ਪਾਠ-ਭੇਦ ਗਾਥਾ ਸ੍ਰੀ ਗੁਰੂ ਗ੍ਰੰਥ ਸਾਹਿਬ (ਭਾਗ ਪਹਿਲਾ)

0
67

ਪਾਠਭੇਦ ਗਾਥਾ ਸ੍ਰੀ ਗੁਰੂ ਗ੍ਰੰਥ ਸਾਹਿਬ (ਭਾਗ ਪਹਿਲਾ)

 ਗਿਆਨੀ ਜਗਤਾਰ ਸਿੰਘ ਜਾਚਕ (ਨਿਊਯਾਰਕ)

  1. ਗਾਥਾ : ਧਰਮ ਗ੍ਰੰਥਾਂ ਦੀ ਲਿਖਤੀ ਪ੍ਰੰਪਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ੇਸ਼ ਸਥਾਨ ਦੀ

ਰੂਹਾਨੀਅਤ ਦੇ ਅਬਿਨਾਸੀ ਸੂਰਜ, ਗੁਰਮਤਿ ਗਿਆਨ ਦੇ ਸਮੁੰਦਰ, ਧਾਰਮਕ ਉਦਾਰਤਾ ਤੇ ਭਾਵਨਾਤਮਕ ਏਕਤਾ ਦੇ ਅਲੰਬਰਦਾਰ, ਮਾਨਵਤਾ ਦੇ ਕਲਿਆਣਕਾਰੀ ਤੇ ਸਰਬਸਾਂਝੇ ਸ਼ਬਦ ਰੂਪ ਰਹਿਬਰ, ਨਾਮ-ਅੰਮ੍ਰਿਤ ਦੇ ਅਸੁੱਕ ਤੇ ਅਮੁੱਕ ਸੋਮੇ, ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸੰਸਾਰ ਦੇ ਧਾਰਮਕ ਇਤਿਹਾਸ ਵਿੱਚ ਇੱਕੋ-ਇੱਕ ਐਸੇ ਧਰਮ-ਗ੍ਰੰਥ ਹਨ, ਜਿਨ੍ਹਾਂ ਨੂੰ ਨਾਨਕ-ਜੋਤਿ ਗੁਰੂ ਸਾਹਿਬਾਨ ਨੇ ਆਪ ਸੰਪਾਦਤ ਕਰਕੇ ਮਾਨਵਤਾ ਦੀ ਸਰਬਪੱਖੀ ਤੇ ਸਦੀਵੀ ਅਗਵਾਈ ਲਈ ਗੁਰਿਆਈ ਤਖ਼ਤ ’ਤੇ ਸੁਭਾਇਮਾਨ ਕੀਤਾ। ਇਤਿਹਾਸ ਗਵਾਹ ਹੈ ਕਿ ਸੰਨ 1590 ਤੋਂ ਸਤੰਬਰ ਸੰਨ 1604 ਤੱਕ ਦੇ 15 ਵਰ੍ਹੇ ਲਗਾ ਕੇ ਸ੍ਰੀ ਗੁਰੂ ਅਰਜਨ ਪਾਤਿਸ਼ਾਹ ਨੇ ਆਪਣੀ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ‘ਧੁਰ ਕੀ ਬਾਣੀ’ ਦੇ ਲਿਖਤੀ ਰੂਪ ਵਿੱਚ ਪ੍ਰਾਪਤ ਹੋਏ ਪਿਊ-ਦਾਦੇ ਦੇ ਅਮੁਲੀਕ ਖ਼ਜ਼ਾਨੇ ਨੂੰ ਸ੍ਰੀ ਅੰਮ੍ਰਿਤਸਰ ਵਿਖੇ ‘ਪੋਥੀ’ ਸਾਹਿਬ (ਆਦਿ ਗ੍ਰੰਥ) ਵਜੋਂ ਸੰਪਾਦਤ ਕੀਤਾ।

ਹਜ਼ੂਰ ਸਤਿਗੁਰੂ ਜੀ ਦੀ ਨਿਗਰਾਨੀ ਹੇਠ ਸਮੁੱਚੀ ਬਾਣੀ ਲਿਖਣ ਤੇ ਸੰਪਾਦਨ ਦੀ ਨਿਰਣੈ ਜਨਕ ਅੰਤਮ ਜ਼ਿਮੇਵਾਰੀ ਭਾਈ ਗੁਰਦਾਸ ਜੀ (ਭੱਲੇ) ਨੇ ਨਿਭਾਈ, ਜੋ ਸੰਸਕ੍ਰਿਤ ਤੇ ਫ਼ਾਰਸੀ ਭਾਸ਼ਾ ਦੇ ਵਿਦਵਾਨ, ਸਤਿਗੁਰਾਂ ਦੇ ਸਤਿਸੰਗੀ ਗੁਰਸਿੱਖ ਹੋਣ ਨਾਂ ਤੇ ਗੁਰਮਤਿ ਸਿਧਾਂਤਾਂ ਦੇ ਜਾਣੂ ਤੇ ਅਮਲੀ ਕਿਰਦਾਰ ਵਾਲੇ ਜਮਾਂਦਰੂ-ਕਵੀ ਸਨ, ਪ੍ਰੰਤੂ ਉਨ੍ਹਾਂ ਤੋਂ ਪਹਿਲਾਂ ਪੰਜਵੇਂ ਮਹਲੇ ਦੀ ਬਾਣੀ ਲਿਖਣ ਅਤੇ ਪਹਿਲੇ ਚਾਰ ਗੁਰੂ ਸਾਹਿਬਾਨ ਤੇ ਭਗਤ-ਜਨਾਂ ਦੀ ਬਾਣੀ ਨੂੰ ਵਾਚਣ ਤੇ ਤਰਤੀਬ ਕਰਨ ਦੀ ਸੇਵਾ 4 ਹੋਰ ਸਿੱਖ ਸੇਵਕਾਂ ਨੇ ਕੀਤੀ। ਭਾਈ ਕੇਸਰ ਸਿੰਘ ਛਿੱਬਰ ਦੁਆਰਾ ਸੰਨ 1769 ਵਿੱਚ ਲਿਖੇ ਬੰਸਾਵਲੀ ਨਾਮੇ ਮੁਤਾਬਕ ਉਨ੍ਹਾਂ ਦੇ ਨਾਮ ਹਨ ‘ਭਾਈ ਸੰਤ ਰਾਮ, ਭਾਈ ਸੁਖਾ, ਭਾਈ ਹਰੀਆ ਤੇ ਚੌਥਾ ਹੈ ਭਾਈ ਮਨਸਾ ਰਾਮ’ । ‘ਧੁਰ ਕੀ ਬਾਣੀ’ ਦੇ ਇਸ ਪਾਵਨ ਸੰਗ੍ਰਹਿ ਵਿੱਚ ਗੁਰਮੁਖੀ ਲਿਪੀ ਦੀ ਕਾਵਿਕ, ਸੰਗੀਤਕ ਤੇ ਵਿਆਕਰਨਿਕ ਸ਼ੈਲੀ ਦੁਆਰਾ ਪੰਜ ਗੁਰੂ ਸਾਹਿਬਾਨ, ਦੇਸ਼ ਭਰ ਦੇ 15 ਭਗਤ-ਜਨਾਂ ਅਤੇ ਸਿੱਖ ਸੇਵਕਾਂ ਦੇ ਰੂਪ ਵਿੱਚ 11 ਭੱਟਾਂ, ਬਾਬਾ ਸੁੰਦਰ ਜੀ ਤੇ ਭਾਈ ਸੱਤਾ ਤੇ ਰਾਇ ਬਲਵੰਡ ਨਾਂ ਦੇ ਦੋ ਹਜ਼ੂਰੀ ਕੀਰਤਨੀਆਂ ਦੀਆਂ ਰੂਹਾਨੀ ਰਚਨਾਵਾਂ ਨੂੰ ਸੰਭਾਲਿਆ ਗਿਆ ਹੈ। ਇਸ ਤੋਂ ਇਹ ਅੰਦਾਜ਼ਾ ਲਗਾਉਣਾ ਔਖਾ ਨਹੀਂ ਕਿ ਬਾਬਾ ਫ਼ਰੀਦ ਜੀ ਤੋਂ ਲੈ ਕੇ ਪੰਜਵੇਂ ਗੁਰੂ-ਪਾਤਿਸ਼ਾਹ ਤੱਕ ਦੇ 34 ਮਹਾਂਪੁਰਸ਼ਾਂ ਦੇ ‘ਅੰਮ੍ਰਿਤਮਈ ਬਚਨਾਂ’ ਦੀ ਸ਼ੁੱਧਤਾ ਨੂੰ ਧਿਆਨ ਵਿੱਚ ਰੱਖਦਿਆਂ ਉਸ ਨੂੰ ਵੱਖ-ਵੱਖ ਬਾਣੀਕਾਰਾਂ ਦੇ ਨਾਵਾਂ ਹੇਠ ਪ੍ਰਗਟਾਉਣ, ਸੰਭਾਲਣ, ਸੰਵਾਰਨ ਤੇ ਸੰਪਾਦਨ ਦਾ ਕਾਰਜ ਕਿੰਨਾ ਬਿਖਮ ਤੇ ਗੁੰਝਲ਼ਦਾਰ ਸੀ।

ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਨਿਮਰਤਾ ਅਤੇ ਉਨ੍ਹਾਂ ਦੇ ਅਨਿੰਨ ਭਗਤ ਭਾਈ ਗੁਰਦਾਸ ਜੀ ਦੀ ਨਿਸ਼ਕਾਮਤਾ ਦਾ ਸਿਖਰ ਇਹ ਹੈ ਕਿ ਐਨਾ ਮਹਾਨ ਕਾਰਜ ਕਰਨ ਉਪਰੰਤ ਵੀ ਗੁਰਦੇਵ ਜੀ ਨੇ ਸੰਪਾਦਕ ਹੋਣ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਤੇ ਸਹਿਯੋਗੀ ਸਾਥੀਆਂ (ਭਾਈ ਸੰਤ ਰਾਮ, ਭਾਈ ਸੁਖਾ, ਭਾਈ ਹਰੀਆ ਤੇ ਭਾਈ ਮਨਸਾ ਰਾਮ ਜੀ) ਦੇ ਲਿਖਾਰੀ ਹੋਣ ਦਾ ਬੀੜ ਦੀ ਰਚਨਾ ’ਚ ਕੋਈ ਹਵਾਲਾ ਜਾਂ ਸੂਚਨਾ ਦੇਣੀ ਵੀ ਯੋਗ ਨਾ ਸਮਝੀ। ਜੇ ਕਿਧਰੇ ਜ਼ਿਕਰ ਕੀਤਾ ਹੁੰਦਾ ਤਾਂ ਨਿਕਟਵਰਤੀ ਉਤਾਰਿਆਂ ਵਿੱਚ ਅਜਿਹੀ ਸੂਚਨਾ ਜ਼ਰੂਰ ਲਿਖੀ ਮਿਲਦੀ। ਇਸ ਦੇ ਕਾਰਨ ਮੈਨੂੰ ਇਹ ਜਾਪਦੇ ਹਨ ਕਿ ਇੱਕ ਤਾਂ ਹਜ਼ੂਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ‘ਸੁਖਮਨੀ’ ਵਿੱਚ ਸੇਵਕ-ਸਿੱਖ ਦਾ ਵਰਣਨ ਕਰਦਿਆਂ ਆਪ ਬਿਆਨ ਕੀਤਾ ਹੈ, ‘‘ਸੇਵਾ ਕਰਤ ਹੋਇ ਨਿਹਕਾਮੀ ਤਿਸ ਕਉ ਹੋਤ ਪਰਾਪਤਿ ਸੁਆਮੀ ’’ (ਮਹਲਾ /੨੮੭) ਦੂਜੇ, ਮੁਖੀ ਭੱਟ ਕਲਸਹਾਰ ਜੀ ਨੇ ‘ਸਵਈਏ ਮਹਲੇ ਦੂਜੇ ਕੇ’ ਦੇ ਸਿਰਲੇਖ ਹੇਠ ਲਿਖਿਆ ਹੈ ਕਿ ਸਤਿ ਸੰਗਤ ਦੀ ਬਰਕਤ ਨਾਲ ਮਨੁੱਖ ਸਹਿਜ ਅਵਸਥਾ ’ਚ ਟਿਕ ਜਾਂਦੇ ਹਨ। ਉਹ ਗੁਰ ਸ਼ਬਦ ਦੀ ਵਿਚਾਰ ਸਦਕਾ ਮਾਨਸਕ ਤੌਰ ’ਤੇ ਜਾਗਰੂਕ ਹੋਣ ਕਾਰਨ ਸੁਭਾਵਕ ਹੀ ਸਦਾ ਲਈ ਨਿਮਰਤਾ ਤੇ ਪਰਮ ਪਿਆਰ ’ਚ ਭਿੱਜੇ ਰਹਿੰਦੇ ਹਨ। ਭੱਟ ਬਾਣੀ ਦੇ ਦਰਗਾਹੀ ਬੋਲ ਹਨ, ‘‘ਸਤਸੰਗਤਿ ਸਹਜ ਸਾਰਿ, ਜਾਗੀਲੇ ਗੁਰ ਬੀਚਾਰਿ; ਨਿੰਮਰੀ ਭੂਤ ਸਦੀਵ ਪਰਮ ਪਿਆਰਿ ’’ (ਭਟ ਕਲ/੧੩੯੧)

ਤੀਜੇ, ਗੁਰਬਾਣੀ ਦੀ ਸੰਪਾਦਨਾ ਤੇ ਲਿਖਾਈ ਦੇ ਇਤਿਹਾਸ ਨੂੰ ਮੁੱਖ ਰੱਖਦਿਆਂ ਉਹ ਭਲੀਭਾਂਤ ਜਾਣਦੇ ਸਨ ਕਿ ਇਹ ਕਾਰਜ ਗੁਰੂ ਨਾਨਕ ਪਾਤਿਸ਼ਾਹ ਦੇ ਸਮੇਂ ਤੋਂ ਨਿਰੰਤਰ ਚੱਲ ਰਿਹਾ ਹੈ ਅਤੇ ਅੱਗੇ ਵੀ ਇਸ ਦਾ ਵਿਕਾਸ ਹੋਣ ਵਾਲਾ ਹੈ। ਮੱਧ-ਕਾਲ ਦੇ ਗੁਰੂ ਹੋਣ ਦੇ ਨਾਂ ਤੇ ਗੁਰੂ-ਜੋਤਿ ਦੀ ਨਿਸ਼ਚਿਤ ਜੁਗਤਿ ਅਨੁਸਾਰ ਹੁਣ ਤੱਕ ਦੇ ਗੁਰਬਾਣੀ ਰੂਪ-ਨਾਮ ਨਿਧਾਨ ਨੂੰ ਇੱਕ ਪੋਥੀ ਰੂਪ ਵਿੱਚ ਸੰਭਾਲਣਾ ਸਾਡੀ ਇੱਕ ਅਹਿਮ ਜ਼ਿੰਮੇਵਾਰੀ ਹੈ। ਸ਼ੁਕਰ ਹੈ ਕਿ ਅਕਾਲ ਪੁਰਖ ਜੀ ਨੇ ਦਾਸਰੇ ਨੂੰ ਸਤਿਗੁਰੂ ਜੀ ਸੰਗਤ ਬਖ਼ਸ਼ ਕੇ ਇਹ ਮਹਾਨ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਬਣਾਇਆ । ਆਪਣੇ ਬਿਰਦ ਮੁਤਾਬਕ ਸੇਵਕ ਜਾਣ ਕੇ ਵਡਿਆਈ ਬਖਸ਼ੀ। ਮੰਨਿਆ ਜਾਂਦਾ ਹੈ ਕਿ ਸ਼ੁਕਰਾਨੇ ਦੇ ਅਜਿਹੇ ਵਿਸਮਾਦੀ ਪਲਾਂ ਵਿੱਚ ਹੀ ਹਜ਼ੂਰ ਦੇ ਹਿਰਦੇ ’ਚੋਂ ਹੇਠ ਲਿਖੇ ਅੰਮ੍ਰਿਤਮਈ ਬਚਨਾਂ ਦੇ ‘ਅਮਿਉ ਝਰਨੇ’ ਚੱਲੇ ਹੋਣਗੇ, ਜਿਨ੍ਹਾਂ ਨੂੰ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਮੌਕੇ ਸ਼ਰਧਾਲੂ ਸਤਿਸੰਗੀਆਂ ਵੱਲੋਂ ਝੂਮ ਝੂਮ ਕੇ ਇਉਂ ਪੜ੍ਹਿਆ ਜਾਂਦਾ ਹੈ, ‘‘ਸਲੋਕੁ ਮਹਲਾ ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ ਮੈ ਨਿਰਗੁਣਿਆਰੇ, ਕੋ ਗੁਣੁ ਨਾਹੀ; ਆਪੇ ਤਰਸੁ ਪਇਓਈ ਤਰਸੁ ਪਇਆ ਮਿਹਰਾਮਤਿ ਹੋਈ; ਸਤਿਗੁਰੁ ਸਜਣੁ ਮਿਲਿਆ ਨਾਨਕ  ! ਨਾਮੁ ਮਿਲੈ, ਤਾਂ ਜੀਵਾਂ; ਤਨੁ ਮਨੁ ਥੀਵੈ ਹਰਿਆ ’’ (ਮਹਲਾ /੧੪੨੯)

ਗੁਰਬਾਣੀ ਦੇ ਖੋਜੀ ਵਿਦਵਾਨਾਂ ਦਾ ਕਥਨ ਹੈ ਕਿ ਉਨ੍ਹਾਂ ਵੱਲੋਂ ਸੰਪਾਦਤ ‘ਪੋਥੀ’ ਸਾਹਿਬ ਦੇ ਉਤਾਰਿਆਂ ਵਿੱਚ ਪੰਜਵੇਂ ਮਹਲ ਦੇ ਗ੍ਰੰਥ ਹੋਣ ਦੀ ਸੂਚਨਾ ਤਾਂ ਬੀੜਾਂ ਦੀ ਰਚਨਾ ਦੇ ਵਿਸ਼ੇਸ਼ ਵੇਰਵੇ ਵਜੋਂ ਕਿਧਰੇ ਕਿਧਰੇ ਮਿਲਦੀ ਹੈ, ਪਰ 1749 ਬਿਕਰਮੀ ਮੁਤਾਬਕ ਸੰਨ 1692 ਤੱਕ ਉਨ੍ਹਾਂ ਦੇ ਨਾਲ ਭਾਈ ਗੁਰਦਾਸ ਜੀ ਦੇ ਲਿਖਾਰੀ ਹੋਣ ਦਾ ਕੋਈ ਹਵਾਲਾ ਨਹੀਂ ਮਿਲਦਾ। ਇਹ ਵੀ ਸੱਚ ਹੈ ਕਿ ਜੇ 9ਵੇਂ ਤੇ 10ਵੇਂ ਗੁਰੂ ਪਾਤਿਸ਼ਾਹ ਜੀ ਦਾ ਦਰਬਾਰੀ ਲਿਖਾਰੀ ਭਾਈ ਰਾਮਰਾਇ ਆਪਣੀ ਲਿਖੀ ਬੀੜ, ਜਿਹੜੀ ਹੁਣ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸ਼ੋਭਨੀਕ ਹੈ, ਵਿੱਚ ਹੇਠ ਲਿਖਿਆ ਨੋਟ ਨਾ ਦਿੰਦਾ ਤਾਂ ਇਹ ਜਾਣਕਾਰੀ ਇਤਿਹਾਸ ਦਾ ਅੰਗ ਬਣਨਾ ਹੀ ਅਸੰਭਵ ਸੀ :

‘ਏਹੁ ਗਿਰੰਥ ਫਤੇਚੰਦ ਕੇ ਗਿਰੰਥ ਕਾ ਨਕਲੁ, ਫਤੇਚੰਦ ਕਾ ਗਰੰਥ ਪੁਹਕਰ ਕੇ ਗਿਰੰਥ ਕਾ ਨਕਲੁ। ਪੁਹਕਰ ਕਾ ਗਿਰੰਥ ਵਡੇ ਗਿਰੰਥ ਨਾਲ ਸੋਧਿਆ ਹੈ, (ਜੋ) ਪੰਜਵੇਂ ਮਹਲ ਗੁਰਦਾਸ ਭਲੇ ਪਾਸਹੁੰ ਲਿਖਵਾਇਆ ਸੀ, ਜੋ ਉਸ ਗਿਰੰਥ ਨਾਲ ਸੋਧੇ ਸੋ ਗਿਰੰਥ ਸੁਧ ਹੋਵੈ। ਜੋ ਫੇਰਿ ਗਿਰੰਥ ਸੋਧਿਆ ਲੋੜੀਐ ਤਾ ਜਗਨੇ ਬ੍ਰਾਹਮਣ ਦੇ ਗਿਰੰਥ ਨਾਲ ਸੁਧਿ ਕਰਿ ਲੈਇਓ। ਹੋਰਨਾ ਗਿਰੰਥਾਂ ਨਾਲੋਂ ਜਗਨੇ ਬ੍ਰਾਹਮਣ ਦਾ ਗਿਰੰਥ ਸੁਧ ਕੀਤਾ, ਪੁਹਕਰ ਕਾ ਗਿਰੰਥ ਜਗਨੇ ਦੇ ਗਿਰੰਥ ਨਾਲ ਸੁਧ ਕੀਆ ਹੈ।’

ਨਾਨਕ-ਜੋਤਿ ਗੁਰੂ ਸਾਹਿਬਾਨ ਦੁਆਰਾ ‘ਧੁਰ ਕੀ ਬਾਣੀ’ ਨੂੰ ਸੰਪਾਦਨ ਕਰਨ ਦੇ ਉਪਕਾਰੀ ਵਰਤਾਰੇ ਦਾ ਮੁੱਖ ਕਾਰਨ ਸੀ ‘ਸ਼ਬਦ ਗੁਰੂ’ ਦਾ ਬੁਨਿਆਦੀ ਸਿਧਾਂਤ, ਜਿਹੜਾ ਗੁਰੂ ਨਾਨਕ ਦ੍ਰਿਸ਼ਟੀ ਵਿੱਚ ਸਭ ਤੋਂ ਵੱਧ ਅਵੱਸ਼ਕ ਤੇ ਪ੍ਰਮੁੱਖ ਦਰਜਾ ਰੱਖਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮੁਤਾਬਕ ਜੇ ਉਨ੍ਹਾਂ ਨੂੰ ਸਿੱਧਾਂ ਨੇ ਪੁੱਛਿਆ, ‘‘ਤੇਰਾ ਕਵਣੁ ਗੁਰੂ, ਜਿਸ ਕਾ ਤੂ ਚੇਲਾ ?’’ (ਮਹਲਾ /੯੪੨) ਤਾਂ ਗੁਰਦੇਵ ਜੀ ਨੇ ਬੜਾ ਸਪਸ਼ਟ ਉੱਤਰ ਦਿੱਤਾ, ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (ਮਹਲਾ /੯੪੩) ਭਾਵ ਰੂਹਾਨੀ ਗਿਆਨ (ਸ਼ਬਦ) ਸਾਡਾ ਗੁਰੂ ਹੈ ਅਤੇ ਮੇਰੀ ਸੁਰਤੀ ਦਾ ਟਿਕਾਅ ਉਸ ਦਾ ਸਿੱਖ (ਚੇਲਾ) ਹੋਣਾ ਹੈ। ਜਦੋਂ ਭਗਤ ਕਬੀਰ ਸਾਹਿਬ ਜੀ ਨੂੰ ਪੁੱਛਿਆ ਕਿ ਤੁਹਾਡਾ ਸੰਤ-ਗੁਰੂ ਕਿਹੜਾ ਹੈ ? ਤਾਂ ਉਨ੍ਹਾਂ ਨੇ ਐਲਾਨੀਆ ਆਖਿਆ ਮੈਂ ਉਹ ਗੁਰੂ ਪਾਇਆ ਹੈ, ਜਿਸ ਦਾ ਨਾਂ ਗਿਆਨ (ਬਿਬੇਕੁ) ਹੈ। ਆਪ ਜੀ ਦਾ ਬੇਬਾਕੀਆ ਐਲਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਇਉਂ ਦਰਜ ਹੈ, ‘‘ਕਹੁ ਕਬੀਰ ਮੈ ਸੋ ਗੁਰੁ ਪਾਇਆ; ਜਾ ਕਾ ਨਾਉ ਬਿਬੇਕੁੋ ’’ (ਭਗਤ ਕਬੀਰ/੭੯੩)

ਨੋਟ :- ਇੱਥੇ ਗੁਰਸਿੱਖਾਂ ਦੇ ਸਦਾ ਲਈ ਯਾਦ ਰੱਖਣ ਯੋਗ ਇੱਕ ਨੁਕਤਾ ਹੈ ਕਿ ਦੁਮਾਤ੍ਰੇ ਲਫ਼ਜ਼ ‘ਬਿਬੇਕੋੁ’ ਦਾ ਅਰਥ ਗਿਆਨਵਾਨ ਸੰਤ-ਗੁਰੂ ਨਹੀਂ, ਕਿਉਂਕਿ ਗੁਰਬਾਣੀ ਦਾ ਮੁੱਢਲਾ ਲਗ-ਮਾਤ੍ਰੀ ਗਿਆਨ ਦੇਣ ਵਾਲੇ ਪ੍ਰਿੰਸੀਪਲ ਤੇਜਾ ਸਿੰਘ ਵਰਗੇ ਉੱਚ ਕੋਟੀ ਦੇ ਸ਼ਬਦਾਰਥੀ ਵਿਦਵਾਨਾਂ ਨੇ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਖੇ ‘ਬਿਬੇਕੁੋ’ ਪਦ ਦਾ ਅਰਥ ਕਰਦਿਆਂ ਇੱਕ ਵਿਸ਼ੇਸ਼ ਨੋਟ ਇਞ ਲਿਖਿਆ ਹੈ : ‘ਬਿਬੇਕ, ਗਿਆਨ, ਵੀਚਾਰ (ਮਾਤ੍ਰਾ ਪੂਰੀਆਂ ਕਰਨ ਲਈ ‘ਬਿਬੇਕੋ’ ਕਰ ਦਿੱਤਾ ਹੈ, ਨਹੀਂ ਤਾਂ ਅਰਥਾਂ ਨਾਲ ‘ਬਿਬੇਕੁ’ ਹੀ ਹੈ’।

ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ-ਗੁਰੂ ਦੇ ਸਿਧਾਂਤ ਦਾ ਮਹੱਤਵ ਵਰਣਨ ਕਰਦਿਆਂ ਵਿਸਥਾਰ ਸਹਿਤ ਕਥਨ ਕੀਤਾ ਹੈ ਕਿ ਗੁਰੂ-ਪੀਰ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਕੇ ਮਨੁੱਖ ਗੁਣਾਤਮਕ ਪੱਖੋਂ ਰੱਬ ਵਰਗਾ ਡੂੰਘੇ ਜਿਗਰੇ ਵਾਲਾ (ਗਹਿਰ ਗੰਭੀਰ) ਬਣ ਜਾਂਦਾ ਹੈ। ਉਹ ਪੂਰਨ ਤਿਆਗੀ ਮਨੁੱਖ ਆਤਮਕ ਅਵਸਥਾ ਵਿਚ ਟਿਕ ਕੇ ਚੰਗੇ ਭਾਗਾਂ ਵਾਲਾ ਬਣ ਜਾਂਦਾ ਹੈ। ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਯਾਦ ਨੂੰ ਹੀ ਆਪਣਾ ਜੀਵਨ-ਨਿਸ਼ਾਨਾ ਮੰਨਦਾ ਹੈ ਜਦਕਿ ਗੁਰ ਸ਼ਬਦ ਤੋਂ ਖੁੰਝ ਕੇ ਜਗਤ ਮਾਇਆ ਦੇ ਮੋਹ ਵਿੱਚ ਕਮਲ਼ਾ ਹੋਇਆ ਫਿਰਦਾ ਹੈ ਕਿਉਂਕਿ ਹਿੰਦੋਸਤਾਨ ਦੀ ਧਾਰਮਕ ਫ਼ਿਲਾਸਫ਼ੀ ’ਤੇ ਆਧਾਰਿਤ ਸ਼ਖ਼ਸੀ-ਪੂਜਾ ਆਮ ਲੋਕਾਂ ਲਈ ਰੋਗ ਬਣ ਚੁੱਕੀ ਹੈ। ਗੁਰ ਵਾਕ ਹੈ, ‘‘ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ ਜਗੁ ਬਉਰਾਨੰ ਪੂਰਾ ਬੈਰਾਗੀ ਸਹਜਿ ਸੁਭਾਗੀ; ਸਚੁ ਨਾਨਕ ਮਨੁ ਮਾਨੰ ’’ (ਮਹਲਾ /੬੩੫)

ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਹੇਠ ਲਿਖੇ ਸ਼ਬਦ ਵਿੱਚ ਆਪਣੇ ਆਤਮਕ ਪਰਿਵਰਤਨ ਦਾ ਆਧਾਰ ਗੁਰ ਸ਼ਬਦ ਨੂੰ ਮੰਨ ਕੇ ਉਪਰੋਕਤ ਕਥਨ ਦੀ ਗਵਾਹੀ ਭਰੀ ਹੈ। ਉਨ੍ਹਾਂ ਦਾ ਕਥਨ ਹੈ ਕਿ ਹੇ ਭਾਈ  ! ਅਸੀਂ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਵਿਕਾਰਾਂ ਵੱਲੋਂ ਮਰੇ ਹਾਂ। ਗੁਰੂ ਦੇ ਸ਼ਬਦ ’ਚ ਜੁੜਿਆਂ ਹੀ ਵਿਕਾਰਾਂ ਵਲੋਂ ਖ਼ਲਾਸੀ ਹਾਸਲ ਕੀਤੀ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨ ਤਨ ਪਵਿਤਰ ਹੋਇਆ ਹੈ ਅਤੇ ਪਰਮਾਤਮਾ; ਮਨ ਵਿਚ ਆ ਵਸਿਆ ਹੈ। ਸੱਚ ਤਾਂ ਇਹ ਹੈ ਕਿ ਗੁਰੂ; ਸ਼ਬਦ ਦੀ ਰਾਹੀਂ ਹੀ ਵਿਕਾਰਾਂ ਵੱਲੋਂ ਮਾਰ ਕੇ ਆਤਮਕ ਜੀਵਨ ਬਖ਼ਸ਼ਦਾ ਹੈ। ਹੇ ਭਾਈ  ! ਗੁਰੂ ਦਾ ਸ਼ਬਦ ਹੀ ਨਾਮ ਦੀ ਦਾਤਿ ਦੇਣ ਵਾਲਾ ਹੈ, ਜਦੋਂ ਸ਼ਬਦ ਵਿਚ ਮਨ ਰੰਗਿਆ ਜਾਂਦਾ ਹੈ ਤਾਂ ਉਹ ਸਦਾ ਹੀ ਪਰਮਾਤਮਾ ਵਿਚ ਲੀਨ ਹੋਇਆ ਰਹਿੰਦਾ ਹੈ। ਸ੍ਰੀ ਮੁਖ ਵਾਕ ਹੈ, ‘‘ਹਮ ਸਬਦਿ ਮੁਏ, ਸਬਦਿ ਮਾਰਿ ਜੀਵਾਲੇ ਭਾਈ ! ਸਬਦੇ ਹੀ ਮੁਕਤਿ ਪਾਈ ਸਬਦੇ ਮਨੁ ਤਨੁ ਨਿਰਮਲੁ ਹੋਆ; ਹਰਿ ਵਸਿਆ ਮਨਿ ਆਈ ਸਬਦੁ ਗੁਰ ਦਾਤਾ, ਜਿਤੁ ਮਨੁ ਰਾਤਾ; ਹਰਿ ਸਿਉ ਰਹਿਆ ਸਮਾਈ ’’ (ਮਹਲਾ /੬੦੧)

ਸ੍ਰੀ ਗੁਰੂ ਰਾਮਦਾਸ ਪਾਤਿਸ਼ਾਹ ਜੀ ਨੇ ‘ਗੁਰ ਸ਼ਬਦ’ ਦੀ ਥਾਂ ‘ਸਤਿਗੁਰ ਬਚਨ’ ਤੇ ‘ਗੁਰਬਾਣੀ’ ਵਿਸ਼ੇਸ਼ਣਾਂ ਦੀ ਵਰਤੋਂ ਕਰਦਿਆਂ ਬਿਲਕੁਲ ਹੀ ਸਪਸ਼ਟ ਕੀਤਾ ਕਿ ਗੁਰਬਾਣੀ ਹੀ ਗੁਰਸਿੱਖਾਂ ਦਾ ਇੱਕੋ-ਇੱਕ ਗੁਰੂ ਹੈ, ਜੋ ਉਨ੍ਹਾਂ ਨੂੰ ਵਿਕਾਰਾਂ ਤੋਂ ਖ਼ਲਾਸੀ ਦਾ ਸਿੱਧਾ ਸੁਮਾਰਗ ਜਣਾਉਂਦਾ ਹੈ। ਗੁਰੂ; ਬਾਣੀ ਵਿੱਚ ਸਮਾਇਆ ਹੈ ਕਿਉਂਕਿ ਇਸ ਦੇ ਹਰ ਸ਼ਬਦ ਵਿੱਚ ਗੁਰੂ ਦਾ ਗਿਆਨ ਰੂਪ ਅੰਮ੍ਰਿਤ ਵਿਆਪਕ ਹੈ। ਜਿਹੜਾ ਵੀ ਸਿੱਖ-ਸੇਵਕ ਗੁਰਬਾਣੀ ਦੀ ਸਿੱਖਿਆ ਨੂੰ ਮੰਨਦਾ ਹੈ, ਗੁਰੂ ਉਸ ਨੂੰ ਯਕੀਨਨ ਪਾਰ ਉਤਾਰਦਾ ਹੈ ਭਾਵ ਮਇਆਵੀ ਵਿਕਾਰਾਂ ਤੋਂ ਜ਼ਾਹਰਾ ਤੌਰ ’ਤੇ ਬਚਾਉਂਦਾ ਹੈ, ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ (ਮਹਲਾ /੯੮੨), ਸਤਿਗੁਰ ਬਚਨ, ਬਚਨ ਹੈ ਸਤਿਗੁਰ; ਪਾਧਰੁ ਮੁਕਤਿ ਜਨਾਵੈਗੋ ’’ (ਮਹਲਾ /੧੩੦੯)

ਮਿ. ਮੈਕਾਲਿਫ਼ ਨੇ ‘ਸਿੱਖ ਰਿਲੀਜਨ’ ਪੁਸਤਕ ਦੀ ਭੂਮਿਕਾ ਵਿੱਚ ਇਸ ਗੌਰਵ ਨੂੰ ਬੜੇ ਜ਼ੋਰਦਾਰ ਢੰਗ ਨਾਲ ਪ੍ਰਗਟਾਇਆ ਹੈ। ਉਹ ਲਿਖਦੇ ਹਨ, ‘ਸਿਧਾਂਤਾਂ ਦੀ ਪ੍ਰਮਾਣਿਕਤਾ ਦੇ ਪੱਖ ਤੋਂ ਸਿੱਖ ਮੱਤ ਦੂਜੇ ਮੱਤਾਂ ਨਾਲੋਂ ਨਿਰਾਲਾ ਹੈ। ਸੰਸਾਰ ਦੇ ਬਹੁਤ ਸਾਰੇ ਧਾਰਮਿਕ ਮਹਾਂਪੁਰਸ਼ ਆਪਣੇ ਪਿੱਛੇ ਸ੍ਵੈ-ਰਚਿਤ ਇਕ ਵੀ ਸਤਰ ਨਹੀਂ ਛੱਡ ਗਏ। ਅਸੀਂ ਉਨ੍ਹਾਂ ਦੀ ਸਿੱਖਿਆ ਕੇਵਲ ਰਵਾਇਤ ਜਾਂ ਦੂਜਿਆਂ ਵੱਲੋਂ ਦਿੱਤੀ ਜਾਣਕਾਰੀ ਆਸਰੇ ਹੀ ਜਾਣਦੇ ਹਾਂ। ਜੇਕਰ ਪਾਇਥਾਗੋਰਸ ਨੇ ਆਪਣੇ ਵਿਚਾਰ ਲਿਖੇ ਵੀ ਤਾਂ ਉਹ ਸਾਡੇ ਤਕ ਨਹੀਂ ਪਹੁੰਚੇ। ਇਸੇ ਤਰ੍ਹਾਂ ਸੁਕਰਾਤ ਦੀ ਸਿੱਖਿਆ ਅਸੀਂ ਪਲੈਟੋ ਤੇ ਜ਼ੇਨਫੋਨ ਰਾਹੀਂ ਹੀ ਜਾਣ ਸਕੇ ਹਾਂ। ਮਹਾਤਮਾ ਬੁੱਧ ਨੇ ਆਪਣੇ ਉਪਦੇਸ਼ਾਂ ਦੀ ਕੋਈ ਲਿਖਤੀ ਯਾਦਗਾਰ ਨਹੀਂ ਛੱਡੀ ਅਤੇ ਕਨਫ਼ਿਊਸ਼ਿਸ ਦੇ ਸਦਾਚਾਰਕ ਤੇ ਸਮਾਜਿਕ ਅਸੂਲਾਂ ਦਾ ਵੀ ਇਹੋ ਹਾਲ ਹੈ। ਈਸਾਈਅਤ ਦੇ ਮੋਢੀ ਈਸਾ ਮਸੀਹ ਦੇ ਉਪਦੇਸ਼ਾਂ ਸੰਬੰਧੀ ਵੀ ਸਾਨੂੰ ਮੈਥਯੂ, ਮਾਰਕ, ਲੂਕਾ ਤੇ ਯੂਹੰਨਾ ’ਤੇ ਹੀ ਇਤਬਾਰ ਕਰਨਾ ਪੈਂਦਾ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਕੁਰਾਨ ਸ਼ਰੀਫ਼ ਦੇ ਸੂਰੇ ਖ਼ੁਦ ਨਹੀਂ ਸੀ ਲਿਖੇ, ਇਹ ਵੀ ਉਨ੍ਹਾਂ ਦੇ ਵਾਰਸਾਂ ਤੇ ਸ਼ਰਧਾਲੂਆਂ ਹੀ ਸੰਚਿਤ ਕੀਤੇ ਹਨ। ਲੇਕਿਨ ਸਿਖ ਗੁਰੂਆਂ ਨੇ ਇਹ ਬਾਣੀ ਖ਼ੁਦ ਸੰਭਾਲੀ। ਉਨ੍ਹਾਂ ਜਿਵੇਂ ਛੰਦਾਬੰਦੀ ਵਿਚ ਰਚੀ, ਉਵੇਂ ਜਿਵੇਂ ਉਹ ਸ਼ੁਧ ਰੂਪ ਵਿੱਚ ਲਿਖਾਰੀਆਂ ਵੱਲੋਂ ਉਤਾਰੀ ਜਾਂਦੀ ਰਹੀ ਤੇ ਸਾਨੂੰ ਵੱਖ ਵੱਖ ਗੁਰੂਆਂ ਦੀ ਵਿਭਿੰਨ ਸ਼ੈਲੀ ਦਾ ਵੀ ਪਤਾ ਹੈ।’

ਮਿ. ਮੈਕਾਲਫ਼ ਦੇ ਉਪਰੋਕਤ ਕਥਨ ਤੋਂ ਸਪਸ਼ਟ ਹੁੰਦਾ ਹੈ ਕਿ ਧਰਮ ਗ੍ਰੰਥਾਂ ਦੀ ਸੰਪਾਦਕੀ ਪਰੰਪਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਖ਼ਾਸ ਵਿਸ਼ੇਸ਼ਤਾ ਸਿੱਖ ਗੁਰੂ ਸਾਹਿਬਾਨ ਵੱਲੋਂ ਲਿਖਤ ਰੂਪ ਵਿੱਚ ਕੀਤੀ ਸ੍ਵੈ-ਸੰਪਾਦਨਾ ਹੈ। ਇੱਕ ਵਿਦੇਸ਼ੀ ਤੇ ਅਨਮਤੀ ਵਿਦਵਾਨ ਦਾ ਅਜਿਹਾ ਕਥਨ ਸੰਸਾਰ ਦੇ ਧਾਰਮਕ ਇਤਿਹਾਸ ਦਾ ਸੱਚ ਹੈ। ਕਾਰਨ ਹੈ ਕਿ ਪੂਰਬੀ ਤੇ ਪੱਛਮੀ ਮੱਤ-ਮਤਾਂਤਰਾਂ ਦੇ ‘ਚਾਰ ਵੇਦ’, ‘ਧਮਪਦ’, ‘ਬਾਈਬਲ’ ਤੇ ‘ਕੁਰਾਨ’ ਆਦਿਕ ਮੁੱਖ ਧਰਮ-ਗ੍ਰੰਥਾਂ ਦੇ ਮੌਜੂਦਾ ਰੂਪ ਦਾ ਆਧਾਰ ਮੌਖਿਕ (ਜ਼ਬਾਨੀ) ਪ੍ਰਣਾਲੀ ਹੈ, ਨਾ ਕਿ ਕਿਸੇ ਕਿਸਮ ਦੀ ਕੋਈ ਭਰੋਸੇ ਯੋਗ ਅਜਿਹੀ ਲਿਖਤ, ਜੋ ਮਹਾਂ ਪੁਰਖਾਂ ਦੇ ਬਚਨਾਂ ਨੂੰ ਕਾਲਾਂਤਰ (ਹੋਰ ਸਮੇਂ) ਵਿੱਚ ਗਵਾਚਣ ਤੋਂ ਬਚਾਅ ਸਕੇ। ਵਿਦਵਾਨਾਂ ਦੀ ਦ੍ਰਿਸ਼ਟੀ ਵਿੱਚ ਜ਼ਬਾਨੀ ਬੋਲੇ ਗਏ ਬੋਲ ਤਾਂ ਬ੍ਰਹਿਮੰਡ ’ਚ ਹੀ ਗਵਾਚ ਜਾਂਦੇ ਹਨ। ਉਹ ਮਾਨਵੀ ਸਮਾਜ ਦੀ ਸੁਰਤ ਨੂੰ ਜਗਾਉਣ ਪੱਖੋਂ ਸਦੀਵ ਕਾਲ ਲਈ ਸਮਰੱਥ ਨਹੀਂ ਰਹਿੰਦੇ ਭਾਵੇਂ ਕਿ ਹੁਣ ਨੈਟਵਰਕ ਦੇ ਯੁੱਗ ਵਿੱਚ ਸ਼ਬਦ ਦੀ ਸਦੀਵ ਕਾਲਤਾ ਦਾ ਸਾਖਿਆਤ ਰੂਪ ਵੀ ਸਥਾਪਿਤ ਹੋ ਚੁੱਕਾ ਹੈ। ਸ਼ਬਦ-ਗੁਰੂ ਦੀ ਜੁਗੋ-ਜੁਗ ਅਟੱਲਤਾ ਦੇ ਸੱਚ ਦਾ ਇਹ ਵੀ ਇੱਕ ਪ੍ਰਗਟ ਰੂਪ ਹੈ। ਇਹੀ ਕਾਰਨ ਸੀ ਕਿ ਸਤਿਗੁਰੂ ਨਾਨਕ ਪਾਤਿਸ਼ਾਹ ਨੇ ਆਪਣੀ ਅਤੇ ਭਗਤਾਂ ਦੀ ਬਾਣੀ ਨੂੰ ਆਪਣੇ ਹੱਥੀਂ ਲਿਖਿਆ ਤੇ ਲਿਖਵਾਇਆ, ‘‘ਧੰਨੁ ਸੁ ਕਾਗਦੁ, ਕਲਮ ਧੰਨੁ; ਧਨੁ ਭਾਂਡਾ, ਧਨੁ ਮਸੁ ਧਨੁ ਲੇਖਾਰੀ ਨਾਨਕਾ ! ਜਿਨਿ ਨਾਮੁ ਲਿਖਾਇਆ ਸਚੁ ’’ (ਮਹਲਾ /੧੨੯੧) ਵਰਗੇ ਅੰਮ੍ਰਿਤਮਈ ਬਚਨਾਂ ਦੁਆਰਾ ਸਮਾਜ ਨੂੰ ਸਚਾਈ ਲਿਖਣ ਤੇ ਲਿਖਾਉਣ ਲਈ ਉਤਸ਼ਾਹਿਤ ਕੀਤਾ। ਆਖਿਆ ਕਿ ਮੁਬਾਰਕ ਹੈ ਉਹ ਕਾਗਜ਼ ਤੇ ਕਲਮ, ਮੁਬਾਰਕ ਹੈ ਉਹ ਦਵਾਤ ਤੇ ਸਿਆਹੀ ਅਤੇ ਧੰਨਤਾ ਦਾ ਪਾਤਰ ਹੈ ਉਹ ਲਿਖਾਰੀ, ਜਿਸ ਨੇ ਪ੍ਰਭੂ ਦਾ ਸੱਚਾ ਨਾਮ ਲਿਖਿਆ ਤੇ ਲਿਖਾਇਆ। ਕਮਾਲ ਦੀ ਗੱਲ ਹੈ ਕਿ ਬਿਪਰਵਾਦੀ ਲੀਹਾਂ ਉੱਪਰ ਚੱਲਣ ਵਾਲੇ ਰੂੜ੍ਹੀਵਾਦੀ ਲਿਖਾਰੀਆਂ ਨੂੰ ‘‘.. ਬਿਖੁ ਭੂਲੇ ਲੇਖਾਰੀ ’’ (ਮਹਲਾ /੧੦੧੫) ਕਹਿਣ ਤੋਂ ਵੀ ਉਨ੍ਹਾਂ ਨੇ ਸੰਕੋਚ ਨਾ ਕੀਤਾ। ਇਸ ਪੱਖੋਂ ਸਤਿਗੁਰੂ ਜੀ ਦਾ ਹੇਠ ਲਿਖਿਆ ਬੇਬਾਕ ਬਚਨ ਕਿੰਨਾ ਸੱਚਾ-ਸੁੱਚਾ ਤੇ ਕਟਾਖਸ਼ਮਈ ਹੈ, ਜਿਸ ਵਿੱਚ ਉਹ ਬਿਨਾਂ ਕਿਸੇ ਝਿੱਜਕ ਤੋਂ ਆਖਦੇ ਹਨ ਕਿ ਹੱਦ ਹੋ ਗਈ  ! ਜਿਹੜਾ ਬੰਦਾ ਮਾਇਆ ਦੀ ਭਟਕਣਾ ’ਚ ਫਸ ਕੇ ਜੀਵਨ ਦੇ ਉਪਰੋਕਤ ਸੁਚੱਜੇ ਰਾਹ ਤੋਂ ਖੁੰਝ ਜਾਂਦਾ ਹੈ, ਸੰਸਾਰ ਵਿੱਚ ਉਹ ਚਾਤੁਰ ਤੇ ਸਿਆਣਾ ਮੰਨਿਆ ਜਾ ਰਿਹਾ ਹੈ। ਸੱਚਾ ਨਾਮ ਭੁਲਾ ਕੇ ਪੜ੍ਹਦੇ ਹਨ ਮਾਇਆ ਕਮਾਉਣ ਵਾਲੀ ਮੂਰਖਾਂ ਦੀ ਵਿਦਿਆ, ਪਰ ਆਪਣਾ ਨਾਮ ਸਦਾਉਂਦੇ ਹਨ ‘ਪੰਡਿਤ’ ਭਾਵ ਤਤ-ਗਿਆਤਾ ਗਿਆਨੀ ਤੇ ਵਿਦਵਾਨ, ‘‘ਜਗਿ ਚਤੁਰੁ ਸਿਆਣਾ, ਭਰਮਿ ਭੁਲਾਣਾ; ਨਾਉ ਪੰਡਿਤ ਪੜਹਿ ਗਾਵਾਰੀ ਨਾਉ ਵਿਸਾਰਹਿ, ਬੇਦੁ ਸਮਾਲਹਿ; ਬਿਖੁ ਭੂਲੇ ਲੇਖਾਰੀ ’’ (ਮਹਲਾ /੧੦੧੫)

ਹਿੰਦੂ ਮਿਥਿਹਾਸ ਕੋਸ਼ (ਐਡੀਸ਼ਨ 1973) ਵਿਖੇ ਵੇਦਇੰਦਰਾਜ਼ ਹੇਠ ਅੰਕਿਤ ਹੈ ਕਿ ‘ਵੇਦ ਉਹ ਪਵਿੱਤਰ ਗ੍ਰੰਥ ਹਨ ਜਿਹੜੇ ਹਿੰਦੂ ਧਰਮ ਦਾ ਆਧਾਰ ਹਨ। ਇਹ ਪ੍ਰਾਚੀਨ ਕਿਸਮ ਦੀ ਸੰਸਕ੍ਰਿਤ ਵਿੱਚ ਲਿਖੀਆਂ ਰਚਨਾਂਵਾਂ ਤੋਂ ਬਣੇ ਹਨ। ਸਾਧਾਰਨ ਤੌਰ ਤੇ ਮਿਲੇ ਵਿਚਾਰਾਂ ਅਨੁਸਾਰ ਇਹ 1500 ਅਤੇ 1000 ਪੂਰਵ ਈਸਵੀ ਦੇ ਵਿਚਕਾਰ ਲਿਖੇ ਗਏ, ਪਰ ਇਨ੍ਹਾਂ ਦੇ ਸਮੇਂ ਬਾਰੇ ਸਾਨੂੰ ਕੋਈ ਸਿੱਧਾ ਪ੍ਰਮਾਣ ਨਹੀਂ ਮਿਲਦਾ’।

ਵੇਦਾਂ ਦੀ ਉਤਪਤੀ ਬਾਰੇ ਕਈ ਵਿਚਾਰ ਪ੍ਰਚਲਿਤ ਹਨ। ਇਕ ਵਿਚਾਰ ਹੈ ਕਿ ਇਹ ਵਿਸ਼ਵ ਦੀ ਆਤਮਾ ਬ੍ਰਹਮਾ ਤੋਂ ਸਾਹ ਵਾਂਗ ਪੈਦਾ ਹੋਏ। ਇਸ ਉੱਤੇ ਸਾਰੇ ਹੀ ਸਹਿਮਤ ਹਨ ਕਿ ਵੇਦ ਰਿਸ਼ੀਆਂ ਜਾਂ ਮੁਨੀਆਂ ਨੂੰ, ਜਿਨ੍ਹਾਂ ਦੇ ਨਾਂ ਇਨ੍ਹਾਂ ਨਾਲ ਸੰਬੰਧਿਤ ਹਨ, ਜ਼ਬਾਨੀ ਤੌਰ ’ਤੇ ਉਚਾਰੇ ਗਏ ਅਤੇ ਇਸ ਲਈ ਸਾਰੇ ਵੇਦਾਂ ਨੂੰ ਸ਼੍ਰੁਤੀ ‘ਜੋ ਸੁਣਿਆ ਗਿਆ’ ਕਿਹਾ ਜਾਂਦਾ ਹੈ। ‘ਸ਼੍ਰੁਤੀ’ ਇੰਦਰਾਜ਼ ’ਚ ਅਰਥ ਹੈ : ‘ਜੋ ਸੁਣਿਆ ਗਿਆ ਸੀ’। ਦੈਵੀ ਗਿਆਨ ਪ੍ਰਾਪਤ ਕੀਤਾ ਸੰਸਾਰ । ਇਸ ਸ਼ਬਦਾਵਲੀ ਵਿੱਚ ਵੇਦਾਂ ਦੇ ਮੰਤ੍ਰ ਤੇ ਬ੍ਰਾਹਮਣਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਅਤੇ ਆਮ ਤੌਰ ’ਤੇ ਉਪਨਿਸ਼ਦਾਂ (ਨੇੜੇ ਬੈਠ ਕੇ ਪ੍ਰਾਪਤ ਕੀਤਾ ਗਿਆਨ) ਨੂੰ ਵੀ ਇਨ੍ਹਾਂ ਨਾਲ ਸ਼੍ਰੇਣੀਬੱਧ ਕੀਤਾ ਜਾਂਦਾ ਹੈ’।

ਭਾਈ ਕਾਨ੍ਹ ਸਿੰਘ ਜੀ ਰਚਿਤ ‘ਮਹਾਨ ਕੋਸ਼’ ਵੀ ਉਪਰੋਕਤ ਵਿਚਾਰ ਦੀ ਪ੍ਰੋੜ੍ਹਤਾ ਕਰਦੇ ਹਨ। ਉਨ੍ਹਾਂ ਨੇ ਗੁਰਬਾਣੀ ਦੀ ਤੁਕ ‘‘ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ .. ’’ (ਮਹਲਾ /੭੮੫) ਨੂੰ ਪ੍ਰਮਾਣ ਵਜੋਂ ਵਰਤਦਿਆਂ ਤਰਤੀਬਵਾਰ ਲਿਖਿਆ ਹੈ,ਸ਼੍ਰੁਤਿਸੰ.  ਸੰਗਿਆ – ਕੰਨ। 2 ਵੇਦ. ਵੇਦਾਂ ਦੀ ‘ਸ਼੍ਰੁਤਿ’ ਸੰਗਿਆ ਇਸ ਕਰਕੇ ਹੋਈ ਕਿ ਪੁਰਾਣੇ ਵੇਲੇ ਇਹ ਲਿਖੇ ਹੋਏ ਨਹੀਂ ਸਨ, ਕੇਵਲ ਸੁਣ ਕੇ ਯਾਦ ਕੀਤੇ ਜਾਂਦੇ ਸਨ। ਸ੍ਮ੍ਰਿਤਿਸੰ. ਸੰਗਿਆ – ਚੇਤਾ, ਯਾਦਦਾਸ਼. ਯਾਦਗੀਰੀ। ਰਿਖੀਆਂ ਦੇ ਲਿਖੇ ਉਹ ਧਰਮ ਗ੍ਰੰਥ, ਜੋ ਉਨ੍ਹਾਂ ਨੇ ਵੇਦਵਾਕਾਂ ਨੂੰ ਅਥਵਾ ਬਜ਼ੁਰਗਾਂ ਦੇ ਉਪਦੇਸ਼ਾਂ ਨੂੰ ਚੇਤੇ ਕਰਕੇ ਲਿਖੇ ਹਨ।

ਬਾਈਬਲ’; ਈਸਾਈਆਂ ਅਤੇ ਯਹੂਦੀਆਂ ਦੀ ਸਾਂਝੀ, ਸਭ ਤੋਂ ਵੱਧ ਪ੍ਰਮਾਣਿਕ ਤੇ ਇਲਹਾਮੀ (ਦਿਲ ’ਚ ਪਰਮੇਸ਼ਰ ਵੱਲੋਂ ਕੋਈ ਗੱਲ ਉਤਰਨੀ) ਪੁਸਤਕ ਮੰਨੀ ਜਾਂਦੀ ਹੈ। ‘ਬਾਈਬਲ’ ਲਫ਼ਜ਼ ਯੂਨਾਨੀ ਦਾ ਹੈ ਅਤੇ ਇਸ ਦਾ ਅਰਥ ਹੈ ‘ਸੰਗ੍ਰਹਿ’। ਕਾਰਨ ਹੈ ਕਿ ਸੰਗ੍ਰਹਿਤ ਕੀਤੀਆਂ ਕੁੱਲ ਪੁਸਤਕਾਂ ਮਿਲਾ ਕੇ ਇਸ ਦੇ 66 ਅਧਿਆਇ ਹਨ। ਇਤਿਹਾਸਕਾਰਾਂ ਦਾ ਮੱਤ ਹੈ ਕਿ ਇਹ ਹਜ਼ਰਤ ਮੂਸਾ ਤੋਂ 400 ਤੋਂ 600 ਸਾਲ ਪਿੱਛੋਂ ਲਿਖੀ ਗਈ ਹੈ।

ਇਸ ਦਾ ਪਹਿਲਾ ਭਾਗ ਹੈ ‘ਪੁਰਾਣਾ ਅਹਿਦਨਾਮਾ’ (Old Testament), ਜਿਸ ਨੂੰ ਯਹੂਦੀ ‘ਤੌਰੇਤ’ ਕਹਿ ਕੇ ਆਪਣਾ ਧਰਮ ਗ੍ਰੰਥ ਮੰਨਦੇ ਹਨ । ਇਸ ਵਿਖੇ ਹਿਬਰੂ, ਇਬ੍ਰਾਨੀ ਤੇ ਅਰਾਮੀ ਬੋਲੀ ਵਿੱਚ ਯਹੂਦੀ ਪੈਗੰਬਰਾਂ ਦੀਆਂ ਮਿਥਿਹਾਸਕ ਕਥਾਵਾਂ ਹਨ। ਇਸ ਦੇ ਕੁੱਲ ਅਧਿਆਇ 39 ਹਨ, ਜਿਨ੍ਹਾਂ ’ਚੋਂ ਪੰਜ ਹਜ਼ਰਤ ਮੂਸਾ ਦੇ ਨਾਂ ਉੱਪਰ ਹਨ। ਦੂਜਾ ਭਾਗ ਹੈ ‘ਨਵਾਂ ਅਹਿਦਨਾਮਾ’ (New Testament), ਜਿਸ ਨੂੰ ‘ਅੰਜੀਲ’ ਵੀ ਕਿਹਾ ਜਾਂਦਾ ਹੈ। ਇਸ ਦੇ ਕੁਲ ਅਧਿਆਇ 27 ਹਨ। ਈਸਾਈ ਇਸ ਨੂੰ ਆਪਣਾ ਧਰਮ ਗ੍ਰੰਥ ਮੰਨਦੇ ਹਨ ਭਾਵੇਂ ਕਿ ਇਹ ਹਜ਼ਰਤ ਈਸਾ ਜੀ ਦੀ ਸ੍ਵੈ-ਕ੍ਰਿਤ ਹੋਣ ਦੀ ਥਾਂ, ਉਸ ਦੇ ਮਤੀ, ਮਾਰਕਸ, ਲੂਕਾ ਤੇ ਯੂਹੰਨਾ ਨਾਮਕ 4 ਚੇਲਿਆਂ ਦੀਆਂ ਰਚਨਾਵਾਂ ਹਨ। ਇਉਂ ਕਹਿਆ ਜਾਏ ਤਾਂ ਹੋਰ ਵੀ ਚੰਗਾ ਹੈ ਕਿ ਉਨ੍ਹਾਂ ਚੌਂਹ ਚੇਲਿਆਂ ਨੇ ਹਜ਼ਰਤ ਸਾਹਿਬ ਨਾਲ ਰਹਿ ਕੇ ਉਪਦੇਸ਼-ਜਨਕ ਜੋ ਸ਼ੁਭ ਬਚਨ ਸੁਣੇ ਅਤੇ ਜੀਵਨ ਵਿਹਾਰ ਦੀਆਂ ਘਟਨਾਵਾਂ ’ਚੋਂ ਅਨੁਭਵ ਕੀਤੇ, ਉਨ੍ਹਾਂ ਨੂੰ ਆਪਣੀ ਆਪਣੀ ਚੇਤਾ ਸ਼ਕਤੀ ’ਚੋਂ ਵਾਰਤਕ ਰੂਪ ਵਿੱਚ ਉਤਾਰਿਆ ਹੈ। ਇਸ ਨੂੰ ਹਜ਼ਰਤ ਈਸਾ ਜੀ ਦੀ ਜਨਮ ਸਾਖੀ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਇਸ ਵਿੱਚ ਉਨ੍ਹਾਂ ਦੇ ਜੀਵਨ, ਉਪਦੇਸ਼ਾਂ ਤੇ ਚਮਤਕਾਰਾਂ ਦਾ ਵਿਸ਼ੇਸ਼ ਵਰਣਨ ਹੈ ।

‘ਸੰਸਾਰ ਦਾ ਧਾਰਮਕ ਇਤਿਹਾਸ’ ਨਾਮੀ ਕਿਤਾਬ ਅਨੁਸਾਰ ਮਨੌਤ ਹੈ ਕਿ ‘ਅੰਜੀਲ; ਈਸਾ ਜੀ ਤੋਂ 60 ਵਰ੍ਹੇ ਪਿੱਛੋਂ ਲਿਖੀ ਗਈ। ਇਕ ਵਾਰ ਇਸਾਈ ਪਾਦਰੀਆਂ ਨੇ 500 ਅੰਜੀਲਾਂ ਇਕੱਠੀਆਂ ਕੀਤੀਆਂ, ਜਦੋਂ ਉਨ੍ਹਾਂ ਨੂੰ ਇੱਕ ਦੂਜੇ ਨਾਲ ਮੇਲਿਆ ਗਿਆ ਤਾਂ 8000 ਸ਼ਬਦਾਂ ਦਾ ਹੇਰ-ਫੇਰ ਸੀ। ਇਨ੍ਹਾਂ ਸਾਰੀਆਂ ’ਚੋਂ ਇਕ ਨੁਸਖ਼ਾ (ਨਮੂਨਾ) ਰੱਖ ਲਿਆ ਤੇ ਬਾਕੀ ਸਭ ਅਗਨੀ ਭੇਟਾ ਕੀਤੀਆਂ ਗਈਆਂ’। ਚੌਥੀ ਐਡੀਸ਼ਨ, ਪੰ. 247 ਕੋਈ ਸਮਾਂ ਸੀ ਜਦੋਂ ਮਜ਼ਹਬੀ ਕਟੜਤਾ ਕਾਰਨ ਬਾਈਬਲ ਦਾ ਅਨੁਵਾਦ ਕਰਨਾ ਮੌਤ ਸਹੇੜਣ ਤੁੱਲ ਸੀ, ਪ੍ਰੰਤੂ ਅਜੋਕੇ ਦੌਰ ਵਿੱਚ ਸੰਸਾਰ ਦੀਆਂ 7139 ਬੋਲੀਆਂ ਵਿੱਚੋਂ ਬਾਈਬਲ 704 ਵਿੱਚ ਅਤੇ ਅੰਜੀਲ 1551 ਵਿੱਚ ਅਨੁਵਾਦਤ ਹੋ ਚੁੱਕੀ ਹੈ।  1160 ਭਾਸ਼ਾਵਾਂ ਐਸੀਆਂ ਹਨ, ਜਿਨ੍ਹਾਂ ਵਿੱਚ ਬਾਈਬਲ ਦੇ ਕੁਝ ਵੱਖ ਵੱਖ ਭਾਗਾਂ ਤੇ ਕਹਾਣੀਆਂ ਆਦਿਕ ਦਾ ਵਿਸ਼ੇਸ਼ ਅਨੁਵਾਦ ਕੀਤਾ ਮਿਲਦਾ ਹੈ।

ਕੁਰਾਨ’; ਇਸਲਾਮ ਦੀ ਧਾਰਮਕ ਪੁਸਤਕ ਤੇ ਆਧਾਰਸ਼ਿਲਾ ਹੈ, ਜੋ ਹਜ਼ਰਤ ਮੁਹੰਮਦ ਸਾਹਿਬ ਨੂੰ ਅੱਲ੍ਹਾ ਵੱਲੋਂ ਜਬਰਾਈਲ ਫ਼ਰਿਸ਼ਤੇ ਰਾਹੀਂ ਅਰਬੀ ਵਿੱਚ ਨਾਜ਼ਿਲ ਹੋਈ, ਮੰਨੀ ਗਈ। ਇਸਲਾਮ ਦੇ ਅਨੁਆਈ ਮੁਸਲਮਾਨਾਂ ਦਾ ਵਿਸ਼ਵਾਸ ਹੈ ਕਿ ਕੁਰਾਨ ਹੀ ਅੱਲ੍ਹਾ ਦੀ ਭੇਜੀ ਅੰਤਮ ਤੇ ਸਰਬਉੱਚ ਕਿਤਾਬ ਹੈ। ਗੂਗਲ ਮੁਤਾਬਕ ਇਸ ਦਾ ਆਰੰਭਕ ਪ੍ਰਸਾਰ ਤਾਂ ਮੌਖਿਕ ਰੂਪ ਵਿੱਚ ਹੋਇਆ, ਪ੍ਰੰਤੂ ਹਜ਼ਰਤ ਸਾਹਿਬ ਦੀ ਮੌਤ (632 ਈ.) ਤੋਂ ਪਿੱਛੋਂ ਪਹਿਲੇ ਖ਼ਲੀਫ਼ਾ ‘ਅਬੂ ਬਕ੍ਰ’ (634 ਈ.) ਨੇ ਇਸ ਨੂੰ ਲਿਖਤੀ ਰੂਪ ਦੇਣ ਦਾ ਫ਼ੈਸਲਾ ਕੀਤਾ। ਮੰਨਿਆ ਜਾਂਦਾ ਹੈ ਕਿ ‘ਜ਼ੈਦ ਬਿਨ ਥਾਬਿਤ’ (655 ਈ.) ਪਹਿਲੇ ਵਿਅਕਤੀ ਸਨ, ਜਿਸ ਨੇ ਕੁਰਾਨ ਨੂੰ ਇਕੱਠਾ ਕੀਤਾ, ਕਿਉਂਕਿ ਉਹ ਅੱਲ੍ਹਾ ਦੇ ਨਬੀ ਮੁਹੰਮਦ ਜੀ ਦੁਆਰਾ ਬੋਲੇ ਜਾਂਦੇ ਸੂਰੇ ਅਤੇ ਆਇਤਾਂ ਨੂੰ ਲਿਖਿਆ ਕਰਦੇ ਸਨ। ‘ਸੰਸਾਰ ਦਾ ਧਾਰਮਕ ਇਤਿਹਾਸ’ ਨਾਂ ਦੀ ਪੁਸਤਕ ਮੁਤਾਬਕ ਸਹਾਬਾ (ਸਾਥੀ) ਜ਼ੈਦ ਕਹਿੰਦਾ ਹੈ, ‘ਮੈਂ ਥਾਂ ਥਾਂ ਤੋਂ ਕੁਰਾਨ ਨੂੰ ਢੂੰਡਿਆ ਤੇ ਇਕੱਠਾ ਕੀਤਾ। ਇਸ ਨੂੰ ਖਜੂਰ ਦੇ ਪੱਤਿਆਂ, ਚਿੱਟੇ ਪੱਥਰਾਂ ਦੀਆਂ ਤਖ਼ਤੀਆਂ ਅਤੇ ਲੋਕਾਂ ਦੀ ਯਾਦ ਤੋਂ ਅਤੇ ‘ਸੂਰਾਏ ਤੌਬਾ’ ਅਬੀ ਖ਼ਜ਼ੀਆ ਅਨੁਸਾਰੀ ਪਾਸੋਂ ਲਿਆ; ਕਿਉਂਕਿ ਇਹ ਕਿਸੇ ਪਾਸ ਨਹੀਂ ਸੀ। ਜਿਹੜਾ (ਕੁਰਾਨ) ਮੈਂ ਇਕੱਠਾ ਕੀਤਾ, ਉਹ (ਖ਼ਲੀਫ਼ਾ) ਅਬੂ ਬਕ੍ਰ ਪਾਸ, ਇਨ੍ਹਾਂ ਦੇ ਚਲਾਣਾ ਕਰਨ ’ਤੇ (ਖ਼ਲੀਫ਼ਾ) ਉਮਰ ਪਾਸ ਤੇ ਉਨ੍ਹਾਂ ਦੇ ਚਲਾਣੇ ਮਗਰੋਂ ਉਨ੍ਹਾਂ ਦੀ ਲੜਕੀ ਹਫ਼ਸਾਂ ਪਾਸ ਰਿਹਾ’।

ਅਬਵਾਬ-ਉਲ-ਨਕਾਹ ਵਿਚ ਹਜ਼ਰਤ ਆਇਸ਼ਾਂ ਦੀ ਜ਼ਬਾਨੀ ਲਿਖਿਆ ਹੈ ਕਿ ‘ਆਇਤ ਰਜਮ ਤੇ ਬਾਲਗ ਨੂੰ ਦੁੱਧ ਪਿਲਾਣ ਦੀ ਆਇਤ ਉਤਰੀ ਸੀ। ਜਿਸ ਚੀਜ਼ ’ਤੇ ਇਹ ਲਿਖੀ ਸੀ, ਉਹ ਮੇਰੇ ਤਖ਼ਤ ਦੇ ਹੇਠ ਸੀ, ਜਿਸ ਵੇਲੇ ਮੁਹੰਮਦ ਸਾਹਿਬ ਨੇ ਚਲਾਣਾ ਕੀਤਾ, ਅਸੀਂ ਉਨ੍ਹਾਂ ਨੂੰ ਦੱਬਣ ਦੇ ਕੰਮ ਲੱਗੇ ਹੋਏ ਸੀ ਕਿ ਇਕ ਬੱਕਰੀ ਅੰਦਰ ਵੜ ਕੇ ਉਸ ਨੂੰ ਖਾ ਗਈ’। ਸਈਅਦ ਐਮ.ਐਚ (1987) ਦੀ ਲਿਖਤ ‘ਕੁਰਾਨ ਇਨ ਇਸਲਾਮ’ ਅਤੇ ਹੋਰ ਕਈ ਲਿਖਾਰੀਆਂ ਮੁਤਾਬਕ ਇਸਲਾਮ ਦੇ ਤੀਜੇ ਖ਼ਲੀਫ਼ਾ ਹਜ਼ਰਤ ਉਸਮਾਨ ਬਿਨ ਅੱਫ਼ਾਨ ਦੇ ਧਿਆਨ ਵਿੱਚ ਆਇਆ ਕਿ ਕੁਰਾਨ ਦੇ ਪਾਠ-ਭੇਦਾਂ ਕਾਰਨ ਉਚਾਰਨ ਵਿੱਚ ਮਾਮੂਲੀ ਮਤ-ਭੇਦ ਹਨ। ਉਸ ਨੇ ਜਯਦ ਦੀ ਪ੍ਰਧਾਨਗੀ ਵਿੱਚ ਇੱਕ ਕਮੇਟੀ ਕਾਇਮ ਕੀਤੀ ਤਾਂ ਕਿ ਪਾਠ ਦੀ ਪਵਿਤ੍ਰਤਾ ਹਿਤ ਖ਼ਲੀਫ਼ਾ ਅਬੂਬਕਰ ਵਾਲੀ ਮੂਲ ਲਿਖਤ ਨੂੰ ਆਧਾਰ ਬਣਾ ਕੇ ਨਮੂਨੇ ਦੀ ਇੱਕ ਪ੍ਰਵਾਨਤ ਕਾਪੀ ਤਿਆਰ ਕੀਤੀ ਜਾ ਸਕੇ। ਇਸ ਪ੍ਰਕਾਰ ਹਜ਼ਰਤ ਮਹੁੰਮਦ ਸਾਹਿਬ ਦੀ ਮੌਤ ਤੋਂ ਲਗਭਗ 24 ਸਾਲਾਂ ਦੇ ਅੰਤਰਗਤ ਪਾਠ ਦਾ ਅਜਿਹਾ ਮਾਡਲ ਲਿਖਤ ’ਚ ਆ ਗਿਆ । ਐਸਾ ਹੋਣ ’ਤੇ ਹੋਰ ਬਾਕੀ ਲਿਖਤਾਂ ਨੂੰ ਦਬਾ ਕੇ ਨਸ਼ਟ ਕਰ ਦਿੱਤਾ ਤਾਂ ਜੋ ਦੇਸ਼ ਵਿਦੇਸ਼ ਵਿੱਚ ਇੱਕ ਤਰ੍ਹਾਂ ਦਾ ਪ੍ਰਕਾਸ਼ਨ ਸਥਾਪਿਤ ਹੋ ਸਕੇ। ਸਮੇਂ ਦੇ ਸਥਾਪਿਤ ਵਿਦਵਾਨਾਂ ਦੇ ਅਜਿਹੇ ਦਲੇਰੀ ਭਰੇ ਉਪਰਾਲਿਆਂ ਦਾ ਹੀ ਸਿੱਟਾ ਹੈ ਕਿ ਹੁਣ ਪਾਵਨ ‘ਕੁਰਾਨ ਸ਼ਰੀਫ਼’ ਤੇ ‘ਬਾਈਬਲ’ ਦੀ ਛਪਾਈ ਪੱਖੋਂ ਸਾਰੀ ਦੁਨੀਆ ਵਿੱਚ ਇਕਸਾਰਤਾ ਹੈ।

  1. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਦੂਜਾ ਵੱਡਾ ਸੱਚ ਇਹ ਹੈ ਕਿ ਦੁਨੀਆ ਭਰ ਦੇ ਧਰਮ-ਗ੍ਰੰਥਾਂ ਵਿੱਚੋਂ ਹੁਣ ਤਕ ਇਸ ਦਾ ਸ਼ਰਧਾ ਸਹਿਤ ਪਠਨ-ਪਾਠ ਤੇ ਗਾਇਨ ਸਭ ਤੋਂ ਵਧੇਰੇ ਹੋਇਆ ਹੈ। ਇੱਕ ਤਾਂ ਇਸ ਦੀ ਰੂਹਾਨੀ ਤੇ ਰਹੱਸਵਾਦੀ ਰਚਨਾ ਕਾਵਿ-ਮਈ ਅਤੇ ਰਾਗ-ਬਧ ਹੋਣ ਕਾਰਨ ਵਧੇਰੇ ਸੰਗੀਤਮਈ ਹੈ। ਦੂਜੇ, ਇਸ ਵਿੱਚ ‘‘ਕੋਈ ਗਾਵੈ ਕੋ ਸੁਣੈ; ਕੋਈ ਕਰੈ ਬੀਚਾਰੁ ਕੋ ਉਪਦੇਸੈ, ਕੋ ਦ੍ਰਿੜੈ; ਤਿਸ ਕਾ ਹੋਇ ਉਧਾਰੁ ’’ (ਮਹਲਾ /੩੦੦) ਦਾ ਸਰਬਸਾਂਝਾ ਮਾਨਵੀ ਹੋਕਾ ਹੈ। ਕਿਸੇ ਨੂੰ ਕਾਫ਼ਰ ਜਾਂ ਸ਼ੂਦਰ ਮੰਨ ਕੇ ਗੁਰਬਾਣੀ ਦੇ ਪਾਠ, ਗਾਇਨ ਤੇ ਵੀਚਾਰ ਆਦਿਕ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਗਿਆ। ਤੀਜੇ, ਗੁਰੂ ਸਾਹਿਬਾਨ ਵੱਲੋਂ ਗੁਰਬਾਣੀ ਗਾਉਣ ਲਈ ‘‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ! ਗਾਵਹੁ ਸਚੀ ਬਾਣੀ ’’ (ਮਹਲਾ /੯੨੦) ਵਰਗੀ ਪਿਆਰ ਭਰੀ ਸੱਦ ਹੈ, ਜੋ ਸਤਿਗੁਰੂ ਜੀ ਦੇ ਪਿਆਰੇ ਗੁਰਸਿੱਖਾਂ ਦੇ ਕੰਨਾਂ ਵਿੱਚ ਸਦਾ ਗੂੰਜਦੀ ਰਹਿੰਦੀ ਹੈ। ਇਸ ਲਈ ਉਹ ਵੀ ਅੱਗੇ ਆਪਣੇ ਗੁਰ ਭਾਈਆਂ ਨੂੰ ‘‘ਗੁਰਬਾਣੀ ਗਾਵਹ ਭਾਈ ਓਹ ਸਫਲ ਸਦਾ ਸੁਖਦਾਈ ’’ (ਮਹਲਾ /੬੨੮) ਦੇ ਸੱਦੇ ਨਾਲ ਪ੍ਰੇਰਦੇ ਰਹਿੰਦੇ ਹਨ; ਕਿਉਂਕਿ ਗੁਰ ਵਾਕ ਵਿਸ਼ਵਾਸ ਦੀ ਬਦੌਲਤ ਉਹ ਜੀਵਨ ਨੂੰ ਸੁਖਦਾਈ ਤੇ ਸਫਲ ਬਣਾਉਣ ਲਈ ਗੁਰਬਾਣੀ ਗਾਇਨ ਨੂੰ ਸਭ ਤੋਂ ਸ੍ਰੇਸ਼ਟ ਸਾਧਨ ਸਮਝਦੇ ਹਨ।

ਚੌਥੇ, ਨਾਨਕ-ਜੋਤਿ; ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਨਾਲ ਹਾਰਦਿਕ ਪ੍ਰੇਮ ਰੱਖਣਵਾਲੇ ਗੁਰਮੁਖ ਗੁਰਸਿੱਖਾਂ ਨੇ ਆਤਮਕ ਤ੍ਰਿਪਤੀ ਲਈ ‘ਧੁਰ ਕੀ ਬਾਣੀ’ ਨੂੰ ਜ਼ਿੰਦਗੀ ਦਾ ਆਧਾਰ ਬਣਾ ਕੇ ਜੀਵਿਆ ਹੈ। ਉਨ੍ਹਾਂ ਨੇ ਗੁਰਬਾਣੀ ਨੂੰ ਆਪਣੀ ਗੁਣਾਤਮਿਕ ਤੇ ਨੈਤਿਕਤਾ ਭਰਪੂਰ ਸੁਗੰਧਮਈ ਆਤਮਿਕ ਸੁੰਦਰਤਾ ਲਈ ਹਿਰਦੇ ਦਾ ਹਾਰ ਬਣਾ ਕੇ ਰੱਖਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਸਾਖੀ ਰੂਪ ਗੁਰ ਵਾਕ ਹਨ, ‘‘ਮੈ ਸਤਿਗੁਰ ਸੇਤੀ ਪਿਰਹੜੀ; ਕਿਉ ਗੁਰ ਬਿਨੁ ਜੀਵਾ ? ਮਾਉ  ! ਮੈ ਗੁਰਬਾਣੀ ਆਧਾਰੁ ਹੈ; ਗੁਰਬਾਣੀ ਲਾਗਿ ਰਹਾਉ (ਮਹਲਾ /੭੫੯), ਹਮਾਰੀ ਪਿਆਰੀ, ਅੰਮ੍ਰਿਤ ਧਾਰੀ; ਗੁਰਿ ਨਿਮਖ ਮਨ ਤੇ ਟਾਰੀ ਰੇ ਰਹਾਉ ਖਿਨੁ ਰਮ, ਗੁਰ ਗਮ; ਹਰਿ ਦਮ, ਨਹ ਜਮ; ਹਰਿ ਕੰਠਿ ਨਾਨਕ ਉਰਿ ਹਾਰੀ ਰੇ ’’ (ਮਹਲਾ /੪੦੪)

  1. ਧਰਮ-ਗ੍ਰੰਥਾਂ ਦੇ ਇਤਿਹਾਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੀਜਾ ਵੱਡਾ ਤੇ ਪ੍ਰਤੱਖ ਸੱਚ ਇਹ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਦੇ ਹੱਥ-ਲਿਖਤੀ ਉਤਾਰੇ ਸਭ ਤੋਂ ਵਧੇਰੇ ਹੋਏ ਹਨ। ‘ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ’ ਵਿਖੇ ਜੂਨ 1984 ਵਾਲੇ ਭਾਰਤ ਸਰਕਾਰ ਦੇ ਖ਼ੂਨੀ ਹਮਲੇ ਤੋਂ ਪਹਿਲਾਂ 1500 ਦੇ ਲਗਭਗ ਬੀੜਾਂ ਸਨ। ਇਨ੍ਹਾਂ ਵਿੱਚ ਗੁਰੂ-ਕਾਲ ਦੇ, ਜੇ ਸਭ ਤੋਂ ਕਿਸੇ ਨਿਕਟ ਵਰਤੀ ਉਤਾਰੇ ਦੀ ਸੂਹ ਮਿਲਦੀ ਹੈ ਤਾਂ ਉਹ ਸੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੇਲੇ ਦੇ ਸੰਮਤ 1667 (ਸੰਨ 1610) ਦਾ, ਜਿਸ ਤੋਂ 10ਵੇਂ ਗੁਰੂ ਪਾਤਿਸ਼ਾਹ ਮੌਕੇ ਕਿਸੇ ਗੁਰਸਿੱਖ ਲੇਖਾਰੀ ਨੇ ‘ਆਦਿ ਬੀੜ’ ਦਾ ਉਤਾਰਾ ਸ਼ੁਰੂ ਕੀਤਾ, ਪਰ 9ਵੇਂ ਮਹਲੇ ਦੀ ਬਾਣੀ ਸਮੇਂ ਸਿਰ ਮਿਲਣ ਉਪਰੰਤ ਉਸ ਨੂੰ ਵੀ ਥਾਂ ਸਿਰ ਦਰਜ ਕਰ ਦਿੱਤਾ । ਇਸ ਪਾਵਨ ਬੀੜ ਦਾ ਹੱਥ-ਲਿਖਤ ਸੰਚਾ ਲਾਇਬ੍ਰੇਰੀ ਦੇ ਖਾਤੇ ਵਿੱਚ ਲਹੌਰੀ ਬੀੜ ਦੇ ਨਾਂ ਹੇਠ ਨੰਬਰ 1. (ਇੱਕ) ’ਤੇ ਦਰਜ ਸੀ, ਕਿਉਂਕਿ ਇਹ ਲਾਹੌਰ ਤੋਂ ਹੀ ਸ੍ਰੀ ਅੰਮ੍ਰਿਤਸਰ ਦੀ ਲਾਇਬ੍ਰਰੀ ਵਿੱਚ ਪਹੁੰਚੀ ਸੀ। ਸ਼੍ਰੋਮਣੀ ਕਮੇਟੀ ਦੁਆਰਾ ਜਨਵਰੀ ਸੰਨ 1977 ਵਿੱਚ ਪ੍ਰਕਾਸ਼ਤ ‘ਪਾਠ-ਭੇਦ ਸੂਚੀ’ ਵਿਖੇ ਇਸ ਹਕੀਕਤ ਦੇ ਪ੍ਰਮਾਣ ਮੌਜੂਦ ਹਨ, ਕਿਉਂਕਿ ਉਸ ਵਿੱਚ ਉਪਰੋਕਤ ਬੀੜ ਅੰਦਰਲੇ ਨਾਵੇਂ ਮਹਲੇ ਦੀ ਬਾਣੀ ਦੇ ਪਾਠ-ਭੇਦਾਂ ਦਾ ਵੇਰਵਾ ਮਿਲਦਾ ਹੈ।

ਪ੍ਰੋ. ਪਿਆਰਾ ਸਿੰਘ ਪਦਮ, ਜੋ ਮੁੱਢ ਤੋਂ ਹੀ ਖੋਜੀ ਤੇ ਲਿਖਾਰੀ ਬਿਰਤੀ ਵਾਲੇ ਫ਼ਕਰ ਇਨਸਾਨ ਸਨ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਹਿਲਾਂ ਪ੍ਰਿੰਸੀਪਲ ਗੰਗਾ ਸਿੰਘ ਮੌਕੇ ‘ਸ਼ਹੀਦ ਸਿੱਖ ਮਿਸ਼ਨਰੀ ਕਾਲਜ’ ਸ੍ਰੀ ਅੰਮ੍ਰਿਤਸਰ ਦੇ ਅਧਿਆਪਕ ਰਹੇ। ਇਸ ਲਈ ਉਨ੍ਹਾਂ ਦਾ ‘ਸਿੱਖ ਰੈਫ਼ਰੈਂਸ ਲਾਇਬ੍ਰੇਰੀ’ ਵਿਖੇ ਪੁਰਾਤਨ ਹੱਥ-ਲਿਖਤ ਬੀੜਾਂ ਬਾਰੇ ਜਾਣਕਾਰੀ ਹਾਸਲ ਕਰਨਾ ਵੀ ਸੁਭਾਵਕ ਸੀ। ‘ਪਦਮ’ ਜੀ ਨੇ ਉਪਰੋਕਤ ਬੀੜ ਬਾਰੇ ਇਉਂ ਲਿਖਿਆ ਹੈ, ‘ਪਹਿਲੇ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿੱਚ ਬੀੜ ਸੀ। ਇਸ ’ਤੇ ਲਿਖਿਆ ਸੀ ‘ਗ੍ਰੰਥ ਗੁਰੂ ਹਰਿਗੋਬਿੰਦ ਜੀ ਕਾ ਸੰਮਤ 1667’, ਇਸ ਦੀ ਸਮਾਪਤੀ ਫ਼ਰੀਦ ਦੇ ਸਲੋਕਾਂ ’ਤੇ ਹੈ। ਕੰਨੇ, ਦੀ ਥਾਂ ਬਿੰਦੀ ਵਰਤੀ ਹੈ। ਲਿਖਤ ਪੁਰਾਣੀ ਹੈ। ਇਹ ਬੀੜ ਹੁਣ ਸਿੱਖ ਰੈਫ਼੍ਰੈਂਸ ਲਾਇਬ੍ਰੇਰੀ ਵਿਚ ਹੈ’। (ਸ੍ਰੀ ਗੁਰੂ ਗ੍ਰੰਥ ਪ੍ਰਕਾਸ਼-ਪੰ. 98)

‘ਸਿੱਖ ਰੈਫ਼ਰੈਂਸ ਲਾਇਬ੍ਰੇਰੀ’ ਦੇ ਇੰਚਾਰਜ ਰਹੇ ਸ੍ਰ. ਸ਼ਮਸ਼ੇਰ ਸਿੰਘ ਅਸ਼ੋਕ, ਇਸ ਨੂੰ ਅਨੰਦਪੁਰੀ ਬੀੜ ਦਾ ਨਾਂ ਦਿੰਦੇ ਸਨ, ਕਿਉਂਕਿ ਇਸ ਵਿੱਚ 9ਵੇਂ ਮਹਲੇ ਦੀ ਸੰਪੂਰਨ ਬਾਣੀ, ਥਾਂ ਸਿਰ ਦਰਜ ਸੀ। ਪ੍ਰਸਿੱਧ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਜੀ ਵੀ ਮੰਨਦੇ ਹਨ ਕਿ ਇਹ ਬੀੜ ਸ੍ਰੀ ਅਨੰਦਪੁਰ ਸਾਹਿਬ ਤੋਂ ਹੀ ਤੁਰੀ ਸੀ। ਇਸ ਕਾਲ ਦੀਆਂ ਵਧੇਰੇ ਬੀੜਾਂ ਵਿੱਚ ਰਾਗ ਜੈਜਾਵੰਤੀ, ਜੈਤਸਰੀ ਤੋਂ ਪਿੱਛੋਂ ਅੰਕਿਤ ਹੁੰਦਾ ਸੀ। ਗੁਰਬਾਣੀ ਵਿਆਕਰਨ ਦੇ ਪ੍ਰਸਿੱਧ ਵਿਦਵਾਨ ਭਾਈ ਜੋਗਿੰਦਰ ਸਿੰਘ ਜੀ ‘ਤਲਵਾੜਾ’, ਇਸ ਬੀੜ ਨੂੰ ਮੁਸਤਨਦ (ਪੱਕਾ ਸਬੂਤ) ਮੰਨ ਕੇ ਮੌਜੂਦਾ ਕਾਲ ਦੀ ਸ਼ੁਧ ਬੀੜ ਛਾਪਣ ਦੇ ਹੱਕ ਵਿੱਚ ਸਨ। ਪ੍ਰਾਚੀਨ ਹੱਥ ਲਿਖਤ ਬੀੜਾਂ ਦੇ ਖੋਜੀ ਵਿਦਵਾਨ ਤੇ ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਗਿਆਨੀ ਗੁਰਦਿੱਤ ਸਿੰਘ ਜੀ ਕਰਤਾਰਪੁਰੀ ਸ਼ਾਖ ਦੀ ਰਾਗਮਾਲਾ ਰਹਿਤ ਇਕ ਬੀੜ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਲਈ ਆਧਾਰ ਮੰਨਣ ਦੀ ਵਕਾਲਤ ਕਰਦੇ ਸਨ। ਇਹ ਬੀੜ ਗਿਆਨੀ ਜੀ ਨੂੰ 1977 ਵਿੱਚ ਸ੍ਰੀ ਅੰਮ੍ਰਿਤਸਰ ਤੋਂ ਪ੍ਰਾਪਤ ਹੋਈ ਸੀ, ਜੋ ਉਨ੍ਹਾਂ ਦੀ ਨਿੱਜੀ ਲਾਇਬ੍ਰੇਰੀ ਦਾ ਭਾਗ ਬਣੀ। ‘ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮਿਤਸਰ’ ਵਾਲੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਭਾਈ ਹਰਿਦਾਸ ਵਾਲੀ ਇਤਿਹਾਸਕ ਬੀੜ ਨੂੰ ‘ਮੁਸਤਨਦ’ ਮੰਨਣ ਲਈ ਜ਼ੋਰ ਦਿੰਦੇ ਸਨ। ਉਨ੍ਹਾਂ ਦੀ ਜ਼ੋਰਦਾਰ ਦਲੀਲ ਸੀ ਕਿ 1 ਨੰ. ਬੀੜ ਦੇ ਲਿਖਾਰੀ ਦਾ ਕੋਈ ਥਉ-ਪਤਾ ਨਹੀਂ, ਪਰ 9ਵੇਂ ਤੇ 10ਵੇਂ ਗੁਰੂ-ਪਾਤਿਸਾਹ ਦੇ ਲਿਖਾਰੀ ਰਹੇ ਭਾਈ ਹਰਿਦਾਸ ਜੀ ਦਾ ਤਾਂ ਬੀੜ ਦੇ ਅੰਤ ਵਿੱਚ ਵਿਸ਼ੇਸ਼ ਹਵਾਲਾ ਦਰਜ ਹੈ। ਆਰੰਭ ਵਿੱਚ 9ਵੇਂ ਗੁਰੂ-ਪਾਤਿਸ਼ਾਹ ਦੇ ਹਸਤਾਖਰ ਵੀ ਹਨ।

ਭਾਈ ਬੰਨੋ ਵਾਲੀ ਬੀੜ ਨੂੰ ਭਾਈ ਗੁਰਦਾਸ ਜੀ ਵਾਲੀ ਬੀੜ ਦਾ ਦੂਜਾ ਉਤਾਰਾ ਮੰਨਿਆ ਜਾਂਦਾ ਰਿਹਾ, ਕਿਉਂਕਿ ਸਾਜ਼ਿਸ਼ ਅਧੀਨ ਇਸ ਢੰਗ ਦਾ ਜ਼ੋਰਦਾਰ ਪ੍ਰਚਾਰ ਹੋਇਆ, ਪਰ ਹੁਣ ਤਕ ਦੀ ਖੋਜ ਨੇ ਸਿੱਧ ਕੀਤਾ ਹੈ ਕਿ ਉਹ ਬੀੜ ਸੰਨ 1642 ਦੀ ਲਿਖਤ ਹੈ। ਉਸ ਦਾ ਅਸਲ ਲਿਖਣ ਸੰਮਤ 1699 ਸੀ, ਜਿਸ ਨੂੰ ਮਾਲਕਾਂ ਨੇ ਖ਼ਾਲਸਾ ਰਾਜ ਮੌਕੇ ਇਨਾਮ ਲੈਣ ਅਤੇ ਉਸ ਦਾ ਮਹੱਤਵ ਸਥਾਪਿਤ ਕਰਨ ਦੇ ਖ਼ਿਆਲ ਨਾਲ 1659 ਦਰਸਾਉਣ ਦਾ ਯਤਨ ਕੀਤਾ ਹੈ। ਇਸ ਲਈ ਜੇ ਇਹ ਮਨੌਤ ਸੱਚ ਹੈ ਕਿ ਸੁਰਸਿੰਘੀ ਬੀੜ 6ਵੇਂ ਗੁਰੂ ਪਾਤਿਸ਼ਾਹ ਦੇ ਸਿੱਖ ਜਰਨੈਲ ਭਾਈ ਬਿਧੀਚੰਦ ਨੇ ਲਿਖਵਾਈ, ਜਿਹੜੀ ਕੇਵਲ ਰਾਗ ਬਿਲਾਵਲ ਅੰਦਰਲੀ ਬਾਣੀ ਦੀ ਸੰਪੂਰਨਤਾ ਤੱਕ ਹੈ, ਤਾਂ ਇਹ ਭਾਈ ਗੁਰਦਾਸ ਜੀ ਵਾਲੀਪੋਥੀਸਾਹਿਬ ਦਾ ਦੂਜਾ ਉਤਾਰਾ ਮੰਨਿਆ ਜਾ ਸਕਦਾ ਹੈ। ਕਾਰਨ ਹੈ ਕਿ ਪਰੰਪਰਾਗਤ ਗੁਰੂ ਇਤਿਹਾਸ ਮੁਤਾਬਕ ਪੈਂਦੇ ਖ਼ਾਂ ਦੀ ਬੇਵਫ਼ਾਈ ਕਾਰਨ ਸੰਨ 1634 ’ਚ ਕਰਤਾਰਪੁਰੇ ਦੀ ਜੰਗ ਹੋਈ, ਜਿਸ ਕਰਕੇ ਪਾਵਨ ਬੀੜ ਦਾ ਅਗਲਾ ਹਿੱਸਾ ਲਿਖਣੋ ਰਹਿ ਗਿਆ। ਇਸ ਜੰਗ ਪਿੱਛੋਂ ਸ਼ੀਘਰ ਹੀ ਗੁਰੂ ਜੀ ਨੇ ਕੀਰਤਪੁਰ ਨੂੰ ਚਾਲੇ ਪਾ ਦਿੱਤੇ।

ਇਸ ਇਤਿਹਾਸਕ ਬੀੜ ਦੇ ਸਾਰੇ ਰਾਗਾਂ ਦੇ ਮੰਗਲ ਸੰਪੂਰਨ ਤੇ ਸੱਜੇ ਪਾਸੇ ਉੱਪਰ ਹਨ। ਬਾਣੀ ਅੰਦਰਲੇ ਸਾਰੇ ਮੰਗਲ ਸੰਖੇਪ (ੴ ਸਤਿਗੁਰਪ੍ਰਸਾਦਿ ॥); ਸਿਰਲੇਖਾਂ ਤੋਂ ਸੱਜੇ ਪਾਸੇ ਹਨ। ‘ਸੋ ਦਰੁ’ ਸੰਗ੍ਰਹਿ ਦੇ ਪੰਜ ਸ਼ਬਦ ਅਤੇ ‘ਸੋ ਪੁਰਖ’ ਦੇ ਚਾਰੇ ਸ਼ਬਦ ਥਾਂ ਸਿਰ ਦਰਜ ਹਨ। ਜਥੇਦਾਰ ਵੇਦਾਂਤੀ ਜੀ ਡਾ. ਅਮਰ ਸਿੰਘ ਹੁਰਾਂ ਨੂੰਸੁਰਸਿੰਘਪਿੰਡ (ਜ਼ਿਲਾ ਤਰਨਤਾਰਨ) ਆਪਣੇ ਨਾਲ ਲੈ ਕੇ ਗਏ। ਬਾਬਾ ਬਿਧੀਚੰਦ ਦਲ ਦੇ ਮੁਖੀ ਜਥੇਦਾਰ ਬਾਬਾ ਦਇਆ ਸਿੰਘ ਜੀ ਦੀ ਮਿਹਰਬਾਨੀ ਸਦਕਾ ਇਸ ਪਾਵਨ ਬੀੜ ਦੀ ਇਕ ਡਿਜ਼ੀਟਲ ਕਾਪੀ ਤਿਆਰ ਕਰਵਾਈ, ਜੋ ਉਨ੍ਹਾਂ ਲਈ ਕਿਸੇ ਵੀ ਬੀੜ ਦੀ ਸਰਬ ਪੱਖੀ ਸ਼ੁਧਤਾ ਪਰਖਣ ਪੱਖੋਂ ਇੱਕ ਪ੍ਰਮਾਣਿਕ ਕਸਵੱਟੀ ਬਣ ਗਈ।

ਭਾਈ ਬੰਨੋ ਜੀ ਵਾਲੀ ਬੀੜ ਦੇ ਤਤਕਰੇ ਦੇ ਆਰੰਭ ਵਿੱਚ ਲਿਖੇ ਸੰਮਤ ਦੀ ਕਟਾ-ਵੱਢੀ ਦਾ ਚਿਤ੍ਰ ਅਤੇ ਜਥੇਦਾਰ ਵੇਦਾਂਤੀ ਜੀ ਦੁਆਰਾ ਗਿ. ਭਰਪੂਰ ਸਿੰਘ ਤੇ ਡਾ. ਅਮਰ ਸਿੰਘ ਨੂੰ ਨਾਲ ਲੈ ਕੇ ਪਿੰਡ ਸੁਰਸਿੰਘ ਵਿਖੇ ਦਲ ਦੇ ਮੁਖੀ ਬਾਬਾ ਦਇਆ ਸਿੰਘ ਨੂੰ ਮਿਲਣ ’ਤੇ ਲਿਖਤੀ ਸੰਚੇ ਦੀ ਵੀਡੀਓ ਬਣਾਉਣ ਦੇ ਚਿਤ੍ਰ 1-1, 1-2, 1-3

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਧੇਰੇ ਉਤਾਰੇ ਹੋਣ ਦੇ ਕਾਰਨਾਂ ਵਿੱਚੋਂ ਪਹਿਲਾ ਸੀ ਕਿ ਇਨ੍ਹਾਂ ਵਾਂਗ ਹੋਰ ਕਿਸੇ ਵੀ ਅਨਮਤੀ ਗ੍ਰੰਥ ਨੂੰ ‘ਗੁਰੂ’ ਪਦਵੀ ਪ੍ਰਾਪਤ ਨਹੀਂ ਹੋਈ। ਦੂਜੇ, ‘‘ਗੁਰ ਕੀ ਮੂਰਤਿ; ਮਨ ਮਹਿ ਧਿਆਨੁ ’’ (ਮਹਲਾ /੮੬੪) ਦੇ ਅਮਲੀ ਗੁਰਵਾਕ ਦੀ ਵਿਆਖਿਆ ਕਰਦਿਆਂ ਭਾਈ ਗੁਰਦਾਸ ਜੀ ਨੇ ‘‘ਗੁਰ ਮੂਰਤਿ ਗੁਰੁ ਸਬਦੁ ਹੈ ..’’ (ਵਾਰ ੨੪ ਪਉੜੀ ੧੧) ਦਾ ਜੋ ਗੁਰਮਤੀ ਸਿਧਾਂਤ ਪ੍ਰਚੰਡਤਾ ਸਹਿਤ ਪ੍ਰਗਟਾਇਆ ਤੇ ਪ੍ਰਚਾਰਿਆ, ਉਸ ਕਰਕੇ ਗੁਰਸਿੱਖਾਂ ਅੰਦਰ ਪੂਰਨ ਭਰੋਸਾ ਬਣਿਆ ਰਿਹਾ ਕਿ ਗੁਰਬਾਣੀ ਦੇ ਵਿਚਾਰ ਪੂਰਵਕ ਪਠਨ-ਪਾਠ ਤੋਂ, ਉਨ੍ਹਾਂ ਨੂੰ ਦਸ ਗੁਰੂ ਸਾਹਿਬਾਨ ਦੇ ਜੋਤਿ-ਸਰੂਪੀ ਦਰਸ਼ਨ ਹੁੰਦੇ ਹਨ। ਭੱਟ ਵਹੀ ਤਲਾਉਂਡਾ, ਪਰਗਨਾ ਜੀਂਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਬਾਰੇ ਸਮੇਂ ਤੇ ਸਥਾਨਕ ਵੇਰਵੇ ਸਮੇਤ ਜੋ ਇੰਦਰਾਜ ਅੰਕਿਤ ਹੈ, ਉਹ ਤਾਂ ਉਪਰੋਕਤ ਪੱਖੋਂ ਕਿਸੇ ਕਿਸਮ ਦਾ ਸ਼ੰਕਾ ਨਹੀਂ ਰਹਿਣ ਦਿੰਦਾ। ਲਿਖਤ ਹੈ, ‘ਗੁਰੂ ਗੋਬਿੰਦ ਸਿੰਘ ਜੀ ਮਹਲ ਦਸਵਾਂ, ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਮੁਕਾਮ ਨਦੇੜ ਤਟ ਗੁਦਾਵਰੀ ਦੇਸ਼ ਦਖਣ, ਸਤਰਾਂ ਸੈ ਪੈਂਸਠ, ਕਾਰਤਕ ਮਾਸੇ ਕੀ ਸੁਦੀ ਚਉਥ, ਸੁਕਲਾ ਪੱਖੇ, ਬੁਧਵਾਰ ਕੇ ਦਿਹੁੰ ਭਾਈ ਦਇਆ ਸਿੰਘ ਸੇ ਬਚਨ ਹੂਆ, ਗ੍ਰੰਥ ਸਾਹਿਬ ਲੇ ਆਉ। ਬਚਨ ਪਾਇ ਦਇਆ ਸਿੰਘ ਗ੍ਰੰਥ ਸਾਹਿਬ ਲੈ ਆਏ’ । ਗੁਰੂ ਜੀ ਨੇ ਕਹਾ ‘ਮੇਰਾ ਹੁਕਮ ਹੈ, ਮੇਰੀ ਜਗਹ ਗ੍ਰੰਥ ਜੀ ਕੋ ਜਾਣਨਾ। ਜੋ ਸਿੱਖ ਜਾਨੇਗਾ, ਤਿਸ ਕੀ ਘਾਲ ਥਾਇਂ ਪਏਗੀ। ਗੁਰੂ ਤਿਸ ਕੀ ਬਹੁੜੀ ਕਰੇਗਾ। ਸਤਿ ਕਰਿ ਮੰਨਣਾ’।

ਭਾਈ ਨੰਦ ਲਾਲ ਸਿੰਘ ਜੀ ਗੋਯਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਤਿ ਨਿਕਟ ਵਰਤੀ ਤੇ ਦਰਬਾਰੀ ਕਵੀ ਰਹੇ ਹਨ। ਉਹ ਗੁਰੂ ਸਾਹਿਬ ਦੇ ਦੇਹਾਂਤ ਸਮੇਂ ਬਹਾਦਰ ਸ਼ਾਹ ਦੇ ਨਾਲ ਨਾਂਦੇੜ ਵਿਖੇ ਮੌਜੂਦ ਸਨ। ਗੁਰੂ ਜੀ ਦੇ ਖਿਡਾਵੇ ਰਹੇ ਭਾਈ ਚੌਪਾ ਸਿੰਘ ਵੀ ਉੱਥੇ ਹਾਜ਼ਰ ਸਨ। ਰਵਾਇਤ ਮੁਤਾਬਕ ਇਨ੍ਹਾਂ ਦੋਹਾਂ ਸੁਭਾਗੀ ਸ਼ਖ਼ਸੀਅਤਾਂ ਵੱਲੋਂ ਰਚਿਤ ਮੰਨੇ ਜਾਂਦੇ ਰਹਿਤਨਾਮਿਆਂ ਵਿੱਚ ਗੁਰੂ ਸਾਹਿਬ ਵੱਲੋਂ ਸਿੱਖਾਂ ਲਈ ਜੋ ਹਦਾਇਤਾਂ ਹਨ, ਉਹ ਵੀ ਉਪਰੋਕਤ ਕਥਨ ਮੁਤਾਬਕ ਦਸ-ਗੁਰੂ ਸਾਹਿਬਾਨ ਦੀ ਥਾਂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੀ ਤਾਕੀਦ ਕਰਦੀਆਂ ਹਨ। ਰਹਿਤਨਾਮਿਆਂ ਦੇ ਬਚਨ ਤਰਤੀਬਵਾਰ ਇਸ ਪ੍ਰਕਾਰ ਹਨ :

(1). ਮੇਰਾ ਰੂਪ ਗ੍ਰੰਥ ਜੀ ਜਾਨ । ਇਨ ਮੇਂ ਭੇਦ ਨਹੀਂ ਕੁਛ ਮਾਨ । (ਭਾਈ ਨੰਦ ਲਾਲ ਜੀ)

(2). ਅਕਾਲ ਪੁਰਖ ਕੇ ਬਚਨ ਸਿਉ, ਪ੍ਰਗਟ ਚਲਾਇਉ ਪੰਥ। ਸਭ ਸਿਖਨ ਕੋ ਬਚਨ ਇਹ, ਗੁਰੂ ਮਾਨਿਓ ਗਰੰਥ। (ਭਾਈ ਚੌਪਾ ਸਿੰਘ ਜੀ)

‘ਸ੍ਰੀ ਗੁਰੂ ਗ੍ਰੰਥ ਪ੍ਰਕਾਸ਼’ ਪੁਸਤਕ ਵਿੱਚ ਪ੍ਰੋ. ਪਿਆਰਾ ਸਿੰਘ ਪਦਮ ਲਿਖਦੇ ਹਨ ‘ਜਦੋਂ ਗੁਰਬਾਣੀ ਨੂੰ ਧਰਮ ਦਾ ਆਧਾਰ ਮੰਨ ਲਿਆ ਗਿਆ, ‘ਗੁਰੂ’ ਸਮਝ ਕੇ ਸਤਿਕਾਰਿਆ ਗਿਆ ਤਾਂ ਜ਼ਰੂਰੀ ਸੀ ਕਿ ਇਸ ਬਾਣੀ ਦੇ ਗਾਇਨ ਰਾਹੀਂ ਤੇ ਲਿਖਤ ਰਾਹੀਂ ਪ੍ਰਚਾਰ ਕੀਤਾ ਜਾਂਦਾ। ਗਾਇਨ ਨੇ ਕੀਰਤਨ ਦਾ ਪ੍ਰਵਾਹ ਚਲਾਇਆ, ਜਿਸ ਨੇ ਵੈਸ਼ਣਵਾਂ ਦੀ ਅਵਤਾਰ-ਪੂਜਾ ਤੋਂ ਬਚਾ ਕੇ ਸਿਖ ਸੰਗਤਾਂ ਨੂੰ ਨਿਰੰਕਾਰੀ ਪੂਜਾ ਵੱਲ ਲਾਇਆ ਤੇ ਲਿਖਾਰੀਆਂ ਨੇ ਪੋਥੀਆਂ, ਗੁਟਕੇ ਤੇ ਬੀੜਾਂ ਲਿਖ ਕੇ ਗੁਰੂ-ਗਿਆਨ ਦਾ ਦੀਵਾ ਦੂਰ ਦੂਰ ਜਗਾਇਆ । ਸਿੱਖ ਧਰਮਸ਼ਾਲਾਵਾਂ ਵਿੱਚ ਕਿਸੇ ਮੂਰਤੀ ਜਾਂ ਬੁੱਤ ਦਾ ਸਥਾਪਨ ਸੰਭਵ ਨਹੀਂ ਸੀ, ਇਸ ਕਰਕੇ ਗੁਰੂ ਗ੍ਰੰਥ ਦੀਆਂ ਬੀੜਾਂ ਨੇ ਹੀ ਇਸ਼ਟ ਦਾ ਅਸਥਾਨ ਲਿਆ ਤੇ ਗੁਰੂਆਂ ਦੇ ਜ਼ਮਾਨੇ ਹੀ ਸੈਂਕੜੇ ਬੀੜਾਂ ਲਿਖੀਆਂ ਗਈਆਂ।’ (ਪੰ. 96)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਢਲੇ ਸਰੂਪ ‘ਪੋਥੀ ਸਾਹਿਬ’ ਦੇ ਲੇਖਾਰੀ ਤੇ ਗੁਰਬਾਣੀ ਦੇ ਮੋਢੀ ਵਿਆਖਿਆਕਾਰ ਭਾਈ ਗੁਰਦਾਸ ਜੀ ਮੁਤਾਬਕ ਇੱਕ ਕਾਰਨ ਇਹ ਵੀ ਹੈ ਕਿ ਉਸ ਵੇਲੇ ਦੇ ਗੁਰਸਿੱਖ ਜਿੱਥੇ ਧਰਮ ਦੀ ਕਿਰਤ ਕਰਕੇ ਲੋੜਵੰਦਾਂ ਨਾਲ ਵੰਡ ਕੇ ਛਕਦੇ ਸਨ, ਉੱਥੇ ਗੁਰਬਾਣੀ ਦੀਆਂ ਪੋਥੀਆਂ ਲਿਖ ਕੇ ਵੰਡਣਾ ਅਤੇ ਰਬਾਬ ਮ੍ਰਿਦੰਗ ਦੁਆਰਾ ਗੁਰਸਿੱਖ ਸੰਗਤਾਂ ਨੂੰ ਕੀਰਤਨ ਸ੍ਰਵਣ ਕਰਾਉਣਾ ਸਭ ਤੋਂ ਵੱਡਾ ਪੁੰਨ ਕਰਮ ਤੇ ਫ਼ਰਜ਼ ਸਮਝਦੇ ਸਨ। ਜਿਹੜੇ ਗੁਰਸਿੱਖਾਂ ਨੂੰ ਗੁਰੂ ਦਰਬਾਰ ਵਿਖੇ ਟਿਕੇ ਰਹਿਣ ਦਾ ਸੁਭਾਗ ਪ੍ਰਾਪਤ ਹੁੰਦਾ ਸੀ, ਉਨ੍ਹਾਂ ਨੂੰ ਜਦੋਂ ਵੀ ਸਿੱਖ ਸੰਗਤ ਲਈ ਪਾਣੀ ਭਰਨ, ਪੱਖਾ ਝੱਲਣ, ਚੱਕੀ ਪੀਹਣ ਅਤੇ ਲੰਗਰ ਦੇ ਚੁਲ੍ਹੇ ਵਿੱਚ ਬਾਲਣ ਪਾਉਣ ਆਦਿਕ ਦੀ ਸੇਵਾ ਤੋਂ ਵੇਹਲ ਮਿਲਦਾ, ਉਹ ਗੁਰੂ ਦੀ ਬਾਣੀ ਸੁਣ ਕੇ ਸ਼ੁਧ ਪਾਠ ਤੇ ਅਰਥ ਸਿਖਦੇ ਸਨ ਅਤੇ ਉਨ੍ਹਾਂ ਸ਼ਬਦਾਂ ਤੇ ਅਰਥਾਂ ਨੂੰ ਆਪ ਲਿਖ ਕੇ ਹੋਰਨਾਂ ਨੂੰ ਵੀ ਲਿਖਾਉਂਦੇ ਸਨ। ਅਜਿਹਾ ਉਦਮ ਹੀ ਉਨ੍ਹਾਂ ਲਈ ਗੁਰਸਿੱਖੀ ਦੇ ਨਾਮ, ਦਾਨ ਤੇ ਇਸ਼ਨਾਨ ਦੀ ਕਮਾਈ ਸੀ। ਭਾਈ ਸਾਹਿਬ ਜੀ ਦੇ ਸਾਖੀ ਰੂਪ ਬਚਨ ਹਨ :

ਗੁਰਬਾਣੀ ਲਿਖਿ ਪੋਥੀਆ; ਤਾਲ, ਮ੍ਰਿਦੰਗ, ਰਬਾਬ ਵਜਾਵੈ

ਕਿਰਤਿ ਵਿਰਤਿ ਕਰਿ ਧਰਮ ਦੀ; ਹਥਹੁ ਦੇ ਕੈ ਭਲਾ ਮਨਾਵੈ (ਵਾਰ ਪਉੜੀ ੧੨)

ਪਾਣੀ, ਪਖਾ, ਪੀਹਿ; ਭਠੁ ਝੁਕਾਇਆ ਗੁਰਬਾਣੀ ਸੁਣਿ, ਸਿਖਿ; ਲਿਖਿ ਲਿਖਾਇਆ

ਨਾਮੁ, ਦਾਨੁ, ਇਸਨਾਨੁ; ਕਰਮ ਕਮਾਇਆ (ਵਾਰ ੨੦ ਪਉੜੀ )

ਭਾਈ ਸਾਹਿਬ ਨੇ 11ਵੀਂ ਵਾਰ ਦੀ 16ਵੀਂ ਪਉੜੀ ’ਚ ਸ੍ਰੀ ਗੁਰੂ ਅਮਰਦਾਸ ਜੀ ਦੇ ਵੇਲੇ ਦੀ ਡੱਲਾ ਨਿਵਾਸੀ ਸੰਗਤ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਭਾਈ ਬੂਲਾ ਪਾਂਧਾ ਗੁਰਬਾਣੀ ਦਾ ਗਾਇਨ ਵੀ ਕਰਦੇ ਸਨ ਤੇ ਗੁਰਬਾਣੀ ਦੇ ਚੰਗੇ ਲੇਖਕ ਵੀ ਸਨ, ‘‘ਪਾਂਧਾ ਬੂਲਾ ਜਾਣੀਐ; ਗੁਰਬਾਣੀ ਗਾਇਣੁ ਲੇਖਾਰੀ ਡਲੇ ਵਾਸੀ ਸੰਗਤਿ ਭਾਰੀ ’’ (ਵਾਰ ੧੧ ਪਉੜੀ ੧੬)

18ਵੀਂ ਸਦੀ ਦੀਆਂ ਸਿੱਖ ਲਿਖਤਾਂ ਵਿੱਚ ਵਿਸ਼ੇਸ਼ ਥਾਂ ਰੱਖਣ ਵਾਲੀ ਭਾਈ ਸੂਰਤ ਸਿੰਘ ‘ਗਿਆਨੀ’ ਦੀ ਕ੍ਰਿਤ ਸਿੱਖਾਂ ਦੀ ਭਗਤਮਾਲਾ ਵਿੱਚ ਉਪਰੋਕਤ ਤੁਕ ਦਾ ਵਿਸਥਾਰ ਇਸ ਪ੍ਰਕਾਰ ਹੈ, ਡਲੇ ਜਬ ਤੀਸਰੀ ਪਾਤਿਸ਼ਾਹੀ ਗੁਰੂ ਅਮਰਦਾਸ ਜੀ ਆਇ ਉਤਰੇ ਬੂਲਾ ਪਾਂਧਾ ਆਇ ਚਰਨੀ ਲਗਾ ਓਸ ਅਰਦਾਸ ਕੀਤੀ ਜੀ ਮੈਂ ਥੀ ਤਾਂ ਸੇਵਾ ਟਹਿਲ ਕੁਝ ਹੋ ਨਹੀਂ ਸਕਦੀ ਤਾਂ ਬਚਨ ਹੋਆਗੁਰਾਂ ਦੀ ਬਾਣੀ ਕਥਾ ਕਰਿ ਕੈ ਸਿਖਾਂ ਨੂੰ ਸੁਣਾਵਣੀ ਨਾਲੇ ਪੋਥੀ ਗੁਰੂ ਕੇ ਨਮਿਤ ਲਿਖ ਦੇਵਣੀ ਮੰਗਣਾ ਕੁਝ ਨਹੀ ਤੇਰੀ ਪਰਾਲਬਧ ਆਪ ਕੋਈ ਦੇ ਜਾਵੈ ਤਾਂ ਵਰਤ ਲੈਵਣੀ ਤੇਰੀ ਇਹ ਸੇਵਾ ਹੈ

ਦਾਸ (ਖ਼ੁਦ ਜਾਚਕ) ਅਤਿਅੰਤ ਦ੍ਰਿੜ੍ਹਤਾ ਤੇ ਨਿਸ਼ਚੇ ਨਾਲ ਆਖ ਸਕਦਾ ਹੈ ਕਿ ਗੁਰਸਿੱਖਾਂ ਅੰਦਰ ਗੁਰਬਾਣੀ ਦੀਆਂ ਪੋਥੀਆਂ ਲਿਖਣ ਲਿਖਾਵਣ, ਗਾਵਣ ਤੇ ਵਿਚਾਰਨ ਦੀ ਸੇਵਾ ਤੇ ਉਤਸ਼ਾਹ ਦੇ ਪਿਛੋਕੜ ਵਿੱਚ, ਜਿੱਥੇ ਗੁਰੂ ਸਾਹਿਬਾਨ ਦੁਆਰਾ ਹੱਥੀਂ ਬਾਣੀ ਲਿਖਣਾ, ਗਾਵਣਾ ਤੇ ਵਿਚਾਰਨਾ, ਉਨ੍ਹਾਂ ਦਾ ਕਰਣੀ ਪ੍ਰਧਾਨ ਆਚਰਨ ਹੈ; ਉਥੇ, ਉਨ੍ਹਾਂ ਦੇ ਹੇਠ ਲਿਖੇ ਪ੍ਰੇਰਨਾਮਈ ਗੁਰਵਾਕਾਂ ਦੀ ਵਿਚਾਰ ਵੀ ਗੁਰਸਿੱਖਾਂ ਨੂੰ ਗੁਰਬਾਣੀ ਲਿਖਣ, ਗਾਉਣ ਅਤੇ ਵਿਚਾਰਨ ਤੇ ਪ੍ਰਚਾਰਨ ਲਈ ਉਤਸ਼ਾਹਿਤ ਕਰਦੀ ਰਹਿੰਦੀ ਹੈ; ਜਿਵੇਂ ਕਿ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਅੰਮ੍ਰਿਤ ਬਚਨ ਹਨ, ‘‘ਹਰਿ ਜਸੁ ਲਿਖਹਿ, ਲਾਇ ਭਾਵਨੀ; ਸੇ ਹਸਤ ਪਵਿਤਾ ’’ (ਮਹਲਾ /੩੨੩) ਅਥਵਾ : ਹਰਿ ਜਸੁ ਲਿਖਹਿ; ਬੇਅੰਤ ਸੋਹਹਿ ਸੇ ਹਥਾ ’’ (ਮਹਲਾ /੭੦੯) ਭਾਵ ਉਹ ਹੱਥ ਪਵਿਤਰ ਤੇ ਸੋਹਣੇ ਹਨ, ਜੋ ਸ਼ਰਧਾ ਨਾਲ ਹਰੀ ਜਸ ਲਿਖਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਸ਼ਬਦਾਂ ਵਿੱਚ ਪਿਆਰ ਭਰੀ ਇਹ ਸੱਦ ‘‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ  ! ਗਾਵਹੁ ਸਚੀ ਬਾਣੀ ਬਾਣੀ ਗਾਵਹੁ ਗੁਰੂ ਕੇਰੀ; ਬਾਣੀਆ ਸਿਰਿ ਬਾਣੀ ’’ (ਮਹਲਾ /੯੨੦) ਅੱਜ ਵੀ ਗੁਰਸਿੱਖਾਂ ਦੇ ਦਿਲਾਂ ਵਿੱਚ ਗੁਰਬਾਣੀ ਗਾਉਣ ਲਈ ਕੋਈ ਅਗੰਮੀ ਧੂਹ ਪਾਉਂਦੀ ਹੈ। ਕਾਰਨ ਹੈ ਕਿ ਉਨ੍ਹਾਂ ਅੰਦਰ ਇੱਕ ਸੱਚਾ-ਸੁੱਚਾ ਤੇ ਅਨੋਖਾ ਜਿਹਾ ਗੌਰਵ ਪੈਦਾ ਹੁੰਦਾ ਹੈ ਕਿ ਸਾਡੇ ਗੁਰੂ ਦੀ ਬਾਣੀ ਹੋਰ ਸਭ ਬਾਣੀਆਂ ਤੋਂ ਸ਼ਿਰੋਮਣੀ ਹੈ, ਸਰਬੋਤਮ ਹੈ। ਇਹ ਕੋਈ ਪੜ੍ਹਿਆ ਪੜ੍ਹਾਇਆ ਤੇ ਸੁਣਿਆ ਸੁਣਾਇਆ ਮੌਖਿਕ ਗਿਆਨ ਨਹੀਂ, ਸਗੋਂ ਹਜ਼ੂਰ ਦੇ ਨਿਜੀ-ਅਨੁਭਵ ਵਿੱਚੋਂ ਪੈਦਾ ਹੋਇਆ ਰੂਹਾਨੀ ਗਿਆਨ ਹੈ। ਇਸੇ ਲਈ ਇਸ ਨੂੰ ‘ਧੁਰ ਕੀ ਬਾਣੀ’ ਦਾ ਰੁਤਬਾ ਹਾਸਲ ਹੈ।

ਇਸ ਵਾਰਤਾ ਨੂੰ ਸ੍ਰੀ ਗੁਰੂ ਅੰਗਦ ਪਾਤਿਸ਼ਾਹ ਦੇ ਸ਼ਬਦਾਂ ਵਿੱਚ ਇਉਂ ਵੀ ਬਿਆਨ ਕੀਤਾ ਜਾ ਸਕਦਾ ਹੈ, ‘‘ਅੰਮ੍ਰਿਤ ਬਾਣੀ, ਤਤੁ ਵਖਾਣੀ; ਗਿਆਨ ਧਿਆਨ ਵਿਚਿ ਆਈ ਗੁਰਮੁਖਿ ਆਖੀ, ਗੁਰਮੁਖਿ ਜਾਤੀ; ਸੁਰਤਂੀ ਕਰਮਿ ਧਿਆਈ ’’ (ਮਹਲਾ /੧੨੪੩) ਭਾਵ ਗੁਰੂ ਦੀ ਬਾਣੀ ਨਾਮ-ਅੰਮ੍ਰਿਤ ਨਾਲ ਭਰਪੂਰ ਹੈ ਤੇ ਪ੍ਰਭੂ ਦੇ ਮੂਲਕ ਗੁਣਾਂ ਦਾ ਵਖਿਆਨ ਕਰਦੀ ਹੈ। ਇਹ ਬਾਣੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦਿਆਂ ਤੇ ਉਸ ਵਿੱਚ ਸੁਰਤ ਜੋੜਿਆਂ ਪਰਗਟ ਹੋਈ ਹੈ। ਜੋ ਬਾਣੀ ਗੁਰੂ ਨੇ ਉਚਾਰੀ ਹੈ ਅਤੇ ਗੁਰੂ ਨੇ ਸਮਝੀ ਹੈ, ਉਸ ਨੂੰ ਪ੍ਰਭੂ ਦੀ ਮਿਹਰ ਨਾਲ ਸੁਰਤਿਆਂ ਨੇ ਜਪਿਆ ਹੈ ਭਾਵ ਸੁਰਤ ਜੋੜ ਸੁਣਨ ਵਾਲਿਆਂ ਨੇ ਉਸ ਦੇ ਉਪਦੇਸ਼ ਨੂੰ ਦ੍ਰਿੜ੍ਹ ਕੀਤਾ ਹੈ। ਆਪਣੇ ਕਾਰ-ਵਿਹਾਰ ਦਾ ਅੰਗ ਬਣਾਇਆ ਹੈ।

ਇਸੇ ਤਰ੍ਹਾਂ ਗੁਰੂ ਪੰਚਮ ਪਾਤਿਸ਼ਾਹ ਦਾ ਸਨੇਹ ਭਰਿਆ ਸਦੜਾ ਹੈ, ‘‘ਗੁਰਬਾਣੀ ਗਾਵਹ ਭਾਈ ! ਓਹ ਸਫਲ ਸਦਾ ਸੁਖਦਾਈ ’’ (ਮਹਲਾ /੬੨੮) ਬਚਨ ਸੁਣ ਕੇ ਗੁਰਬਾਣੀ ਗਾਉਂਦੇ ਗੁਰਸਿੱਖਾਂ ਨੂੰ ਮਹਿਸੂਸ ਹੁੰਦਾ ਹੈ ਕਿ ਗੁਰੂ ਸਾਹਿਬ ਉਨ੍ਹਾਂ ਦੇ ਨਾਲ ਮਿਲ ਕੇ ਬਾਣੀ ਗਾ ਰਹੇ ਹਨ। ਗੁਰਬਾਣੀ ਦਾ ਗਾਇਨ ਸਾਰੇ ਸੁਖਦਾਈ ਫਲ਼ਾਂ ਦਾ ਦਾਤਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਅੰਮ੍ਰਿਤ ਬਚਨਾਂ ‘‘ਬਾਣੀ ਬਿਰਲਉ ਬੀਚਾਰਸੀ; ਜੇ ਕੋ ਗੁਰਮੁਖਿ ਹੋਇ ਇਹ ਬਾਣੀ ਮਹਾ ਪੁਰਖ ਕੀ; ਨਿਜ ਘਰਿ ਵਾਸਾ ਹੋਇ ’’ (ਮਹਲਾ /੯੩੫) ਤੋਂ ਸਮਝ ਪੈਂਦੀ ਹੈ ਕਿ ਗੁਰਬਾਣੀ ਨੂੰ ਵਿਚਾਰਨ ਤੇ ਅਮਲ ਵਿੱਚ ਲਿਆਉਣ ਵਾਲੇ ਗੁਰਮੁਖ ਭਾਵੇਂ ਵਿਰਲੇ ਹਨ, ਪਰ ਜਿਹੜਾ ਵੀ ਕੋਈ ਵਿਚਾਰਦਾ ਹੈ, ਉਹ ਗੁਰਮੁਖ ਬਣ ਜਾਂਦਾ ਹੈ। ਉਹ ਗੁਰਮੁਖ ਮਨੁੱਖ ਸਵੈ-ਸਰੂਪ (ਨਿਜ ਘਰਿ) ਵਿੱਚ ਟਿਕ ਜਾਂਦਾ ਹੈ ਭਾਵ ਐਸਾ ਮਨੁੱਖ ਆਪਣੇ ਮੂਲ ਮਹਾਂਪੁਰਖ ਪਰਮਾਤਮਾ ਨਾਲ ਇਕ ਸੁਰ ਹੋ ਕੇ ਜਿਊਣ ਲੱਗਦਾ ਹੈ, ਕਿਉਂਕਿ ਉਹ ਸਮਝ ਜਾਂਦਾ ਹੈ ਕਿ ਪਰਮਾਤਮਾ ਆਪਣਾ ਹੁਕਮ-ਰੂਪ ਸੱਤਿਆ ਨਾਲ਼ ਸਾਜ ਕੇ ਸਭ ਜੀਵਾਂ ਨੂੰ ਆਪਣੇ ਹੁਕਮ ਅੰਦਰ ਰੱਖਦਾ ਹੈ। ਇਨ੍ਹਾਂ ਹੁਕਮ ਰੂਪੀ ਅਟੱਲ ਨਿਯਮਾਂ ਅਧੀਨ ਹੀ ਉਹ ਸਭ ਜੀਵਾਂ ਨੂੰ ਸੰਭਾਲਦਾ ਹੈ। ਇਸ ਪ੍ਰਕਾਰ ਦੇ ਸੁਭਾਗੇ ਮਨੁੱਖ ਦੀ ਪਹਿਲਾਂ ਹਉਮੈ ਟੁੱਟਦੀ ਹੈ ਅਤੇ ਫਿਰ ਉਹ ਸੁਭਾਵਕ ਹੀ ਮਾਲਕ-ਪ੍ਰਭੂ ਦੀ ਹਜ਼ੂਰੀ ’ਚ ਪ੍ਰਵਾਨ ਹੋ ਜਾਂਦਾ ਹੈ। ਅਜਿਹੇ ਭਾਵ ਰੱਖਦਾ ਗੁਰ ਵਾਕ ਹੈ, ‘‘ਹੁਕਮੁ ਸਾਜਿ, ਹੁਕਮੈ ਵਿਚਿ ਰਖੈ; ਹੁਕਮੈ ਅੰਦਰਿ ਵੇਖੈ ਨਾਨਕ  ! ਅਗਹੁ ਹਉਮੈ ਤੁਟੈ; ਤਾਂ ਕੋ ਲਿਖੀਐ ਲੇਖੈ ’’ (ਮਹਲਾ /੧੨੪੩)

—–ਚੱਲਦਾ—–