਹੜੀ ਜੀਵ-ਇਸਤ੍ਰੀ ਪ੍ਰਭੂ ਨਾਲ ਸਾਝ ਪਾ ਲੈਂਦੀ ਹੈ, ਉਹ ਉਸ (ਸ਼ਾਂਤ-ਚਿੱਤ ਪ੍ਰਭੂ) ਵਰਗੀ ਹੋ ਜਾਂਦੀ ਹੈ, ਉਸ ਦੀ ਮਿਹਰ ਨਾਲ ਉਸ ਵਿਚ ਇਕ-ਰੂਪ ਹੋ ਜਾਂਦੀ ਹੈ (ਤੇ ਵਿਕਾਰਾਂ ਦੀ ਤਪਸ਼-ਲੋ ਤੋਂ ਬਚ ਜਾਂਦੀ ਹੈ): ‘‘ਮਾਹੁ ਜੇਠੁ ਭਲਾ; ਪ੍ਰੀਤਮੁ ਕਿਉ ਬਿਸਰੈ  ? ਥਲ ਤਾਪਹਿ ਸਰ ਭਾਰ; ਸਾ ਧਨ ਬਿਨਉ ਕਰੈ ਧਨ ਬਿਨਉ ਕਰੇਦੀ, ਗੁਣ ਸਾਰੇਦੀ; ਗੁਣ ਸਾਰੀ ਪ੍ਰਭ ਭਾਵਾ ਸਾਚੈ+ਮਹਲਿ (’) ਰਹੈ ਬੈਰਾਗੀ; ਆਵਣ ਦੇਹਿ ਆਵਾ ਨਿਮਾਣੀ ਨਿਤਾਣੀ ਹਰਿ ਬਿਨੁ; ਕਿਉ ਪਾਵੈ ਸੁਖ ਮਹਲੀ  ? ਨਾਨਕ ! ਜੇਠਿ (’) ਜਾਣੈ ਤਿਸੁ (ਨੂੰ); ਜੈਸੀ ਕਰਮਿ (ਨਾਲ਼) ਮਿਲੈ ਗੁਣ ਗਹਿਲੀ ’’ (ਤੁਖਾਰੀ ਬਾਰਹਮਾਹਾ/ ਮਹਲਾ /੧੦੮) ਭਾਵ ਕਾਮਾਦਿਕ ਵਿਕਾਰਾਂ ਦੀ ਅੱਗ ਨਾਲ ਸੰਸਾਰੀ ਜੀਵਾਂ ਦੇ ਹਿਰਦੇ ਤਪਦੇ ਰਹਿੰਦੇ ਹਨ। ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਹਿਰਦੇ ਵਿਚ ਵਸਾ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਉਸ ਦਾ ਹਿਰਦਾ ਸਦਾ ਸ਼ਾਂਤ ਰਹਿੰਦਾ ਹੈ, ਉਹ ਮਨੁੱਖ ਵਿਕਾਰਾਂ ਦੀ ਤਪਸ਼-ਲੋ ਤੋਂ ਬਚਿਆ ਰਹਿੰਦਾ ਹੈ।

ਸੋ ਜਿਸ ਤਰ੍ਹਾਂ ਗੁਰਬਾਣੀ ’ਚ ਜੇਠ ਮਹੀਨੇ ਦੀ ਰੁੱਤ ਦਾ ਵਰਣਨ ਕਰਕੇ ਇਸ ਰੁੱਤ ਰਾਹੀਂ ਗੁਰੂ ਸਾਹਿਬਾਨ ਜੀ ਨੇ ਪ੍ਰਭੂ ਦੇ ਨਾਮ ਨਾਲ ਜੁੜੇ ਰਹਿਣ ਦਾ ਉਪਦੇਸ਼ ਦਿੱਤਾ ਹੈ ਉਸੇ ਤਰ੍ਹਾਂ ਜੇਠ ਮਹੀਨੇ ’ਚ ਸਿੱਖ ਇਤਿਹਾਸ ਦੀਆਂ ਬਹੁਤ ਹੀ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਨੂੰ ਹਮੇਸ਼ਾਂ ਯਾਦ ਰੱਖਣਾ ਬਣਦਾ ਹੈ ਤੇ ਜੀਵਨ ਸੇਧ ਲਈਦੀ ਹੈ; ਜਿਵੇਂ ਕਿ

੩ ਜੇਠ ਬਿਕ੍ਰਮੀ ਸੰਮਤ ੧੮੦੩ ਨੂੰ ਗੁਰਦਾਸਪੁਰ ਜ਼ਿਲ੍ਹੇ ’ਚ ਕਾਹਨੂੰਵਾਨ ਦੇ ਜੰਗਲ਼ਾਂ ਵਿੱਚ ਦੀਵਾਨ ਲਖਪਤ ਰਾਇ ਦੀਆਂ ਫ਼ੌਜਾਂ ਨਾਲ ਸਿੰਘਾਂ ਦੀ ਹੋਈ ਗਹਿਗੱਚ ਜੰਗ ਦੌਰਾਨ ਤਕਰੀਬਨ 11000 ਸਿੰਘ ਜੂਝਦੇ ਹੋਏ ਸ਼ਹੀਦ ਹੋਏ ਅਤੇ 2000 ਦੇ ਕਰੀਬ ਲੱਖਪਤ ਰਾਇ ਵੱਲੋਂ ਜੰਗਲ਼ ਨੂੰ ਲਾਈ ਅੱਗ ਨਾਲ ਸੜ ਕੇ ਜਾਂ ਦਰਿਆ ਸਤਲੁਜ ਪਾਰ ਕਰਦੇ ਸਮੇਂ ਡੁੱਬ ਕੇ ਸ਼ਹੀਦ ਹੋ ਗਏ। ਸਿੱਖ ਇਤਿਹਾਸ ’ਚ ਇਸ ਸਾਕੇ ਨੂੰ ਛੋਟੇ ਘੱਲੂਘਾਰੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।

੯ ਜੇਠ ਬਿਕ੍ਰਮੀ ਸੰਮਤ ੧੫੩੬/ 5 ਮਈ 1479 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਾਸਰਕੇ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਹੋਇਆ।

੯ ਜੇਠ ਸੰਮਤ ੨੦੨੧ ਨੂੰ ਪਾਉਂਟਾ ਸਾਹਿਬ ਵਿਖੇ ਚੱਲ ਰਹੇ ਸ੍ਰੀ ਅਖੰਡਪਾਠ ਦੌਰਾਨ ਪੁਲਿਸ ਕੰਧਾਂ ਟੱਪ ਕੇ ਗੁਰਦੁਆਰੇ ਅੰਦਰ ਦਾਖ਼ਲ ਹੋਈ ਅਤੇ ਕੀਤੀ ਗਈ ਅੰਨ੍ਹੇਵਾਹ ਗੋਲ਼ੀਵਾਰੀ ’ਚ 11 ਨਿਹੰਗ ਸਿੰਘ ਸ਼ਹੀਦ ਹੋਏ ਤੇ ਅਖੰਡ ਪਾਠ ਖੰਡਿਤ ਕੀਤਾ। ਇਸ ਘਟਨਾ ਨੂੰ ਸਾਕਾ ਪਾਉਂਟਾ ਸਾਹਿਬ ਕਰਕੇ ਜਾਣਿਆ ਜਾਂਦਾ ਹੈ।

੧੫ ਜੇਠ ਸੰਮਤ ੧੭੬੭/ 13 ਮਈ 1710 ਈਸਵੀ (੨੪ ਰੱਬੀ-ਉਲ-ਅੱਵਲ ਹਿਜ਼ਰੀ ਸੰਮਤ ੧੧੨੨) ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਸਰਹਿੰਦ ਫ਼ਤਿਹ ਕੀਤੀ ਗਈ।

੧੮ ਜੇਠ/ ਬਿਕ੍ਰਮੀ ਸੰਮਤ ੨੦੪੧/ 1 ਜੂਨ 1984 ਨੂੰ ਸੀ.ਆਰ.ਪੀ. ਦੀ ਗੋਲ਼ੀ ਨਾਲ ਭਾਈ ਮਹਿੰਗਾ ਸਿੰਘ ਬੱਬਰ ਪਹਿਲੇ ਸ਼ਹੀਦ ਹੋਏ। ੨੧ ਜੇਠ 4 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਭਾਰਤ ਸਰਕਾਰ ਦੀਆਂ ਫ਼ੌਜਾਂ ਵੱਲੋਂ ਤੋਪਾਂ ਨਾਲ ਹਮਲਾ ਕੀਤਾ ਅਤੇ ੨੩ ਜੇਠ ਸੰਮਤ ੨੦੪੧/6 ਜੂਨ 1984 ਈਸਵੀ ਨੂੰ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਸਮੇਤ ਹੋਰ ਕਈ ਸਿੰਘ ਸ਼ਹੀਦ ਹੋਏ; ਫ਼ੌਜ ਦਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕਬਜ਼ਾ ਹੋ ਗਿਆ। ਹਰ ਸਾਲ 1 ਜੂਨ ਤੋਂ 6 ਜੂਨ ਤੱਕ ਸ਼ਹੀਦੀ ਹਫਤਾ ਮਨਾਇਆ ਜਾਂਦਾ ਹੈ।

੨੨ ਜੇਠ ਸੰਮਤ ੧੭੨੦ ਨੂੰ ਦਵਾਰਕਾ ਵਿਖੇ ਪਿਤਾ ਭਾਈ ਤੀਰਥਚੰਦ ਛੀਂਬੇ ਅਤੇ ਮਾਤਾ ਦੇਵਾਂਬਾਈ ਦੇ ਘਰ ਭਾਈ ਮੁਹਕਮਚੰਦ ਦਾ ਜਨਮ ਹੋਇਆ। ਸੰਮਤ ੧੫੫੬ ’ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਜ ਪਿਆਰਿਆਂ ਲਈ ਚੋਣ ਕਰ ਅੰਮ੍ਰਿਤ ਛਕਾਇਆ ਤੇ ਨਾਮ ਭਾਈ ਮੁਹਕਮ ਸਿੰਘ ਜੀ ਰੱਖਿਆ। ਉਸ ਦਿਨ ਤੋਂ ਬਾਅਦ ਉਨ੍ਹਾਂ ਨੂੰ ਪੰਜ ਪਿਆਰੇ ਦੇ ਤੌਰ ’ਤੇ ਯਾਦ ਕੀਤਾ ਜਾਂਦਾ ਹੈ।

ਪ੍ਰਿਥੀ ਚੰਦ, ਚੰਦੂ ਸ਼ਾਹ, ਸ਼ੇਖ਼ ਮੁਜ਼ੱਦਦ ਅਲਫ਼ਸਾਨੀ ਤੇ ਸ਼ੇਖ਼ ਬੁਖ਼ਾਰੀ ਆਦਿ ਚੁਗ਼ਲਖੋਰਾਂ ਵੱਲੋਂ ਗੁਰੂ ਘਰ ਵਿਰੁੱਧ ਬਾਦਸ਼ਾਹ ਜਹਾਂਗੀਰ ਕੋਲ਼ ਝੂਠੀਆਂ ਤੋਹਮਤਾਂ ਲਾਈਆਂ ਜਿਨ੍ਹਾਂ ਦੇ ਆਧਾਰ ’ਤੇ ਉਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰ ਦਰਬਾਰ ’ਚ ਪੇਸ਼ ਹੋਣ ਦਾ ਹੁਕਮ ਦਿੱਤਾ। ਗੁਰੂ ਅਰਜਨ ਸਾਹਿਬ ਜੀ ਸਮਝ ਗਏ ਕਿ ਹੁਣ ਸ਼ਹੀਦੀ ਹੋਣੀ ਹੈ, ਇਸ ਲਈ ਸ੍ਰੀ (ਗੁਰੂ) ਹਰਿਗੋਬਿੰਦ ਸਾਹਿਬ ਜੀ ਨੂੰ ਯੋਗ ਜਾਣ ਕੇ ੨੮ ਜੇਠ ਸੰਮਤ ੧੬੬੩/25 ਮਈ 1606 ਨੂੰ ਉੱਤਰਾਧਿਕਾਰੀ ਚੁਣ ਕੇ ਆਪ ਸ਼ਹੀਦੀ ਦੇਣ ਲਈ ਲਾਹੌਰ ਚਲੇ ਗਏ, ਜਿੱਥੇ ਸਖ਼ਤ ਤਸੀਹੇ ਦੇਣ ਉਪਰੰਤ ੨ ਹਾੜ ਸੰਮਤ ੧੬੬੩/30 ਮਈ 1606 ਨੂੰ ਸ਼ਹੀਦ ਕੀਤਾ ਗਿਆ।

ਉਪਰੋਕਤ ਵੇਰਵਿਆਂ ’ਚ ਗੁਰੂ ਸਾਹਿਬਾਨ ਦੇ ਪੁਰਬਾਂ ਨਾਲ ਜੁੜੀਆਂ ਬਿਕ੍ਰਮੀ ਕੈਲੰਡਰ ਅਤੇ ਜੂਲੀਅਨ ਕੈਲੰਡਰ ਦੀਆਂ ਤਾਰੀਖ਼ਾਂ ਨਾਲੋ ਨਾਲ ਦਿੱਤੀਆਂ ਹਨ, ਉਨ੍ਹਾਂ ਨੂੰ ਅਜੋਕੀਆਂ ਤਾਰੀਖ਼ਾਂ ਨਾਲ ਮੇਲ ਕੇ ਵੇਖੀਏ ਤਾਂ ਪਤਾ ਚੱਲੇਗਾ ਕਿ ੯ ਜੇਠ ਬਿਕ੍ਰਮੀ ਸੰਮਤ ੧੫੩੬/ 5 ਮਈ 1479 ਨੂੰ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਹੋਇਆ। ਅੱਜ ਕੱਲ੍ਹ ੯ ਜੇਠ 22 ਜਾਂ 23 ਮਈ ਨੂੰ ਆਉਂਦਾ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ੨੮ ਜੇਠ ਸੰਮਤ ੧੬੬੩/ 25 ਮਈ 1606 ਨੂੰ ਗੁਰਗੱਦੀ ’ਤੇ ਬਿਰਾਜਮਾਨ ਹੋਏ, ਪਰ ਅੱਜ ਕੱਲ੍ਹ ੨੮ ਜੇਠ 10 ਜਾਂ 11 ਜੂਨ ਨੂੰ ਆਉਂਦਾ ਹੈ। ਜੇ ਕਰ ਸਿੱਖ ਕੌਮ ਨੇ ਹਾਲੀ ਵੀ ਨਾਨਕਸ਼ਾਹੀ ਕੈਲੰਡਰ ਲਾਗੂ ਨਾ ਕੀਤਾ ਤਾਂ ਸੰਨ 3000 ’ਚ ੯ ਜੇਠ 5 ਜੂਨ ਅਤੇ ੨੮ ਜੇਠ 24 ਜੂਨ ਨੂੰ ਆਵੇਗਾ ਭਾਵ ਇਤਿਹਾਸਕ ਤਾਰੀਖ਼ਾਂ ਤੋਂ ਪੂਰਾ ਇੱਕ ਮਹੀਨਾ ਬਾਅਦ। ਇਸੇ ਤਰ੍ਹਾਂ ਪ੍ਰੰਪਰਾ ਅਨੁਸਾਰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ 1984 ’ਚ ਜੇਠ ਸੁਦੀ ੪ ਮੁਤਾਬਕ 3 ਜੂਨ ਨੂੰ ਮਨਾਇਆ ਗਿਆ ਅਤੇ ਅਗਲੇ ਦਿਨ 4 ਜੂਨ ਨੂੰ ਭਾਰਤੀ ਫ਼ੌਜਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕਰ ਦਿੱਤਾ। ਹੁਣ ਕਦੀ ਵੀ ਇਹ ਦੋਵੇਂ ਘਟਨਾਵਾਂ ਇਸ ਕਰਮ ਅਨੁਸਾਰ ਨਹੀਂ ਆਉਣਗੀਆਂ ਕਿਉਂਕਿ ਅਕਾਲ ਤਖ਼ਤ ਸਾਹਿਬ ’ਤੇ ਹਮਲੇ ਦਾ ਦਿਨ ਸਾਂਝੇ ਸਾਲ ਦੀ 4 ਜੂਨ ਨੂੰ ਮਨਾਇਆ ਜਾਂਦਾ ਹੈ, ਜੋ ਰੁੱਤੀ ਸਾਲ ਹੋਣ ਕਰਕੇ ਇਸ ਦੇ ਸਾਲ ਦੀ ਲੰਬਾਈ 365/66 ਦਿਨ ਹੈ ਜਦੋਂ ਕਿ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਚੰਦਰਮਾਂ ਸਾਲ ਦੀਆਂ ਤਿੱਥਾਂ ਮੁਤਾਬਕ ਹਰ ਸਾਲ ਜੇਠ ਸੁਦੀ ੪ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਆਮ ਸਾਲ 354/355 ਦਿਨਾਂ ਅਤੇ ਹਰ ਦੋ ਜਾਂ ਤਿੰਨ ਸਾਲ ਬਾਅਦ 383/384 ਦਿਨਾਂ ਦਾ ਹੋਣ ਕਰਕੇ ਕਦੀ 10 ਤੋਂ 12 ਦਿਨ ਪਹਿਲਾਂ ਅਤੇ ਕਦੀ 18-19 ਦਿਨ ਪਿੱਛੋਂ ਭਾਵ ਹਮੇਸ਼ਾਂ ਹੀ ਅੱਗੇ ਪਿੱਛੇ ਹੁੰਦਾ ਰਹੇਗਾ। ਜੇ ਸ਼ਹੀਦੀ ਪੁਰਬ ਬਿਕ੍ਰਮੀ ਕੈਲੰਡਰ ਦੇ ਪ੍ਰਵਿਸ਼ਟਿਆਂ ਮੁਤਾਬਕ ੨ ਹਾੜ ਨੂੰ ਮਨਾਇਆ ਜਾਵੇ ਤਾਂ ਵੀ ਜਿਹੜੀ ਸ਼ਹੀਦੀ ੨ ਹਾੜ ਸੰਨ ੧੬੦੬ ’ਚ 30 ਮਈ ਨੂੰ ਹੋਈ ਸੀ, ਉਹ ੨ ਹਾੜ ਅੱਜ ਕੱਲ੍ਹ 15/16 ਜੂਨ ਨੂੰ ਆਉਂਦੀ ਹੈ ਅਤੇ 3000 ਈਸਵੀ ’ਚ 29 ਜੂਨ ਨੂੰ ਆਵੇਗੀ ਭਾਵ ਅਸਲੀ ਤਾਰੀਖ਼ ਨਾਲੋਂ ਇੱਕ ਮਹੀਨਾ ਪਿੱਛੋਂ।

ਇਸ ਤਰ੍ਹਾਂ ਹੌਲ਼ੀ ਹੌਲ਼ੀ ਖਿਸਕਦੀਆਂ ਜਾਣਗੀਆਂ ਅਤੇ 14000 ਸਾਲ ਬਾਅਦ ੨ ਹਾੜ ਦਸੰਬਰ ’ਚ ਪਹੁੰਚ ਜਾਵੇਗਾ ਜਦੋਂ ਕਿ ਅਤਿ ਦੀ ਗਰਮੀ ਦੀ ਬਜਾਏ ਅਤਿ ਦੀ ਠੰਡ ਪੈਂਦੀ ਹੋਵੇਗੀ। ਉਸ ਸਮੇਂ ਜਦੋਂ ਪਾਠਕ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਇਤਿਹਾਸ ਪੜ੍ਹਨਗੇ ਉਨ੍ਹਾਂ ਅੰਦਰ ਸ਼ੱਕ ਪੈਦਾ ਹੋਵੇਗਾ ਕਿ ਹਾੜ ਦੇ ਮਹੀਨੇ ’ਚ ਬਰਫ਼ਾਨੀ ਠੰਡ ਪੈ ਰਹੀ ਹੈ, ਇਸ ਲਈ ਇਤਿਹਾਸ ਲਿਖਣ ਵਾਲੇ ਨੇ ਤਾਰੀਖ਼ਾਂ ਗਲਤ ਲਿਖ ਦਿੱਤੀਆਂ ਹਨ, ਪਰ ਜੇ ਅਸੀਂ ਨਾਨਕਸ਼ਾਹੀ ਕੈਲੰਡਰ ਨੂੰ ਅਪਣਾਅ ਲਈਏ ਤਾਂ ਇਹ ਰੁੱਤੀ ਸਾਲ ਹੋਣ ਕਰਕੇ ਅਤੇ ਇਸ ਦੇ ਸਾਲ ਦੀ ਲੰਬਾਈ ਸਾਰੀ ਦੁਨੀਆਂ ’ਚ ਪ੍ਰਚਲਿਤ ਗ੍ਰੈਗੋਰੀਅਨ ਕੈਲੰਡਰ, ਜਿਸ ਨੂੰ ਸਾਂਝਾ ਕੈਲੰਡਰ ਵੀ ਕਿਹਾ ਜਾਂਦਾ ਹੈ; ਦੇ ਬਿਲਕੁਲ ਬਰਾਬਰ ਹੋਣ ਕਰਕੇ ਸਾਰੇ ਦਿਹਾੜੇ ਇਕ ਸਾਰ ਤਰਤੀਬ ਨਾਲ ਉਨ੍ਹਾਂ ਹੀ ਤਾਰੀਖ਼ਾਂ ਨੂੰ ਆਉਣਗੇ, ਜਿਹੜੀਆਂ ਤਾਰੀਖ਼ਾਂ 1999 ਅਤੇ 2003 ’ਚ ਲਾਗੂ ਕੀਤੀਆਂ ਸਨ।

ਕਈ ਵੀਰ ਇਹ ਸਵਾਲ ਵੀ ਕਰਦੇ ਹਨ ਕਿ 1984 ’ਚ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ਤੋਂ ਇੱਕ ਦਿਨ ਪਿੱਛੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਹੋਇਆ ਸੀ ਤਾਂ ਨਾਨਕਸ਼ਾਹੀ ਕੈਲੰਡਰ ’ਚ ਹੁਣ ਸ਼ਹੀਦੀ ਪੁਰਬ 12 ਦਿਨ ਪਿੱਛੋਂ ਕਿਉਂ ਆਉਂਦਾ ਹੈ ? ਐਸਾ ਸਵਾਲ ਕਰਨ ਵਾਲੇ ਵੀਰ ਜਾਂ ਤਾਂ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਦੀ ਮਿਤੀ ਤੋਂ ਬਿਲਕੁਲ ਅਣਜਾਣ ਹਨ ਜਾਂ ਅਣਜਾਣ ਬਣ ਕੇ ਢੁੱਚਰਬਾਜ਼ੀ ਕਰ ਰਹੇ ਹੁੰਦੇ ਹਨ। ਨਾਨਕਸ਼ਾਹੀ ਕੈਲੰਡਰ 2003 ’ਚ ਲਾਗੂ ਹੋਇਆ ਹੈ, ਪਰ 1984 ਦੀ ਘਟਨਾ ਉਸ ਤੋਂ 19 ਸਾਲ ਪਹਿਲਾਂ ਵਾਪਰ ਚੁੱਕੀ ਹੈ। ਜੇ ਕਦੀ 1984 ਜਾਂ ਇਸ ਤੋਂ ਪਹਿਲਾਂ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਹੁੰਦਾ ਤਾਂ ਘਟਨਾਵਾਂ ਦੀ ਤਰਤੀਬ ਬਿਲਕੁਲ ਉਹੀ ਰਹਿਣੀ ਸੀ, ਜਿਸ ਤਰ੍ਹਾਂ ਉਹ ਅਸਲ ਵਿੱਚ ਵਾਪਰੀਆਂ ਸਨ, ਪਰ ਜੇ ਹੁਣ ਵੀ ਲਾਗੂ ਨਾ ਕੀਤਾ ਤਾਂ ਅੱਗੇ ਤੋਂ ਵੀ ਕੋਈ ਦੋ ਇਤਿਹਾਸਕ ਘਟਨਾਵਾਂ ਇੱਕੋ ਦਿਨ ਵਾਪਰ ਸਕਦੀਆਂ ਹਨ, ਜਿਨ੍ਹਾਂ ਦੀ ਤਰਤੀਬ ਇਸੇ ਤਰ੍ਹਾਂ ਬਦਲਦੀ ਰਹੇਗੀ ਅਤੇ ਇਤਿਹਾਸ ’ਚ ਭੰਬਲਭੂਸੇ ਪੈਦਾ ਹੁੰਦੇ ਰਹਿਣਗੇ, ਜਿਨ੍ਹਾਂ ਤੋਂ ਬਚਣ ਦੀ ਲੋੜ ਹੈ। ਸਾਨੂੰ ਇਹ ਵੀ ਚੇਤਾ ਰੱਖਣਾ ਚਾਹੀਦਾ ਹੈ ਕਿ ਈਸਾਈਆਂ ਦਾ ਕੈਲੰਡਰ ਰੁੱਤੀ ਸਾਲ ਤੋਂ ਕੇਵਲ 11 ਮਿੰਟ ਵੱਧ ਸੀ, ਉਨ੍ਹਾਂ ਨੇ ਆਪਣਾ ਕੈਲੰਡਰ 1582 ’ਚ ਹੀ ਸੋਧ ਕੇ ਸਿੱਧਾ ਹੀ 10 ਦਿਨ ਦਾ ਫ਼ਰਕ ਕੱਢ ਲਿਆ ਅਤੇ ਜਿਨ੍ਹਾਂ; ਸਾਡੇ ਅੱਜ ਦੇ ਸੰਤ ਸਮਾਜ ਵਾਙ ਉਸ ਸਮੇਂ ਨਹੀਂ ਸੀ ਮੰਨਿਆਂ, ਉਨ੍ਹਾਂ ’ਚੋਂ ਇੰਗਲੈਂਡ ਨੇ 1752 ’ਚ 11 ਦਿਨ ਦੀ ਸੋਧ ਕਰਕੇ ਆਪਣਾ ਕੈਲੰਡਰ ਠੀਕ ਕਰ ਲਿਆ। ਉਸ ਤੋਂ ਬਾਅਦ ਜਿਨ੍ਹਾਂ ਦੇਸ਼ਾਂ ਨੇ 1 ਮਾਰਚ 1800 ਤੋਂ 29 ਫ਼ਰਵਰੀ 1900 ਜੂਲੀਅਨ ਦੇ ਦੌਰਾਨ ਸੋਧ ਕੀਤੀ ਉਨ੍ਹਾਂ ਨੇ 12 ਦਿਨ; ਜਿਨ੍ਹਾਂ ਦੇਸ਼ਾਂ ਨੇ 1 ਮਾਰਚ 1900 ਤੋਂ 29 ਫ਼ਰਵਰੀ 2100 ਜੂਲੀਅਨ ਤੱਕ ਸੋਧ ਕਰ ਲਈ ਜਾਂ ਕਰ ਲੈਣਗੇ ਉਨ੍ਹਾਂ ਨੂੰ 13 ਦਿਨਾਂ ਦੀ ਸੋਧ ਕਰਨੀ ਪਏਗੀ ਅਤੇ ਜੇ ਕਿਸੇ ਨੇ 1 ਮਾਰਚ 2100 ਤੋਂ ਅਗਲੀ ਇੱਕ ਸਦੀ ਤੱਕ ਸੋਧ ਕਰਨੀ ਹੋਈ ਤਾਂ ਉਨ੍ਹਾਂ ਨੂੰ 14 ਦਿਨ ਸੋਧ ਕਰਨੀ ਪਵੇਗੀ ਅਤੇ ਉਸ ਤੋਂ ਅਗਲੀ ਸਦੀ ’ਚ 15 ਦਿਨਾਂ ਦੀ ਸੋਧ ਲੱਗੇਗੀ। ਇਸ ਤਰ੍ਹਾਂ ਹਰ ਚਾਰ ਸਦੀਆਂ ’ਚ 1-1 ਕਰਕੇ ਤਿੰਨ ਦਿਨਾਂ ਦੀ ਸੋਧ ਲੱਗਦੀ ਜਾਵੇਗੀ। ਹੁਣ ਅਸਾਂ ਸੋਚਣਾ ਹੈ ਕਿ ਜਿਨ੍ਹਾਂ ਦੇ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਕੇਵਲ 11 ਮਿੰਟ ਵੱਧ ਸੀ ਉਨ੍ਹਾਂ ਤਾਂ 1582 ਈਸਵੀ ’ਚ ਹੀ ਸੋਧ ਕਰਕੇ ਇੱਕ ਫਾਰਮੂਲਾ ਤਿਆਰ ਕਰ ਲਿਆ ਕਿ ਕਿੰਨੀ ਸੋਧ ਕਰਨੀ ਹੈ ਪਰ ਜਿਸ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਗੁਰੂ ਕਾਲ ਤੋਂ 1964 ਤੱਕ ਰੁੱਤੀ ਸਾਲ ਤੋਂ 24 ਮਿੰਟ ਵੱਧ ਸੀ ਅਤੇ 1964 ਵਿੱਚ ਹਿੰਦੂਆਂ ਵੱਲੋਂ ਕੀਤੀ ਮਾਮੂਲੀ ਸੋਧ ਉਪਰੰਤ ਹੁਣ ਇਸ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਤਕਰੀਬਨ 20.5 ਮਿੰਟ ਵੱਧ ਹੈ, ਉਹ ਕਦੋਂ ਸੋਧ ਬਾਰੇ ਸੋਚਣਗੇ ?

ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲਿਆਂ ਦੀ ਮਾਨਸਿਕ ਗੁਲਾਮੀ ਵੇਖੋ ਕਿ ਅੰਗਰੇਜ਼ਾਂ ਨੇ ਸਾਡੇ ਦੇਸ਼ ’ਤੇ ਕਬਜ਼ਾ ਕਰਕੇ ਆਪਣਾ ਕੈਲੰਡਰ 1752 ਤੋਂ ਲਾਗੂ ਕਰ ਦਿੱਤਾ; ਸਿੱਖਾਂ ਨੇ ਉਹ ਵੀ ਮੰਨ ਲਿਆ। ਸੰਨ 1964’ਚ ਹਿੰਦੂਆਂ ਨੇ ਆਪਣੇ ਕੈਲੰਡਰ ’ਚ ਸੋਧ ਕਰ ਲਈ; ਸਿੱਖਾਂ ਨੇ ਉਹ ਵੀ ਹੂ-ਬਹੂ ਮੰਨ ਲਈ, ਪਰ ਫਿਰ ਵੀ ਝੂਠਾ ਦਾਅਵਾ ਕਰ ਰਹੇ ਹਨ ਕਿ ਅਸੀਂ ਉਹ ਕੈਲੰਡਰ ਕਿਉਂ ਛੱਡੀਏ, ਜਿਹੜਾ ਗੁਰੂ ਕਾਲ ’ਚ ਵਰਤਿਆ ਜਾਂਦਾ ਸੀ ? ਇਨ੍ਹਾਂ ਲੋਕਾਂ ਨੂੰ ਕਿਵੇਂ ਸਮਝਾਇਆ ਜਾਵੇ ਕਿ ਗੁਰੂ ਕਾਲ ਵਾਲਾ ਕੈਲੰਡਰ ਤਾਂ ਅਸੀਂ 1964 ’ਚ ਹੀ ਛੱਡ ਚੁੱਕੇ ਹਾਂ ਅਤੇ ਇਸ ਸਮੇਂ ਸ੍ਰੋਮਣੀ ਕਮੇਟੀ ਇੱਕ ਦੀ ਬਜਾਏ ਤਿੰਨ ਕੈਲੰਡਰਾਂ ਅਨੁਸਾਰ ਦਿਨ ਨਿਸ਼ਚਿਤ ਕਰਕੇ ਸਾਰੀ ਕੌਮ ਨੂੰ ਭੰਬਲਭੂਸੇ ’ਚ ਪਾ ਰਹੀ ਹੈ, ਇਸ ਵਿੱਚੋਂ ਕੈਲੰਡਰ ਵਿਗਿਆਨ ਤੋਂ ਜਾਣੂ ਹੋ ਕੇ ਹੀ ਨਿਕਲਿਆ ਜਾ ਸਕਦਾ ਹੈ, ਇਸ ਲਈ ਹਰ ਸਿੱਖ ਲਈ ਕੈਲੰਡਰ ਵਿਗਿਆਨ (ਗਣਿਤ) ਸਮਝਣਾ ਜ਼ਰੂਰੀ ਹੈ।

Related Articles

4,987FansLike
0FollowersFollow
0SubscribersSubscribe

DONATION

- Advertisement -spot_img

Latest Articles