ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅੱਗੜ-ਪਿੱਛੜ ਆਉਣ ਦੇ ਖ਼ਾਸ ਕਾਰਨ
ਕਿਰਪਾਲ ਸਿੰਘ ਬਠਿੰਡਾ 88378-13661
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਦੀ ਮੁੱਖ ਸਮੱਸਿਆ ਇਹ ਹੈ ਕਿ ਇਸ ’ਚ ਗੁਰ ਪੁਰਬ ਅਤੇ ਇਤਿਹਾਸਕ ਦਿਹਾੜੇ ਇੱਕ ਕੈਲੰਡਰ ਦੀ ਬਜਾਇ ਤਿੰਨ ਕੈਲੰਡਰਾਂ ਦੇ ਆਧਾਰ ’ਤੇ ਨਿਸ਼ਚਿਤ ਕੀਤੇ ਜਾਂਦੇ ਹਨ; ਜਿਵੇਂ ਕਿ ਗੁਰ ਪੁਰਬ ਬਿਕ੍ਰਮੀ ਚੰਦਰ ਦੀਆਂ ਤਿੱਥਾਂ ਅਨੁਸਾਰ; ਖ਼ਾਲਸਾ ਸਾਜਣਾ ਦਿਵਸ (ਵੈਸਾਖੀ) ਅਤੇ ਕੁਝ ਪੁਰਾਤਨ ਇਤਿਹਾਸਕ ਦਿਹਾੜੇ; ਜਿਵੇਂ ਕਿ ਸਾਹਬਿਜ਼ਾਦਿਆਂ ਅਤੇ ਹੋਰ ਸ਼ਹੀਦ ਸਿੰਘਾਂ ਦੇ ਜਨਮ ਦਿਨ ਤੇ ਸ਼ਹੀਦੀ ਦਿਨ, ਬਿਕ੍ਰਮੀ ਕੈਲੰਡਰ ਦੀਆਂ ਸੰਗਰਾਂਦਾਂ ਦੇ ਹਿਸਾਬ ਸੂਰਜੀ ਤਾਰੀਖ਼ਾਂ (ਪ੍ਰਵਿਸ਼ਟੇ) ਅਤੇ ਕੁਝ ਇਤਿਹਾਸਕ ਦਿਹਾੜੇ ਜਿਵੇਂ ਕਿ ਸਰਹਿੰਦ ਫ਼ਤਹਿ ਦਿਵਸ, ਸਾਕਾ ਨਨਕਾਣਾ ਸਾਹਿਬ ਅਤੇ ਤੀਜਾ ਘੱਲੂਘਾਰਾ (ਅਕਾਲ ਤਖ਼ਤ ’ਤੇ ਭਾਰਤੀ ਫੌਜਾਂ ਵੱਲੋਂ ਹਮਲਾ) ਆਦਿਕ ਸਾਂਝੇ ਸਾਲ (ਜਨਵਰੀ, ਫ਼ਰਵਰੀ) ਦੀਆਂ ਤਾਰੀਖ਼ਾਂ ਮੁਤਾਬਕ ਨਿਸ਼ਚਿਤ ਕੀਤੇ ਜਾਂਦੇ ਹਨ। ਇੱਕ ਦੀ ਬਜਾਇ ਤਿੰਨ ਕੈਲੰਡਰਾਂ ਦੀਆਂ ਤਰੀਖ਼ਾਂ ਦੀ ਚੋਣ ਕਰਨ ਨਾਲ ਕਈ ਵਾਰ ਅਜੀਬ ਸਥਿਤੀ ਬਣ ਜਾਂਦੀ ਹੈ, ਜਿਸ ਸੰਬੰਧੀ ਸ੍ਰੋਮਣੀ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਵਾਲ ਪੁੱਛੇ ਜਾਂਦੇ ਹਨ ਪਰ ਉਨ੍ਹਾਂ ਪਾਸ ਕੋਈ ਵੀ ਜਵਾਬ ਨਹੀਂ ਹੁੰਦਾ। ਮਿਸਾਲ ਦੇ ਤੌਰ ’ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 23 ਪੋਹ/ ਪੋਹ ਸੁਦੀ 7 ਬਿਕ੍ਰਮੀ ਸੰਮਤ 1723 (ਸੂਰਜੀ ਸਿਧਾਂਤ)/ 22 ਦਸੰਬਰ 1666 ਸੀਈ (ਜੂਲੀਅਨ) ਨੂੰ ਹੋਇਆ ਸੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 8 ਪੋਹ/ ਪੋਹ ਵਦੀ 7, ਬਿਕ੍ਰਮੀ ਸੰਮਤ 1761 (ਸੂਰਜੀ ਸਿਧਾਂਤ)/ 7 ਦਸੰਬਰ 1704 ਸੀਈ (ਜੂਲੀਅਨ) ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ 13 ਪੋਹ/ ਪੋਹ ਵਦੀ 12, ਬਿਕ੍ਰਮੀ ਸੰਮਤ 1761 (ਸੂਰਜੀ ਸਿਧਾਂਤ)/ 12 ਦਸੰਬਰ 1704 ਸੀਈ (ਜੂਲੀਅਨ) ਨੂੰ ਹੋਈ ਸੀ। ਤਿੰਨੇ ਪੱਧਤੀਆਂ ਵਾਲੇ ਕੈਲੰਡਰਾਂ ਦੀਆਂ ਤਾਰੀਖ਼ਾਂ ਹਰ ਸਾਲ ਇੱਕੋ ਦਿਨ ਆਉਣ, ਇਹ ਤਾਂ ਕਦੀ ਸੰਭਵ ਹੀ ਨਹੀਂ, ਇਸ ਲਈ ਇਨ੍ਹਾਂ ਦਿਹਾੜਿਆਂ ਦੀਆਂ ਤਾਰੀਖ਼ਾਂ ਨਿਸ਼ਚਿਤ ਕਰਨ ਲਈ ਤਿੰਨਾ ’ਚੋਂ ਕਿਸੇ ਇੱਕ ਕੈਲੰਡਰ ਦੀ ਚੋਣ ਕਰਨੀ ਪਵੇਗੀ। ਜੂਲੀਅਨ ਕੈਲੰਡਰ ਤਾਂ ਗੁਰੂ ਕਾਲ ’ਚ ਲਾਗੂ ਨਹੀਂ ਸੀ, ਇਸ ਕਾਰਨ ਕਿਸੇ ਮੁੱਢਲੀ ਲਿਖਤ ’ਚ ਦਰਜ ਨਾ ਹੋਣ ਕਰਕੇ, ਇਨ੍ਹਾਂ ਤਾਰੀਖ਼ਾਂ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਜੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਪ੍ਰਵਿਸ਼ਟਿਆਂ ਮੁਤਾਬਕ 8 ਪੋਹ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ 13 ਪੋਹ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 23 ਪੋਹ ਨਿਸ਼ਚਿਤ ਕਰ ਲਈ ਜਾਵੇ ਤਾਂ ਕਦੀ ਵੀ ਕੋਈ ਸਮੱਸਿਆ ਨਹੀਂ ਆਉਣੀ; ਹਰ ਸਾਲ ਤਿੰਨੇ ਦਿਹਾੜੇ ਇੱਕ ਦੂਜੇ ਤੋਂ ਕ੍ਰਮਵਾਰ 5 ਅਤੇ 10 ਦਿਨਾਂ ਦੇ ਫ਼ਰਕ ਨਾਲ ਆਉਣਗੇ ਅਤੇ ਕੋਈ ਵੀ ਦਿਹਾੜਾ ਨਾ ਕਿਸੇ ਸਾਲ ’ਚ ਦੋ ਵਾਰ ਆਏਗਾ ਅਤੇ ਨਾ ਹੀ ਕੋਈ ਐਸਾ ਸਾਲ ਹੋਵੇਗਾ, ਜਿਸ ਵਿੱਚ ਇਹ ਦਿਹਾੜਾ ਨਾ ਆਵੇ।
ਬਿਕ੍ਰਮੀ ਕੈਲੰਡਰ ਦਾ ਚੰਦਰ ਸਾਲ; ਸੂਰਜੀ ਸਾਲ ਨਾਲੋਂ ਲਗਭਗ 11 ਦਿਨ ਛੋਟਾ ਹੈ, ਇਸ ਲਈ ਜੇ ਚੰਦਰਮਾਂ ਦੀਆਂ ਤਿੱਥਾਂ ਅਪਣਾਈਆਂ ਜਾਣ ਤਾਂ ਇਕ ਦੂਸਰੇ ਦਿਹਾੜੇ ਵਿਚਕਾਰ ਦੂਰੀ ਸਥਿਰ ਨਹੀਂ ਰਹੇਗਾ ਕਿਉਂਕਿ ਚੰਦਰ ਤਿੱਥਾਂ ਦੀ ਗਣਨਾ ’ਚ ਐਸਾ ਵੀ ਹੋ ਸਕਦਾ ਹੈ ਕਿ ਦੋ ਤਿੱਥਾਂ ਇਕੱਠੀਆਂ ਇੱਕੋ ਦਿਨ ਆ ਜਾਣ ਜਾਂ ਇੱਕੋ ਤਿੱਥ ਲਗਾਤਾਰ ਦੋ ਦਿਨ ਹੋਵੇ, ਜਿਸ ਕਾਰਨ ਫ਼ਰਕ ਵਧਦਾ ਘਟਦਾ ਰਹੇਗਾ। ਇਕੋ ਦਿਹਾੜਾ ਸਾਲ ’ਚ ਦੋ ਵਾਰ ਆਉਣ ਜਾਂ ਕਿਸੇ ਸਾਲ ਬਿਲਕੁਲ ਨਾ ਆਉਣ ਦੀ ਸਮੱਸਿਆ ਇਸ ਤੋਂ ਵੀ ਵਧ ਜਾਵੇਗੀ ਕਿਉਂਕਿ ਕੇਵਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੀ ਨਹੀਂ ਬਲਕਿ ਇਨ੍ਹਾਂ ਤਿੰਨਾ ਦਿਹਾੜਿਆਂ ਨਾਲ ਹੀ ਐਸਾ ਵਾਪਰ ਸਕਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਤਿੰਨੇ ਤਰ੍ਹਾਂ ਦੇ ਕੈਲੰਡਰਾਂ ਦੇ ਸਾਲਾਂ ਦੀ ਲੰਬਾਈ ਇੱਕ ਦੂਜੇ ਤੋਂ ਭਿੰਨ ਹੈ – ਟਰੋਪੀਕਲ ਸਾਲ (ਇੱਕ ਇਕੂਨੌਕਸ/Equinox ਜਾਂ ਸੋਲਸਟਿਸ/Solstice ਤੋਂ ਚੱਲ ਕੇ ਧਰਤੀ ਦਾ ਸੂਰਜ ਦੁਆਲੇ ਪੂਰਾ ਚੱਕਰ ਕੱਟ ਕੇ ਮੁੜ ਉਸੇ ਇਕੂਨੌਕਸ ਜਾਂ ਸੋਲਸਟਿਸ ਤੱਕ ਪਹੁੰਚਣ ਦਾ ਸਮਾਂ = ਰੁੱਤੀ ਸਾਲ) ਦੀ ਲੰਬਾਈ ਲਗਭਗ 365 ਦਿਨ 5 ਘੰਟੇ 48 ਮਿੰਟ 45.2 ਸੈਕੰਡ (365.242196 ਦਿਨ) ਹੈ। ਸਾਂਝੇ (ਈਸਵੀ) ਸਾਲ ਦੀ ਲੰਬਾਈ 365 ਦਿਨ 5 ਘੰਟੇ 49 ਮਿੰਟ 12 ਸੈਕੰਡ (365.2425 ਦਿਨ ਭਾਵ 26-27 ਸੈਕੰਡ ਦੇ ਫ਼ਰਕ ਨਾਲ ਰੁੱਤੀ ਸਾਲ ਦੇ ਬਹੁਤ ਹੀ ਨੇੜੇ) ਹੈ। ਸੰਨ 1964 ’ਚ ਹੋਈ ਸੋਧ ਪਿੱਛੋਂ ਬਿਕ੍ਰਮੀ ਕੈਲੰਡਰ ਦੇ ਮੌਜੂਦਾ ਦ੍ਰਿਕ ਗਣਿਤ ਸਿਧਾਂਤ ਵਾਲੇ ਕੈਲੰਡਰ ਦੇ ਸੂਰਜੀ ਸਾਲ ਦੀ ਲੰਬਾਈ ਲਗਭਗ 365 ਦਿਨ 6 ਘੰਟੇ 9 ਮਿੰਟ 9.8 ਸੈਕੰਡ (365.256363 ਦਿਨ; ਭਾਵ ਰੁੱਤੀ ਸਾਲ ਤੋਂ ਲਗਭਗ ਸਾਢੇ 20 ਮਿੰਟ ਵੱਧ ਅਤੇ ਸਾਂਝੇ ਈਸਵੀ ਸਾਲ ਤੋਂ ਲਗਭਗ 20 ਮਿੰਟ ਵੱਧ) ਹੈ। ਬਿਕ੍ਰਮੀ ਕੈਲੰਡਰ ਦੇ ਚੰਦਰ ਮਹੀਨੇ ਦੀ ਲੰਬਾਈ ਲਗਭਗ 29 ਦਿਨ 12 ਘੰਟੇ 44 ਮਿੰਟ 2.8 ਸੈਕੰਡ (29.5305881 ਦਿਨ) ਹੈ ਅਤੇ ਬਿਕ੍ਰਮੀ ਚੰਦਰ ਸਾਲ ਦੀ ਲੰਬਾਈ ਤਕਰੀਬਨ 29.5305881×12 = 354.3670572 ਦਿਨ ਹੈ। ਇਸ ਗਣਿਤ ਮੁਤਾਬਕ ਚੰਦਰ ਸਾਲ ਸੂਰਜੀ ਸਾਲ ਨਾਲੋਂ ਲਗਭਗ 11 ਦਿਨ ਛੋਟਾ ਹੁੰਦਾ ਹੈ। ਚੰਦਰ ਤਿੱਥਾਂ ਨਾਲ ਨਿਸ਼ਚਿਤ ਕੀਤੇ ਗੁਰਪੁਰਬ ਇੱਕ ਸਾਲ ਲਗਭਗ 11 ਦਿਨ ਪਹਿਲਾਂ, ਦੂਜੇ ਸਾਲ 22 ਦਿਨ ਪਹਿਲਾਂ ਅਤੇ ਤੀਜੇ ਸਾਲ 33 ਦਿਨ ਪਹਿਲਾਂ ਆਉਣੇ ਚਾਹੀਦੇ ਸਨ, ਪਰ ਚੰਦਰ ਸਾਲ ਨੂੰ ਸੂਰਜੀ ਸਾਲ ਨਾਲ ਮਿਲਾਏ ਰੱਖਣ ਲਈ ਇੱਕ ਵਾਧੂ ਮਹੀਨਾ ਮਲਮਾਸ ਜੋੜ ਕੇ ਹਰ ਤੀਸਰੇ ਸਾਲ ਦੇ 13 ਮਹੀਨੇ (383-84 ਦਿਨ) ਹੋ ਜਾਂਦੇ ਹਨ; ਜਿਵੇਂ ਕਿ 2018 ’ਚ ਜੇਠ ਦੇ ਦੋ ਮਹੀਨੇ, 2020 ’ਚ ਅੱਸੂ ਦੇ ਦੋ ਮਹੀਨੇ ਸਨ; ਇਉਂ ਹੀ ਸੰਨ 2023 ’ਚ ਸਾਵਣ ਦੇ ਦੋ ਮਹੀਨੇ ਆਉਣਗੇ। 19 ਸਾਲਾਂ ’ਚ 7 ਸਾਲ ਮਲਮਾਸ ਆ ਜਾਂਦੇ ਹਨ। ਮਲਮਾਸ ਨੂੰ ਗੰਦਾ ਮਹੀਨਾ ਸਮਝ ਕੇ ਇਸ ਮਹੀਨੇ ’ਚ ਗੁਰ ਪੁਰਬ ਨਹੀਂ ਮਨਾਏ ਜਾਂਦੇ। ਮਲਮਾਸ ਪਿੱਛੋਂ ਆਉਣ ਵਾਲੇ ਸਾਰੇ ਗੁਰ ਪੁਰਬ ਇੱਕ ਮਹੀਨਾ ਲੇਟ ਹੋ ਜਾਂਦੇ ਹਨ। ਜਿਸ ਸਾਲ ਗੁਰ ਪੁਰਬ ਦਸੰਬਰ ਮਹੀਨੇ ’ਚ ਆ ਜਾਵੇ ਉਸ ਤੋਂ ਬਾਅਦ ਮਲਮਾਸ ਆ ਜਾਂਦਾ ਹੈ ਅਤੇ ਇੱਕ ਮਹੀਨਾ ਲੇਟ ਹੋਣ ਕਾਰਨ ਅਗਲੇ ਸਾਲ ਗੁਰ ਪੁਰਬ ਜਨਵਰੀ ਮਹੀਨੇ ’ਚ ਚਲਾ ਜਾਂਦਾ ਹੈ। ਜਿਸ ਸਾਲ ਗੁਰ ਪੁਰਬ 12 ਜਨਵਰੀ ਤੋਂ ਪਹਿਲਾਂ ਆ ਜਾਵੇ ਉਸ ਸਾਲ ਦੂਸਰੀ ਵਾਰ ਦਸੰਬਰ ਮਹੀਨੇ ’ਚ ਆ ਜਾਂਦਾ ਹੈ। ਜਿਸ ਸਾਲ ’ਚ ਦੋ ਵਾਰ ਗੁਰ ਪੁਰਬ ਆ ਜਾਵੇ ਉਸ ਤੋਂ ਅਗਲੇ ਸਾਲ ਗੁਰ ਪੁਰਬ ਆਉਂਦਾ ਹੀ ਨਹੀਂ ਆਦਿ।
ਸ੍ਰੋ: ਗੁ: ਪ੍ਰ: ਕਮੇਟੀ ਦੇ ਪਿਛਲੇ ਸਾਲਾਂ ਦੇ ਕੁਝ ਕੈਲੰਡਰ ਅਤੇ ਕੁਝ ਆਉਣ ਵਾਲੇ ਸਾਲਾਂ ਦੀ ਸੂਚੀ ’ਚੋਂ ਵੇਖਿਆ ਜਾ ਸਕਦਾ ਹੈ ਕਿ ਵੱਡੇ ਸਾਹਿਬਜ਼ਾਦਿਆਂ ਦਾ ਸਹੀਦੀ ਦਿਹਾੜਾ ਤਾਂ ਹਰ ਸਾਲ 8 ਪੋਹ ਨੂੰ ਹੁੰਦਾ ਹੈ, ਪਰ ਅੰਗਰੇਜ਼ੀ ਤਾਰੀਖ਼ ਕਦੇ 22 ਦਸੰਬਰ, ਕਦੇ 23 ਦਸੰਬਰ; ਇਉਂ ਹੀ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ 13 ਪੋਹ ਨੂੰ ਹੁੰਦਾ ਹੈ, ਪਰ ਅੰਗਰੇਜ਼ੀ ਤਾਰੀਖ਼ ਕਦੇ 27 ਦਸੰਬਰ, ਕਦੇ 28 ਦਸੰਬਰ ਹੋ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਤਿੱਥਾਂ ਮੁਤਾਬਕ ਕਦੇ ਪੋਹ, ਕਦੇ ਮਾਘ ’ਚ ਜਾਂ ਕਦੇ ਜਨਵਰੀ, ਕਦੇ ਦਸੰਬਰ ਮਹੀਨੇ ’ਚ, ਇਸੇ ਕਾਰਨ ਸੰਨ 2017 ਅਤੇ 2022 ’ਚ ਦੋ-ਦੋ ਵਾਰ ਆ ਗਿਆ ਅਤੇ ਸੰਨ 2018 ਤੇ 2023 ’ਚ ਨਹੀਂ ਹੈ, ਫਿਰ 2025 ’ਚ ਦੋ ਵਾਰ ਆਵੇਗਾ। ਸੰਨ 2017 ’ਚ ਪ੍ਰਕਾਸ਼ ਗੁਰ ਪੁਰਬ; ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੋਂ ਦੋ ਦਿਨ ਪਹਿਲਾਂ ਸੀ। ਸੰਨ 2022 ’ਚ ਇੱਕ ਦਿਨ ਪਿੱਛੋਂ ਆਇਆ, ਪਰ 2025 ’ਚ ਸ਼ਹੀਦੀ ਦਿਹਾੜਾ ਅਤੇ ਗੁਰ ਪੁਰਬ ਦੋਵੇਂ ਇਕੱਠੇ ਇੱਕੋ ਦਿਨ 13 ਪੋਹ/27 ਦਸੰਬਰ ਨੂੰ ਹੋਣਗੇ।
ਮਲਮਾਸ ਦਾ ਮਹੀਨਾ ਆ ਜਾਣ ਕਰਕੇ ਕੇਵਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਵੇਲੇ ਹੀ ਗੜਬੜ ਨਹੀਂ ਹੁੰਦੀ ਬਲਕਿ ਹਰ ਵੇਲੇ ਕੋਈ ਨਵੀਂ ਉਲਝਣ ਸਾਹਮਣੇ ਆ ਜਾਂਦੀ ਹੈ; ਜਿਵੇਂ ਕਿ ਸ੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਜਾਂਦੇ ਕੈਲੰਡਰ ’ਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਜੇਠ ਵਦੀ ੮ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਜੇਠ ਸੁਦੀ ੪ ਨੂੰ ਨਿਸ਼ਚਿਤ ਕਰਦੀ ਹੈ, ਇਸ ਮੁਤਾਬਕ ਆਮ ਸਾਲਾਂ ’ਚ ਦੋਵਾਂ ਗੁਰਪੁਰਬਾਂ ਵਿਚਕਾਰ 10-11 ਦਿਨਾਂ ਦਾ ਫ਼ਰਕ ਹੁੰਦਾ ਹੈ, ਪਰ 2018 ’ਚ ਜੇਠ ਮਹੀਨਾ ਮਲਮਾਸ ਹੋਣ ਕਾਰਨ ਜੇਠ ਦੇ ਦੋ ਮਹੀਨੇ ਬਣ ਗਏ। ਹਿੰਦੂ ਵਿਚਾਰਧਾਰਾ ਪਹਿਲੇ ਜੇਠ ਦੇ ਦੂਸਰੇ ਪੰਦਰਵਾੜੇ ਅਤੇ ਦੂਸਰੇ ਜੇਠ ਦੇ ਪਹਿਲੇ ਪੰਦਰਵਾੜੇ ਨੂੰ ਅਸ਼ੁਭ ਮੰਨਦੀ ਹੈ; ਇਸ ਲਈ ਵਿਚਕਾਰਲੇ ਮਹੀਨੇ ’ਚ ਕੋਈ ਧਾਰਮਿਕ ਕਾਰਜ ਨਹੀਂ ਕੀਤਾ ਜਾਂਦਾ। ਕਿਸੇ ਦਿਨ ਨੂੰ ਸ਼ੁਭ, ਕਿਸੇ ਨੂੰ ਅਸ਼ੁਭ ਮੰਨਣ ਦਾ ਭਰਮ ਰੱਖਣ ਵਾਲਿਆਂ ਦੇ ਕਾਰਨ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਨ ਅਸ਼ੁਭ ਜੇਠ ’ਚ ਆਉਣ ਕਾਰਨ ਇੱਕ ਮਹੀਨਾ ਲੇਟ ਜੇਠ ਸੁਦੀ 4 ਨੂੰ ਨਿਸ਼ਚਿਤ ਕੀਤਾ, ਜਿਸ ਕਾਰਨ ਦੋਵੇਂ ਗੁਰਪੁਰਬਾਂ ਵਿਚਕਾਰ ਫ਼ਰਕ 10-11 ਦਿਨ ਦੀ ਬਜਾਇ 40 ਦਿਨ ਦਾ ਪੈ ਗਿਆ। ਜਦ ਸ੍ਰੋਮਣੀ ਕਮੇਟੀ ਤੋਂ ਇਸ ਦਾ ਕਾਰਨ ਪੁੱਛਿਆ ਜਾਣ ਲੱਗਾ ਤਾਂ ਇਸ ਅੰਤਰ ਨੂੰ ਘਟਾਉਣ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਿਆਈ ਪੁਰਬ ਹੀ ਜੇਠ ਵਦੀ ੮ ਤੋਂ 30 ਦਿਨ ਅਗਾਂਹ ਕਰ ਅਗਲੀ ਜੇਠ ਵਦੀ ੮ ਨੂੰ ਮਨਾਉਣ ਦਾ ਫ਼ੈਸਲਾ ਸੁਣਾ ਦਿੱਤਾ; ਇਉਂ ਦੋਵੇਂ ਗੁਰ ਪੁਰਬਾਂ ’ਚ ਫ਼ਰਕ ਤਾਂ ਭਾਵੇਂ 10 ਦਿਨ ਰਹਿ ਗਿਆ, ਪਰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਨ ਜੇਠ ਸੁਦੀ ੪, ਜੋ ਅਸ਼ੁਭ ਮਹੀਨੇ ਸੀ, ਉਸ ਵਿੱਚੋਂ ਕੱਢਦੇ-ਕੱਢਦੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਿਆਈ ਪੁਰਬ ਇਸੇ ਅਸ਼ੁਭ ਜੇਠ ਮਹੀਨੇ ’ਚ ਕਰ ਲਿਆ ਭਾਵ ਅਸ਼ੁਭ ਜੇਠ ਮਹੀਨੇ ਤੋਂ ਨਾ ਬਚ ਸਕੇ।
ਇਹ ਗੋਰਖ ਧੰਦਾ; ਆਮ ਵਿਅਕਤੀ ਦੀ ਤਾਂ ਗੱਲ ਹੀ ਛੱਡੋ ਕਈ ਨਾਮਵਰ ਇਤਿਹਾਸਕਾਰਾਂ ਦੇ ਵੀ ਸਮਝ ’ਚ ਨਹੀਂ ਆਉਂਦਾ ਤਾਹੀਓਂ ਕੁਝ ਇਤਿਹਾਸਕਾਰਾਂ ਨੇ ਤਤਕਾਲੀ ਜੰਤਰੀਆਂ ਵੇਖ ਕੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 8 ਪੋਹ, ਸੰਮਤ 1761/22 ਦਸੰਬਰ 1704 ਪੁਸਤਕਾਂ ’ਚ ਲਿਖ ਲਈ, ਜੋ ਕਿ ਅਸਲ ’ਚ 7 ਦਸੰਬਰ ਹੋਣੀ ਸੀ। ਇਨ੍ਹਾਂ ਦੀਆਂ ਲਿਖਤਾਂ ਨੂੰ ਵੇਖ ਕੇ ਹੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ‘ਚਾਰ ਸਾਹਿਬਜ਼ਾਦੇ’ ਨਾਮ ਦਾ ਕਿਤਾਬਚਾ ਛਾਪਿਆ, ਜਿਸ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਤਾਰੀਖ਼ 8 ਪੋਹ ਸੰਮਤ 1761/22 ਦਸੰਬਰ 1704 ਹੈ। ਇਸੇ ਕਿਤਾਬਚੇ ’ਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ; ਮਾਘ ਸੁਦੀ 4 (23 ਮਾਘ) ਸੰਮਤ 1743 ਲਿਖਿਆ ਹੈ ਜਦਕਿ ਇਸ ਸਾਲ ਮਾਘ ਸੁਦੀ 4 ਨੂੰ 10 ਮਾਘ ਬਣਦਾ ਹੈ, ਨਾ ਕਿ 23 ਮਾਘ।
ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ॥ (ਮਹਲਾ ੧/੭੨੩) ਵਾਕ ਨੂੰ ਆਧਾਰ ਬਣਾ ਡਾਕਟਰ ਸੁਖਦਿਆਲ ਸਿੰਘ (ਸਾਬਕਾ ਮੁਖੀ ਇਤਿਹਾਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਆਪਣੀ ਪੁਸਤਕ ‘ਸ੍ਰੋਮਣੀ ਸਿੱਖ ਇਤਿਹਾਸ ਪਹਿਲਾ ਅਡੀਸ਼ਨ-2014’ ’ਚ ਬਿਨਾਂ ਕਿਸੇ ਗੁਰਬਾਣੀ ਦੇ ਭਵਿੱਖ ਸੂਚਕ ਸ਼ਬਦ (‘ਉਠਸੀ’ ਦਾ ਸਹੀ ਅਰਥ ‘ਕੋਈ ਹੋਰ ਤਾਕਤਵਰ ਰਾਜਾ ਭਾਰਤ ’ਚ ਉਠੇਗਾ’) ਨੂੰ ਲਿਖਤ ਨਿਯਮਾਂ ਨਾਲ਼ ਸਮਝਣ ਦੀ ਥਾਂ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਬਾਬਰ ਦੁਆਰਾ ਸੰਨ 1521 (ਸੰਮਤ ੧੫੭੮) ’ਚ ਕੀਤੇ ਸੈਦਪੁਰ/ਏਮਨਾਬਾਦ (ਪਾਕਿਸਤਾਨ) ’ਤੇ ਹਮਲੇ ਸਮੇਂ ਭਾਈ ਲਾਲੋ ਨੂੰ ਸੰਬੋਧਨ ਹੁੰਦਿਆਂ ਇਹ ਬੋਲ ਗੁਰੂ ਨਾਨਕ ਸਾਹਿਬ ਜੀ ਨੇ ਨਹੀਂ ਕਹੇ ਬਲਕਿ 19 ਸਾਲ ਬਾਅਦ ਸੰਨ 1540 (ਸੰਮਤ ੧੫੯੭/ਜਾਨਿ ਸਤਾਨਵੈ) ’ਚ ਆਪਣਾ ਅੱਖੀਂ ਡਿੱਠਾ ਹਾਲ ਵਰਣਨ ਕੀਤਾ ਹੈ ਜਦਕਿ ਸਚਾਈ ਇਹ ਹੈ ਕਿ ਸੰਨ 1540/ਸੰਮਤ ੧੫੯੭ ’ਚ ਸ਼ੇਰਸ਼ਾਹ ਸੂਰੀ ਤੋਂ ਹਾਰ ਕੇ ਬਾਬਰ ਦਾ ਪੁੱਤਰ ਹਮਾਯੂੰ ਜਦ ਵਾਪਸ ਆਪਣੇ ਦੇਸ਼ (ਅਫ਼ਗਾਨਿਸਤਾਨ) ਵੱਲ ਭੱਜਿਆ ਤਾਂ ਉਸ ਨੇ ਰਸਤੇ ’ਚ ਪੈਂਦੇ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਸਾਹਿਬ ਉੱਤੇ ਤਲਵਾਰ ਕੱਢੀ ਸੀ ਕਿਉਂਕਿ ਆਪ ਭਗਤੀ ’ਚ ਮਗਨ ਹੋਣ ਕਾਰਨ ਉਸ ਵੱਲ ਬਹੁਤਾ ਧਿਆਨ ਨਾ ਦਿੱਤਾ। ਫਿਰ ਵੀ ਜਾਣੀਜਾਣ ਸਤਿਗੁਰੂ ਜੀ ਨੇ ਇਸ ਨੂੰ ਕਿਹਾ ਕਿ ਇਹ ਤਲਵਾਰ ਜੰਗ ਦੇ ਮੈਦਾਨ ’ਚ ਉਠਾਉਣੀ ਸੀ, ਜਿੱਥੋਂ ਤੂੰ ਹਾਰ ਕੇ ਭੱਜ ਆਇਆ ਹੈਂ। ਇਸ ਤੋਂ ਬਾਅਦ ਹਮਾਯੂੰ ਨੂੰ ਵੀ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਸੀ। ਇਹ ਭਵਿੱਖਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਉਕਤ ਸ਼ਬਦ (ਜਾਨਿ ਸਤਾਨਵੈ) ਰਾਹੀਂ 19 ਸਾਲ ਪਹਿਲਾਂ ਸੰਨ 1521 (ਸੰਮਤ ੧੫੭੮/ਆਵਨਿ ਅਠਤਰੈ) ’ਚ ਕਰ ਰੱਖੀ ਸੀ।
ਇਸ ਇਤਿਹਾਸਕਾਰ ਮੁਤਾਬਕ ਗੁਰੂ ਨਾਨਕ ਸਾਹਿਬ ਜੀ ਅੱਸੂ ਵਦੀ 10, ਸੰਮਤ 1597 ਯਾਨੀ ਕਿ 22 ਸਤੰਬਰ 1940 ਨੂੰ ਜੋਤੀ ਜੋਤ ਸਮਾਏ ਹਨ। ਕੈਲੰਡਰ ਵਿਗਿਆਨ ਦੀ ਜਾਣਕਾਰੀ ਨਾ ਹੋਣ ਕਾਰਨ ਇਸ ਨੂੰ ਇਹ ਨਾ ਪਤਾ ਲੱਗਾ ਕਿ ਸੰਮਤ 1597 ’ਚ ਅੱਸੂ ਵਦੀ 10 ਤਾਂ 27 ਅਗਸਤ 1540 ਨੂੰ ਸੀ, ਨਾ ਕਿ 22 ਸਤੰਬਰ ਨੂੰ। ਜ਼ਿਆਦਾਤਰ ਪੁਸਤਕਾਂ ’ਚ ਲਿਖਿਆ 22 ਸਤੰਬਰ ਦਾ ਸਰੋਤ ਕਰਮ ਸਿੰਘ ਹਿਸਟੋਰੀਅਨ ਦੀ ਰਚਨਾ ਹੈ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਜੋਤੀ ਜੋਤ ਸਮਾਉਣ ਦੀ ਮਿਤੀ 22 ਸਤੰਬਰ ਵੀ ਅੱਸੂ ਸੁਦੀ 10, ਸੰਮਤ 1596 ਮੰਨ ਕੇ ਕੱਢੀ ਸੀ। ਅੱਸੂ ਵਦੀ 10 ਅਤੇ ਅੱਸੂ ਸੁਦੀ 10; ਵਿਚਕਾਰ 15 ਦਿਨਾਂ ਦਾ ਅੰਤਰ ਹੁੰਦਾ ਹੈ। ਇਸ ਦਾ ਭਾਵ ਹੈ ਕਿ ਡਾ: ਸੁਖਦਿਆਲ ਸਿੰਘ ਨੂੰ ਸੁਦੀ ਅਤੇ ਵਦੀ ਦੇ ਅੰਤਰ ਦਾ ਵੀ ਪਤਾ ਨਹੀਂ। ਦੂਜਾ ਇਸ ਇਤਿਹਾਸਕਾਰ ਨੇ ਇਹ ਵੀ ਨਾ ਵੇਖਿਆ ਕਿ ਚੰਦਰ ਸਾਲ ਦੀ ਜਿਹੜੀ ਤਿੱਥ ਸਾਂਝੇ (ਈਸਵੀ) ਸਾਲ ਦੀ ਕਿਸੇ ਤਾਰੀਖ਼ ਨੂੰ ਆਉਂਦੀ ਹੈ, ਉਹ ਤਿੱਥ ਅਗਲੇ ਸਾਲ ਦੇ ਸਾਂਝੇ ਕੈਲੰਡਰ ਦੀ ਤਾਰੀਖ਼ ਤੋਂ 11 ਦਿਨ ਪਹਿਲਾਂ ਆਵੇਗੀ; ਭਾਵ ਜੇ ਅੱਸੂ ਸੁਦੀ ੧੦; ਸੰਮਤ ੧੫੯੬ (ਸੰਨ 1539) ’ਚ 22 ਸਤੰਬਰ ਨੂੰ ਸੀ ਤਾਂ ਅੱਸੂ ਸੁਦੀ 10, ਸੰਮਤ ੧੫੯੭ (ਸੰਨ 1540) ’ਚ 11 ਸਤੰਬਰ ਨੂੰ ਹੋਵੇਗੀ। ਪੰਜਾਬ ਦੀਆਂ ਜੰਤਰੀਆਂ ’ਚ ਸੁਦੀ ਪੱਖ ਤੋਂ ਪਹਿਲਾਂ ਵਦੀ ਪੱਖ ਆਉਂਦਾ ਹੈ, ਇਸ ਲਈ ਅੱਸੂ ਵਦੀ 10, ਸੰਮਤ ੧੫੯੭ (ਸੰਨ 1540) ਤਾਂ ਇਸ (ਅੱਸੂ ਸੁਦੀ 10) ਤੋਂ 15 ਦਿਨ ਹੋਰ ਪਹਿਲਾਂ 27 ਅਗਸਤ ਨੂੰ ਹੀ ਆ ਜਾਵੇਗੀ। ਡਾਕਟਰ ਸੁਖਦਿਆਲ ਸਿੰਘ ਵੱਲੋਂ ਉਕਤ ਪੁਸਤਕ ਲਿਖਣ ਤੋਂ 20 ਸਾਲ ਪਹਿਲਾਂ ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੀ 500 ਸਾਲਾ ਜੰਤਰੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੰਨ 1994 ’ਚ ਛਪ ਚੁੱਕੀ ਸੀ, ਜਿਸ ਦੀ ਕਾਪੀ ਉਨ੍ਹਾਂ ਦੀ ਆਪਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬਰੇਰੀ ’ਚ ਵੀ ਜ਼ਰਰੂ ਹੋਵੇਗੀ, ਜੇ ਉਸ ਨੂੰ ਵੇਖ ਲੈਂਦੇ ਤਾਂ ਕਾਗਜ਼ ਕਾਲ਼ੇ ਕਰਨ ਦੀ ਲੋੜ ਨਾ ਹੁੰਦੀ। ਇਸੇ ਯੂਨੀਵਰਸਿਟੀ ਨੇ ਇੱਕ ਸੈਮੀਨਾਰ ਵੀ ਕਰਵਾਇਆ ਸੀ ਜਿਸ ਵਿੱਚ ਸ: ਪੁਰੇਵਾਲ ਨੇ ਕੈਲੰਡਰਾਂ ਦੀਆਂ ਤਾਰੀਖ਼ਾਂ ਦੀ ਤਬਦੀਲੀ ਕਰਦੇ ਸਮੇਂ ਆ ਰਹੀਆਂ ਸਮਸਿਆਵਾਂ ਦੀ ਪੜਚੋਲ ਕਰਦਾ ਪੇਪਰ ਪੜ੍ਹਿਆ ਸੀ।
ਨੋਟ : ਇਹ ਪੇਪਰ ਮਾਰਚ 1996 ਵਿੱਚ ‘ਪ੍ਰੋਸੀਡਿੰਗਜ਼ ਆਫ਼ ਦਾ ਪੰਜਾਬ ਹਿਸਟਰੀ ਕਾਨਫਰੰਸ, 27ਵੇਂ ਸੈਸ਼ਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪ੍ਰਕਾਸ਼ਿਤ ਹੋਇਆ ਸੀ, ਜਿਸ ਦਾ ਪੰਜਾਬੀ ਅਨੁਵਾਦ ਇਸ ਮੈਗਜ਼ੀਨ ’ਚ ਵੀ ਅਗਲੇ ਮਹੀਨੇ ਛਪੇਗਾ) ਜੇਕਰ ਐਸੇ ਵਿਦਵਾਨਾਂ ਨੇ ਉਸ ਸੈਮੀਨਾਰ ’ਚ ਦੱਸੇ ਦੀ ਪੜਚੋਲ ਕੀਤੀ ਹੁੰਦੀ ਜਾਂ ਕਦੇ 500 ਸਾਲਾ ਜੰਤਰੀ ਪੜ੍ਹੀ ਹੁੰਦੀ ਤਾਂ ਅਜਿਹੀਆਂ ਗ਼ਲਤੀਆਂ ਤੋਂ ਬਚਿਆ ਜਾ ਸਕਦਾ ਸੀ। ਜੇ ਅਜੋਕੇ ਸਾਧਨ ਹੋਣ ਦੇ ਬਾਵਜੂਦ ਡਾ: ਸੁਖਦਿਆਲ ਸਿੰਘ ਵੀ ਗ਼ਲਤੀਆਂ ਕਰ ਸਕਦੇ ਹਨ ਤਾਂ ਅੰਦਾਜ਼ਾ ਲਗਾਓ ਜਿਸ ਸਮੇਂ ਕੈਲੰਡਰੀਕਲ ਟੈਬੂਲੇਸ਼ਨ ਜਾਂ 500 ਸਾਲਾ ਜੰਤਰੀ ਵਰਗੇ ਸਾਧਨ ਹੀ ਮੌਜੂਦ ਨਹੀਂ ਸਨ, ਉਸ ਸਮੇਂ ਇਤਿਹਾਸਕਾਰਾਂ ਤੋਂ ਕਿੰਨੀਆਂ ਗ਼ਲਤੀਆਂ ਹੋਈਆਂ ਹੋਣਗੀਆਂ। ਇਤਿਹਾਸਕਾਰਾਂ ਨੂੰ ਕੈਲੰਡਰਾਂ ਬਾਰੇ ਸੋਝੀ ਨਾ ਹੋਣ ਕਰਕੇ ਸਿੱਖ ਇਤਿਹਾਸ ’ਚ ਗ਼ਲਤੀਆਂ ਦੀ ਭਰਮਾਰ ਹੈ; ਜਿਸ ਕਾਰਨ ਗ਼ਲਤ ਤਾਰੀਖ਼ਾਂ ਪ੍ਰਚਲਿਤ ਹੋਈਆਂ, ਜੋ ਅਗਾਂਹ ਅਗਾਂਹ ਵਧਦੀਆਂ ਗਈਆਂ। ਇਸ ਨਾਲ ਇਤਿਹਾਸਕ ਘਟਨਾਵਾਂ ਦੇ ਕ੍ਰਮ ’ਚ ਐਨੀ ਉੱਥਲ-ਪੁੱਥਲ ਹੋਈ ਕਿ ਸੁਨਹਿਰੀ ਸਿੱਖ ਇਤਿਹਾਸ; ਮਿਥਿਹਾਸ ਕਾਰਨ ਧੁੰਦਲ਼ਾ ਹੋ ਗਿਆ। ਸ੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਦਿਹਾੜੇ ਨਿਸ਼ਚਿਤ ਕਰਨ ਲਈ ਤਿੰਨ ਤਰ੍ਹਾਂ ਦੇ ਕੈਲੰਡਰਾਂ ਦੀਆਂ ਤਾਰੀਖ਼ਾਂ ਨੂੰ ਮੁੱਖ ਰੱਖਣ ਨਾਲ ਕੇਵਲ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਵਿਚਕਾਰ ਹੀ ਦਿਨਾਂ ਦਾ ਅੰਤਰ ਘਟਦਾ ਵਧਦਾ ਨਹੀਂ ਬਲਕਿ ਸਾਰੇ ਹੀ ਦਿਹਾੜਿਆਂ ’ਚ ਅੰਤਰ ਘੱਟ ਵੱਧ ਰਿਹਾ ਹੈ; ਕੁੱਝ ਕੁ ਮਿਸਾਲਾਂ ਹਨ :
(1). ਖ਼ਾਲਸਾ ਪੰਥ ਦਾ ਸਾਜਣਾ ਦਿਵਸ ਵੈਸਾਖੀ ਤਾਂ ਹਰ ਸਾਲ ੧ ਵੈਸਾਖ ਨੂੰ ਮਨਾਇਆ ਜਾਂਦਾ ਹੈ, ਪਰ ਸਰਹਿੰਦ ਫ਼ਤਹਿ ਵਿਦਸ ਲਈ 12 ਮਈ ਮੁੱਖ ਰੱਖੇ ਜਾਣ ਸਦਕਾ ਕਿਸੇ ਸਾਲ ੨੯ ਵੈਸਾਖ ਅਤੇ ਕਿਸੇ ਸਾਲ ੩੦ ਵੈਸਾਖ ਹੁੰਦਾ ਹੈ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਅੱਜ ਤੋਂ 2000 ਸਾਲ ਬਾਅਦ ਵੈਸਾਖੀ ਅਤੇ ਸਰਹਿੰਦ ਫ਼ਤਹਿ ਦਿਵਸ ਦੋਵੇਂ ਇਕੱਠੇ ਹੀ 12 ਮਈ ਨੂੰ ਆਉਣਗੇ।
(2). ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹਰ ਸਾਲ ਪ੍ਰਵਿਸ਼ਟਿਆਂ ਮੁਤਾਬਕ ੧੫ ਭਾਦੋਂ ਹੈ, ਪਰ ਪਹਿਲਾ ਪ੍ਰਕਾਸ਼ ਪੁਰਬ ਭਾਦੋਂ ਸੁਦੀ ੧ ਨੂੰ ਮਨਾਏ ਜਾਣ ਸਦਕਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਾਙ ਕਦੀ ਪਹਿਲਾਂ, ਕਦੀ ਪਿੱਛੋਂ ਅਤੇ ਕਿਸੇ ਸਾਲ ਦੋਵੇਂ ਦਿਹਾੜੇ ਇਕੱਠੇ ਇੱਕੋ ਦਿਨ ਆਉਣ ਵਾਲੀ ਸਮੱਸਿਆ ਹਮੇਸ਼ਾਂ ਆਉਂਦੀ ਰਹੇਗੀ।
(3). ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ ਪ੍ਰਵਿਸ਼ਟੇ ਨੂੰ ਮੁੱਖ ਰੱਖ ਕੇ ਹਰ ਸਾਲ ੧੮ ਹਾੜ ਹੈ ਅਤੇ ਮੀਰੀ ਪੀਰੀ ਦਿਵਸ ਹਰ ਸਾਲ ਤਿੱਥਾਂ ਦੇ ਹਿਸਾਬ ਹਾੜ ਸੁਦੀ ੧੦ ਨੂੰ ਰੱਖੇ ਜਾਣ ਸਦਕਾ ਕਈ ਵਾਰ ਮੀਰੀ-ਪੀਰੀ ਦਿਵਸ ਸਿਰਜਣਾ ਦਿਵਸ ਤੋਂ ਪਹਿਲਾਂ ਆ ਜਾਂਦਾ ਹੈ ਤਾਂ ਉਸ ਵੇਲੇ ਸਵਾਲ ਖੜ੍ਹੇ ਹੁੰਦੇ ਹਨ ਕਿ ਜਦੋਂ ਹਾਲੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੀ ਨਹੀਂ ਹੋਈ ਤਾਂ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿੱਥੇ ਬੈਠ ਕੇ ਪਹਿਨੀਆਂ ਸਨ ?
(4). ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਆਪਣਾ ਕੈਲੰਡਰ ੧ ਚੇਤ ਤੋਂ ੩੦ ਫੱਗਣ ਤੱਕ 365 ਦਿਨਾਂ ਦਾ ਛਾਪਦੀ ਹੈ, ਜਿਸ ’ਚ ਹੋਲਾ ਮਹੱਲਾ ਹਰ ਸਾਲ ਚੇਤ ਸੁਦੀ ੧ ਨੂੰ ਮਨਾਏ ਜਾਣ ਕਾਰਨ ਕਿਸੇ ਸਾਲ ’ਚ ਦੋ ਵਾਰ ਆ ਜਾਂਦਾ ਹੈ ਅਤੇ ਕਿਸੇ ਸਾਲ ਇੱਕ ਵਾਰ ਵੀ ਨਹੀਂ ਆਉਂਦਾ; ਜਿਵੇਂ ਕਿ ਇਸੇ ਸਾਲ (ਸੰਨ 2022-23 ਨੂੰ) ਨਾਨਕਸ਼ਾਹੀ ਸੰਮਤ 554 ’ਚ ਪਹਿਲਾਂ ੬ ਚੇਤ ਨੂੰ ਆ ਗਿਆ ਤੇ ਦੁਬਾਰਾ ੨੪ ਫੱਗਣ ਨੂੰ। ਅਗਲੇ ਸਾਲ ਸੰਮਤ ੫੫੫ ’ਚ ਇੱਕ ਵਾਰ ਵੀ ਨਹੀਂ ਆਉਣਾ।
(5). ਸ੍ਰੋਮਣੀ ਕਮੇਟੀ ਦੇ ਜਿਹੜੇ ਅਹੁਦੇਦਾਰੇ ਇਹ ਸਪਸ਼ਟੀ ਕਰਨ ਦਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬਿਕ੍ਰਮੀ ਸੰਮਤ ’ਚ ਇੱਕੋ ਵਾਰ ਆਉਂਦਾ ਹੈ, ਪਰ ਈਸਾਈਆਂ ਦੇ ਕੈਲੰਡਰ ਨੂੰ ਮੰਨਣ ਵਾਲੇ ਕਿਸੇ ਸਾਲ ’ਚ ਦੋ ਵਾਰ ਆਉਣ ਅਤੇ ਕਿਸੇ ਸਾਲ ’ਚ ਨਾ ਆਉਣਾ ਦੱਸ ਕੇ ਸੰਗਤਾਂ ਨੂੰ ਗੁੰਮਰਾਹ ਕਰਦੇ ਰਹਿੰਦੇ ਹਨ। ਐਸਾ ਦੋਸ਼ ਲਾਉਣ ਵਾਲੀ ਸ੍ਰੋਮਣੀ ਕਮੇਟੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਵੱਲੋਂ ਜਿਹੜਾ ਸੋਧਿਆ ਹੋਇਆ ਕੈਲੰਡਰ ਜਾਰੀ ਕਰ ਰਹੀ ਹੈ, ਉਸ ਵਿੱਚ ਐਸਾ ਕਿਉਂ ਹੋ ਰਿਹਾ ਹੈ :
(ੳ). ਹੋਲਾ ਮਹੱਲਾ ਸੰਮਤ ੫੫੪ ’ਚ ਕਿਵੇਂ ਦੋ ਵਾਰ ਆ ਗਿਆ ਅਤੇ ਸੰਮਤ ੫੫੫ ’ਚ ਕਿਉਂ ਨਹੀਂ ਆਉਣਾ ?
(ਅ). ਕੀ ਇਹ ਈਸਾਈਆਂ ਦੇ ਕੈਲੰਡਰ ਜਾਂ ਨਾਨਕਸ਼ਾਹੀ ਕੈਲੰਡਰ ਦਾ ਕਸੂਰ ਹੈ ਜਾਂ ਸ੍ਰੋਮਣੀ ਕਮੇਟੀ ਵਲੋਂ ਸੋਧੇ ਹੋਏ (ਅਸਲ ’ਚ ਵਿਗਾੜੇ ਗਏ) ਕੈਲੰਡਰ ਦਾ ?
(ੲ). ਕਿਉਂ ਉਹ ਸਰਹਿੰਦ ਫ਼ਤਹਿ ਦਿਵਸ, ਸਾਕਾ ਨਨਕਾਣਾ ਸਾਹਿਬ ਆਦਿਕ ਇਤਿਹਾਸਕ ਦਿਹਾੜੇ ਈਸਾਈਆਂ ਦੇ ਕੈਲੰਡਰ ਮੁਤਾਬਕ ਨਿਸ਼ਚਿਤ ਕਰਦੇ ਹਨ ?
(ਸ) ਜੇ ਸਾਰੇ ਹੀ ਦਿਹਾੜੇ ਪ੍ਰਵਿਸ਼ਟਿਆਂ ਨੂੰ ਮੁੱਖ ਰੱਖ ਕੇ ਨਿਸ਼ਚਿਤ ਕੀਤੇ ਜਾਣ ਤਾਂ ਇਸ ਤਰ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ; ਸਾਰੇ ਦਿਹਾੜੇ ਨਾਨਕਸ਼ਾਹੀ ਕੈਲੰਡਰ ’ਚ ਇਤਿਹਾਸਕ ਘਟਨਾ ਕ੍ਰਮ ਅਨੁਸਾਰ ਨਿਸ਼ਚਿਤ ਦੂਰੀ ਪਿੱਛੋਂ ਆਉਣਗੇ ਜਿਵੇਂ ਕਿ ਹੋਲਾ ਮਹੱਲਾ ਹਰ ਸਾਲ ੧ ਚੇਤ/14 ਮਾਰਚ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਖਾਲਸਾ ਸਾਜਣਾ ਦਿਵਸ ਹਰ ਸਾਲ ੧ ਵੈਸਾਖ/14 ਅਪ੍ਰੈਲ, ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਹਰ ਸਾਲ ੨੮ ਜੇਠ/11 ਜੂਨ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਹਰ ਸਾਲ ੨ ਹਾੜ/16 ਜੂਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਹਰ ਸਾਲ ੧੧ ਮੱਘਰ/24 ਨਵੰਬਰ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ ੮ ਪੋਹ/21 ਦਸੰਬਰ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ ੧੩ ਪੋਹ/26 ਦਸੰਬਰ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ੨੩ ਪੋਹ/5 ਜਨਵਰੀ ਆਦਿਕ ਹੋਰ ਵੀ ਇਤਿਹਾਸਕ ਦਿਹਾੜੇ ਹਰ ਸਾਲ ਨਿਸ਼ਚਿਤ ਤਾਰੀਖ਼ਾਂ ਨੂੰ ਹੀ ਆਉਣਗੇ। ਕੋਈ ਵੀ ਦਿਹਾੜਾ ਨਾ ਕਦੇ ਸਾਲ ’ਚ ਦੋ ਵਾਰ ਆਏਗਾ, ਨਾ ਕਦੇ ਅੱਗੇ ਪਿੱਛੇ ਅਤੇ ਨਾ ਹੀ ਕਿਸੇ ਸਾਲ ਨਾ ਹੋਣ ਦਾ ਸ਼ੰਕਾ ਰਹੇਗਾ। ਜ਼ਰਾ ਸੋਚੋ, ਇਸ ਵਿੱਚ ਸ੍ਰੋਮਣੀ ਕਮੇਟੀ ਜਾਂ ਹੋਰ ਕਿਸੇ ਧਿਰ ਨੂੰ ਕੀ ਇਤਰਾਜ਼ ਹੋ ਸਕਦਾ ਹੈ ਜਾਂ ਇਸ ਤਰ੍ਹਾਂ ਕਰਨ ਨਾਲ ਕਿਹੜੇ ਗੁਰਮਤਿ ਅਸੂਲ ਦੀ ਉਲੰਘਣਾ ਹੁੰਦੀ ਹੈ ਸਿਵਾਏ ਹਿੰਦੂ ਬਰਾਦਰੀ ਤੋਂ ?