22 C
Jalandhar
Thursday, November 21, 2024
spot_img

ਕੈਲੰਡਰ ਵਿਗਿਆਨ ਤੋਂ ਕੋਰੇ ਵਿਦਵਾਨਾਂ ਕਾਰਨ ਦਿਨੋ ਦਿਨ ਉਲਝ ਰਿਹਾ ਹੈ ਕੈਲੰਡਰ ਵਿਵਾਦ

ਕੈਲੰਡਰ ਵਿਗਿਆਨ ਤੋਂ ਕੋਰੇ ਵਿਦਵਾਨਾਂ ਕਾਰਨ ਦਿਨੋ ਦਿਨ ਉਲਝ ਰਿਹਾ ਹੈ ਕੈਲੰਡਰ ਵਿਵਾਦ

ਕਿਰਪਾਲ ਸਿੰਘ ਬਠਿੰਡਾ 98554-80797

 ਦੁਨੀਆਂ ਦੇ ਲੋਕਾਂ ਨੂੰ ਇਹ ਵੇਖ/ਸੁਣ ਕੇ ਕਿੰਨੀ ਹੈਰਾਨੀ ਹੁੰਦੀ ਹੋਵੇਗੀ ਕਿ ਇੱਕੋ ਇੱਕ ਅਕਾਲ ਪੁਰਖ ਅਤੇ ਸ਼ਬਦ ਗੁਰੂ ਨੂੰ ਮੰਨਣ ਦਾ ਦਾਅਵਾ ਕਰਨ ਵਾਲੀ ਸਿੱਖ ਕੌਮ ਪਿਛਲੇ ਦੋ ਦਹਾਕਿਆਂ ਦੇ ਵੱਧ ਸਮੇਂ ਤੋਂ ਆਪਣੇ ਗੁਰੂ ਸਾਹਿਬਾਨ ਦੇ ਗੁਰ ਪੁਰਬ ਨਿਸ਼ਚਿਤ ਕਰਨ ਪਿੱਛੇ ਮਗ਼ਜ਼ ਖਪਾਈ ਕਰ ਰਹੀ ਹੈ; ਨਾਨਕਸ਼ਾਹੀ ਕੈਲੰਡਰ ਦੇ ਪੱਖੀ ਅਤੇ ਵਿਰੋਧੀ, ਦੋਵੇਂ ਹੀ ਧਿਰਾਂ ਆਪਣੇ ਤੌਰ ’ਤੇ ਕੌਮ ਦਾ ਲੱਖਾਂ ਰੁਪਏ ਅਤੇ ਸਮਾਂ ਇਸ ਕੈਲੰਡਰ ਵਿਸ਼ੇ ’ਤੇ ਆਪਣੇ ਆਪਣੇ ਸੈਮੀਨਾਰ ਕਰਵਾਉਣ, ਕਿਤਾਬਾਂ/ਕਿਤਾਬਚੇ ਅਤੇ ਕੈਲੰਡਰ ਛਪਵਾ ਕੇ ਮੁਫ਼ਤ ਵੰਡਣ ਵਿੱਚ ਅਜਾਈਂ ਗਵਾ ਰਹੀਆਂ ਹਨ ਜਿਹੜਾ ਕਿ ਕੌਮ ਦੇ ਹੋਰ ਉਸਾਰੂ ਪ੍ਰੋਜੈਕਟਾਂ ’ਤੇ ਖ਼ਰਚ ਕੇ ਲਾਹਾ ਖੱਟਿਆ ਜਾ ਸਕਦਾ ਸੀ, ਪਰ ਬਾਵਜੂਦ ਇਸ ਦੇ ਮਸਲਾ ਹੱਲ ਹੋਣ ਦੀ ਬਜਾਏ ਦਿਨੋ ਦਿਨ ਉਲਝ ਰਿਹਾ ਹੈ। ਦੁਨੀਆਂ ਦੇ ਲੋਕ ਇਹ ਵੇਖ ਕੇ ਕੀ ਸੋਚਦੇ ਹੋਣਗੇ ਕਿ ਜਿਸ ਸਮੇਂ ਵਿਗਿਆਨੀ ਮੰਗਲ ਗ੍ਰਿਹ ’ਤੇ ਚੜ੍ਹਨ ਅਤੇ ਗਲੈਕਸੀ ਵਿੱਚ ਹੋਰ ਗ੍ਰਿਹਾਂ ਦੀ ਭਾਲ ਦੀ ਦੌੜ੍ਹ ਵਿੱਚ ਲੱਗੇ ਹੋਏ ਹੋਣ ਉਸ ਸਮੇਂ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਦੇ ਚਾਲੂ ਸਾਲ ਵਿੱਚ ਆਉਣ ਵਾਲੇ ਗੁਰ ਪੁਰਬਾਂ ਦੀਆਂ ਤਾਰੀਕਾਂ ਸਬੰਧੀ ਹੀ ਆਪਸ ਵਿੱਚ ਇੱਕ ਮੱਤ ਨਹੀਂ ਹੋ ਸਕਦੇ ਤਾਂ ਕੀ ਇਹ ਆਪਣੇ ਆਪ ਨੂੰ ਬਿਬੇਕੀ ਤੇ ਨਵੇਂ ਯੁੱਗ ਦੇ ਧਰਮ ਦੇ ਵਾਰਸ ਅਖਵਾਉਣ ਦੇ ਹੱਕਦਾਰ ਹਨ ?

ਅਸਲ ਵਿੱਚ ਕੈਲੰਡਰ ਵਿਵਾਦ ਦਾ ਮੁੱਖ ਕਾਰਨ ਇਹੀ ਹੈ ਕਿ ਕੈਲੰਡਰ ਸਬੰਧੀ ਫ਼ੈਸਲਾ ਲੈਣ ਦੇ ਅਧਿਕਾਰੀ ਉਹ ਲੋਕ ਬਣੇ ਬੈਠੇ ਹਨ ਜਿਨ੍ਹਾਂ ਨੂੰ ਕੈਲੰਡਰ ਸਬੰਧੀ ਜਾਂ ਤਾਂ ਬਿਲਕੁਲ ਹੀ ਕੋਈ ਸੋਝੀ ਨਹੀਂ ਜਾਂ ਥੋੜ੍ਹੀ ਬਹੁਤ ਸੂਝ ਹੈ ਪਰ ਉਹ ਆਪਣੀ ਤੁੱਛ ਬੁੱਧੀ ਨੂੰ ਹੀ ਸਰਬੋਤਮ ਸਮਝ ਕੇ ਉਸ ਦੇ ਸਹਾਰੇ ਅੰਤਰਾਸ਼ਟਰੀ ਪੱਧਰ ਦੇ ਕੈਲੰਡਰ ਵਿਗਿਆਨੀ ਸਿੱਖ ਸ: ਪਾਲ ਸਿੰਘ ਪੁਰੇਵਾਲ ਨੂੰ ਕੈਲੰਡਰ ਵਿਗਿਆਨ ਤੋਂ ਕੋਰਾ ਕਾਮਰੇਡ ਕਹਿ ਕੇ ਭੰਡ ਰਹੇ ਹਨ।

‘ਨੀਮ ਹਕੀਮ, ਖ਼ਤਰਾ-ਏ-ਜਾਣ’ ਦੀ ਕਹਾਵਤ ਵਾਂਗ ਝਗੜੇ ਦਾ ਮੂਲ ਕਾਰਨ ਇਹ ਅਰਧ ਸਿੱਖਿਅਤ ਕੈਲੰਡਰ ਵਿਗਿਆਨੀ ਹੀ ਹਨ ਕਿਉਂਕਿ ਜਿਨ੍ਹਾਂ ਲੋਕਾਂ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਉਨ੍ਹਾਂ ਨੂੰ ਕੁਝ ਸਮਝਾਇਆ ਜਾ ਸਕਦਾ ਹੈ ਪਰ ਘੱਟ ਸੂਝ ਵਾਲੇ ਜਿਹੜੇ ਲੋਕ ਆਪਣੇ ਆਪ ਨੂੰ ਹੀ ਸਭ ਤੋਂ ਸਿਆਣੇ ਮਨੁੱਖ ਸਮਝ ਬੈਠਣ ਉਨ੍ਹਾਂ ਨੂੰ ਕਿਸੇ ਬੰਦੇ ਲਈ ਤਾਂ ਕੀ ਗੁਰੂ ਲਈ ਵੀ ਸਮਝਾਉਣਾ ਔਖਾ ਹੋ ਜਾਂਦਾ ਹੈ।

ਘੱਟ ਸੋਝੀ ਵਾਲੇ ਲੋਕ ਹਨ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸਿਆਸਤਦਾਨ ਅਤੇ ਤਖ਼ਤਾਂ ’ਤੇ ਬੈਠਾਏ ਹੋਏ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਹੋਏ ਜਥੇਦਾਰ; ਜਿਹੜੇ ਫ਼ੈਸਲੇ ਲੈਣ ਦੇ ਅਧਿਕਾਰੀ ਹਨ।  ਅੱਧ ਪਚੱਧੀ ਸੂਝ ਵਾਲੇ ਹਨ ‘ਕਰਨਲ ਸੁਰਜੀਤ ਸਿੰਘ ਨਿਸ਼ਾਨ, ਡਾ: ਅਨੁਰਾਗ ਸਿੰਘ ਅਤੇ ਇਨਾਂ ਵਰਗੇ ਇੱਕ ਦੋ ਹੋਰ ਵਿਦਵਾਨ’ ਜਿਹੜੇ ਸਮਝੀ ਬੈਠੇ ਹਨ ਕਿ ਕੈਲੰਡਰ ਵਿਗਿਆਨ ਦਾ ਜਿੰਨਾ ਗਿਆਨ ਉਨ੍ਹਾਂ ਪਾਸ ਹੈ ਓਨਾਂ ਦੁਨੀਆਂ ਦੇ ਹੋਰ ਕਿਸੇ ਵਿਦਵਾਨ ਕੋਲ ਨਹੀਂ; ਘੱਟ ਤੋਂ ਘੱਟ ਕਿਸੇ ਸਿੱਖ ਕੋਲ ਤਾਂ ਬਿਲਕੁਲ ਵੀ ਨਹੀਂ ਹੈ।  ਦੂਸਰੀ ਵੱਡੀ ਮੁਸ਼ਕਲ ਇਹ ਹੈ ਕਿ ਜਿਨ੍ਹਾਂ ਨੂੰ ਕੁਝ ਸਮਝਾਇਆ ਜਾ ਸਕਦਾ ਹੈ; ਉਹ ਫ਼ੈਸਲੇ ਲੈਂਦੇ ਹਨ ਇਨ੍ਹਾਂ ਅਰਧ ਸਿੱਖਿਅਤ ਵਿਦਵਾਨਾਂ ਦੀ ਸਾਲਾਹ ਨਾਲ। ਅੰਦਰਲੇ ਭਰੋਸੇਯੋਗ ਵਸੀਲਿਆਂ ਰਾਹੀਂ ਜਾਣਕਾਰੀ ਮਿਲੀ ਹੈ ਕਿ ਜਿਸ ਸਮੇਂ 24 ਨਵੰਬਰ 2017 ਨੂੰ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਪੰਜ ਸਿੰਘ ਸਾਹਿਬਾਨ ਇਹ ਫ਼ੈਸਲਾ ਕਰ ਰਹੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਆਉਣ ਵਾਲਾ ਗੁਰ ਪੁਰਬ ਪੋਹ ਸੁਦੀ 7 / 25 ਦਸੰਬਰ 2017 ਨੂੰ ਮਨਾਇਆ ਜਾਵੇ ਜਾਂ 23 ਪੋਹ / 5 ਜਨਵਰੀ 2018 ਨੂੰ ਤਾਂ ਉਸ ਵੇਲੇ ਗਿਆਨੀ ਇਕਬਾਲ ਸਿੰਘ ਪਟਨੇ ਵਾਲੇ ਨੂੰ ਛੱਡ ਕੇ ਬਾਕੀ ਦੇ ਚਾਰ ਸਿੰਘ ਸਾਹਿਬ 23 ਪੋਹ / 5 ਜਨਵਰੀ ਦੇ ਹੱਕ ਵਿੱਚ ਸਨ ਪਰ ਐਨ ਮੌਕੇ ’ਤੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਆਪਣੀ ਪੁਸਤਕ ‘ਗੁਰ ਪੁਰਬ ਦਰਪਣ’ ਲੈ ਕੇ ਪੰਜਾਂ ਦੀ ਮੀਟਿੰਗ ਵਿੱਚ ਸ਼ਾਮਲ ਹੋ ਗਿਆ, ਜਿਸ ਨੇ ਆਪਣੀ ਪੁਸਤਕ ਦੀ ਇੱਕ-ਇੱਕ ਕਾਪੀ ਪੰਜਾਂ ਨੂੰ ਦੇ ਦਿੱਤੀ ਤੇ ਉਨ੍ਹਾਂ ਨੂੰ ਇਹ ਵਹਿਮ ਪਾਉਣ ਵਿੱਚ ਸਫਲ ਹੋ ਗਿਆ ਕਿ ਪੁਰੇਵਾਲ ਦੇ ਨਾਨਕਸ਼ਾਹੀ ਕੈਲੰਡਰ ਦੀਆਂ ਸਾਰੀਆਂ ਤਰੀਕਾਂ ਵਿੱਚ 4 ਤੋਂ 8 ਦਿਨਾਂ ਦੀ ਗ਼ਲਤੀ ਹੈ ਜਦੋਂ ਕਿ ਉਸ ਦੀ ਕਿਤਾਬ ਵਿੱਚ ਦਿੱਤੀਆਂ ਤਰੀਖਾਂ 100% ਸ਼ੁੱਧ ਹਨ। ਕੈਲੰਡਰ ਵਿਗਿਆਨ ਤੋਂ ਕੋਰੇ ਪੰਜਾਂ ਨੇ ਉਸ ਦੀ ਰਾਇ ਮੰਨ ਲਈ ਅਤੇ ਫ਼ੈਸਲਾ 25 ਦਸੰਬਰ ਦੇ ਹੱਕ ਵਿੱਚ ਸੁਣਾ ਦਿੱਤਾ।  ਜਿੱਥੇ ਉਮੀਦ ਬੱਝੀ ਸੀ ਕਿ ਨਾਨਕਸ਼ਾਹੀ ਸੰਮਤ 550 ਦਾ ਕੈਲੰਡਰ ਜਾਰੀ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਅਤੇ ਪੰਜ ਸਿੰਘ ਸਾਹਿਬਾਨ ਆਪਣੀ ਭੁੱਲ ਸੁਧਾਰਨ ਲਈ ਦੋਵਾਂ ਧਿਰਾਂ ਦੇ ਵਿਦਵਾਨਾਂ ਦੀ ਸਾਂਝੀ ਮੀਟਿੰਗ ਸੱਦ ਕੇ ਹਮੇਸ਼ਾਂ ਲਈ ਇਸ ਵਿਵਾਦ ਨੂੰ ਹੱਲ ਕਰਨ ਵੱਲ ਕਦਮ ਪੁੱਟ ਸਕਦੇ ਹਨ; ਉਹ 3 ਮਾਰਚ 2018 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੰਮਤ 550 ਦਾ ਕੈਲੰਡਰ ਰੀਲੀਜ਼ ਕਰ ਕੇ ਇਸ ਵਿਵਾਦ ਨੂੰ ਪਹਿਲਾਂ ਨਾਲੋਂ ਵੀ ਵੱਧ ਗੁੰਝਲਦਾਰ ਕਰ ਦਿੱਤਾ ਹੈ; ਕਿਉਂਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਨੂੰ ਕਰਨਲ ਨਿਸ਼ਾਨ ਦੀ ਪੁਸਤਕ ਵਿੱਚ ਦਿੱਤੀਆਂ ਤਰੀਖਾਂ ਨਾਲ ਮਿਲਾ ਕੇ ਵੇਖਿਆ ਗਿਆ ਤਾਂ ਉਸ ਵਿੱਚ 4 ਤਰੀਖਾਂ ਤਾਂ ਮੇਰੇ ਵਰਗੇ ਸਧਾਰਨ ਬੰਦੇ ਦੇ ਵੀ ਧਿਆਨ ਵਿੱਚ ਆ ਗਈਆਂ ਕਿ ਉਨ੍ਹਾਂ ਵਿੱਚ 1 ਤੋਂ 29 ਦਿਨਾਂ ਦਾ ਫ਼ਰਕ ਹੈ; ਜਿਨ੍ਹਾਂ ਦਾ ਵੇਰਵਾ ਇਸ ਦਿੱਤੇ ਗਏ ਚਾਰਟ ਵਿੱਚ ਵੇਖਿਆ ਜਾ ਸਕਦਾ ਹੈ। ਸਭ ਤੋਂ ਵੱਡੀ ਗਲਤੀ ਇਹ ਹੈ ਕਿ ਇਤਿਹਾਸ ਮੁਤਾਬਿਕ ਗੁਰੂ ਹਰਿਗੋਬਿੰਦ ਜੀ ਮਹਾਰਾਜ ਨੂੰ ਗੁਰਗੱਦੀ ਜੇਠ ਵਦੀ 8, 22 ਜੇਠ, ਸੰਮਤ ਨਾਨਕਸ਼ਾਹੀ 138 ਮੁਤਾਬਿਕ 19 ਮਈ 1606 ਨੂੰ ਮਿਲੀ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਜੇਠ ਸੁਦੀ 4, 2 ਹਾੜ, ਸੰਮਤ ਨਾਨਕਸ਼ਾਹੀ 138 ਮੁਤਾਬਿਕ 30 ਮਈ 1606 ਨੂੰ ਹੋਈ। ਜਿਸ ਤੋਂ ਪਤਾ ਲੱਗਦਾ ਹੈ ਕਿ ਗੁਰਗੱਦੀ ਦਿਵਸ ਅਤੇ ਸ਼ਹੀਦੀ ਦਿਵਸ ਵਿਚ 11 ਦਿਨਾਂ ਦਾ ਅੰਤਰ ਹੈ। ਪਰ ਸ਼੍ਰੋਮਣੀ ਕਮੇਟੀ ਵੱਲੋਂ ਸੰਮਤ 550 (2018-19) ਲਈ ਜਾਰੀ ਹੋਏ ਕੈਲੰਡਰ ਵਿੱਚ ਗੁਰੂ ਹਰਿਗੋਬਿੰਦ ਜੀ ਮਹਾਰਾਜ ਦਾ ਗੁਰਗੱਦੀ ਦਿਹਾੜਾ 25 ਵੈਸਾਖ ਅਤੇ ਉਸ ਤੋਂ 40 ਦਿਨ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ 2 ਹਾੜ ਨੂੰ ਵਿਖਾਈ ਗਈ ਹੈ ਜਦੋਂ ਕਿ ਇਹੀ ਦੋਵੇਂ ਇਤਿਹਾਸਕ ਦਿਹਾੜੇ ਸੰਮਤ 546 (2014-15) ਦੇ ਕੈਲੰਡਰ ਵਿੱਚ ਕ੍ਰਮਵਾਰ ਗੁਰਗੱਦੀ 11 ਜੂਨ ਅਤੇ ਸ਼ਹੀਦੀ ਇਸ ਤੋਂ 11 ਦਿਨ ਪਿੱਛੋਂ ਦੀ ਬਜਾਏ 10 ਦਿਨ ਪਹਿਲਾਂ ਹੀ 1 ਜੂਨ ਨੂੰ ਵਿਖਾਈ ਗਈ ਸੀ। ਇਨ੍ਹਾਂ ਕੈਲੰਡਰ ਨੂੰ ਵੇਖ ਕੇ ਸਾਡੀ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸਿਆਸਤਦਾਨਾਂ ਦੀ ਮੂਰਖਤਾ ਦੀ ਹੱਦ ਪ੍ਰਤੱਖ ਤੌਰ ’ਤੇ ਜ਼ਾਹਿਰ ਨਹੀਂ ਪੈਂਦੀ। ਪਰ ਜੇ ਕੋਈ ਸੂਝਵਾਨ ਗੁਰਸਿੱਖ ਇਨ੍ਹਾਂ ਦੀ ਇਸ ਮੂਰਖਤਾ ਭਰੀ ਗਲਤੀ ਨੂੰ ਦੱਸਣ ਦਾ ਯਤਨ ਕਰੇ ਤਾਂ ਇਹ ਕਹਿੰਦੇ ਹਨ; ‘ਜੀ! ਇਹ ਅਕਾਲ ਤਖ਼ਤ ਨਾਲ ਮੱਥਾ ਲਾ ਰਹੇ ਹਨ; ਪੰਥ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿੱਚ ਖੇਡ ਰਹੇ ਹਨ।’  ਮਿਲਾਣ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੈਲੰਡਰਾਂ ਅਤੇ ਕਰਨਲ ਨਿਸ਼ਾਨ ਦੀ ਪੁਸਤਕ ਦੇ ਪੰਨਾ ਨੰ: 85 ਦੀ ਫੋਟੋ ਕਾਪੀ ਨਾਲ ਦਿੱਤੀ ਹੋਈ ਹੈ ; ਮਿਲਾਨ ਕਰਕੇ ਵੇਖਣਾ ਅਤੇ ਸ਼੍ਰੋਮਣੀ ਕਮੇਟੀ ਤੇ ਜਥੇਦਾਰਾਂ ਨੂੰ ਪੱਛਣਾਂ ਸੰਗਤ ਦਾ ਕੰਮ ਹੈ। 

 ਨੰ : ਗੁਰਪੁਰਬ ਤੇ ਹੋਰ ਦਿਹਾੜੇ ਕਰਨਲ ਨਿਸ਼ਾਨ ਮੁਤਾਬਕ ਸ਼ਰੋਮਣੀ ਕਮੇਟੀ ਮੁਤਾਬਕ ਫਰਕ ਫਰਕ
1 ਨਾਨਕਸ਼ਾਹੀ ਸੰਮਤ 550 ਦਾ ਅਰੰਭ ਚੇਤ ਸੁਦੀ 01 / 18 ਅਪਰੈਲ 01 ਚੇਤ / 14 ਅਪਰੈਲ 4 ਦਿਨ 04 ਦਿਨ
2 ਗੁਰਗੱਦੀ ਗੁਰੂ ਤੇਗ ਬਹਾਦਰ ਜੀ ਚੇਤ ਸੁਦੀ 14 / 30 ਮਾਰਚ 16 ਚੇਤ / 29 ਮਾਰਚ 1 ਦਿਨ 01 ਦਿਨ
3 ਜੋਤੀ ਜੋਤ ਗੁਰੂ ਹਰਿ ਕ੍ਰਿਸ਼ਨ ਜੀ ਚੇਤ ਸੁਦੀ 14 / 30 ਮਾਰਚ 16 ਚੇਤ / 29 ਮਾਰਚ 1 ਦਿਨ 01 ਦਿਨ
4 ਸ਼ਹੀਦੀ ਗੁਰੂ ਅਰਜਨ ਸਾਹਿਬ ਜੀ ਜੇਠ ਸੁਦੀ 04 / 19 ਮਈ 03 ਹਾੜ / 17 ਜੂਨ 29 ਦਿਨ 29 ਦਿਨ

ਜੇਕਰ ਸ: ਪਾਲ ਸਿੰਘ ਪੁਰੇਵਾਲ ਵਰਗੇ ਵਿਦਵਾਨ ਨੇ ਇਸ ਕੈਲੰਡਰ ਨੂੰ ਪਰਖਣਾ ਹੋਵੇ ਤਾਂ ਉਹ ਅਨੇਕਾਂ ਹੋਰ ਗ਼ਲਤੀਆਂ ਇਸ ਕੈਲੰਡਰ ਵਿੱਚ ਲੱਭ ਕੇ ਵਿਖਾ ਸਕਦੇ ਹਨ ਕਿਉਂਕਿ ਪਿਛਲੇ ਸਾਲ ਅਮਰੀਕਾ ਵਿੱਚ ਮਿਤੀ 15 ਜੁਲਾਈ 2017 ਨੂੰ ਹੋਏ ਇੱਕ ਸੈਮੀਨਾਰ ਦੌਰਾਨ ਉਨ੍ਹਾਂ ਦਾਅਵਾ ਕੀਤਾ ਸੀ ਕਿ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ‘ਗੁਰ ਪੁਰਬ ਦਰਪਣ’ ਵਿੱਚ ਚੰਦ੍ਰਮਾ ਦੀਆਂ ਤਿਥਾਂ ਵੀ 30% ਤਰੀਖਾਂ ਗ਼ਲਤ ਹਨ ਅਤੇ 70% ਤਰੀਖਾਂ ਸਹੀ ਹਨ। ਉਨ੍ਹਾਂ ਨਾਲ ਹੀ ਦਾਅਵਾ ਕੀਤਾ ਕਿ ਜੇ ਉਹ 30% ਗ਼ਲਤ ਤਰੀਖਾਂ ਨੂੰ ਸਹੀ ਸਿੱਧ ਕਰਦੇ ਹਨ ਤਾਂ ਉਨ੍ਹਾਂ ਦੀਆਂ 100% ਤਰੀਖਾਂ ਹੀ ਗ਼ਲਤ ਹਨ। ਉਨ੍ਹਾਂ ਇਹ ਵੀ ਚੁਣੌਤੀ ਦਿੱਤੀ ਸੀ ਕਿ ਜੇ ਕਰਨਲ ਨਿਸ਼ਾਨ ਅੰਤਰਾਸ਼ਟਰੀ ਕੈਲੰਡਰ ਵਿਗਿਆਨੀਆਂ ਕੋਲ ਆਪਣੀਆਂ 100% ਤਰੀਖਾਂ ਸਹੀ ਸਿੱਧ ਕਰ ਦੇਣ ਤਾਂ ਉਹ (ਸ: ਪੁਰੇਵਾਲ) ਕਰਨਲ ਨਿਸ਼ਾਨ ਨੂੰ 5 ਲੱਖ ਡਾਲਰ ਇਨਾਮ ਵਜੋਂ ਦੇਣਗੇ।

ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਵੱਲੋਂ ਭੇਜੀ ਗਈ ਇੱਕ ਮੇਲ ਮੈਨੂੰ ਮਿਲੀ ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ “ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਜੇਠ ਸੁਦੀ 4 ਮੁਤਾਬਕ 19 ਮਈ 2018 ਨੂੰ ਗੁਰ ਇਤਿਹਾਸ ਅਤੇ ਗੁਰਮੱਤ ਅਨੁਸਾਰ ਦਰਜ ਕੀਤਾ ਗਿਆ ਹੈ। ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਅਤੇ ਗੁਰੂ ਤੇਗ ਬਹਾਦਰ ਜੀ ਦਾ ਗੁਰਗੱਦੀ ਦਿਹਾੜਾ ਚੇਤਸੁਦੀ 14 ਮੁਤਾਬਿਕ 30 ਮਾਰਚ ਨੂੰ ਹੀ ਹੈ। ਮਾਰਤੰਡ ਪੰਚਾਂਗ ਅਤੇ ਮੁਫ਼ੀਦਆਲਮ ਜੰਤਰੀਆਂ ਵੀ ਇਹੀ ਤਾਰੀਖ ਦੱਸਦੀਆਂ ਹਨ। ਸ਼੍ਰੋਮਣੀ ਕਮੇਟੀ ਦੇ ਸਰੋਤ ਬਾਰੇ ਮੈਂ ਨਹੀਂ ਜਾਣਦਾ। ਸ਼੍ਰੋਮਣੀ ਕਮੇਟੀ ਵਲੋਂ 17 ਜੂਨ ਅਤੇ 29 ਮਾਰਚ ਦੀਆਂ ਤਾਰੀਖ਼ਾਂ ਬਾਰੇ ਸ਼੍ਰੋਮਣੀ ਕਮੇਟੀ ਹੀ ਦੱਸ ਸਕਦੀ ਹੈ।”

ਸ਼੍ਰੋਮਣੀ ਕਮੇਟੀ ਨੇ ਆਪਣੇ ਕੈਲੰਡਰ ਵਿੱਚ ਚੰਦਰ ਮਹੀਨੇ ਦੀਆਂ ਤਿੱਥਾਂ ਤਾਂ ਲਿਖੀਆਂ ਨਹੀਂ; ਕ੍ਰਮਵਾਰ ਸੂਰਜੀ ਮਹੀਨੇ ਦੀਆਂ ਤਰੀਖਾਂ 3 ਹਾੜ ਅਤੇ 16 ਚੇਤ ਹੀ ਲਿਖਿਆ ਹੈ ਇਸ ਲਈ ਇਹ ਵੇਖਣ ਲਈ ਪਿੰਗਲਵਾੜਾ ਅੰਮ੍ਰਿਤਸਰ ਵਾਲਿਆਂ ਦੀ ਜੰਤਰੀ ਵੇਖੀ ਤਾਂ ਪਤਾ ਲੱਗਾ ਕਿ ਇਸ ਸਾਲ ਦੌਰਾਨ ‘ਜੇਠ’ ਨਾਮ ਦੇ ਦੋ ਚੰਦਰ ਮਹੀਨੇ ਹਨ ਜਿਸ ਮੁਤਾਬਿਕ 19 ਮਈ ਨੂੰ (ਪਹਿਲੇ ਮਹੀਨੇ ਦੀ) ਜੇਠ ਸੁਦੀ 4 ਹੈ ਅਤੇ 17 ਜੂਨ ਨੂੰ (ਦੂਸਰੇ ਮਹੀਨੇ ਦੀ) ਜੇਠ ਸੁਦੀ 4 ਹੈ। ਕਰਨਲ ਨਿਸ਼ਾਨ ਨੇ ਪਹਿਲੇ ਜੇਠ ਦੀ ਤਿੱਥ ਨਿਸਚਿਤ ਕਰ ਦਿੱਤੀ ਅਤੇ ਸ਼੍ਰੋਮਣੀ ਕਮੇਟੀ ਨੇ ਦੂਜੇ ਜੇਠ ਦੀ। ਇਸੇ ਤਰ੍ਹਾਂ ਪਿੰਗਲਵਾੜੇ ਦੀ ਜੰਤਰੀ ਵਿੱਚ 29 ਮਾਰਚ ਨੂੰ 16 ਚੇਤ ਅਤੇ ਚੇਤ ਸੁਦੀ 14 ਦਰਜ ਹੈ। ਫਿਰ ਵੇਖਿਆ ਗਿਆ ਕਿ ਸ਼੍ਰੋਮਣੀ ਕਮੇਟੀ ਅਤੇ ਕਰਨਲ ਨਿਸ਼ਾਨ ਦੋਵਾਂ ਨੇ ਜੇ ਚੇਤ ਸੁਦੀ 14 ਨੂੰ ਹੀ ਮੁੱਖ ਰੱਖਿਆ ਹੈ ਤਾਂ ਇੱਕ ਦਿਨ ਦਾ ਫਰਕ ਕਿਉਂ ਹੈ? ਧਿਆਨ ਨਾਲ ਵੇਖੇ ਜਾਣ ’ਤੇ ਪਤਾ ਲੱਗਾ ਕਿ ਪਿੰਗਲਵਾੜੇ ਦੀ ਜੰਤਰੀ ਵਿੱਚ 25 ਮਾਰਚ/ 12 ਚੇਤ ਨੂੰ ਚੰਦਰ ਮਹੀਨੇ ਦੀਆਂ ਇਕੱਠੀਆਂ ਹੀ ਦੋ ਤਿੱਥਾਂ ਚੇਤ ਸੁਦੀ 8 ਅਤੇ 9 ਆ ਗਈਆਂ ਜਿਸ ਕਾਰਨ ਚੇਤ ਸੁਦੀ 14 ; 30 ਮਾਰਚ ਦੀ ਬਜਾਏ ਇੱਕ ਦਿਨ ਪਹਿਲਾਂ ਹੀ 29 ਮਾਰਚ/16 ਚੇਤ ਨੂੰ ਆ ਗਈ। ਸ਼੍ਰੋਮਣੀ ਕਮੇਟੀ ਨੇ ਇੱਥੋਂ ਵੇਖ ਕੇ 16 ਚੇਤ ਨਿਸਚਿਤ ਕਰ ਦਿੱਤੀ ਅਤੇ ਕਰਨਲ ਨਿਸ਼ਾਨ ਨੇ ਜਿਹੜੀ ਜੰਤਰੀ ਜਾਂ ਪੰਚਾਂਗ ਵੇਖੀ ਹੋਵੇਗੀ ਉਨ੍ਹਾਂ ਵਿੱਚ ਸ਼ਾਇਦ ਚੰਦਰ ਮਹੀਨੇ ਦੀ ਇੱਕ ਤਿੱਥ ਦਾ ਘਾਟਾ 25 ਮਾਰਚ ਦੀ ਬਜਾਏ 30 ਮਾਰਚ ਤੋਂ ਬਾਅਦ ਕਿਸੇ ਹੋਰ ਦਿਨ ਕੱਢਿਆ ਹੋਵੇਗਾ ਇਸ ਲਈ ਉਨ੍ਹਾਂ ਦੇ ਹਿਸਾਬ ਨਾਲ ਚੇਤ ਸੁਦੀ 14 ; 30 ਮਾਰਚ ਨੂੰ ਆਈ? ਇਸ ਪੜਤਾਲ ਰਾਹੀਂ ਸ਼੍ਰੋਮਣੀ ਕਮੇਟੀ ਦੀ ਇਹ ਬੇਈਮਾਨੀ ਸਾਹਮਣੇ ਆਈ ਕਿ ਉਹ ਗੁਰਪੁਰਬਾਂ ਦੀਆਂ ਤਰੀਖਾਂ ਨਿਸਚਿਤ ਤਾਂ ਕਰਦੀ ਹੈ ਚੰਦਰ ਸਾਲ ਦੀਆਂ ਤਰੀਖਾਂ ਮੁਤਾਬਿਕ ਹੀ ਪਰ ਕੈਲੰਡਰ ਵਿੱਚ ਚੰਦ੍ਰਮਾਂ ਦੀਆਂ ਤਿਥਾਂ ਦਰਜ ਨਹੀਂ ਕਰਦੀ ਅਤੇ ਲਿਖ ਦਿੰਦੀ ਹੈ ਸੂਰਜੀ ਸਾਲ ਦੀਆ ਤਰੀਖਾਂ ਤਾ ਕਿ ਚੈੱਕ ਕਰਨ /ਮਿਲਾਨ ਕਰਨ ਵਾਲਾ ਮਾਰੀ ਜਾਵੇ ਟੱਕਰਾਂ ਕਿ ਗੁਰਪੁਰਬ ਕਿਸ ਤਰੀਖ ਨੂੰ ਹੋਵੇਗਾ; ਅਤੇ ਕਿਹੜੀ ਸਹੀ ਹੈ ਤੇ ਕਿਹੜੀ ਗਲਤ ਹੈ?  ਨਾਨਕਸ਼ਾਹੀ ਕੈਲੰਡਰ ਦੀਆਂ ਵਿਰੋਧੀ ਜਿਹੜੀਆਂ ਤਿੰਨੇ ਧਿਰਾਂ (ਸ਼੍ਰੋਮਣੀ ਕਮੇਟੀ, ਸੰਤ ਸਮਾਜ ਅਤੇ ਉਨ੍ਹਾਂ ਦਾ ਸਭ ਤੋਂ ਵੱਡਾ ਮੰਨਿਆ ਹੋਇਆ ਕੈਲੰਡਰ ਵਿਗਿਆਨੀ ਕਰਨਲ ਨਿਸ਼ਾਨ, ਡਾ: ਅਨੁਰਾਗ  ਸਿੰਘ, ਐਡਵੋਕੈਟ ਲਾਂਬਾ ਅਤੇ ਉਨ੍ਹਾਂ ਦੇ ਪਿਛਲਗ ਬਣੇ ਹਰਦੇਵ ਸਿੰਘ ਜੰਮੂ ਆਦਿਕ ਵੀ ਸਮਝ ਨਹੀਂ ਸਕਦੇ ਕਿ ਜੇ ਕਿਸੇ ਮਹੀਨੇ ਇੱਕੇ ਗੁਰਪੁਰਬ ਦੀਆਂ ਦੋ ਤਿਥਾਂ ਜਾਂ ਇੱਕੋ ਨਾਮ ਦੇ ਦੋ ਮਹੀਨੇ ਆ ਜਾਣ ਤਾਂ ਗੁਰਪੁਰਬ ਪਹਿਲੇ ਮਹੀਨੇ ਵਿਚ ਮਨਾਏ ਜਾਣ ਜਾਂ ਦੂਸਰੇ ਮਹੀਨੇ ਵਿੱਚ। ਉਨ੍ਹਾਂ ਨੂੰ ਇਹ ਕਿੱਥੋਂ ਸਮਝ ਲੱਗਣੀ ਹੈ ਕਿ ਜਿਸ ਤਰ੍ਹਾਂ ਪਿੰਗਲਵਾੜੇ ਵਾਲੀ ਜੰਤਰੀ ਵਿੱਚ 10 ਮਾਰਚ 2018 ਨੂੰ ਵੀ ਚੇਤ ਵਦੀ 9 ਹੈ ਅਤੇ 11 ਮਾਰਚ ਨੂੰ ਵੀ ਚੇਤ ਵਦੀ 9 ਹੈ ਪਰ 25 ਮਾਰਚ/ 12 ਚੇਤ ਨੂੰ ਚੰਦਰ ਮਹੀਨੇ ਦੀਆਂ ਇਕੱਠੀਆਂ ਹੀ ਦੋ ਤਿੱਥਾਂ ਚੇਤ ਸੁਦੀ 8 ਅਤੇ 9 ਆ ਗਈਆਂ, ਉਸੇ ਤਰ੍ਹਾਂ ਪੋਹ ਸੁਦੀ 7 ਵੀ ਜੇ ਕਿਸੇ ਸਾਲ ਦੋ ਵਾਰ ਆ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪਹਿਲਾਂ ਆਉਣ ਵਾਲੀ ਪੋਹ ਸੁਦੀ 7 ਨੂੰ ਮਨਾਇਆ ਜਾਵੇ ਜਾਂ ਪਿੱਛੋਂ ਆਉਣ ਵਾਲੀ ਪੋਹ ਸੁਦੀ 7 ਨੂੰ। ਉਨ੍ਹਾਂ ਨੂੰ ਇਹ  ਕਿੱਥੋਂ ਪਤਾ ਲੱਗਣਾ ਹੈ ਕਿ ਕਾਫੀ ਲੰਬੇ ਸਮੇਂ ਬਾਦ ਇਸ ਤਰ੍ਹਾਂ ਵੀ ਵਾਪਰ ਜਾਂਦਾ ਹੈ ਕਿ ਪੋਹ ਤੋਂ ਪਹਿਲਾਂ ਦਾ ਕੋਈ ਮਹੀਨਾ ਤਾਂ ਸਾਲ ਵਿੱਚ ਦੋ ਵਾਰ ਆ ਜਾਂਦਾ ਹੈ ਪਰ ਪੋਹ ਦਾ ਮਹੀਨਾ ਹੀ ਖਤਮ (ਖੈ) ਹੋ ਜਾਂਦਾ ਹੈ ਜਿਵੇਂ ਕਿ ਅੱਜ ਤੋਂ 10 ਸਾਲ ਬਾਅਦ ਭਾਵ ਬਿਕ੍ਰਮੀ ਸੰਮਤ 2085 ; ਨਾਨਕਸ਼ਾਹੀ ਸੰਮਤ 560 (2028-29 ਈ:) ਵਿੱਚ ਐਸੀ ਅਜ਼ੀਬ ਸਥਿਤੀ ਬਣੇਗੀ ਕਿ ਉਸ ਸਾਲ ਵਿੱਚ ਕਤਕ ਦੇ ਤਾਂ ਦੋ ਮਹੀਨੇ ਹੋਣਗੇ ਪਰ ਪੋਹ ਦਾ ਕੋਈ ਮਹੀਨਾ ਹੀ ਨਹੀਂ ਹੋਵੇਗਾ। ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਦੱਸਣ ਕਿ ਨਾਨਕਸ਼ਾਹੀ ਸੰਮਤ 560 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਕਦੋਂ ਮਨਾਇਆ ਜਾਵੇਗਾ ਜਾਂ ਉਸ ਸਾਲ ਮਨਾਇਆ ਹੀ ਨਹੀਂ ਜਾਵੇਗਾ।

ਕੈਲੰਡਰ ਮਾਹਰਾਂ ਅਨੁਸਾਰ 19 ਸਾਲਾਂ ਵਿੱਚ 7 ਸਾਲ ਅਜਿਹੇ ਆਉਂਦੇ ਹਨ ਜਿਨ੍ਹਾਂ ਵਿੱਚ ਇੱਕੋ ਨਾਮ ਦੋ ਮਹੀਨੇ ਆ ਜਾਂਦੇ ਹਨ। ਹੋਰਨਾਂ ਦੀ ਤਾਂ ਗੱਲ ਹੀ ਛੱਡੋ ਖ਼ੁਦ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜਿਸ ਨੂੰ ਕੈਲੰਡਰ ਵਿਗਿਆਨ ਦਾ ਸਭ ਤੋਂ ਵੱਡਾ ਵਿਦਵਾਨ ਦੱਸਿਆ ਜਾ ਰਿਹਾ ਹੈ ਉਸ ਨੂੰ ਵੀ ਇਹ ਨਹੀਂ ਪਤਾ ਕਿ ਜੇ ਕਿਸੇ ਸਾਲ ਇੱਕੋ ਨਾਮ ਦੇ ਦੋ ਮਹੀਨੇ ਆ ਜਾਣ ਤਾਂ ਗੁਰਪੁਰਬ ਪਹਿਲਾਂ ਆਉਣ ਵਾਲੇ ਮਹੀਨੇ ਦੀਆਂ ਸਬੰਧਤ ਤਿੱਥਾਂ ਨੂੰ ਮਨਾਇਆ ਜਾਵੇ ਜਾਂ ਪਿੱਛੋਂ ਆਉਣ ਵਾਲੇ ਮਹੀਨੇ ਵਿੱਚ। ਕਿਉਂਕਿ ਕਰਨਲ ਨਿਸ਼ਾਨ ਨੇ ਆਪਣੀ ਪੁਸਤਕ “ਗੁਰਪੁਰਬ ਦਰਪਣ” ਵਿੱਚ ਕਈ ਗੁਰਪੁਰਬ ਤਾਂ ਪਹਿਲੇ ਮਹੀਨੇ ਵਿੱਚ ਦਰਜ ਕੀਤੇ ਹਨ ਅਤੇ ਕਈ ਗੁਰਪੁਰਬ ਦੂਸਰੇ ਮਹੀਨੇ ਵਿੱਚ। ਕਰਨਲ ਨਿਸ਼ਾਨ ਆਪਣੇ ਇਸ ਦੁਬਿਧਾਪਨ ਤੋਂ ਮੁਨਕਰ ਨਹੀਂ ਹੋ ਸਕਦਾ। ਜੇ ਉਹ ਦ੍ਰਿੜਤਾ ਨਾਲ ਸਪਸ਼ਟ ਕਰਨ ਕੇ ਪਹਿਲੇ ਮਹੀਨੇ ਵਿੱਚ ਮਨਾਉਣੇ ਚਾਹੀਦੇ ਤਾਂ ਉਹ ਗੁਰਪੁਰਬ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ ਜਾ ਸਕਦੇ ਹਨ ਜਿਥੇ ਉਨ੍ਹਾਂ ਨੇ ਆਪਣੇ ਹੀ ਫੈਸਲੇ ਦੇ ਉਲਟ ਦੂਸਰੇ ਮਹੀਨੇ ਵਿੱਚ ਗੁਰਪੁਰਬ ਨਿਸਚਿਤ ਕੀਤੇ ਹੋਏ ਹਨ। ਜਦ ਕਰਨਲ ਨਿਸ਼ਾਨ ਦੀ ਪੁਸਤਕ “ਗੁਰਪੁਰਬ ਦਰਪਣ” ਵੱਡੀ ਗਿਣਤੀ ਵਿੱਚ ਛਪਵਾ ਕੇ ਮੁਫਤ ਵੰਡਣ ਵਾਲੇ ਸੰਤ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਤਾਂ ਇਹ ਹੀ ਨਹੀਂ ਸੀ ਪਤਾ ਕਿ ਦੋ ਤਿੱਥਾਂ ਕਿਵੇਂ ਆ ਜਾਂਦੀਆਂ ਹਨ ਜਾਂ ਨਹੀਂ। ਪਹਿਲਾਂ ਤਾਂ ਉਨ੍ਹਾਂ ਦਾ ਕਹਿਣਾਂ ਸੀ ਕਿ ਇੱਕੋ ਤਿੱਥ ਜਾਂ ਇੱਕੋ ਮਹੀਨਾਂ ਸਾਲ ਵਿੱਚ ਦੋ ਵਾਰ ਆ ਹੀ ਨਹੀਂ ਸਕਦੇ। ਜਦ ਉਨ੍ਹਾਂ ਦੱਸਿਆ ਗਿਆ ਕਿ ਪਿੰਗਲਵਾੜੇ ਵਾਲੀ ਜਾਂ ਕੋਈ ਵੀ ਹੋਰ ਜੰਤਰੀ ਪੜ੍ਹ ਕੇ ਵੇਖੋ ਉਨ੍ਹਾਂ ਵਿੱਚ ਇਸ ਸਾਲ ਚੰਦਰ ਮਹੀਨੇ ਜੇਠ ਦੇ ਦੋ ਮਹੀਨੇ ਹਨ। ਕਰਨਲ ਨਿਸ਼ਾਨ ਨੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਪਹਿਲੇ ਮਹੀਨੇ ਦੀ ਜੇਠ ਸੁਦੀ 04 ਮੁਤਾਬਿਕ 19 ਮਈ ਦਰਜ ਕੀਤਾ ਹੋਇਆ ਹੈ ਅਤੇ ਸ਼੍ਰੋਮਣੀ ਕਮੇਟੀ ਨੇ ਦੂਜੇ ਮਹੀਨੇ ਦੀ ਜੇਠ ਸੁਦੀ 04 ਮੁਤਾਬਿਕ 17 ਜੂਨ ਦਰਜ ਕੀਤਾ ਹੈ। ਇਸ ਲਈ ਸੰਤ ਜੀ ! ਤੁਸੀਂ ਦੱਸੋ ਕਿ ਇਨ੍ਹਾਂ ਦੋਵਾਂ ਵਿੱਚੋਂ ਤੁਸੀਂ ਕਿਹੜੀ ਤਰੀਖ ਨੂੰ ਸਹੀ ਮੰਨਦੇ ਹੋ ਅਤੇ ਕਿਸ ਤਰੀਖ ਨੂੰ ਸ਼ਹੀਦੀ ਗੁਰਪੁਰਬ ਮਨਾਉਂਗੇ? ਇਹ ਸੁਣ ਕੇ ਸੰਤ ਜੀ ਠਠੰਬਰ ਗਏ ਅਤੇ ਕਹਿਣ ਲੱਗੇ ਇਹ ਤਾਂ ਵਿਦਵਾਨਾਂ ਨੂੰ ਚਾਹੀਦਾ ਹੈ ਕਿ ਉਹ ਮਿਲ ਬੈਠ ਕੇ ਫੈਸਲਾ ਕਰਨ। ਤੁਸੀਂ ਅਕਾਲ ਤਖ਼ਤ ਨੂੰ ਪੱਤਰ ਲਿਖੋ ਕਿ ਵਿਦਵਾਨਾਂ ਨੂੰ ਇੱਕ ਥਾਂ ਬਿਠਾ ਕੇ ਛੇਤੀ ਫੈਸਲਾ ਕਰਨ। ਸੰਤ ਜੀ ਨੂੰ ਦੱਸਿਆ ਗਿਆ ਕਿ ਤੁਸੀਂ ਇੱਕ ਪੱਤਰ ਦੀ ਗੱਲ ਕਰਦੇ ਹੋ 2014 ਦੇ ਸ਼ੁਰੂ ਵਿੱਚ 10,000 ਤੋਂ ਵੱਧ ਗੁਰਸਿੱਖਾਂ ਨੇ ਮਤੇ ਪਾਸ ਕਰਕੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਸ ਸਬੰਧ ਵਿੱਚ ਬੇਨਤੀ ਕੀਤੀ ਕਿ ਕੈਲੰਡਰ ਦਾ ਮਸਲਾ ਹੱਲ ਕਰਕੇ ਕੌਮ ਨੂੰ ਦੁਬਿਧਾ ਵਿੱਚੋਂ ਕੱਢਿਆ ਜਾਵੇ। ਦੋ ਢਾਈ ਮਹੀਨੇ ਪਿੱਛੋਂ ਜਥੇਦਾਰ ਨੇ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਹੱਲ ਕਰ ਲਈ ਇੱਕ ਕਮੇਟੀ ਦਾ ਗੱਠਨ ਕੀਤਾ ਜਿਸ ਵਿੱਚ ਸ਼ਾਮਲ ਕੀਤੇ ਵਿਦਵਾਨਾਂ ਦੇ ਨਾਮ ਵੀ ਐਲਾਨੇ ਗਏ ਸਨ ਪਰ ਉਨ੍ਹਾਂ ਦੀ ਮੀਟਿੰਗ ਤਾਂ ਕੀ ਹੋਣੀ ਸੀ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਨੇ ਆਪਣੇ ਵੱਲੋਂ ਐਲਾਨੇ ਗਏ ਕਮੇਟੀ ਮੈਂਬਰਾਂ ਨੂੰ ਅੱਜ ਤੱਕ ਰਸਮੀ ਤੌਰ ’ਤੇ ਇਹ ਵੀ ਸੂਚਨਾ ਨਹੀਂ ਦਿੱਤੀ ਕਿ ਤੁਹਾਨੂੰ ਕੈਲੰਡਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸੰਤ ਸੇਵਾ ਸਿੰਘ ਮੇਰੀ ਗੱਲ ਨਾਲ ਤਾਂ ਸਹਿਮਤ ਸਨ ਪਰ ਜਵਾਬ ਉਨ੍ਹਾਂ ਪਾਸ ਕੋਈ ਨਹੀਂ ਸੀ।

ਹੁਣ ਦੱਸੋ ਜੇ ਆਪਣੇ ਆਪ ਨੂੰ ਤਾਰਾ ਵਿਗਿਆਨੀ  ਕਹਾਉਣ ਵਾਲੇ ਅਤੇ ਕੈਲੰਡਰ ਸਬੰਧੀ ਪੁਸਤਕਾਂ ਲਿਖਣ ਵਾਲੇ ਕਰਨਲ ਨਿਸ਼ਾਨ, ਉਨ੍ਹਾਂ ਦੀਆਂ ਪੁਸਤਕਾਂ ਛਪਵਾ ਕੇ ਮੁਫਤ ਵੰਡਣ ਵਾਲੇ ਸੰਤ ਸੇਵਾ ਸਿੰਘ, ਕੈਲੰਡਰਾਂ ਸਬੰਧੀ ਫੈਸਲੇ ਲੈਣ ਦੇ ਅਧਿਕਾਰੀ ਬਣੇ ਹੋਏ ਜਥੇਦਾਰ ਅਤੇ ਕੈਲੰਡਰ ਲਾਗੂ ਕਰਨ ਦੀ ਅਧਿਕਾਰੀ ਸ਼੍ਰੋਮਣੀ ਕਮੇਟੀ ਵੀ ਦੋ ਟੁਕ ਇਹ ਫੈਸਲਾ ਨਹੀਂ ਕਰ ਸਕਦੇ ਕਿ ਚੰਦ੍ਰਮਾਂ ਦੀਆਂ ਤਿੱਥਾਂ ਮੁਤਾਬਿਕ ਗੁਰਪੁਰਬ ਕਿਸ ਦਿਨ ਆ ਰਿਹਾ ਹੈ ਤਾਂ ਆਮ ਸਿੱਖ ਸੰਗਤਾਂ ਦਾ ਕੀ ਹਾਲ ਹੋਵੇਗਾ? ਉਕਤ ਨੀਮ ਹਕੀਮਾਂ ਨੂੰ ਸਵਾਲ ਹੈ ਕਿ ਜੇ ਹਰ ਦੂਜੇ/ਤੀਜੇ ਸਾਲ ਖਿੱਚ ਧੂ ਕਰਕੇ ਚੰਦਰ ਸਾਲ ਨੂੰ ਸੂਰਜੀ ਕੈਲੰਡਰ ਦੇ ਨੇੜੇ ਰੱਖਣ ਲਈ ਇੱਕ ਮਹੀਨਾ ਫਾਲਤੂ ਜੋੜਨਾ ਹੀ ਪੈਂਦਾ ਹੈ ਤਾਂ ਕਿਉਂ ਨਹੀਂ ਪਹਿਲਾਂ ਹੀ ਸੂਰਜੀ ਕੈਲੰਡਰ ਅਪਣਾ ਲੈਂਦੇ? ਇਹ ਲੋਕ ਗੁਰਪੁਰਬਾਂ ਨੂੰ ਗੁਰਮਤਿ ਤੇ ਇਤਿਹਾਸ ਮੁਤਾਬਿਕ ਚੰਦ੍ਰਮਾਂ ਦੀਆਂ ਤਿੱਥਾਂ ਅਨੁਸਾਰ ਮਨਾਉਣ ਦੀ ਵਕਾਲਤ ਕਰਦੇ ਰਹਿੰਦੇ ਹਨ ਇਸ ਲਈ ਇਨ੍ਹਾਂ ਲਈ ਸਵਾਲ ਹੈ ਕਿ ਗੁਰਬਾਣੀ ਵਿੱਚ ਕੋਈ ਇੱਕ ਵੀ ਪ੍ਰਮਾਣ ਵਿਖਾ ਦੇਣ ਜਿਸ ਵਿੱਚ ਇਹ ਲਿਖਿਆ ਹੋਵੇ ਕਿ ਗੁਰਪੁਰਬ ਚੰਦਰ ਮਹੀਨੇ ਦੀਆਂ ਤਿੱਥਾਂ ਮੁਤਾਬਿਕ ਅਤੇ ਵੈਸਾਖੀ ਸਮੇਤ ਹੋਰ ਇਤਿਹਾਸਕ ਦਿਹਾੜੇ ਸੂਰਜੀ ਤਰੀਖਾਂ ਨੂੰ ਮਨਾਏ ਜਾਣਾ ਹੀ ਅਸਲ ਗੁਰਮਤਿ ਹੈ। ਇਹ ਵੀ ਦੱਸਣ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਿੱਥ ਪੋਹ ਸੁਦੀ 7 ਲਿਖੀ ਹੋਈ ਹੈ ਤਾਂ 23 ਪੋਹ ਵੀ ਲਿਖਿਆ ਹੈ ਫਿਰ ਦੱਸੋ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਗੁਰਪੁਰਬ ਮਨਾਉਣ ਨਾਲ ਕਿਸ ਗੁਰਮਤਿ ਅਤੇ ਇਤਿਹਾਸ ਵਿੱਚ ਵਿਗਾੜ ਪੈਦਾ ਹੋ ਜਾਵੇਗਾ?

ਹੁਣ ਜਿਨ੍ਹਾਂ ਨੀਮ ਹਕੀਮਾਂ ਦੇ ਨਾਮ ਇਸ ਲੇਖ ਵਿੱਚ ਲਿਖੇ ਹਨ ਉਨ੍ਹਾਂ ਤਾਂ ਕੁਝ ਸਮਝਣਾ ਨਹੀਂ ਪਰ ਸਮੁੱਚੀ ਸਿੱਖ ਕੌਮ ਦਾ ਇਹ ਫ਼ਰਜ ਜ਼ਰੂਰ ਬਣਦਾ ਹੈ ਕਿ ਕਰਨਲ ਨਿਸ਼ਾਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਕੈਲੰਡਰ ਜਾਰੀ ਕਰਨ ਵਾਲਿਆਂ ਨੂੰ ਇਹ ਸਵਾਲ ਪੁੱਛਣ ਕਿ ਕਰਨਲ ਨਿਸ਼ਾਨ ਵੱਲੋਂ ‘ਗੁਰ ਪੁਰਬ ਦਰਪਣ’ ਵਿੱਚ ਦਿੱਤੀਆਂ ਤਰੀਖਾਂ ਗ਼ਲਤ ਹਨ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਕੈਲੰਡਰ ਵਿੱਚ ਕਿਉਂਕਿ ਵੱਖ ਵੱਖ ਹੋਣ ਕਰ ਕੇ ਦੋਵਾਂ ਦੀਆਂ ਤਰੀਖਾਂ ਤਾਂ ਠੀਕ ਹੋ ਨਹੀਂ ਸਕਦੀਆਂ, ਇਨ੍ਹਾਂ ਦੋਵਾਂ ਵਿੱਚੋਂ ਕਿਸੇ ਇੱਕ ਦੀਆਂ ਤਰੀਖਾਂ ਤਾਂ ਗ਼ਲਤ ਜ਼ਰੂਰ ਹੋਣਗੀਆਂ ਹੀ।  ਹੁਣ ਅੰਤਰ ਰਾਸ਼ਟਰੀ ਵਿਦਵਾਨਾਂ ਕੋਲ ਜਾਣ ਦੀ ਵੀ ਲੋੜ ਨਹੀਂ ਰਹੇਗੀ ਕਿਉਂਕਿ ਫ਼ੈਸਲਾ ਸ਼੍ਰੋਮਣੀ ਕਮੇਟੀ/ਜਥੇਦਾਰ ਅਤੇ ਉਨ੍ਹਾਂ ਦੇ ਮੁੱਖ ਸਲਾਹਕਾਰ ਕਰਨਲ ਸੁਰਜੀਤ ਹੀ ਕਰ ਸਕਦੇ ਹਨ ਕਿ ਉਨ੍ਹਾਂ ਦੋਵਾਂ ਵਿੱਚੋਂ ਸਹੀ ਕੌਣ ਹੈ। ਇਹ ਸਵਾਲ ਵੀ ਪੁੱਛਣ ਕਿ ਜੇ ਕਰਨਲ ਨਿਸ਼ਾਨ ਦੀਆਂ ਤਰੀਖਾਂ ਗ਼ਲਤ ਹਨ ਤਾਂ ਉਹ ਅਜਿਹੇ ਨੀਮ ਹਕੀਮਾਂ ਦੀਆਂ ਸਲਾਹਾਂ ਮੰਨ ਕੇ ਸਮੁੱਚੀ ਸਿੱਖ ਕੌਮ ਨੂੰ ਗੁਰ ਪੁਰਬਾਂ ਸਬੰਧੀ ਹਮੇਸ਼ਾਂ ਹੀ ਦੁਬਿਧਾ ਵਿੱਚ ਕਿਉਂ ਫਸਾਈ ਰੱਖਣਾ ਚਾਹੁੰਦੇ ਹਨ ? ਅਤੇ ਜੇ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਤਰੀਖਾਂ ਗ਼ਲਤ ਹਨ ਤਾਂ ਕਰਨਲ ਨਿਸ਼ਾਨ ਅਤੇ ਡਾ: ਅਨੁਰਾਗ ਸਿੰਘ ਵਰਗੇ ਵਿਦਵਾਨ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਦੀ ਉਸ ਢੰਗ ਨਾਲ ਵਿਰੋਧਤਾ ਕਿਉਂ ਨਹੀਂ ਕਰਦੇ ਜਿਸ ਢੰਗ ਨਾਲ 2003 ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰਦੇ ਆ ਰਹੇ ਹਨ ?

ਸੰਪਾਦਕੀ ਟਿੱਪਣੀ: ਇਸ ਲੇਖ ਵਿੱਚ ਜਿਹੜੇ ਵਿਦਵਾਨਾਂ ਦੇ  ਨਾਮ ਲਿਖ ਕੇ ਟਿੱਪਣੀ ਕੀਤੀ ਹੈ ਅਤੇ ਸ਼੍ਰੋਮਣੀ ਕਮੇਟੀ/ਸਿੰਘ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਪੱਖ ਰੱਖਣ ਲਈ ਲੇਖ ਭੇਜਣ ਤਾਂ ਜੋ ਉਸਾਰੂ ਵਿਚਾਰ ਚਰਚਾ ਰਾਹੀਂ ਵਿਵਾਦ ਹੱਲ ਕਰਨ ਦੀ ਉਮੀਦ ਵਿੱਚ ਉਸ ਨੂੰ ਵੀ ਇਸ ਪ੍ਰਕਾਸ਼ਨਾ ਵਿੱਚ ਯੋਗ ਥਾਂ ਦਿੱਤੀ ਜਾ ਸਕੇ ਬਸ਼ਰਤੇ ਕਿ ਉਹ ਆਪਣੇ ਜਵਾਬੀ ਲੇਖ ਵਿੱਚ ਇਸ ਸਵਾਲ ਦਾ ਜਵਾਬ ਜ਼ਰੂਰ ਦੇਣ ਕਿ ਕਰਨਲ ਨਿਸ਼ਾਨ ਦੇ “ਗੁਰਪੁਰਬ ਦਰਪਣ” ਅਤੇ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿਚਲੀਆਂ ਤਰੀਕਾਂ ਵਿੱਚੋ ਕਿਹੜੀਆਂ ਗ਼ਲਤ ਹਨ ਤੇ ਉਨ੍ਹਾਂ ਗਲਤੀਆਂ ਦਾ ਕੀ ਕਾਰਨ ਹੈ ?

Related Articles

4,987FansLike
0FollowersFollow
0SubscribersSubscribe

DONATION

- Advertisement -spot_img

Latest Articles