ਪਾਠ-ਭੇਦ ਗਾਥਾ ਸ੍ਰੀ ਗੁਰੂ ਗ੍ਰੰਥ ਸਾਹਿਬ (ਭਾਗ ਦੂਜਾ)

0
28

ਪਾਠਭੇਦ ਗਾਥਾ ਸ੍ਰੀ ਗੁਰੂ ਗ੍ਰੰਥ ਸਾਹਿਬ (ਭਾਗ ਦੂਜਾ)

ਗਿਆਨੀ ਜਗਤਾਰ ਸਿੰਘ ਜਾਚਕ (ਨਿਊਯਾਰਕ)

ਪਾਠ-ਭੇਦ ਗਾਥਾ ਸ੍ਰੀ ਗੁਰੂ ਗ੍ਰੰਥ ਸਾਹਿਬ (ਭਾਗ ਪਹਿਲਾ)

  1. ਗਾਥਾ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਤੇ ਛਪਾਈ ਦੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਤੇ ਛਪਾਈ ਦੀ ਗਾਥਾ ਦੇ ਪਿਛੋਕੜ ਵਿੱਚ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਹੱਥ-ਲਿਖਤ ਪੋਥੀ ਤੋਂ ਲੈ ਕੇ ਡਿਜੀਟਲ ਪ੍ਰਿੰਟਿੰਗ ਦੁਆਰਾ ਪ੍ਰਕਾਸ਼ਤ 1430 ਪੰਨਿਆਂ ਵਾਲੀ ਪਾਵਨ ਬੀੜ ਦੇ ਮੌਜੂਦਾ ਰੂਪ ਤਕ ਦਾ ਇਤਿਹਾਸ ਛੁਪਿਆ ਹੋਇਆ ਹੈ, ਜਿਹੜਾ ਪਾਵਨ ਬੀੜ ਦੀ ਗੁਰੂ-ਕਾਲ ਵਿੱਚ ਹੋਈ ਸੰਪਾਦਨਾ ਤੇ ਸੰਪੂਰਨਤਾ ਦੇ ਮਹਾਨ ਉਪਕਾਰੀ ਕਾਰਜ ਨੂੰ ਵੀ ਆਪਣੀ ਬੁੱਕਲ ਵਿੱਚ ਲਪੇਟੀ ਬੈਠਾ ਹੈ। ਸਾਰੇ ਜਾਣਦੇ ਹਨ ਕਿ 19ਵੀਂ ਸਦੀ ਵਿੱਚ ਅੰਗਰੇਜ਼ਾਂ ਦੇ ਪੰਜਾਬ ਵਿੱਚ ਪ੍ਰਵੇਸ਼ ਕਰਨ ਉਪਰੰਤ ਹੀ ਪ੍ਰੈਸ (ਛਾਪਾਖਾਨਾ) ਚਾਲੂ ਹੋਇਆ। ਉਸ ਤੋਂ ਪਹਿਲਾਂ ਹਰ ਕਿਸਮ ਦੀਆਂ ਲਿਖਤਾਂ ਹੱਥੀਂ ਲਿਖੀਆਂ ਜਾਂਦੀਆਂ ਸਨ। ਅਜਿਹੇ ਕਿੱਤਾਕਾਰ ਲਿਖਾਰੀਆਂ ਨੂੰ ‘ਕਾਤਿਬ’ ਤੇ ‘ਖੁਸ਼ਨਵੀਸ’ ਵੀ ਆਖਿਆ ਜਾਂਦਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਲਿਖਾਈ ਲਈ ਪੰਜ ਵਸਤੂਆਂ (ਕਾਗਜ਼, ਕਲਮ, ਦਵਾਤ, ਸਿਆਹੀ ਤੇ ਲਿਖਾਰੀ) ਲੋੜੀਂਦੀਆਂ ਮੰਨੀਆਂ ਹਨ, ਪ੍ਰੰਤੂ ਗੁਰੂ ਦ੍ਰਿਸ਼ਟੀ ਵਿੱਚ ਉਹ ਧੰਨਤਾ ਦੀਆਂ ਪਾਤਰ ਤਾਂ ਹੀ ਹਨ, ਜੇ ਉਨ੍ਹਾਂ ਦੀ ਵਰਤੋਂ ਰੱਬੀ ਸਿਫ਼ਤ-ਸਾਲਾਹ ਲਿਖਣ ਲਈ ਹੋਵੇ । ਗੁਰ ਵਾਕ ਹੈ : ‘‘ਧੰਨੁ ਸੁ ਕਾਗਦੁ, ਕਲਮ ਧੰਨੁ; ਧਨੁ ਭਾਂਡਾ, ਧਨੁ ਮਸੁ   ਧਨੁ ਲੇਖਾਰੀ ਨਾਨਕਾ  ! ਜਿਨਿ ਨਾਮੁ ਲਿਖਾਇਆ ਸਚੁ ’’ (ਮਹਲਾ /੧੨੯੧)

ਗੁਰੂ-ਕਾਲ ਵਿੱਚ ਕਾਗਜ਼ ਤੇ ਸਿਆਹੀ ਭਾਵੇਂ ਬਜ਼ਾਰ ਵਿੱਚ ਮਿਲਦੇ ਸਨ, ਪ੍ਰੰਤੂ ਸਮੁੱਚੀ ਮਾਨਵਤਾ ਦੇ ਭਲੇ ਲਈ ਲਿਖੀ ਜਾ ਰਹੀ ਗੁਰਬਾਣੀ ਦੀ ਲਿਖਤ ਨੂੰ ਚਿਰਕਾਲੀ ਤੇ ਚਮਕਦਾਰ ਬਣਾਉਣ ਲਈ ਹੰਢਣਸਾਰ ਕਾਗਜ਼ ਤੇ ਵਧੀਆ ਕਿਸਮ ਦੀ ਸਿਆਹੀ ਲੋੜੀਂਦੇ ਸਨ। ਸ਼ਾਇਦ ਇਹੀ ਕਾਰਨ ਹੈ ਕਿ ਬਹੁਤੀਆਂ ਪ੍ਰਾਚੀਨ ਹੱਥ ਲਿਖਤ ਬੀੜਾਂ ਵਿੱਚ ਜਿੱਥੇ ਸਿਆਹੀ ਬਣਾਉਣ ਦੀ ਸਮਗਰੀ ਸਮੇਤ ਵਿਧੀ (ਢੰਗ) ਲਿਖੀ ਮਿਲਦੀ ਹੈ, ਉੱਥੇ ਜ਼ਿਆਦਾਤਰ ਕਾਗਜ਼ ਵੀ ਹੱਥੀਂ ਬਣਿਆ ਹੀ ਵਰਤਿਆ ਮਿਲਦਾ ਹੈ। ਜ਼ਿਲ੍ਹਾ ਸੀਤਾਪੁਰ (ਯੂ.ਪੀ.) ਅੰਦਰਲੇ ਪਿੰਡ ਵਿਸਵਾਂ ਦੇ ਗੁਰਦਵਾਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸ਼ੋਭਨੀਕ ਬੀੜ ਵਿੱਚ ਸਿਆਹੀ ਦੀ ਵਿਸਤ੍ਰਿਤ ਵਿਧੀ ਲਿਖਣ ਉਪਰੰਤ ਲੇਖਕਾਂ ਦਾ ਇਉਂ ਭਰੋਸਾ ਬਨ੍ਹਾਇਆ ਹੈ : ‘ਸਾਹੀ ਹੱਛੀ ਹੋਵੇਗੀ ਜੇ ਗੁਰੂ ਭਾਵੈ, ਹਥ ਧੋਇ ਕੈ ਭਲੀਭਾਂਤ ਘੋਟਣੀ ॥’ ਨਿੰਮ ਦੇ ਘੋਟਣੇ (ਡੰਡੇ) ਵਿੱਚ ਸੋਨੇ ਦੀ ਮੇਖ ਲਗਾ ਕੇ ਸਮਗਰੀ ਘੋਟੀ ਜਾਂਦੀ ਸੀ, ਤਾਂ ਕਿ ਸਿਆਹੀ ਚਮਕਦਾਰ ਬਣੇ ਅਤੇ ਕਾਗਜ਼ ਨੂੰ ਕੀੜਾ ਨਾ ਲੱਗੇ।

ਹੱਥ ਲਿਖਤ ਬੀੜਾਂ ਦੇ ਅਧੁਨਿਕ ਖੋਜੀ ਡਾ. ਅਮਰ ਸਿੰਘ ਲਿਖਦੇ ਹਨ : ਭਾਈ ਬੰਨੋ ਵਾਲੀ ਸ਼ਾਖ ਦੀਆਂ ਬੀੜਾਂ ਦੀ ਰਾਗਮਾਲਾ ਤੋਂ ਬਾਅਦ ਸਮਾਪਤੀ ਆਮ ਤੌਰ ’ਤੇ ਸਿਆਹੀ ਦੀ ਬਿਧਿ ਨਾਲ ਹੀ ਹੁੰਦੀ ਹੈ, ਪਰ ਕੁਝ ਬੀੜਾਂ ਵਿੱਚ ਇਸ ਦਾ ਸਥਾਨ ਤਤਕਰੇ ਦੇ ਅਖੀਰ ਵਿੱਚ ਵੀ ਹੈ। ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਵਿੱਚ ਸ਼ਾਮਲ ਕੀਤੇ ਜਾਣ ਦਾ ਮੁਖ ਕਾਰਨ ਉਤਾਰਾ ਕਰਨ ਵਾਲੇ ਲਿਖਾਰੀ ਨੂੰ ਸਿਆਹੀ ਬਣਾਉਣ ਦੀ ਵਿਧੀ ਬਾਰੇ ਜਾਣਕਾਰੀ ਦੇਣਾ ਮੰਨਿਆ ਜਾ ਸਕਦਾ ਹੈ। ਹੱਥ ਲਿਖਤ ਬੀੜਾਂ ਦੇ ਦਰਸ਼ਨ-ਪੰ. 43, ਪੁਰਾਤਨ ਬੀੜਾਂ ਦੇ ਪਹਿਲੇ ਖੋਜਕਾਰ ਸ੍ਰ. ਜੀ.ਬੀ. ਸਿੰਘ ਦਾ ਮੱਤ ਹੈ ਕਿ ਇਹ ਸਿਆਹੀ ਦੇ ਨੁਸਖੇ ਨੂੰ ਬਚਾਣ ਦਾ ਇੱਕ ਚਾਰਾ ਹੈ। ਪਰ ਮੈਨੂੰ (ਜਾਚਕ) ਇਉਂ ਜਾਪਦਾ ਹੈ ਕਿ ਇਹ ਤਰੀਕਾ ਭਾਈ ਬੰਨੋ ਦੇ ਨਾਮ ਦੀ ਦੁਰਵਰਤੋਂ ਕਰਕੇ ਪਾਵਨ ਬੀੜਾਂ ਨੂੰ ਮਿਲਗੋਭਾ ਕਰਨ ਵਾਲੇ ਗੁਰੂ-ਦੋਖੀ ਟੋਲੇ੍ਹ ਲਈ ਬੜਾ ਸਹਾਇਕ ਸਿੱਧ ਹੋਇਆ। ਕਾਰਨ ਹੈ ਕਿ ਇਸ ਦੀ ਬਦੌਲਤ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ (ਸੰਨ 1675) ਪਿੱਛੋਂ ਭਾਈ ਬੰਨੋ ਵਾਲੀ ‘ਰਲਿਆਂ ਭਰਪੂਰ ਸ਼ਾਖ’ ਦਾ ਪ੍ਰਚਾਰ ਤੇ ਪ੍ਰਸਾਰ ਸਭ ਤੋਂ ਵਧੇਰੇ ਹੋਇਆ । ਸਭ ਤੋਂ ਜ਼ਿਆਦਾ ਉਤਾਰੇ ਉਸੇ ਬੀੜ ਦੇ ਹੀ ਮਿਲਦੇ ਹਨ ।

ਇਸੇ ਤਰ੍ਹਾਂ ਡਾ. ਸਾਹਿਬ ਨੇ ਬੀੜਾਂ ਦੇ ਕਾਗਜ਼ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ‘ਸਾਰੇ ਹੀ ਹੱਥ-ਲਿਖਤ ਗ੍ਰੰਥਾਂ ਵਿੱਚ ਹੱਥ ਨਾਲ ਬਣੇ ਹੋਏ ਕਾਗਜ਼ ਦੀ ਵਰਤੋਂ ਕੀਤੀ ਮਿਲਦੀ ਹੈ। ਇਹ ਕਾਗਜ਼ ਬਹੁਤ ਅੱਛੀ ਕਿਸਮ ਦਾ, ਹੰਢਣਸਾਰ ਅਤੇ ਲੰਬੇ ਸਮੇਂ ਤੱਕ ਰਹਿਣ ਵਾਲਾ ਹੁੰਦਾ ਹੈ। ਇਹ ਕਾਗਜ਼ ਦੋ ਤਰ੍ਹਾਂ ਦਾ ਮੰਨਿਆਂ ਜਾਂਦਾ ਹੈ : ਬਹੁਤ ਪਤਲੇ, ਚਮਕਦਾਰ ਤੇ ਮੁਲਾਇਮ ਕਾਗਜ਼ ਨੂੰ ਕਸਮੀਰੀ ਕਾਗਜ਼ ਕਿਹਾ ਜਾਂਦਾ ਹੈ ਅਤੇ ਖੁਰਦਰੇ, ਚਮਕ ਰਹਿਤ ਅਤੇ ਮੋਟੇ ਨੂੰ ਲਾਹੌਰੀ ਕਾਗਜ਼ ਦੱਸਿਆ ਜਾਂਦਾ ਹੈ। ਆਮ ਤੌਰ ’ਤੇ ਇਕ ਬੀੜ ਵਿੱਚ ਇਕੋ ਤਰ੍ਹਾਂ ਦਾ ਕਾਗਜ਼ ਹੀ ਵਰਤਿਆ ਹੁੰਦਾ ਹੈ, ਪਰ ਕਿਸੇ-ਕਿਸੇ ਬੀੜ ਵਿੱਚ ਕਾਗਜ਼ ਇਕ ਤੋਂ ਜ਼ਿਆਦਾ ਕਿਸਮਾਂ ਦਾ ਹੀ ਵਰਤਿਆ ਮਿਲਦਾ ਹੈ। ਹੱਥ-ਲਿਖਤ ਬੀੜਾਂ ਦੇ ਦਰਸ਼ਨ-ਪੰ.27 ਪਰ, ਹੱਥ-ਲਿਖਤ ਪਾਵਨ ਬੀੜਾਂ ਦੇ ਦਰਸ਼ਨ ਕਰਦਿਆਂ ਦਾਸ (ਜਾਚਕ) ਇਸ ਨਤੀਜੇ ’ਤੇ ਪਹੁੰਚਾ ਹੈ ਕਿ ਆਮ ਕਰਕੇ ਕਾਗਜ਼ ਦੀ ਬਦਲੀ ਉਦੋਂ ਹੋਈ ਹੈ, ਜਦੋਂ ਕਿਸੇ ਬੀੜ ਦੀ ਮੁਰੰਮਤ ਦੇ ਬਹਾਨੇ ਜਿਲਦ ਖੋਲ੍ਹ ਕੇ ਨਾਵੇਂ ਮਹਲੇ ਦੀ ਬਾਣੀ ਪਾਈ ਜਾਂ ਬੀੜ ਖੋਲ੍ਹਣ ਦੀ ਅਸਮਰਥਾ ਮੌਕੇ ਉਹਦੇ ਪਿੱਛੇ ਨਵੇਂ ਪਤਰੇ ਪਾ ਕੇ ਨਾਵੇਂ ਮਹਲੇ ਦੀ ਬਾਣੀ ਦੇ ਨਾਲ ਭਾਈ ਬੰਨੋ ਵਾਲੀ ਕਾਨ੍ਹਪੁਰੀ ਬੀੜ ਦੀਆਂ ਰਤਨਮਾਲਾ ਤੇ ਰਾਗਮਾਲਾ ਵਰਗੀਆਂ ਵਾਧੂ ਰਚਨਾਵਾਂ ਬੀੜ ਦਾ ਹਿੱਸਾ ਬਣਾਈਆਂ।

ਇਸ ਪੱਖੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਆਰਟ ਗੈਲਰੀ ਵਿਖੇ ਖਾਤਾ ਨੰ. 244 ਅਨੁਸਾਰ ਸੁਰਖਿਅਤ ਸੰਮਤ 1724 (ਸੰਨ 1667) ਵਿੱਚ ਸ੍ਰੀ ਜੋਗਰਾਜ ਦੇ ਹੱਥੀਂ ਲਿਖੀ ਬੀੜ ਦੇ ਦਰਸ਼ਨ ਵੀ ਕੀਤੇ ਜਾ ਸਕਦੇ ਹਨ। ਬੀੜ ਦੇ ਆਰੰਭਕ ਲਿਖਤ ਮੁਤਾਬਕ ਸੰਮਤ 1729 (ਸੰਨ 1672) ਵਿੱਚ ਭਾਈ ਜੋਗਰਾਜ ਦਾ ਦੇਹਾਂਤ ਹੋ ਗਿਆ ਸੀ। ਇਸ ਬੀੜ ਦੇ ਕੁੱਲ ਪਤਰੇ 656 ਸਨ, ਪ੍ਰੰਤੂ ਨਾਵੇਂ ਮਹਲੇ ਦੀ ਬਾਣੀ ਤੇ ਹੋਰ ਵਾਧੂ ਰਚਨਾਵਾਂ ਦੇ ਰਲੇਵੇਂ ਕਾਰਨ ਹੁਣ 787 ਹਨ।  ਸੂਚੀ ਪਤ੍ਰ ਪੋਥੀ ਕੇ ਵੇਰਵੇ ਹੇਠ ‘ਜਪੁ’ ਦੀ ਪ੍ਰਤੀਕ ਪਤਿ 31 (ਪਤਰਾ ਨੰ. 31) ਹੈ ਅਤੇ ‘ਸੋ ਦਰੁ’ ਦੇ ਪੰਜ ਅਤੇ ‘ਸੋ ਪੁਰਖੁ’ ਸੰਗ੍ਰਹਿ ਦੇ ਚਾਰੇ ਸ਼ਬਦ ਪਤਿ 33 ’ਤੇ ਦਰਜ ਹਨ, ਪਰ ਨਵੇਂ ਲਿਖਾਰੀ ਨੇ ਮੂਲ-ਲਿਖਾਰੀ ਹੋਣ ਦਾ ਭੁਲੇਖਾ ਪਾਉਣ ਲਈ ਜਪੁ-ਜੀ ਦੇ ਅਰੰਭਕ 3 ਪਤਰੇ ਲਿਖ ਕੇ ਨਵੇਂ ਪਾਏ ਹਨ, ਤਾਂ ਕਿ ਬੀੜ ਦੇ ਅੰਦਰਲੇ ਤੇ ਅੰਤਲੇ ਨਵੇਂ ਪਤਰਿਆਂ ਦੀ ਲਿਖਤ ਮੂਲ-ਲਿਖਾਰੀ ਦੀ ਹੀ ਜਾਪੇ, ਪਰ ਇਸ ਅਦਲਾ ਬਦਲੀ ਕਾਰਨ ਕਈ ਥਾਈਂ ਜਪੁ-ਜੀ ਵਾਂਗ ਪਤਰਿਆਂ ਦੇ ਨੰਬਰ ਉਸ ਨੂੰ ਅਲੋਪ ਵੀ ਰੱਖਣੇ ਪਏ ਹਨ ਅਤੇ ਕਈ ਥਾਈਂ ਕੱਟ ਕੇ ਨਵੇਂ ਵੀ ਲਿਖਣੇ ਪਏ।

ਮੂਲ-ਬੀੜ ਦੇ ਤਤਕਰੇ ਵਿੱਚ ਨਾਵੇਂ ਮਹਲ ਦੀ ਬਾਣੀ ਦਾ ਕੋਈ ਵੇਰਵਾ ਨਹੀਂ। ਰਾਗ ਬਿਭਾਸ ਪ੍ਰਭਾਤੀ ਤੋਂ ਪਿੱਛੋਂ ਸਲੋਕ ਸਹਸਕ੍ਰਿਤੀ, ਗਾਥਾ, ਫੁਨਹੇ, ਚਉਬੋਲੇ, ਸਲੋਕ ਵਾਰਾਂ ਤੇ ਵਧੀਕ, ਸਵਯੇ ਸ੍ਰੀ ਮੁਖਬਾਕ ਮਹਲਾ 5, ਸਵਯੇ ਭਟਾਂ ਕੇ, ਸਲੋਕ ਭਗਤ ਕਬੀਰ ਜੀ ਕੇ, ਸਲੋਕ ਸੇਖ ਫਰੀਦ ਕੇ, ਦੀ ਤਰਤੀਬ ਹੈ ਭਾਵ ਬੀੜ ਦੀ ਸਮਾਪਤੀ ਸ਼ੇਖ ਫ਼ਰੀਦ ਦੇ ਸਲੋਕਾਂ ਉੱਤੇ ਹੈ, ਪਰ ਨਵੇਂ ਲਿਖਾਰੀ ਨੇ ਰਾਗ ਜੈਜਾਵੰਤੀ ਅੰਦਰਲੇ ਮਹਲਾ ੯ ਦੇ ਚਾਰ ਸ਼ਬਦ ਜੈਤਸਰੀ ਰਾਗ ਦੀ ਭਗਤ ਬਾਣੀ ਉਪਰੰਤ ਬਚੀ ਥਾਂ ਅਤੇ ਹਾਸ਼ੀਏ ਦੇ ਹੇਠਾਂ ਅਤੇ ਖੱਬੇ ਪਾਸੇ ਘਸੋੜ ਕੇ ਲਿਖੇ ਹਨ। ਜਿੱਥੇ ਕਿਸੇ ਰਾਗ ਦੀਆਂ ਅਸਟਪਦੀਆਂ ਤੋਂ ਪਹਿਲਾਂ ਥੋੜ੍ਹੀ ਥਾਂ ਬਚੀ, ਉੱਥੇ ਅਤੇ ਹਾਸ਼ੀਏ ਉੱਤੇ ਵਿੰਗੀਆਂ ਟੇਡੀਆਂ ਤੁਕਾਂ ਲਿਖ ਕੇ ਨਾਵੇਂ ਮਹਲ ਦੀ ਬਾਣੀ ਚੜ੍ਹਾਈ ਹੋਈ ਹੈ। ਜਿਵੇਂ 116 ਪਤਰੇ ’ਤੇ ਸੱਜੇ ਪਾਸੇ ਗਉੜੀ ਮਹਲਾ ੯ ਦੇ ਦੋ ਸ਼ਬਦ ਦਰਜ ਕੀਤੇ ਹੋਏ ਹਨ।

ਜਿਸ ਰਾਗ ਵਿੱਚ 9ਵੇਂ ਮਹਲ ਦੇ ਸ਼ਬਦ ਜ਼ਿਆਦਾ ਜਾਪੇ ਜਾਂ ਸ਼ਬਦ ਲਿਖਣ ਲਈ ਥਾਂ ਥੋੜ੍ਹੀ ਲੱਗੀ, ਉੱਥੇ ਨਵਾਂ ਪਤਰਾ ਪਾਉਣ ਤੋਂ ਵੀ ਸੰਕੋਚ ਨਹੀਂ ਕੀਤਾ। ਜਿਵੇਂ ਰਾਗ ਬਸੰਤ ਹਿੰਡੋਲ ਵਿੱਚ ਮਹਲਾ ੯ ਦੇ ਪੰਜਾਂ ਸ਼ਬਦਾਂ ਅਤੇ ਰਾਗ ਸਾਰੰਗ ਦੇ 4 ਸ਼ਬਦਾਂ ਲਈ ਇਕ ਇਕ ਨਵਾਂ ਪਤਰਾ ਲਗਾਇਆ ਹੋਇਆ ਹੈ, ਪਰ ਸਾਰੰਗ ਰਾਗ ਵਾਲੇ ਪਤਰੇ ਦਾ ਪਿਛਲਾ ਪਾਸਾ ਖਾਲੀ ਹੈ। ਪਤਰਾ ਨੰ. 657 ਤੋਂ 687 ਤਕ ਨਵੀਂ ਲਿਖਤ ਦੇ 31 ਪਤਰੇ ਨਵੇਂ ਪਾਏ ਗਏ ਹਨ। ਇਨ੍ਹਾਂ ’ਤੇ ਸਵਈਏ, ਸਲੋਕ ਵਾਰਾਂ ਤੇ ਵਧੀਕ ਵਾਲੇ ਮ: 1,  ਮ: 3,  ਮ: 4, ਮ: 5 ਅਤੇ ਸਲੋਕ ਮਹਲਾ ੯ ਤੇ ਮੁੰਦਾਵਣੀ ਲਿਖੇ ਹਨ। ਇਸ ਉਪਰੰਤ ਸੰਖੇਪ ਮੰਗਲ ਉੱਪਰ ਲਿਖ ਕੇ ਕੱਚੀ ਬਾਣੀ ਦੀਆਂ ਪੰਜ ਰਚਨਾਵਾਂ ‘ਸਲੋਕ ਮਹਲਾ ੧ ॥ ਜਿਤ ਦਰਿ ਲਖ ਮਹੰਮਦਾ॥; ਸਲੋਕ ਮਹਲਾ ੧ ॥ ਬਾਇ ਆਤਸ ਆਬਿ ਖਾਕ॥; ਰਾਗ ਰਾਮਕਲੀ ਰਤਨਮਾਲਾ ਮਹਲਾ ੧ ॥ ਆਸਨੁ ਸਾਧਿ ਨਿਰਾਲਮ॥; ਹਕੀਕਤ ਰਾਹੁ ਮੁਕਾਮ ਰਾਜੇ ਸਿਵਨਾਭ ਕੀ ॥ (ਵਾਰਤਕ);’ ਅਤੇ ਅੰਤ ਵਿੱਚ ‘ਰਾਗਮਾਲਾ ॥ ਰਾਗ ਏਕ॥’ ਵਾਧੂ ਜੋੜੀਆਂ ਹਨ।

ਸ੍ਰੀ ਕਰਤਾਰਪੁਰ ਵਾਲੀ ਅਜੋਕੀ ਬੀੜ ਦੇ ਤਤਕਰੇ ਵਿੱਚ ਵੀ ਇਨ੍ਹਾਂ ਰਚਨਾਵਾਂ ਦੀ ਸੰਖੇਪ ਪ੍ਰਤੀਕ ਮਿਲਦੀ ਹੈ। ਜਿਵੇਂ : 974 ਰਾਗਮਾਲਾ ਤਥਾ ਸਿਘਲ ਦੀਪ ਕੀ (ਸੱਜੇ ਹਾਸ਼ੀਏ ਵਿੱਚ ਉੱਪਰ ਨੂੰ ਟੇਡਾ ਲਿਖਿਆ) ਸਿਵਨਾਭ ਰਾਜੇ ਕੀ ਬਿਧਿ ॥ (‘ਬਿਧਿ’ ਲਫ਼ਜ਼ ਤੋਂ ਸਿਆਹੀ ਕੀ ਬਿਧਿ ਲਿਖੀ ਹੋਣ ਦਾ ਇਸ਼ਾਰਾ ਮਿਲਦਾ ਹੈ।) ਪਰ ਬੀੜ ਦੇ ਪਾਠ ਦੀ ਲਿਖਤ ਅੰਦਰ ਅੰਤ ਵਿੱਚ ਪਤਰਾ ਨੰ. 974 ਦੇ ਸੱਜੇ ਪਾਸੇ ਕੇਵਲ ‘ਰਾਗਮਾਲਾ’ ਦੀ ਹੀ ਲਿਖਤ ਹੈ। ਇਸ ਪਤਰੇ ਦਾ ਖੱਬਾ ਪਾਸਾ ਵੀ ਖਾਲੀ ਹੈ ਅਤੇ ਪਿਛਲਾ ਵੀ । ਇਸ ਤੋਂ ਪਿੱਛੋਂ ਹੋਰ ਕੋਈ ਰਚਨਾ ਨਹੀਂ । ‘ਮੁੰਦਾਵਣੀ’ ਪਤਰਾ ਨੰ. 972 ’ਤੇ ਹੈ। ਪਤਰਾ ਨੰ. 973 ਨਹੀਂ ਹੈ। ਨਵੇਂ ਹਾਸ਼ੀਏ ਤੋਂ ਪਿੱਛੋਂ ਬਹੁਤੇ ਪਤਰਾ ਨੰ. ਵੀ ਨਵੀਂ ਤੇ ਬਰੀਕ ਕਲਮ ਦੇ ਹਨ। ਡਾ. ਅਮਰ ਸਿੰਘ ਲਿਖਦੇ ਹਨ : ‘ਭਾਈ ਬੰਨੋ ਵਾਲੀ ਸ਼ਾਖ ਦੀਆਂ ਬੀੜਾਂ ਵਿੱਚ ਮੁੰਦਾਵਣੀ ਤੋਂ ਬਾਅਦ ਅਤੇ ਰਾਗਮਾਲਾ ਤੋਂ ਪਹਿਲਾਂ ਚਾਰ ਵਾਧੂ ਰਚਨਾਵਾਂ ਦਰਜ ਹੋਈਆਂ ਮਿਲਦੀਆਂ ਹਨ ਅਤੇ ਇਨ੍ਹਾਂ ਵਿਚੋਂ ਤਿੰਨ ਮਹਲਾ ੧ ਨਾਲ ਜੋੜੀਆਂ ਗਈਆਂ ਹਨ।’ (ਹੱਥ-ਲਿਖਤ ਬੀੜਾਂ ਦੇ ਦਰਸ਼ਨ-ਪੰ 35)

ਗੁਰਬਾਣੀ ਦੇ ਖੋਜੀ ਵਿਦਵਾਨਾਂ ਦੀਆਂ ਮੌਜੂਦਾ ਲਿਖਤਾਂ ਅਤੇ ਗੁਰੂ-ਕਾਲ ਦੇ ਇਤਿਹਾਸਕ ਸ੍ਰੋਤਾਂ ਤੋਂ ਨਿਸ਼ਚੇ ਹੁੰਦਾ ਹੈ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਰੂਹਾਨੀ-ਖਜ਼ਾਨੇ ਦੀ ਸੰਭਾਲ ਦਾ ਮੁੱਢਲਾ ਕਾਰਜ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਖ਼ੁਦ ਆਪਣੇ ਹੱਥੀਂ ਕੀਤਾ । ਸਤਿਗੁਰੂ ਜੀ ਨੇ ਆਪਣੀ ਅਤੇ ਦੇਸ਼ ਭਰ ਦੇ ਐਸੇ ਭਗਤਾਂ ਦੀ ਬਾਣੀ ਨੂੰ ਹੱਥੀਂ ਲਿਖ ਕੇ ‘ਪੋਥੀ’ (ਕਿਤਾਬ) ਦੇ ਰੂਪ ਵਿੱਚ ਸੰਭਾਲਿਆ, ਜਿਹੜੇ ਇੱਕ ਸਰਬ-ਵਿਆਪੀ ਅਕਾਲ-ਪੁਰਖ ਦੇ ਉਪਾਸ਼ਕ ਤੇ ਮਨੁੱਖੀ ਸਮਾਨਤਾ ਦੇ ਹਾਮੀ ਸਨ। ‘ਪੁਰਾਤਨ ਜਨਮ ਸਾਖੀ’ ਮੁਤਾਬਕ ਹਜ਼ੂਰ ਦੀਆਂ ਪ੍ਰਚਾਰ ਉਦਾਸੀਆਂ ਵੇਲੇ ਉਨ੍ਹਾਂ ਦੇ ਮਾਨਵ ਭਲਾਈ ਵਾਲੇ ਇਸ ਕੰਮ ਵਿੱਚ ਭਾਈ ਸੈਦੋ, ਭਾਈ ਹਸੂ ਤੇ ਭਾਈ ਸੀਹਾਂ ਵੀ ਲੇਖਾਰੀ ਵਜੋਂ ਆਪਣਾ ਯੋਗਦਾਨ ਪਾਉਂਦੇ ਰਹੇ। ਸ੍ਰੀ ਕਰਤਾਰਪੁਰ (ਪਾਕਿਸਤਾਨ) ਵਿਖੇ ਭਾਈ ਲਹਣਾ ਜੀ ਤੋਂ ਵੀ ਲਿਖਣ ਦੀ ਸੇਵਾ ਲਈ ।

ਚੂੜਾਮਣਿ ਕਵੀ ਭਾਈ ਸੰਤੋਖ ਸਿੰਘ ਕ੍ਰਿਤ ‘ਸ੍ਰੀ ਨਾਨਕ ਪ੍ਰਕਾਸ਼’ ਦੇ ਅਧਿਆਏ ਵਿਖੇ ਭਾਈ ਲਹਿਣਾ ਜੀ ਦੁਆਰਾ ਤਰਤੀਬ ਦੇ ਕੇ ਮੂਲ-ਮੰਤ੍ਰ ਸੁਧਾਰਨ ਅਤੇ ਗੁਰ ਨਾਨਕ-ਬਾਣੀ ਚੋਂ ਚੁਣ-ਚੁਣ ਕੇ ਜਪੁ-ਜੀ ਸੰਕਲਿਤ ਕਰਨ ਦਾ ਵਿਸ਼ੇਸ਼ ਹਵਾਲਾ ਹੈ। ਗੁਰੂ ਨਾਨਕ ਪਾਤਿਸ਼ਾਹ ਭਾਈ ਲਹਿਣਾ (ਗੁਰੂ ਅੰਗਦ) ਜੀ ਨੂੰ ‘ਗੁਨਖਾਨੀ’ (ਗੁਣਾਂ ਦੀ ਖਾਨ) ਕਹਿ ਕੇ ਇਉਂ ਸੰਬੋਧਿਤ ਹੁੰਦੇ ਹਨ :

ਅਬ ਤੁਮ ਜਗਤ ਉਧਾਰਨ ਕਾਰਨ। ਮੂਲ ਮੰਤ੍ਰ ਸ਼ੁਭ ਕਰਹੁ ਸੁਧਾਰਨ ।੯੨।

ਮਮ ਬਾਨੀ ਗੁਨਖਾਨੀ  ! ਦੇਖਾ । ਲੀਜੈ ਬੀਨੈ ਬੀਨ ਵਿਸ਼ੇਖਾ ।

ਹਮਹਿ ਸੁਨਾਵਤ ਜਾਉ ਉਚਾਰਾ। ਬੰਧ ਮਿਰਜਾਦ ਕਰਹੁ ਉਪਕਾਰਾ ।੯੩।

ਹਜ਼ੂਰ ਦਾ ਹੁਕਮ ਸੁਣਨ ਉਪਰੰਤ :

ਸੁਨਿ ਸ੍ਰੀ ਅੰਗਦ ਬੰਦਨ ਠਾਨੀ। ਬੀਨ ਬੀਨ ਨੀਕੇ ਗੁਰਬਾਨੀ ।

ਆਨਿ ਸੁਨਾਵਨ ਕੀਨ ਸੁਹਾਨੀ। ਤਬ ‘ਜਪੁ’ ਨਾਮ ਧਰਿਓ ਗੁਨਖਾਨੀ ।੯੫।

ਇਸ ਪ੍ਰਕਾਰ ‘ਧੁਰ ਕੀ ਬਾਣੀ’ ਦੀ ਜੋ ਹੱਥ ਲਿਖਤ ਪਾਵਨ ਪੋਥੀ ਤਿਆਰ ਹੋਈ, ਉਸ ਨੂੰ ਸਤਿਗੁਰੂ ਜੀ ਹਜ਼ੂਰ ਨੇ ਸਦਾ ਆਪਣੇ ਪਾਸ ਸੰਭਾਲ ਕੇ ਰੱਖਿਆ। ਮੱਕੇ (ਕਾਅਬੇ) ਦੀ ਯਾਤਰਾ ਮੌਕੇ ਵੀ ਉਹ ਪੋਥੀ ਉਨ੍ਹਾਂ ਦੇ ਪਾਸ ਮੌਜੂਦ ਸੀ। ਭਾਈ ਗੁਰਦਾਸ ਜੀ ਰਚਿਤ ਵਾਰਾਂ ’ਚੋਂ ਪਹਿਲੀ ਵਾਰ ਦੀਆਂ 32 ਅਤੇ 33 ਨੰਬਰ ਪਉੜੀਆਂ ਵਿੱਚ ਦੋ ਵਾਰ ਬਾਬੇ ਦੀ ‘ਕਿਤਾਬ’ ਦਾ ਹਵਾਲਾ ਹੋਣਾ ਪੋਥੀ ਦੀ ਉਪਰੋਕਤ ਮੌਜੂਦਗੀ ਦੀ ਵਿਸ਼ੇਸ਼ ਗਵਾਹੀ ਭਰਦਾ ਹੈ।  ਅਰਬੀ ਭਾਸ਼ਾ ਦੀ ਇਸਲਾਮਿਕ ਸ਼ਬਦਾਵਲੀ ਨਾਲ ਭਰਪੂਰ ਹਵਾਲਾ-ਜਨਕ ਉਹ ਤੁਕਾਂ ਇਸ ਪ੍ਰਕਾਰ ਹਨ :

ਆਸਾ ਹਥਿ, ਕਿਤਾਬ ਕਛਿ, ਕੂਜਾ ਬਾਂਗ ਮੁਸਲਾ ਧਾਰੀ । (ਵਾਰ 1, ਪਉੜੀ 32/2)

ਪੁਛਨਿ ਫੋਲਿ ਕਿਤਾਬ ਨੋ, ਹਿੰਦੂ ਵਡਾ ਕਿ ਮੁਸਲਮਾਨੋਈ । (ਵਾਰ 1, ਪਉੜੀ 33/3)

‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਵਿਖੇ ਅੰਕਿਤ ਰੱਬੀ-ਭੱਟ ਭਾਈ ਨਲ ਜੀ ਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਸਤਤ ਵਿੱਚ ਉਚਾਰਣ ਕੀਤੇ ਪਾਵਨ ਸਵਈਆਂ ਵਿਚਲੇ ਵਾਕ ‘‘ਗੁਰ ਅੰਗਦ ਦੀਅਉ ਨਿਧਾਨੁ; ਅਕਥ ਕਥਾ ਗਿਆਨੁ .. ॥’’ (ਭਟ ਨਲੵ/੧੩੯੯); ਸ੍ਰੀ ਗੁਰੂ ਅਮਰਦਾਸ ਜੀ ਦੇ ਪੜੋਤੇ ਬਾਬਾ ਸੁੰਦਰ ਜੀ ਦੀ ਅੱਖੀਂ ਡਿੱਠੀ ਅਤੇ ਹੱਥੀਂ ਲਿਖੀ ਗਵਾਹੀ ‘ਰਾਮਕਲੀ ਸਦੁ’ ਦੇ ਬਚਨ ‘‘ਰਾਮਦਾਸ ਸੋਢੀ ਤਿਲਕੁ ਦੀਆ; ਗੁਰ ਸਬਦੁ ਸਚੁ ਨੀਸਾਣੁ ਜੀਉ ॥’’ (ਬਾਬਾ ਸੁੰਦਰ/੯੨੩) ਅਤੇ ਅੱਗੇ ਲਿਖੀਆਂ ਇਤਿਹਾਸਕ ਲਿਖਤਾਂ ਦੇ ਚਾਨਣ ਵਿੱਚ ਕੋਈ ਭੁਲੇਖਾ ਨਹੀਂ ਰਹਿੰਦਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਿਆਈ ਦੀ ਬਖ਼ਸ਼ਿਸ਼ ਕਰਨ ਵਾਂਗ ਹੀ ਸਾਰੇ ਗੁਰੂ ਸਾਹਿਬਾਨ ਗੁਰਿਆਈ ਦੇ ਰਸਮੀ ਟਿੱਕੇ (ਤਿਲਕ) ਵਜੋਂ ਉਪਰੋਕਤ ਪੋਥੀ ਦੇ ਰੂਪ ਵਿੱਚ ਸੰਭਾਲੇ ‘ਅਕੱਥ ਕਥਾ ਗਿਆਨ’ ਦੇ ਗੁਰ ਸ਼ਬਦ-ਭੰਡਾਰ ਦੀ ਸਉਂਪਣਾ ਕਰਦੇ ਰਹੇ।

ਪ੍ਰੋ. ਪਿਆਰਾ ਸਿੰਘ ‘ਪਦਮ’ ਮੁਤਾਬਕ ਸੈਂਟਰਲ ਸਟੇਟ ਲਾਇਬ੍ਰੇਰੀ ਪਟਿਆਲਾ ਵਿਖੇ ‘ਗੋਸ਼ਟਿ ਸ੍ਰੀ ਮਿਹਰਵਾਨ ਜੀ ਕੀ’ ਦਾ ਹੱਥ-ਲਿਖਤ ਖਰੜਾ ਨੰ. 2527 ਮੌਜੂਦ ਹੈ। ਇਹ ਲਿਖਤ ਬਾਬਾ ਹਰਿ ਜੀ ਦੀ ਹੈ, ਜੋ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਵੱਡੇ ਭਰਾਤਾ ਬਾਬਾ ਪ੍ਰਿਥੀਚੰਦ ਦੇ ਪੋਤੇ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮਕਾਲੀ ਸਨ। ਉਸ ਅੰਦਰਲੇ ਹੇਠ ਲਿਖੇ ਵਾਕ ਸਪਸ਼ਟ ਕਰਦੇ ਹਨ ਕਿ ਗੁਰੂ ਨਾਨਕ ਦਰਬਾਰ ਵਿਖੇ ਗੁਰਿਆਈ ਬਖ਼ਸ਼ਣ ਦੀ ਰਸਮ ਵਿੱਚ ‘ਸ਼ਬਦ-ਭੰਡਾਰ ਦੀ ਸਉਂਪਣਾ’ ਸਦਾ ਹੀ ਵਿਸ਼ੇਸ਼ ਅੰਗ ਬਣਿਆ ਰਿਹਾ। ਜਿਵੇਂ :

‘ਤਬਿ ਗੁਰੂ ਬਾਬਾ ਨਾਨਕ ਜੀ ਗੁਰੂ ਅੰਗਦ ਕਉ ਸਬਦੁ ਕੀ ਥਾਪਨਾ ਦੇ ਕਰ ਸੰਮਤ ੧੫੯੫ ਅੱਸੂ ਵਦੀ ਦਸਮੀ ਕਉ ਆਪ ਸਚੇ ਖੰਡ ਕਉ ਸਿਧਾਰੇ ।’ (ਪਤਰਾ ਨੰ. 4)

‘ਤਬਿ ਗੁਰੂ ਅੰਗਦ ਜੀ ਕੇ ਪੀਛੇ ਬਾਈ ਬਰਸ, ਪੰਜ ਮਹੀਨੇ, ਯਾਰਾ ਦਿਨ ਗੁਰੂ ਅਮਰਦਾਸ ਸੈਸਾਰ ਕੇ ਵਿਖੈ ਭਗਤ ਕਮਾਈ ਅਰੁ ਸਬਦ ਕੀ ਥਾਪਨਾ ਗੁਰੂ ਰਾਮਦਾਸ ਜੀ ਕਉ ਦੇ ਕਰਿ ਸਚੇ ਖੰਡ ਕਉ ਸਿਧਾਰੇ ।’ (ਪਤਰਾ ਨੰ. 6)

‘ਤਬਿ ਗੁਰੂ ਰਾਮਦਾਸ ਸੰਮਤ ੧੬੩੮ ਭਾਦਉ ਸੁਦੀ ਤਿੰਨ ਸਬਦ ਕੀ ਥਾਪਨਾ ਗੁਰੂ ਅਰਜਨ ਕਉ ਦੇ ਕਰਿ ਸਚੇ ਖੰਡ ਕਉ ਸਿਧਾਰੇ।’

‘ਪੁਰਾਤਨ ਜਨਮ ਸਾਖੀ’ ਅਤੇ ‘ਭਾਈ ਬਾਲੇ ਵਾਲੀ ਜਨਮ ਸਾਖੀ’ ਵੀ ਉਪਰੋਕਤ ਹਕੀਕਤ ਦੀ ਗਵਾਹੀ ਭਰਦੀਆਂ ਹਨ। ਜਿਵੇਂ :

‘ਤਿਤੁ ਮਹਿਲ ਜੋ ਸਬਦੁ ਹੋਆ ਸੋ ਪੋਥੀ ਜੁ ਬਾਨਿ (ਬਾਣੀ ਦੀ ਪੋਥੀ) ਗੁਰੂ ਅੰਗਦ ਜੋਗ ਮਿਲੀ ।’

(ਪੁਰਾਤਨ ਜਨਮ ਸਾਖੀ, ਪੰਨਾ 207)

‘ਪ੍ਰਸਿੰਨ ਹੋ ਕਰ ਬਾਣੀ ਕਾ ਖਜ਼ਾਨਾ ਗੁਰੂ ਅੰਗਦ ਦੇ ਹਵਾਲੇ ਕੀਤਾ ।’ (ਵੱਡੀ ਜਨਮ ਸਾਖੀ ਭਾਈ ਬਾਲਾ, ਪੰਨਾ 616)

‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੇ ਕਰਤਾ ਪ੍ਰੋ. ਸਾਹਿਬ ਸਿੰਘ ਜੀ ਵੀ ਪਹਿਲੇ ਪੰਜ ਗੁਰੂ-ਸਾਹਿਬਾਨ ਦੀ ਬਾਣੀ ਅਤੇ ਭਗਤ-ਬਾਣੀ ਦੇ ਆਪਸੀ ਮਿਲਾਨ ਤੋਂ ਉਪਰੋਕਤ ਨਤੀਜੇ ’ਤੇ ਹੀ ਪਹੁੰਚੇ ਸਨ। ‘ਸਿੰਘ ਬ੍ਰਦਰਜ਼ ਅੰਮ੍ਰਿਤਸਰ’ ਦੁਆਰਾ ਪ੍ਰਕਾਸ਼ਤ ਪੁਸਤਕ ‘ਆਦਿ ਬੀੜ ਬਾਰੇ’ (ਗਿਆਰਵੀਂ ਐਡੀਸ਼ਨ, ਮਾਰਚ 2011) ਵਿੱਚ ਲਿਖਦੇ ਹਨ : ‘ਸਭ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਦੀ ਬਾਣੀ  ਦਾ ਟਾਕਰਾ ਗੁਰੂ ਨਾਨਕ ਸਾਹਿਬ ਦੀ ਬਾਣੀ ਨਾਲ ਕਰਨਾ ਹੈ। ਗੁਰੂ ਅੰਗਦ ਸਾਹਿਬ ਦੀ ਬਾਣੀ ਬਹੁਤ ਥੋੜੀ ਹੈ, ਸਿਰਫ਼ 63 ਸਲੋਕ। ਇਸ ਵਾਸਤੇ ਇਨ੍ਹਾਂ ਦੀ ਬਾਣੀ ਵਿਚੋਂ ਸਾਂਝ ਦੀਆਂ ਵੰਨਗੀਆਂ ਬਹੁਤ ਥੋੜੀਆਂ ਪੇਸ਼ ਕੀਤੀਆਂ ਜਾਣਗੀਆਂ, ਪਰ ਇਹ ਥੋੜੀਆਂ ਵੰਨਗੀਆਂ ਸਾਫ਼ ਇਹ ਦੱਸਦੀਆਂ ਹਨ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅੰਗਦ ਦੇਵ ਜੀ ਪਾਸ ਮੌਜੂਦ ਸੀ।’ ( ਪੰ. 37) ‘ਗੁਰੂ ਨਾਨਕ ਸਾਹਿਬ ਦੀ ਸਾਰੀ ਬਾਣੀ ਗੁਰੂ ਅਮਰਦਾਸ ਜੀ ਦੇ ਪਾਸ ਸੀ। ਇਸੇ ਬਾਣੀ ਤੋਂ ਪ੍ਰੇਰਨਾ ਲੈ ਕੇ ਗੁਰੂ ਅਮਰਦਾਸ ਜੀ ਨੇ ਆਪ ਭੀ ਬਾਣੀ ਲਿਖੀ। ਪਹਿਲੇ ਗੁਰ-ਵਿਅਕਤੀਆਂ ਦੀ ਬਾਣੀ ਸਮੇਤ ਇਹ ਆਪਣੀ ਬਾਣੀ ਭੀ ਉਨ੍ਹਾਂ ਗੁਰੂ ਰਾਮਦਾਸ ਜੀ ਦੇ ਹਵਾਲੇ ਕੀਤੀ ਸੀ, ਕਿਉਂਕਿ ਗੁਰੂ ਰਾਮਦਾਸ ਜੀ ਦੀ ਬਾਣੀ ਵਿਚ ਭੀ ਪਹਿਲੇ ਗੁਰ-ਮਹਲਾਂ ਦੀ ਬਾਣੀ ਦੀ ਕਾਫ਼ੀ ਢੂੰਘੀ ਸਾਂਝ ਹੈ। ਇਸੇ ਤਰ੍ਹਾਂ ਇਹ ਸਾਰੀ ਬਾਣੀ ਗੁਰੂ ਅਰਜਨ ਸਾਹਿਬ ਤਕ ਅੱਪੜ ਗਈ’ । (ਪੰ. 76)

ਪੁਰਾਤਨ ਹੱਥ-ਲਿਖਤ ਬੀੜਾਂ ਦੇ ਤਤਕਰੇ ਤੋਂ ਪ੍ਰਮਾਣਿਤ ਹੁੰਦਾ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਵੀ ਆਪਣੇ ਹੱਥੀਂ ਬਾਣੀ ਲਿਖਦੇ ਰਹੇ। ਜਿਵੇਂ ਸ੍ਰੀ ਕਰਤਾਰਪੁਰੀ ਮੌਜੂਦਾ ਬੀੜ (ਲਿਖਾਰੀ ਮੁਤਾਬਕ ਲਿਖਤ ਸੰਮਤ ੧੬੬੧) ਵਿੱਚ ‘ਜਪੁ’ ਬਾਣੀ ਦੀ ਪ੍ਰਤੀਕ ਵਜੋਂ ਦਰਜ ਹੈ : ‘ਜਪੁ ਗੁਰੂ ਰਾਮਦਾਸ ਜੀਉ ਕਿਆ ਦਸਖਤਾ ਕਾ ਨਕਲੁ’। ਭਾਈ ਬਿਧੀ ਚੰਦ ਜੀ ਵਾਲੀ ਸੁਰਸਿੰਘੀ ਬੀੜ ਵਿੱਚ ਲਿਖਿਆ ਹੈ : ‘ਜਪੁ ਸ੍ਰੀ ਸਤਿਗੁਰੂ ਰਾਮਦਾਸ ਜੀਉ ਕਿਆ ਦਸਖਤਾ ਕਾ ਨਕਲੁ’। ਬਾਬਾ ਰਾਮਰਾਇ ਦੀ ਸੰਪਰਦਾ ਦੇ ਲਿਖਾਰੀ ਦੁਆਰਾ ਸੰਨ 1695 ਵਿਖੇ ਲਿਖੀ ਪਾਵਨ ਬੀੜ ਵਿੱਚ ਲਿਖਤ ਹੈ : ‘ਜਪੁ ਸ੍ਰੀ ਸਤਿਗੁਰੂ ਰਾਮਦਾਸ ਜੀਉ ਕਿਆ ਦਸਖਤਾ ਕਾ ਨਕਲੁ’ ਭਾਵ ਇਨ੍ਹਾਂ ਬੀੜਾਂ ਵਿੱਚ ਜਪੁ-ਜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਲਿਖਤ ਦਾ ਉਤਾਰਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ’ ਦੇ ਹੱਥ-ਲਿਖਤ MSG-65 ਗ੍ਰੰਥ, ਜਿਸ ਦੇ ਅੰਤ ਵਿੱਚ ਬੀੜ ਲਿਖਣ ਦਾ ਸਮਾਂ ‘ਸੰਮਤ ੧੮੫੨ (1795 ਈ.) ਦਰਜ ਹੈ। ਇਸ ਦੇ ਤਤਕਰੇ ਵਿੱਚ ‘ਜਪੁ’ ਬਾਣੀ ਦੀ ਪ੍ਰਤੀਕ ਵਜੋਂ : ‘ਜਪੁ ਗੁਰੂ ਰਾਮਦਾਸ ਜੀਉ ਕਿਆ ਦਸਤਖਤ ਕਾ ਨਕਲ ਥਾ ਤਿਸ ਕਾ ਨਕਲੁ ਨਕਲ ਕਾ ਨਕਲੁ ਨਕਲੁ 5’ ਲਿਖਿਆ ਹੈ। ਇਸ ਦਾ ਭਾਵ ਹੈ ਕਿ ਗੁਰੂ ਪੰਚਮ ਪਾਤਿਸ਼ਾਹ ਦੁਆਰਾ ਸੰਪਾਦਤ ਕਰਵਾਈ ‘ਪੋਥੀ’ (ਆਦਿ ਬੀੜ) ਸਾਹਿਬ ਵਾਲੇ ਜਪੁ-ਜੀ ਦਾ ਇਹ ਚੌਥੀ ਥਾਂ ਉਤਾਰਾ ਹੈ।

ਜਦੋਂ ਤਕ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਬਦੌਲਤ ਪ੍ਰੋ. ਪ੍ਰੀਤਮ ਸਿੰਘ ਜੀ ਦੁਆਰਾ ਸੰਪਾਦਤ ਪੁਸਤਕ ‘ਅਹੀਆਪੁਰ ਵਾਲੀ ਪੋਥੀ’ (ਪ੍ਰਕਾਸ਼ਿਤ ਸੰਨ 1998) ਦੇ ਨਾਮ ਹੇਠ ਪ੍ਰਕਾਸ਼ਿਤ ਨਹੀਂ ਸੀ ਹੋਈ, ਤਦੋਂ ਤਕ ਤਾਂ ਪ੍ਰੋ. ਸਾਹਿਬ ਸਿੰਘ ਜੀ ਦੇ ਉਪਰੋਕਤ ਨਿਰਣੈ ਨੂੰ ਦਰਕਿਨਾਰ ਕਰਕੇ ਅਜਿਹਾ ਵੀ ਮੰਨਿਆ ਜਾਂਦਾ ਰਿਹਾ ਕਿ ਸ੍ਰੀ ਗੋਇੰਦਵਾਲ ਵਾਲੀਆਂ ਪੋਥੀਆਂ ਹੀ ਗੁਰੂ ਪੰਚਮ ਪਾਤਿਸ਼ਾਹ ਦੁਆਰਾ ਸੰਪਾਦਤ ‘ਪੋਥੀ’ ਸਾਹਿਬ ਦਾ ਆਧਾਰ ਬਣੀਆਂ ਸਨ, ਪਰ ਹੁਣ ਜਦੋਂ ਪ੍ਰੋ. ਪ੍ਰੀਤਮ ਸਿੰਘ ਹੁਰਾਂ ਨੇ ‘ਅਹੀਆਪੁਰ ਵਾਲੀ ਪੋਥੀ’ ਦੇ ਨਾਂ ਹੇਠ ਇਨ੍ਹਾਂ ਪੋਥੀਆਂ ਵਿਚਲੀ ਬਾਣੀ ਦੀ ਇਕ-ਇਕ ਤੁਕ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਮਿਲਾਨ ਕਰਕੇ ਅਧਿਐਨ ਕੀਤਾ, ਤਾਂ ਉਨ੍ਹਾਂ ਇਸ ਪੁਸਤਕ ਦੀ ਭੂਮਿਕਾ ਵਿੱਚ ਹੇਠ ਲਿਖਿਆ ਸਪਸ਼ਟ ਨਿਰਣਾ ਦਿੱਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਢਲੇ ਰੂਪ ਪੋਥੀ ਸਾਹਿਬ (ਆਦਿ ਬੀੜ) ਦੀ ਸੰਪਾਦਨਾ ਮੌਕੇ ਬਾਬਾ ਮੋਹਨ ਜੀ ਵਾਲੀਆਂ (ਅਹੀਆਪੁਰ ਜਾਂ ਸ੍ਰੀ ਗੋਇੰਦਵਾਲ ਵਾਲੀਆਂ) ਪੋਥੀਆਂ ਦੀ ਵਰਤੋਂ ਨਹੀਂ ਸੀ ਕੀਤੀ ਗਈ। ਉਨ੍ਹਾਂ ਦੀ ਲਿਖਤ ਹੈ :

‘ਮੈਂ ਜਿਨ੍ਹਾਂ ਨਤੀਜਿਆਂ ਉੱਤੇ ਪਹੁੰਚ ਸਕਿਆ ਹਾਂ, ਉਨ੍ਹਾਂ ਵੱਲ ਪਹੁੰਚਣ ਲਈ ਮੈਂ ਕਿਸੇ ਤੱਥ ਨੂੰ ਦਬਾਉਣ, ਵਿਗਾੜਣ, ਮਰੋੜਨ ਜਾਂ ਸੋਧ-ਸਵਾਰ ਕੇ ਪੇਸ਼ ਕਰਨ ਦਾ ਜਤਨ ਨਹੀਂ ਕੀਤਾ ਤੇ ਨਾ ਹੀ ਉਸ ਨੂੰ ਖਿੱਚ-ਧੂਹ ਕੇ ਆਪਣੇ ਪੱਖ ਵਿਚ ਭੁਗਤਾਉਣ ਉੱਤੇ ਹੀ ਜ਼ੋਰ ਲਾਇਆ ਹੈ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਮਨ ਬਿਲਕੁਲ ਨਹੀਂ ਸੀ ਬਣਾਇਆ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਰ ਹਾਲਤ ਵਿਚ (ਇਸ) ਪੋਥੀ ਦੀ ਲਾਗ ਤੋਂ ਬਚਾਉਣਾ ਹੈ, ਪਰ ਜਿਉਂ ਜਿਉਂ ਕੰਮ ਅੱਗੇ ਵਧਦਾ ਗਿਆ, ‘ਪੋਥੀ’ ਬਦੋ-ਬਦੀ ਮੈਨੂੰ ਇਸ ਨਤੀਜੇ ਵੱਲ ਧੂੰਹਦੀ ਗਈ ਕਿ ‘ਮੇਰੀ ਆਪਣੀ ਇਕ ਸੁਤੰਤਰ ਹਸਤੀ ਹੈ ਜੋ ‘ਆਦਿ ਬੀੜ’ ਨਾਲੋਂ ਵੱਖਰੀ ਹੈ। ਮੈਂ ਨਿਮਾਣੀ ਸਹੀ, ਮੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕੀ ਮੁਕਾਬਲਾ ਹੈ ? ਪਰ ਅਸੀਂ ਦੋਵੇਂ ਵੱਖ ਵੱਖ ਰਾਹਾਂ ਉੱਤੇ ਤੁਰੇ ਵੱਖ ਵੱਖ ਪਾਂਧੀ ਹਾਂ, ਤੁਸੀਂ ਮੇਰੀ ਹਸਤੀ ਨੂੰ ਮਧੋਲਣ ਦੇ ਨਾਲ ਹੀ ‘ਆਦਿ ਬੀੜ’ ਦੀ ਪਾਵਨਤਾ ਨੂੰ ਗੰਦਲਾਉਣ ਉੱਤੇ ਕਿਉਂ ਜ਼ੋਰ ਲਾ ਰਹੇ ਹੋ’। (ਪੰਨਾ-239)

ਇਸ ਪ੍ਰਕਾਰ ਕੋਈ ਭੁਲੇਖਾ ਨਹੀਂ ਰਹਿੰਦਾ ਕਿ ਪਹਿਲੇ ਗੁਰੂ ਬਾਬਾ ਨਾਨਕ ਤੋਂ ਲੈ ਕੇ ਦੂਜੇ, ਤੀਜੇ ਅਤੇ ਚੌਥੇ ਗੁਰੂ ਰਾਹੀਂ ‘ਧੁਰ ਕੀ ਬਾਣੀ’ ਦਾ ਸਾਰਾ ਖਜ਼ਾਨਾ ਗੁਰੂ ਅਰਜਨ ਪਾਤਿਸ਼ਾਹ ਜੀ ਤੱਕ ਕਿਵੇਂ ਪਹੁੰਚਾ ? ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਵਿਖੇ ‘ਗਉੜੀ ਮਹਲਾ ੫’ ਦੇ ਸਿਰਲੇਖ ਹੇਠ ਪੰਨਾ ੧੮੬ ’ਤੇ ਸ਼ੋਭਨੀਕ ਗੁਰਵਾਕ ‘‘ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ   ਤਾ ਮੇਰੈ ਮਨਿ ਭਇਆ ਨਿਧਾਨਾ ’’ (ਮਹਲਾ /੧੮੬) ਹਜ਼ੂਰ ਦਾ ਆਪਣਾ ਗੁਰਵਾਕ, ਇਸ ਹਕੀਕਤ ਦਾ ਸਭ ਤੋਂ ਸਰਬੋਤਮ ਤੇ ਅਕੱਟ ਪ੍ਰਮਾਣ ਹੈ। ਪੁਰਾਤਨ ਹੱਥ-ਲਿਖਤ ਬੀੜਾਂ ਦੇ ਗਹਿਰੇ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਚੌਥੇ ਮਹਲੇ ਤਕ ਦੀ ਬਾਣੀ ਦੇ ਸ਼ਬਦਾਂ ਦੀ ਗਿਣਤੀ ਦਾ ਜੁਮਲਾ (ਕੁੱਲ ਜੋੜ) ਵੀ ਵਖਰਾ ਕੀਤਾ ਹੈ। ਆਸਾ ਮਹਲਾ ੫ ਦੇ ਸਿਰਲੇਖ ਹੇਠ ‘‘ਹਮਾਰੀ ਪਿਆਰੀ, ਅੰਮ੍ਰਿਤ ਧਾਰੀ; ਗੁਰਿ, ਨਿਮਖ ਮਨ ਤੇ ਟਾਰੀ ਰੇ ਰਹਾਉ ’’ (ਮਹਲਾ /੪੦੪) ਗੁਰ ਵਾਕ ਵੀ ਉਪਰੋਕਤ ਹਕੀਕਤ ਦੀ ਜ਼ੋਰਦਾਰ ਪ੍ਰੋੜ੍ਹਤਾ ਕਰਦਾ ਹੈ; ਕਿਉਂਕਿ ਇਸ ਵਾਕ ਤੋਂ ਸਿੱਧ ਹੁੰਦਾ ਹੈ ਕਿ ਸਤਿਗੁਰਾਂ ਨੇ ਇੱਕ ਛਿਨ ਲਈ ਵੀ ‘ਧੁਰ ਕੀ ਬਾਣੀ’ ਨੂੰ ਨਹੀਂ ਭੁਲਾਇਆ।

ਹਜ਼ੂਰ ਨੇ ਸ਼ਹਾਦਤ ਤਾਂ ਪ੍ਰਵਾਨ ਕਰ ਲਈ, ਪਰ ਹਕੂਮਤ ਦੇ ਦਬਾਅ ਹੇਠ ਨਾ ਤਾਂ ਕਾਨ੍ਹਾ, ਛੱਜੂ, ਪੀਲੂ ਤੇ ਸ਼ਾਹ-ਸੁਹੈਨ ਵਰਗੇ ਕਵੀਆਂ ਦੀਆਂ ਰਚਨਾਵਾਂ ਨੂੰ ‘ਪੋਥੀ’ ਸਾਹਿਬ ਦਾ ਭਾਗ ਬਣਾਇਆ ਅਤੇ ਨਾ ਹੀ ਕੱਟੜ ਸਰਹੰਦੀ ਮੁਲਾਣਿਆਂ ਦੇ ਮੁਰੀਦ ਬਣੇ ਬਾਦਿਸ਼ਾਹ ਜਹਾਂਗੀਰ ਸਮੇਤ ਸੁਲਹੀ ਖ਼ਾਂ ਵਰਗੇ ਕਿਸੇ ਵੀ ਗੁਰੂ-ਦੋਖੀ ਦਾ ਹੱਥ ‘ਪੋਥੀ ਸਾਹਿਬ’ ਤਕ ਪਹੁੰਚਣ ਦਿੱਤਾ, ‘‘ਸੁਲਹੀ ਤੇ ਨਾਰਾਇਣ ਰਾਖੁ   ਸੁਲਹੀ ਕਾ ਹਾਥੁ ਕਹੀ ਪਹੁਚੈ; ਸੁਲਹੀ ਹੋਇ ਮੂਆ ਨਾਪਾਕੁ ਰਹਾਉ ’’ (ਮਹਲਾ /੮੨੫) ਵਾਲ਼ਾ ਜੋ ਅਰਦਾਸ ਰੂਪ ਗੁਰ ਵਾਕ ਹੈ, ਇਸ ਦੇ ਪਿਛੋਕੜ ਵਿੱਚ ਵੀ ‘ਪੋਥੀ ਸਾਹਿਬ’ ਦੀ ਸੇਵਾ-ਸੰਭਾਲ ਦੀ ਜ਼ਿਮੇਵਾਰੀ ਹੀ ਛੁਪੀ ਜਾਪਦੀ ਹੈ। ਐਸਾ ਤਾਂ ਕਦਾਚਿਤ ਵੀ ਨਹੀਂ ਸੋਚਿਆ ਜਾ ਸਕਦਾ ਕਿ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਜੀ ਨੂੰ ਨਾਪਾਕ ਸੁਲਹੀ ਤੋਂ ਆਪਣੀ ਜਾਨ ਦਾ ਖ਼ਤਰਾ ਸੀ। ਹਜ਼ੂਰ ਤਾਂ ਅਕਾਲ-ਮੂਰਤਿ ਅਬਿਨਾਸੀ ਪ੍ਰਭੂ ਜੀ ਨੂੰ ਆਪਣੇ ਸਮੇਤ ਸਮੂਹ ਸੰਸਾਰ ਦਾ ਮੂਲ ਸਮਝ ਕੇ ਬੇਪ੍ਰਵਾਹ ਹੋਏ ਇਉਂ ਗਾਉਂਦੇ ਸਨ ਕਿ ਉਸ ਮਾਲਕ ਤੋਂ ਬਗ਼ੈਰ ਹੋਰ ਕੋਈ ਸਾਨੂੰ ਮਾਰਨ ਦੀ ਤਾਕਤ ਨਹੀਂ ਰੱਖਦਾ : ‘‘ਨਾ ਓਹੁ ਮਰਤਾ; ਨਾ ਹਮ ਡਰਿਆ   ਨਾ ਓਹੁ ਬਿਨਸੈ; ਨਾ ਹਮ ਕੜਿਆ   ਨਾ ਓਹੁ ਨਿਰਧਨੁ; ਨਾ ਹਮ ਭੂਖੇ   ਨਾ ਓਸੁ ਦੂਖੁ; ਹਮ ਕਉ ਦੂਖੇ ’’ (ਮਹਲਾ /੩੯੧)

ਚੱਲਦਾ