ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 14 ਜਾਂ 15 ਅਪ੍ਰੈਲ ਨੂੰ ?
ਸ: ਕਰਮ ਸਿੰਘ ਹਿਸਟੋਰੀਅਨ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਸਮਾਉਣ ਦੀ ਤਿੱਥ ਅੱਸੂ ਸੁਦੀ ੧੦ ਬਿਕ੍ਰਮੀ ਸੰਮਤ ੧੫੯੬ ਮੰਨ ਕੇ ਇਸ ਵਿੱਚੋਂ ਚੰਦਰਮਾਂ ਦੀਆਂ ਤਿੱਥਾਂ ਮੁਤਾਬਕ ਗੁਰੂ ਨਾਨਕ ਸਾਹਿਬ ਜੀ ਦੀ ਕੁਲ ਸਰੀਰਕ ਆਯੂ ੭੦ ਸਾਲ ੫ ਮਹੀਨੇ ੭ ਦਿਨ ਘਟਾਈ ਤਾਂ ਪ੍ਰਗਟ ਹੋਣ ਦੀ ਤਿੱਥ ਵੈਸਾਖ ਸੁਦੀ ੩ ਸੰਮਤ ੧੫੨੬ ਕੱਢ ਲਈ। ਪੁਰਾਤਨ ਜਨਮ ਸਾਖੀਆਂ ਵਿੱਚ ਜਨਮ ਵੈਸਾਖ ਸੁਦੀ ੩ ਸੰਮਤ ੧੫੨੬ ਹੀ ਲਿਖਿਆ ਹੋਣ ਕਰਕੇ ਇਸ ਤਿੱਥ ਨੂੰ ਸ਼ੁੱਧ ਮੰਨ ਕੇ ਦੂਸਰੀਆਂ ਪੱਧਤੀਆਂ ’ਚ ਤਬਦੀਲ ਕਰ ੨੦ ਵੈਸਾਖ ਸੰਮਤ ੧੫੨੬/ 15 ਅਪ੍ਰੈਲ ਸੰਨ 1469 ਲਿਖ ਦਿੱਤਾ, ਪਰ ਇਹ ਹੇਠ ਲਿਖੇ ਦੋ ਕਾਰਨਾ ਕਰਕੇ ਠੀਕ ਨਹੀਂ ਹੈ।
- ਕਰਤਾਰਪੁਰੀ ਬੀੜ ’ਚ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਤਿੱਥ ਅੱਸੂ ਵਦੀ ੧੦ ਸੰਮਤ ੧੫੯੬ ਲਿਖੀ ਹੈ। ਸ੍ਰੋਮਣੀ ਕਮੇਟੀ ਅਤੇ ਦਮਦਮੀ ਟਕਸਾਲ ਸਮੇਤ ਬਹੁ ਗਿਣਤੀ ਇਤਿਹਾਸਕਾਰਾਂ ਅਤੇ ਲੇਖਕਾਂ ਨੇ ਇਸੇ ਤਿੱਥ ਨੂੰ ਸਹੀ ਮੰਨਦੇ ਹੋਏ ਗੁਰੂ ਜੀ ਦੇ ਜੋਤੀ-ਜੋਤ ਪੁਰਬ ਲਈ ਆਪਣੇ ਕੈਲੰਡਰਾਂ ’ਚ ਤਾਰੀਖ਼ ਦਰਜ ਕਰਦੇ ਰਹੇ। ਵਦੀ ਅਤੇ ਸੁਦੀ ਪੱਖ ਦਾ ਆਪਸ ’ਚ 14 ਤੋਂ 16 ਦਿਨਾਂ ਦਾ ਫ਼ਰਕ ਹੁੰਦਾ ਹੈ ਅਤੇ ਉੱਤਰੀ ਭਾਰਤ ’ਚ ਲਾਗੂ ਨਿਯਮਾਂ ਅਨੁਸਾਰ ਵਦੀ ਪੱਖ ਪਹਿਲਾਂ ਆਉਂਦਾ ਹੈ ਅਤੇ ਦੱਖਣੀ ਭਾਰਤ ’ਚ ਸੁਦੀ ਪੱਖ ਪਹਿਲਾਂ ਆਉਂਦਾ ਹੈ। ਇਹ ਇੱਕ ਵੱਡਾ ਝਮੇਲਾ ਹੈ ਜਿਹੜਾ ਆਮ ਪਾਠਕਾਂ ਦੀ ਸਮਝ ਤੋਂ ਬਾਹਰ ਹੈ। ਇੱਥੋਂ ਤੱਕ ਕਿ ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਰਚਿਤ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ, ਸੰਪਾਦਨਾ ਭਾਈ ਗੁਰ ਪ੍ਰਤਾਪ ਸਿੰਘ ਨਿੱਕੇ ਘੁੰਮਣ, ਪ੍ਰਕਾਸ਼ਕ ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ, ਚੌਥੀ ਛਾਪ ਜੁਲਾਈ 2013 ’ਚ ਇੰਝ ਲਿਖਿਆ ਹੈ: “ਸੰਮਤ ੧੫੯੬ ਅੱਸੂ ਸੁਦੀ ਦਸਵੀਂ ਨੂੰ ਗੁਰੂ ਨਾਨਕ ਜੀ ਜੋਤ-ਜੋਤ ਸਮਾਣੇ ਅਰ ਫਿਰ ਪੰਦ੍ਰਾਂ ਦਿਨ ਪਿਛੇ ਸ੍ਰੀ ਚੰਦ ਅਤੇ ਲਖਮੀ ਦਾਸ ਦੀ ਮਾਤਾ ਤ੍ਰਿਪਤਾ ਜੀ ਅੱਸੂ ਵਦੀ ਇਕਾਦਸੀ ਨੂੰ ਸਮਾਣੀ”। ਸਾਰੇ ਪੰਜਾਬ ਦੀਆਂ ਜੰਤਰੀਆਂ ਫਰੋਲ ਕੇ ਵੇਖ ਲਈਏ ਵਦੀ ਪੱਖ ਪਹਿਲਾਂ ਆਉਂਦਾ ਹੈ ਅਤੇ ਸੁਦੀ ਪੱਖ ਪਿੱਛੋਂ, ਪਰ ਇਸ ਜਨਮ ਸਾਖੀ ’ਚ ਉਲਟਾ ਲਿਖਿਆ ਪਿਆ ਹੈ। ਅੱਜ ਕੱਲ੍ਹ ਸ: ਪਾਲ ਸਿੰਘ ਪੁਰੇਵਾਲ ਵੱਲੋਂ ਰਚਿਤ 500 ਸਾਲਾ ਅਤੇ 632 ਸਾਲਾ ਜੰਤਰੀਆਂ ਤੋਂ ਇਲਾਵਾ ਕੰਪਿਊਟਰ ਯੁੱਗ ’ਚ ਜਦੋਂ ਬਹੁਤ ਸਾਰੇ ਔਨ ਲਾਈਨ ਸਾਧਨ ਉਪਲਬਧ ਹੋਣ ਦੇ ਬਾਵਜੂਦ ਡਾ: ਸੁਖਦਿਆਲ ਸਿੰਘ ਸਾਬਕਾ ਮੁਖੀ ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਤਾਰੀਖ਼ਾਂ ਦੀ ਤਬਦੀਲੀ ਕਰਦੇ ਸਮੇਂ ਅਜਿਹੀਆਂ ਅਨੇਕਾਂ ਗਲਤੀਆਂ ਹੋਈਆਂ ਹਨ ਤਾਂ ਅੱਜ ਤੋਂ ਸੌ ਸਾਲ ਪਹਿਲਾਂ ਸ: ਕਰਮ ਸਿੰਘ ਹਿਸਟੋਰੀਅਨ ਵੱਲੋਂ ਵਦੀ ਸੁਦੀ ਦੀ ਭੀ ਸੁਭਾਵਕ ਗਲਤੀ ਹੋਈ; ਭਾਵੇਂ ਕਿ ਉਸ ਦੇ ਬੇਸ਼ਕੀਮਤੀ ਖੋਜ ਕਾਰਜਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ ਪਰ ਸੁਭਾਵਕ ਹੋਈ ਗਲਤੀ ’ਚ ਦਰੁਸਤੀ ਕਰਨ ਵਿੱਚ ਕੋਈ ਹਰਜ਼ ਨਹੀਂ ਹੈ।
- ਸ: ਕਰਮ ਸਿੰਘ ਹਿਸਟੋਰੀਅਨ ਨੇ ਗੁਰੂ ਜੀ ਦੀ ਜਨਮ ਮਿਤੀ ਕੱਢਣ ਲਈ ਜੋਤੀ ਜੋਤ ਸਮਾਉਣ ਦੀ ਤਿੱਥ ’ਚੋਂ ਉਮਰ ਘਟਾਉਣ ਲਈ ਚੰਦਰ ਸਾਲ ਦੀ ਵਰਤੋਂ ਕੀਤੀ ਜਿਸ ਨਾਲ ਆਮ ਤੌਰ ’ਤੇ ਗਲਤ ਨਤੀਜੇ ’ਤੇ ਪਹੁੰਚਿਆ ਜਾਂਦਾ ਹੈ ਕਿਉਂਕਿ ਇਸ ਤੱਥ ਤੋਂ ਅਸੀਂ ਸਾਰੇ ਭਲੀ ਭਾਂਤ ਜਾਣੂ ਹਾਂ ਕਿ ਕਦੀ ਇਕੋ ਦਿਨ ’ਚ ਦੋ ਤਿੱਥਾਂ ਅਤੇ ਕਦੀ ਇੱਕੋ ਤਿੱਥ ਲਗਾਤਾਰ ਦੋ ਦਿਨ ਰਹਿੰਦੀ ਹੈ। ਕਦੀ ਸਾਲ ’ਚ 12 ਦੀ ਬਜਾਏ 13 ਮਹੀਨੇ ਹੋ ਜਾਂਦੇ ਹਨ। ਇਸ ਲਈ ਉਮਰ ਦੀ ਗਣਿਤ ਲਈ ਹਮੇਸ਼ਾਂ ਸੂਰਜੀ ਸਾਲ ਦੀ ਵਰਤੋਂ ਕੀਤੀ ਜਾਂਦੀ ਹੈ, ਨਾ ਕਿ ਚੰਦਰ ਸਾਲ ਦੀ।
ਜੇ ੳਕਤ ਦੋਵੇਂ ਨੁਕਸ ਦੂਰ ਕਰਕੇ ਦੁਬਾਰਾ ਗਣਿਤ ਕੀਤੀ ਜਾਵੇ ਤਾਂ ਅਸੀਂ ਹੇਠ ਲਿਖੇ ਨਿਰਣੈ ’ਤੇ ਪਹੁੰਚਾਂਗੇ
ਅੱਸੂ ਵਦੀ ੧੦ ਸੰਮਤ ੧੫੯੬ = ੮ ਅੱਸੂ ਸੰਮਤ ੧੫੯੬, ਇਸ ਵਿੱਚੋਂ ੭੦ ਸਾਲ ੫ ਮਹੀਨੇ ੭ ਦਿਨ ਉਮਰ ਘਟਾਉਣ ’ਤੇ = ੧ ਵੈਸਾਖ ਸੰਮਤ ੧੫੨੬ ਬਣਦਾ ਹੈ (ਕਿਉਂਕਿ ਬਿਕ੍ਰਮੀ ਸੰਮਤ ਦਾ ਵੈਸਾਖ ਪਹਿਲਾ ਮਹੀਨਾ ਅਤੇ ਅੱਸੂ 6ਵਾਂ ਮਹੀਨਾ ਹੁੰਦਾ ਹੈ।)
ਸੋ ੧ ਵੈਸਾਖ ਸੰਮਤ ੧੫੨੬ ਦੀ ਤਾਰੀਖ਼ ਬਿਲਕੁਲ ਸਹੀ ਹੈ ਕਿਉਂਕਿ ਪੰਚ ਖੰਡ ਖ਼ਾਲਸਾ ਦੀਵਾਨ ਭਸੌੜ ਵੱਲੋਂ 1919 ਦੇ ਨੇੜੇ ਤੇੜੇ ਪ੍ਰਕਾਸ਼ਤ ਪੁਸਤਕ “ਖ਼ਾਲਸਾ ਰਹਿਤ” ਵਿੱਚ ਤੱਥਾਂ ਸਹਿਤ ਗੁਰੂ ਜੀ ਦੇ ਪ੍ਰਕਾਸ਼ ਧਾਰਨ ਦੀ ਤਾਰੀਖ਼ ੧ ਵੈਸਾਖ ਸੰਮਤ ੧੫੨੬ ਮੁਤਾਬਕ 27 ਮਾਰਚ ਸੰਨ 1469 ਨੁੰ ਹੀ ਪ੍ਰਵਾਨਿਤ ਮੰਨਿਆ ਹੈ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਹੁਣ ਤੱਕ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਹਰ ਸਾਲ ੧ ਵੈਸਾਖ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਸੀ ਪਰ ਹੁਣ ਨਵੀਨ ਜਨਮ ਸਾਖੀਆਂ ਮੁਤਾਬਕ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਣਾ ਸ਼ੁਰੂ ਕਰ ਦਿਤਾ ਗਿਆ।
ਖ਼ਾਲਸਾ ਰਹਿਤ ਪੁਸਤਕ ਦੀ ਉਕਤ ਲਿਖਤ ਅਤੇ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ੨੭ਵੀਂ ਪਉੜੀ :
“ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ; ਤਾਰੇ ਛਪੇ, ਅੰਧੇਰੁ ਪਲੋਆ।
ਸਿੰਘ ਬੁਕੇ; ਮਿਰਗਾਵਲੀ ਭੰਨੀ ਜਾਇ, ਨ ਧੀਰਿ ਧਰੋਆ।
ਜਿਥੇ ਬਾਬਾ ਪੈਰ ਧਰੇ; ਪੂਜਾ ਆਸਣੁ ਥਾਪਣਿ ਸੋਆ।
ਸਿਧ ਆਸਣਿ ਸਭਿ ਜਗਤ ਦੇ; ਨਾਨਕ ਆਦਿ ਮਤੇ ਜੇ ਕੋਆ।
ਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ, ਸਦਾ ਵਿਸੋਆ।
ਬਾਬੇ ਤਾਰੇ ਚਾਰਿ ਚਕਿ; ਨਉਖੰਡਿ ਪ੍ਰਿਥਮੀ ਸਚਾ ਢੋਆ।
ਗੁਰਮਖਿ, ਕਲਿ ਵਿਚ ਪਰਗਟੁ ਹੋਆ ॥੨੭॥”
ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ਼ ੧ ਵੈਸਾਖ ’ਤੇ ਮੋਹਰ ਲਾਉਂਦੀਆਂ ਹਨ। ਜੇ ਸ: ਪਾਲ ਸਿੰਘ ਪੁਰੇਵਾਲ ਦੀ 500 ਸਾਲਾ ਜੰਤਰੀ ਵੇਖੀਏ ਤਾਂ ਉਸ ਵਿੱਚ ਵੀ ੧ ਵੈਸਾਖ ਸੰਮਤ ੧੫੨੬ ਦੇ ਸਾਹਮਣੇ ਚੇਤ ਸੁਦੀ ਪੂਰਨਮਾਸ਼ੀ ਅਤੇ 27 ਮਾਰਚ ਹੀ ਲਿਖਿਆ ਹੈ ਅਤੇ ਉਨ੍ਹਾਂ ਵੱਲੋਂ ਲਿਖੇ ਇੱਕ ਲੇਖ ਵਿੱਚ ਉਨ੍ਹਾਂ ਨੇ ਵੀ ਇਸੇ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ਼ ੧ ਵੈਸਾਖ ਸੰਮਤ ੧੫੨੬ ਹੀ ਕੱਢੀ ਹੈ। ਨਾਨਕਸ਼ਾਹੀ ਕੈਲੰਡਰ ਸੰਮਤ ੫੩੦-੩੧ (1998-2000) ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ੧ ਵੈਸਾਖ/ 14 ਅਪ੍ਰੈਲ ਦਰਜ ਹੈ ਅਤੇ 2003 ’ਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ’ਚ ੧ ਵੈਸਾਖ ਹਮੇਸ਼ਾਂ ਲਈ 14 ਅਪ੍ਰੈਲ ਹੀ ਆਵੇਗਾ।
ਸੋ ਵੇਖਣ ਨੂੰ ਭਾਵੇਂ 14 ਅਤੇ 15 ਅਪ੍ਰੈਲ ’ਚ ਇੱਕ ਦਿਨ ਦਾ ਹੀ ਫਰਕ ਲੱਗਦਾ ਹੈ ਪਰ ਅਸਲ ਵਿੱਚ 19 ਦਿਨਾਂ ਦਾ ਫਰਕ ਹੈ ਭਾਵੇਂ ਇਸ ਨੂੰ ਪ੍ਰਵਿਸ਼ਟਿਆਂ ਦੇ ਹਿਸਾਬ ਵੇਖ ਲਿਆ ਜਾਵੇ ਤਾਂ ਵੀ ੧ ਵੈਸਾਖ ਤੋਂ ੨੦ ਵੈਸਾਖ ’ਚ 19 ਦਿਨਾਂ ਦਾ ਫਰਕ ਹੈ ਭਾਵੇਂ ਅੰਗਰੇਜੀ ਤਾਰੀਖ਼ਾਂ ਦੇ ਹਿਸਾਬ ਨਾਲ 27 ਮਾਰਚ ਤੋਂ 15 ਅਪ੍ਰੈਲ ਤੱਕ ਵੇਖ ਲਵੋ ਤਾਂ ਵੀ 19 ਦਿਨਾਂ ਦਾ ਫਰਕ ਹੈ ਕਿਉਂਕਿ 1998 ਅਤੇ 2003 ’ਚ ਕੈਲੰਡਰ ਕਮੇਟੀ ਨੇ ਸਾਰੇ ਗੁਰ ਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਲਈ ਪ੍ਰਵਿਸ਼ਟਿਆਂ ਨੂੰ ਪ੍ਰਵਾਨਗੀ ਦਿੱਤੀ ਹੈ ਇਸ ਲਈ ਗੁਰ ਪੁਰਬ ੧ ਵੈਸਾਖ / 14 ਅਪ੍ਰੈਲ ਨੂੰ ਮਨਾਉਣਾ ਹੀ ਯੋਗ ਹੈ, 15 ਅਪ੍ਰੈਲ ੨ ਵੈਸਾਖ ਨੂੰ ਨਹੀਂ। ਜੇ 15 ਅਪ੍ਰੈਲ ਨੂੰ ਸਹੀ ਮੰਨਣਾ ਹੈ ਤਾਂ ਕੈਲੰਡਰ ਕਮੇਟੀ ਵੱਲੋਂ ਅਪਨਾਏ ਨਿਯਮ ਅਨੁਸਾਰ ਗੁਰਪੁਰਬ ੨੦ ਵੈਸਾਖ/ 3 ਮਈ ਨਿਸ਼ਚਿਤ ਕਰਨਾ ਪਵੇਗਾ; ਪਰ ਉੱਪਰ ਵੇਖ ਆਏ ਹਾਂ ਕਿ ਇਹ ਗਣਿਤ ਠੀਕ ਨਹੀਂ ਅਤੇ ੧ ਵੈਸਾਖ ਹਰ ਪਰਖ ਅਤੇ ਖੋਜ ’ਤੇ ਖਰੀ ਉੱਤਰਦੀ ਹੈ, ਜਿਸ ਨਾਲ ਗੁਰੂ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਸਰਬ ਪ੍ਰਵਾਨਿਤ ਤਾਰੀਖ਼ ਅੱਸੂ ਵਦੀ ੧੦/ ੮ ਅੱਸੂ ਸੰਮਤ ੧੫੨੬ ਅਤੇ ਕੁਲ ਸਰੀਰਕ ਆਯੂ 70 ਸਾਲ 5 ਮਹੀਨੇ 7 ਦਿਨ ਵੀ ਪੂਰੀ ਹੁੰਦੀ ਹੈ ਅਤੇ ਸੌ ਸਾਲ ਪੁਰਾਤਨ ਲਿਖੀ ਪੁਸਤਕ “ਖ਼ਾਲਸਾ ਰਹਿਤ” ਦੀ ਲਿਖਤ ਨਾਲ ਵੀ ਮੇਲ ਖਾਂਦੀ ਹੈ।