26.9 C
Jalandhar
Thursday, November 21, 2024
spot_img

6 ਪੋਹ ਬਨਾਮ 6 ਪੋਹ

6 ਪੋਹ ਬਨਾਮ 6 ਪੋਹ

 ਸਰਵਜੀਤ ਸਿੰਘ ਸੈਕਰਾਮੈਂਟੋ

ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਗਏ  ਕੈਲੰਡਰ ਮੁਤਾਬਕ, 6 ਪੋਹ ਦਿਨ ਬੁੱਧਵਾਰ ਨੂੰ ਗਰੈਗੋਰੀਅਨ ਕੈਲੰਡਰ ਮੁਤਾਬਕ 21 ਦਸੰਬਰ 2022 ਈਸਵੀ ਹੈ। ਉੱਤਰੀ ਅਰਧ ਗੋਲੇ ਵਿੱਚ ਇਹ ਦਿਨ ਸਭ ਤੋਂ ਛੋਟਾ ਦਿਨ ਅਤੇ ਰਾਤ ਸਭ ਤੋਂ ਵੱਡੀ ਰਾਤ ਸੀ। ਇਸ ਦਿਨ ਤੋਂ ਬਾਅਦ ਦਿਨ ਵੱਡੇ ਹੋਣੇ ਆਰੰਭ ਹੋ ਗਏ। Astronomical Tables of the Sun, Moon And Planets ਦੇ ਮੁਤਾਬਕ ‘ਸੂਰਜ ਦਾ ਰੱਥ’ (December Solstice) 21:49:58 (GMT=ਗਰੀਨਵਿਚ ਮੀਨ ਟਾਈਮ) ਵਜ੍ਹੇ ਉਤਰਾਇਣ ਨੂੰ ਮੁੜ ਗਿਆ। (ਪੰਨਾ 3-43)

ਅੱਜ ਤੋਂ 318 ਸਾਲ ਪਹਿਲਾਂ, ੬ ਪੋਹ ਦਿਨ ਮੰਗਲਵਾਰ, ਸੰਮਤ 1761 ਬਿਕ੍ਰਮੀ (5 ਦਸੰਬਰ 1704 ਈ: ਜੂਲੀਅਨ) ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ। ਉਸ ਸਾਲ ਸੂਰਜ ਦਾ ਰੱਥ (December Solstice) ੧੧ ਪੋਹ/ 10 ਦਸੰਬਰ ਜੂਲੀਅਨ (21 ਦਸੰਬਰ ਗਰੈਗੋਰੀਅਨ) ਨੂੰ 17:03:47 (GMT) ਵਜ੍ਹੇ ਉਤਰਾਇਣ ਨੂੰ ਮੁੜਿਆ ਸੀ। ਉਹੀ ਪੰਨਾ 3-37)

ਹੁਣ ਜੇ 5 ਦਸੰਬਰ 1704 ਈ: (ਜੂਲੀਅਨ) ਨੂੰ ਗਰੈਗੋਰੀਅਨ ਵਿੱਚ ਬਦਲੀ ਕਰੀਏ ਤਾਂ ਇਹ 16 ਦਸੰਬਰ 1704 ਈ: (ਗਰੈਗੋਰੀਅਨ) ਬਣਦੀ ਹੈ ਭਾਵ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਨੂੰ 6 ਪੋਹ ਦਿਨ ਮੰਗਲਵਾਰ, ਸੰਮਤ 1761 ਬਿਕ੍ਰਮੀ, 5 ਦਸੰਬਰ 1704 ਈ: ਜੂਲੀਅਨ ਮੁਤਾਬਕ 16 ਦਸੰਬਰ 1704 ਈ: (ਗਰੈਗੋਰੀਅਨ) ਨੂੰ ਆਨੰਦਪੁਰ ਸਾਹਿਬ ਛੱਡਿਆ ਸੀ। ਉਸ ਸਾਲ ਸੂਰਜ ਦਾ ਰੱਥ (December Solstice) 21 ਦਸੰਬਰ (ਗਰੈਗੋਰੀਅਨ), 10 ਦਸੰਬਰ (ਜੂਲੀਅਨ) ਮੁਤਾਬਕ 11 ਪੋਹ (ਬਿਕ੍ਮੀ) ਦਿਨ ਐਤਵਾਰ ਨੂੰ ਫਿਰਿਆ ਸੀ। ਦੂਜੇ ਸ਼ਬਦਾਂ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਸੰਮਤ 1761 ਬਿਕ੍ਰਮੀ ਵਿੱਚ (1704 ਈ:) 6 ਪੋਹ ਨੂੰ ਆਨੰਦਪੁਰ ਸਾਹਿਬ ਕਿਲ੍ਹਾ ਛੱਡਣ ਤੋਂ 5 ਦਿਨ ਪਿੱਛੋਂ, ਸੂਰਜ ਦਾ ਰੱਥ ਫਿਰਿਆ ਸੀ। ਇਸ ਸਾਲ ਭਾਵ 2022 ਈ: ਵਿੱਚ 6 ਪੋਹ ਵਾਲੇ ਦਿਨ ਹੀ ਸੂਰਜ ਦਾ ਰੱਥ ਫਿਰਿਆ ਹੈ। ਹੁਣ ਜੇ 6 ਪੋਹ ਨੂੰ 6 ਪੋਹ ਮੰਨ ਲਿਆ ਜਾਵੇ ਤਾਂ ਸੂਰਜ ਦੇ ਰੱਥ ਫਿਰਨ ਵਿੱਚ 5 ਦਿਨਾਂ ਦਾ ਫ਼ਰਕ ਪੈ ਗਿਆ ਹੈ।  ਜੇ 21 ਦਸੰਬਰ ਨੂੰ ਸਹੀ ਮੰਨ ਲਿਆ ਜਾਵੇ ਤਾਂ ਸੂਰਜ ਦਾ ਰੱਥ 11 ਪੋਹ ਤੋਂ 5 ਦਿਨ ਪਹਿਲਾਂ ਭਾਵ 6 ਪੋਹ ਨੂੰ ਫਿਰਿਆ ਹੈ। ਅਜਿਹਾ ਕਿਉਂ ?

ਕਰਤੇ ਦੇ ਨਿਯਮ ਮੁਤਾਬਕ ਧਰਤੀ ਸੂਰਜ ਦੁਵਾਲੇ ਚੱਕਰ ਕੱਟ ਰਹੀ ਹੈ। ਧਰਤੀ ਦੇ ਇਕ ਚੱਕਰ ਨੂੰ ਪੂਰਾ ਕਰਨ ਦੇ ਸਮੇਂ ਨੂੰ ਸਾਲ ਕਿਹਾ ਜਾਂਦਾ ਹੈ। ਇਸ ਸਮੇਂ ਮੁਤਾਬਕ ਧਰਤੀ ਤੇ ਦਿਨ-ਰਾਤ ਦਾ ਬਰਾਬਰ ਹੋਣਾ (March & Sep Equinox) , ਦਿਨ ਵੱਡਾ-ਰਾਤ ਛੋਟੀ ਹੋਣਾ ਜਾਂ ਦਿਨ ਛੋਟਾ-ਰਾਤ ਵੱਡੀ ਹੋਣਾ (June & Dec Solstice) ਅਤੇ ਰੁੱਤਾਂ ਦੀ ਬਦਲੀ ਹੁੰਦੀ ਹੈ। ਇਕ Equinox ਜਾਂ Solstice ਤੋਂ ਧਰਤੀ ਦਾ ਸੂਰਜ ਦੁਆਲੇ ਚੱਕਰ ਲਾ ਕੇ ਮੁੜ ਉਸੇ Equinox ਜਾਂ Solstice ਤੱਕ ਪਹੁੰਚਣ ਦੇ ਸਮੇਂ ਨੂੰ ਰੁੱਤੀ ਸਾਲ (Tropical Year) ਕਿਹਾ ਜਾਂਦਾ ਹੈ ਇਸ ਸਾਲ ਦਾ ਸਮਾਂ ਲਗਭਗ 365.2422 ਦਿਨ ਹੈ ਭਾਵ ਧਰਤੀ ’ਤੇ ਰੁੱਤਾਂ ਦਾ ਚੱਕਰ 365.2422 ਦਿਨਾਂ ਵਿੱਚ ਪੂਰਾ ਹੁੰਦਾ ਹੈ। ਅੱਜ ਦੁਨੀਆਂ ਵਿੱਚ ਸਭ ਤੋਂ ਵੱਧ ਪ੍ਰਚਲਿਤ ਸੀਈ ਕੈਲੰਡਰ ਸਮੇਤ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਇਸੇ ਮੁਤਾਬਕ ਹੈ। ਆਪਣੇ ਦੇਸ਼ ਵਿੱਚ ਪ੍ਰਚਲਿਤ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਗੁਰੂ ਕਾਲ ਸਮੇਂ 365.2587 ਦਿਨ (ਸੂਰਜੀ ਸਿਧਾਂਤ) ਸੀ, ਜੋ ਕਿ ਰੁੱਤੀ ਸਾਲ ਦੇ ਅਸਲ ਸਮੇਂ ਤੋਂ ਲਗਭਗ 24 ਮਿੰਟ ਵੱਧ ਹੈ। ਇਸ ਕਾਰਨ ਹਰ 60 ਸਾਲ ਪਿੱਛੋਂ (1440/24=60); ਇਕ ਦਿਨ ਦਾ ਫ਼ਰਕ ਪੈ ਜਾਂਦਾ ਸੀ। 1964 ’ਚ ਇਸ ਕੈਲੰਡਰ ’ਚ ਮਾਮੂਲੀ ਸੋਧ ਹੋਈ, ਜਿਸ ਨਾਲ ਹੁਣ ਇਸ ਦੇ ਸਾਲ ਦੀ ਲੰਬਾਈ  365.256363 ਦਿਨ ਹੈ ਯਾਨੀ ਕਿ ਰੁੱਤੀ ਸਾਲ ਤੋਂ ਤਕਰੀਬਨ 20 ਮਿੰਟ ਵੱਧ। ਇਸ ਕੈਲੰਡਰ ਨੂੰ ਦ੍ਰਿਕ ਸਿਧਾਂਤ ਕਿਹਾ ਜਾਂਦਾ ਹੈ, ਜੋ ਤਕਰੀਬਨ 71-72  ਸਾਲਾਂ ’ਚ ਰੁੱਤਾਂ ਸਾਲ ਨਾਲੋਂ ਇੱਕ ਦਿਨ ਦਾ ਫ਼ਰਕ ਪਾ ਜਾਂਦਾ ਹੈ। ਸ੍ਰੋਮਣੀ ਕਮੇਟੀ ਨੇ ਬਿਨਾਂ ਕਿਸੇ ਹੀਲ ਹੁੱਜਤ ਦੇ ਗੁਰੂ ਕਾਲ ਵਾਲੇ ਕੈਲੰਡਰ ਦਾ ਤਿਆਗ ਕਰਕੇ ਦ੍ਰਿਕ ਗਣਿਤ ਸਿਧਾਂਤ ਵਾਲਾ ਕੈਲੰਡਰ ਅਪਣਾਅ ਲਿਆ। ਬਿਕ੍ਰਮੀ ਕੈਲੰਡਰ ਦਾ ਸਾਲ ਰੁੱਤੀ ਸਾਲ ਨਾਲੋਂ ਵੱਡਾ ਹੋਣਾ ਹੀ ਕਾਰਨ ਹੈ ਕਿ ਪਿਛਲੇ 318 ਸਾਲਾਂ ਵਿੱਚ ਬਿਕ੍ਰਮੀ ਕੈਲੰਡਰ ’ਚ ੧੧ ਪੋਹ ਬਿਕ੍ਰਮੀ ਸੰਮਤ ੧੭੬੧/ 10 ਦਸੰਬਰ 1704 ਜੂਲੀਅਨ (21 ਦਸੰਬਰ 1704 ਗਰੈਗੋਰੀਅਨ) ਤੋਂ ਖਿਸਕ ਕੇ ੬ ਪੋਹ ਬਿਕ੍ਰਮੀ ਸੰਮਤ ੨੦੭੯/ 21 ਦਸੰਬਰ 2022 ਗਰੈਗੋਰੀਅਨ ’ਤੇ ਚਲਾ ਗਿਆ ਹੈ ਜਦੋਂ ਕਿ ਗਰੈਗੋਰੀਅਨ ਕੈਲੰਡਰ ’ਚ ਸੂਰਜ ਦਾ ਰੱਥ 21 ਦਸੰਬਰ 1704 ਈ: (ਗਰੈਗੋਰੀਅਨ) ਨੂੰ ਫਿਰਿਆ ਸੀ ਅਤੇ ਅੱਜ (ਭਾਵ 2022 ਈ: ਵਿੱਚ) ਵੀ 21 ਦਸੰਬਰ ਨੂੰ ਹੀ ਫਿਰਿਆ ਹੈ।

ਗੁਰੂ ਨਾਨਕ ਜੀ ਦੇ ਸਮੇਂ ਸੂਰਜ ਦਾ ਰੱਥ (December Solstice) 12 ਦਸੰਬਰ (1469 ਈ:) ਜੂਲੀਅਨ, 21 ਦਸੰਬਰ (ਗਰੈਗੋਰੀਅਨ) ਮੁਤਾਬਕ 15 ਪੋਹ ਨੂੰ ਫਿਰਿਆ ਸੀ ਅਤੇ ਅੱਜ ਇਹ 6 ਪੋਹ ਨੂੰ ਫਿਰਿਆ ਹੈ। ਇਸ ਤੋਂ ਸਪਸ਼ਟ ਹੈ ਕਿ ਗੁਰੂ ਨਾਨਕ ਜੀ ਦੇ ਸਮੇਂ ਤੋਂ ਹੁਣ ਤੱਕ, ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਵੱਧ ਹੋਣ ਕਾਰਨ 9 ਦਿਨਾਂ ਦਾ ਫ਼ਰਕ ਪੈ ਚੁੱਕਾ ਹੈ। ਜੇ ਅਜੇ ਵੀ ਸਾਲ ਦੀ ਲੰਬਾਈ ਨੂੰ ਨਾ ਸੋਧਿਆ ਗਿਆ ਤਾਂ ਇਹ ਫ਼ਰਕ ਵਧਦਾ ਹੀ ਜਾਵੇਗਾ। ਇਹੀ ਸਮੱਸਿਆ ਹੈ, ਜੋ ਜੂਲੀਅਨ ਕੈਲੰਡਰ ’ਚ ਆਈ ਸੀ। ਉਨ੍ਹਾਂ ਨੇ ਇਸ ਸਮੱਸਿਆ ਦਾ ਹੱਲ 1582 ਈ: ਵਿੱਚ ਹੀ ਕਰ ਲਿਆ ਸੀ ਪਰ ਸਿੱਖ 21 ਵੀਂ ਸਦੀ ਵਿੱਚ ਵੀ ਲੜ ਰਹੇ ਹਨ ਅਤੇ ਬਹਾਨਾ ਬਣਾ ਰਹੇ ਹਨ ਕਿ ਗੁਰੂ ਕਾਲ ਵਾਲਾ ਕੈਲੰਡਰ ਅਸੀਂ ਕਿਉਂ ਛੱਡੀਏ ਜਦੋਂ ਕਿ ਇਹ ਖ਼ੁਦ 1964 ’ਚ ਛੱਡ ਵੀ ਚੁੱਕੇ ਹਨ ਤਾਂ ਤੇ ਇਸ ਵਿਰੋਧ ਦਾ ਇਹੀ ਮਤਲਬ ਹੈ ਕਿ ਸੰਨ 1964 ’ਚ ਕੈਲੰਡਰ ’ਚ ਸੋਧ ਹਿੰਦੂਆਂ ਨੇ ਕੀਤੀ ਸੀ, ਜੋ ਮੰਨ ਲਈ, ਪਰ ਨਾਨਕਸ਼ਾਹੀ ਕੈਲੰਡਰ ਸਮੇਂ ਸੋਧ ਸਿੱਖਾਂ ਨੇ ਕੀਤੀ ਹੈ, ਇਸ ਲਈ ਨਹੀਂ ਮੰਨੀ ਜਾ ਰਹੀ।

Related Articles

4,987FansLike
0FollowersFollow
0SubscribersSubscribe

DONATION

- Advertisement -spot_img

Latest Articles